Headlines

ਨੌਜਵਾਨ ਪੀੜ੍ਹੀ ਵਿੱਚ ਕਿਤਾਬਾਂ ਪੜ੍ਹਨ ਦਾ ਰੁਝਾਨ ਵਧਿਆ- ਸਤੀਸ਼ ਗੁਲਾਟੀ

ਸਰੀ, 30 ਮਈ (ਹਰਦਮ ਮਾਨ)- ਹੁਣ ਨੌਜਵਾਨ ਪੀੜ੍ਹੀ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਵਧ ਰਹੀ ਹੈ। ਬਹੁਤ ਸਾਰੇ ਨੌਜਵਾਨ ਅਤੇ ਵਿਸ਼ੇਸ਼ ਕਰਕੇ ਵਿਦਿਆਰਥੀ ਮੋਟੀਵੇਸ਼ਨਲ ਅਤੇ ਚੰਗੀਆਂ, ਉਸਾਰੂ ਸਾਹਿਤਕ ਕਿਤਾਬਾਂ ਪੜ੍ਹਨ ਲਈ ਅੱਗੇ ਆ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸੰਚਾਲਕ ਸਤੀਸ਼ ਗੁਲਾਟੀ ਨੇ ਬੀਤੇ ਦਿਨ ਐਬਸਫੋਰਡ ਮੇਲੇ ‘ਤੇ ਲਾਈ ਪੁਸਤਕ ਪ੍ਰਦਰਸ਼ਨੀ ਦੌਰਾਨ ਕੀਤਾ।

ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਕੁਝ ਇਸ ਤਰ੍ਹਾਂ ਲੱਗਣ ਲੱਗ ਪਿਆ ਸੀ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਮੋਬਾਈਲ ਫੋਨ ਅਤੇ ਡਿਜ਼ੀਟਲ ਜਗਤ ਦੀ ਚਮਕ ਦਮਕ ਨੇ ਭਰਮਾਅ ਲਿਆ ਹੈ ਅਤੇ ਇੰਟਰਨੈਟ ਨੇ ਉਹਨਾਂ ਵਿਚਲੀ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਢਾਹ ਲਾਈ ਹੈ। ਪਰ ਹੁਣ ਕੋਵਿਡ ਤੋਂ ਬਾਅਦ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਨੌਜਵਾਨ ਕਿਤਾਬਾਂ ਵੱਲ ਮੁੜ ਰਹੇ ਹਨ ਅਤੇ ਮੋਬਾਈਲ ਫੋਨ ਤੋਂ ਉਹ ਕੁਝ ਕਿਨਾਰਾ ਕਰਨਾ ਚਾਹੁੰਦੇ ਹਨ। ਇਹ ਇੱਕ ਬਹੁਤ ਵਧੀਆ ਰੁਝਾਨ ਹੈ। ਵਿਸ਼ੇਸ਼ ਕਰਕੇ ਸਾਡੇ ਪੰਜਾਬੀਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਚੰਗੇ ਸਾਹਿਤ ਚੰਗੀਆਂ ਕਿਤਾਬਾਂ ਦੀ ਕੀਮਤ ਪਛਾਨਣ ਲੱਗ ਪਏ ਹਾਂ। ਉਹਨਾਂ ਐਬਸਫੋਰਡ ਮੇਲੇ ‘ਤੇ ਵਿਕੀਆਂ ਕਿਤਾਬਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇੱਥੇ ਵੀ ਬਹੁਤੀਆਂ ਕਿਤਾਬਾਂ ਨੌਜਵਾਨ ਪੀੜ੍ਹੀ ਵੱਲੋਂ ਹੀ ਖਰੀਦੀਆਂ ਗਈਆਂ ਹਨ ਬੇਸ਼ੱਕ ਵੱਡੀ ਉਮਰ ਦੇ ਵਿਅਕਤੀਆਂ ਨੇ ਵੀ ਕੁਝ ਕਿਤਾਬਾਂ ਖਰੀਦੀਆਂ ਗਈਆਂ ਹਨ ਪਰ ਜ਼ਿਆਦਾ ਗਿਣਤੀ ਵਿਚ ਨੌਜਵਾਨ ਹੀ ਪੁਸਤਕ ਸਟਾਲ ‘ਤੇ ਆਏ ਹਨ।

ਇਸ ਮੌਕੇ ਪੁਸਤਕ ਪ੍ਰਦਰਸ਼ਨੀ ਉੱਪਰ ਪ੍ਰਸਿੱਧ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ, ਸ਼ਾਇਰ ਦਵਿੰਦਰ ਸਿੰਘ ਪੂਨੀਆ, ਤਿਲਕ ਰਾਜ ਮੋਂਗਾ, ਪਵਨ ਗਿੱਲਾਂਵਾਲਾ, ਹਰਦਮ ਸਿੰਘ ਮਾਨ, ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਸੁਖਚੈਨ ਬਰਗਾੜੀ, ਨਵਦੀਪ ਸਿੱਧੂ ਨੇ ਵੀ ਆਪਣੀ ਹਾਜ਼ਰੀ ਲਵਾਈ।