Headlines

ਕੌਮਾਂਤਰੀ ਵਿਦਿਆਰਥੀਆਂ ਨਾਲ ਧੋਖਾ ਕਰਨ ਵਾਲੇ ਇਮੀਗ੍ਰੇਸ਼ਨ ਏਜੰਟ ਮਿਸ਼ਰਾ ਨੂੰ ਤਿੰਨ ਸਾਲ ਕੈਦ ਦੀ ਸਜ਼ਾ

ਜੂਨ 2023 ਵਿਚ ਕੈਨੇਡਾ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ-

ਵੈਨਕੂਵਰ ( ਹਰਦਮ ਮਾਨ)-

ਕਾਲਜਾਂ ਦੇ ਜਾਅਲੀ ਦਸਤਾਵੇਜ਼ਾਂ ’ਤੇ ਸਵੱਡੀ ਵੀਜ਼ੇ ਲਗਵਾ ਕੇ 700 ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲੇ ਧੋਖੇਬਾਜ਼ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਵੈਨਕੂਵਰ ਦੀ ਅਦਾਲਤ ਵਿੱਚ ਇਮੀਗ੍ਰੇਸ਼ਨ ਅਪਰਾਧਾਂ ਲਈ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। 37 ਸਾਲਾ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ 2016 ਅਤੇ 2020 ਦੇ ਵਿਚਕਾਰ ਭਾਰਤ  ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ ਲਗਾ ਦੇ ਕੈਨੇਡਾ ਭੇਜਿਆ ਸੀ। ਮਿਸ਼ਰਾ ਨੇ  ਵੈਨਕੂਵਰ ਅਦਾਲਤ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਦੇ ਕਈ ਅਪਰਾਧਾਂ ਲਈ ਮੁਆਫੀ ਮੰਗੀ। ਮਿਸ਼ਰਾ ਨੂੰ ਜੂਨ 2023 ਵਿਚ  ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਹਿਰਾਸਤ ਦੇ ਸਮੇਂ ਨੂੰ ਸਜ਼ਾ ਗਿਣਿਆ ਜਾਵੇਗਾ ਤੇ ਇਸ ਤਰ੍ਹਾਂ ਉਸ ਨੂੰ 19 ਮਹੀਨੇ ਹੋਰ ਜੇਲ੍ਹ ’ਚ ਰਹਿਣਾ ਪਵੇਗਾ। ਉਹ ਟੂਰਿਸਟ ਵੀਜ਼ੇ ‘ਤੇ ਕੈਨੇਡਾ ਵਿਚ ਦਾਖਲ ਹੋਇਆ ਸੀ, ਜਿਸ ਦੀ ਮਿਆਦ ਉਸ ਦੀ ਗ੍ਰਿਫਤਾਰੀ ਦੇ ਸਮੇਂ ਖਤਮ ਹੋ ਚੁੱਕੀ ਸੀ। ਜਾਂਚ ਦੌਰਾਨ 12 ਪੀੜਤ ਸਾਹਮਣੇ ਆਏ ਹਨ। ਕੈਨੇਡਾ ਵਿੱਚ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਮਿਸ਼ਰਾ ਨੂੰ ਭਾਰਤ ਭੇਜੇ ਜਾਣ ਦੀ ਉਮੀਦ ਹੈ ਜਿੱਥੇ ਉਸ ਨੂੰ ਮਨੁੱਖੀ ਤਸਕਰੀ ਦੇ ਅਪਰਾਧ ਸਮੇਤ ਹੋਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਦਾਲਤ ਵਿਚ ਸਰਕਾਰੀ ਵਕੀਲ ਨੇ ਦੱਸਿਆ ਕਿ ਏਜੰਟ ਦੀ ਧੋਖਾਧੜੀ ਦੇ ਸ਼ਿਕਾਰ ਵਿਦਿਆਰਥੀ ਆਮ ਤੌਰ ‘ਤੇ ਭਾਰਤ ਦੇ ਪੰਜਾਬ ਰਾਜ  ਤੋਂ ਕੈਨੇਡਾ  ਵਿੱਚ ਪੜ੍ਹਾਈ ਕਰਨ ਦੀ ਇੱਛਾ ਨਾਲ ਆਉਂਦੇ ਸਨ ਅਤੇ ਉਨ੍ਹਾਂ ਨੂੰ ਪਰਿਵਾਰ ਜਾਂ ਦੋਸਤਾਂ ਦੇ ਹਵਾਲੇ ਰਾਹੀਂ ਮਿਸ਼ਰਾ ਕੋਲ ਭੇਜਿਆ ਜਾਂਦਾ ਸੀ।
ਮਿਸ਼ਰਾ ਉਨ੍ਹਾਂ ਨੂੰ ਵਿਦਿਆਰਥੀ ਵੀਜ਼ਾ ਦਿਵਾਉਣ ਵਾਸਤੇ ਉਹਨਾਂ ਦੇ ਪਾਸਪੋਰਟ ਦੀ ਜਾਣਕਾਰੀ, ਟ੍ਰਾਂਸਕ੍ਰਿਪਟ ਅਤੇ ਅੰਗਰੇਜ਼ੀ ਭਾਸ਼ਾ ਦੇ ਟੈਸਟ ਤੇ ਹੋਰ ਕਾਗਜ਼ਾਤ ਲੈਂਦਾ ਸੀ। ਪਰ ਉਨ੍ਹਾਂ ਨੇ ਖੁਦ ਕਿਸੇ ਵੀ ਸਕੂਲ ਵਿੱਚ ਅਪਲਾਈ ਨਹੀਂ ਕੀਤਾ।
ਸੰਭਾਵੀ ਵਿਦਿਆਰਥੀਆਂ ਨੂੰ ਫਿਰ ਸੂਚਿਤ ਕੀਤਾ ਜਾਂਦਾ ਸੀ ਕਿ ਉਹਨਾਂ ਦਾ ਦਾਖਲਾ ਇੱਕ ਸਕੂਲ ਵਿਚ  ਸਵੀਕਾਰ ਕੀਤਾ ਗਿਆ ਹੈ ਅਤੇ ਉਹ ਮਿਸ਼ਰਾ ਦੇ ਦਫਤਰ ਤੋਂ ਇੱਕ ਸਵੀਕ੍ਰਿਤੀ ਪੱਤਰ ਪ੍ਰਾਪਤ ਕਰ ਸਕਦੇ ਹਨ । ਇਸਦੇ ਬਦਲੇ ਵਿਦਿਆਰਥੀਆਂ ਤੋਂ ਫੀਸਾਂ, ਜਿਸ ਵਿੱਚ ਐਪਲੀਕੇਸ਼ਨ ਫੀਸ, ਟਿਊਸ਼ਨ ਖਰਚੇ, ਇਮੀਗ੍ਰੇਸ਼ਨ ਫੀਸ ਅਤੇ ਸਲਾਹਕਾਰ ਫੀਸ ਸ਼ਾਮਲ ਹਨ, ਵਿਦਿਆਰਥੀ ਦੇ  ਪਰਿਵਾਰ ਵਾਲੇ ਅਦਾ ਕਰਦੇ ਸਨ ਜੋ ਕਿ ਆਮ ਤੌਰ ‘ਤੇ ਰਸੀਦਾਂ ਤੋਂ ਬਿਨਾਂ ਨਕਦ ਭੁਗਤਾਨ ਹੁੰਦਾ ਸੀ।
ਕੈਨੇਡਾ ਪਹੁੰਚਣ ‘ਤੇ, ਸੰਭਾਵੀ ਵਿਦਿਆਰਥੀ ਸਕੂਲ ਦੀਆਂ ਕਲਾਸਾਂ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕਰਦੇ ਤਾਂ ਉਹਨਾਂ ਨੂੰ ਪਤਾ ਚਲਦਾ ਕਿ ਉਹ ਸਬੰਧਿਤ ਸਕੂਲ ਵਿਚ ਦਾਖਲ ਨਹੀ ਹਨ।
ਇਕ ਹੋਰ ਰਿਪੋਰਟ ਮੁਤਾਬਿਕ  ਪੋਸਟ-ਸੈਕੰਡਰੀ ਸਿੱਖਿਆ ਦੇ ਵਾਅਦੇ ਅਤੇ ਕੈਨੇਡਾ ਵਿਚ ਇੱਕ ਜੀਵਨ ਬਣਾਉਣ ਦੇ ਮੌਕੇ ਦੇ ਲਾਲਚ ਵਿੱਚ, ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਹਰ ਸਾਲ ਇਥੇ ਆ ਰਹੇ ਹਨ। ਏਜੰਟਾਂ ਵਲੋਂ ਜੋ  ਉਹਨਾਂ ਨਾਲ ਕੀ ਵਾਅਦਾ ਕੀਤਾ ਗਿਆ ਹੁੰਦਾ ਅਤੇ ਉਹਨਾਂ ਦੇ ਪਰਿਵਾਰਾਂ ਨੇ ਜੋ ਭੁਗਤਾਨ ਕੀਤਾ ਹੁੰਦਾ ਹੈ, ਅਕਸਰ ਉਸ ਮੁਤਾਬਿਕ ਉਹਨਾਂ ਨੂੰ ਸੇਵਾਵਾਂ ਨਹੀ ਮਿਲਦੀਆਂ । ਅਜਿਹੇ ਏਜੰਟਾਂ ਚੋ ਮਿਸ਼ਰਾ ਵੀ ਇਕ ਹੈ ਜਿਸਨੇ ਵਿਦਿਆਰਥੀਆਂ ਤੋਂ ਫੀਸਾਂ ਤੇ ਹੋਰ ਖਰਚੇ ਤਾਂ ਵਸੂਲ ਕੀਤੇ ਪਰ ਉਹਨਾਂ ਨੂੰ ਸਹੀ ਸੇਵਾਵਾਂ ਨਹੀਂ ਦਿੱਤੀਆਂ।  ਕੈਨੇਡਾ ਬਾਰਡਰ ਏਜੰਸੀ ਦਾ ਕਹਿਣਾ ਹੈ ਕਿ ਇੱਕ ਟਾਸਕ ਫੋਰਸ ਅਜੇ ਵੀ ਮਿਸ਼ਰਾ ਅਤੇ ਹੋਰ ਧੋਖੇਬਾਜ਼ ਏਜੰਟਾਂ ਦੇ ਪੀੜਤਾਂ ਦਾ ਪਤਾ ਲਗਾ ਰਹੀ ਹੈ।