ਅੰਮ੍ਰਿਤਸਰ:- 29 ਮਈ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਦੇਸ਼ ਵਿਦੇਸ਼ਾਂ ਵਿੱਚ ਪ੍ਰਚੰਡ ਕਰਨ ਅਤੇ ਵੱਖ-ਵੱਖ ਦੇਸ਼ਾਂ ਵਿੱਚ ਛਾਉਣੀਆਂ ਬਨਾਉਣ ਲਈ ਵੱਖ-ਵੱਖ ਜਥੇਦਾਰਾਂ ਨੂੰ ਸੇਵਾ ਸੌਂਪੀ ਗਈ ਹੈ। ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਤੋਂ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਦਸਿਆ ਗਿਆ ਕਿ ਅੱਜ ਏਥੇ ਬੁੱਢਾ ਦਲ ਦੇ ਮੁਖੀ ਵੱਲੋਂ ਕਨੇਡਾ ਵਿੱਚ ਵਸਦੇ ਨਿਹੰਗ ਸਿੰਘ ਬਾਬਾ ਗੁਰਮੇਲ ਸਿੰਘ ਨੂੰ ਟਰੰਟੋ ਓਨਟਾਰਿਓ ਕਨੇਡਾ ਇਕਾਈ ਦੀ ਸੇਵਾ ਸੌਂਪੀ ਗਈ ਹੈ ਇਹ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਉਥੇ ਕਾਰਜ ਕਰਨਗੇ ਅਤੇ ਧਰਮ ਪ੍ਰਚਾਰ ਨੂੰ ਜ਼ੋਰਦਾਰ ਤਰੀਕੇ ਨਾਲ ਪ੍ਰਚੰਡ ਕਰਨ ਲਈ ਕਨੇਡਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤਨਮਨ ਧਨ ਨਾਲ ਸੇਵਾ ਨਿਭਾਉਣਗੇ। ਉਨ੍ਹਾਂ ਹੋਰ ਦਸਿਆ ਕਿ ਇਨ੍ਹਾਂ ਦੇ ਨਾਲ ਬਾਬਾ ਰਘੁਬੀਰ ਸਿੰਘ ਨੂੰ ਮੀਤ ਜਥੇਦਾਰ ਵਜੋਂ ਸੇਵਾ ਸੌਂਪੀ ਗਈ ਹੈ। ਇਹ ਦੋਵੇਂ ਬੁੱਢਾ ਦਲ ਦੀਆਂ ਛਾਉਣੀਆਂ ਵੀ ਸਥਾਪਤ ਕਰਨਗੇ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਸਿੰਘਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ।