Headlines

ਚੀਨ ਦੀ ਹਮਾਇਤ ਪ੍ਰਾਪਤ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲ ਬਣਾ ਰਹੇ ਹਨ ਸਿੱਖਾਂ ਨੂੰ ਨਿਸ਼ਾਨਾ

-ਮੇਟਾ ਦੀ ਰਿਪੋਰਟ ’ਚ ਖੁਲਾਸਾ-60 ਖਾਤੇ ਬੰਦ ਕੀਤੇ-
ਨਵੀਂ ਦਿੱਲੀ ( ਦੇ ਪ੍ਰ ਬਿ)–ਚੀਨ ਦੀ ਹਮਾਇਤ ਪ੍ਰਾਪਤ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ| ਸੋਸ਼ਲ ਮੀਡੀਆ ਕੰਪਨੀ ਮੇਟਾ ਮੁਤਾਬਿਕ ਇਹ ਅਕਾਉਂਟਸ  ਚੀਨ-ਉਪਜਿਤ ਨੈੱਟਵਰਕ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੂੰ ਪਿਛਲੇ ਸਮੇਂ ਭਾਰਤ, ਤਿੱਬਤ ਤੇ ਸਿੱਖ ਕਮਿਊਨਿਟੀ ਨੂੰ ਨਿਸ਼ਾਨਾ ਬਣਾਉਂਦੇ ਪਾਇਆ ਗਿਆ ਸੀ| ਮੇਟਾ ਨੇ ਚੀਨ ਨਾਲ ਜੁੜੇ 60  ਤੋਂ ਵੀ ਵੱਧ ਸੋਸ਼ਲ ਮੀਡੀਆ ਅਕਾਉਂਟਸ ਨੂੰ ਖਤਮ ਕਰ ਦਿੱਤਾ ਹੈ| ਇਹ ਅਕਾਉਂਟਸ ਭਾਰਤ, ਤਿੱਬਤ ਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਪਾਏ ਗਏ ਸਨ| ਕਈ ਦੇਸ਼ਾਂ ਵਿਚ ਖਾਲਿਸਤਾਨ ਪੱਖੀ ਵਿਰੋਧ ਪ੍ਰਦਰਸ਼ਨਾਂ ਨੂੰ ਹਵਾ ਦੇਣ ਲਈ ਅਕਾਉਂਟਸ ਨੇ ਮੀਡੀਆ ਨਾਲ ਨਕਲੀ ਢੰਗ ਨਾਲ ਹੇਰਾਫੇਰੀ ਕੀਤੀ ਹੈ| ਆਦਿਆ ਸਿੰਘ ਜਿਹੜੀ ਆਪਣੇ ਆਪ ਨੂੰ ਯੂਕੇ ਵਿਚ ਪੜ੍ਹੀ, ਦਿੱਲੀ ਵਿਚ ਰਹਿੰਦੀ ਅਤੇ ਸਿੱਖ ਵਿਰਸੇ, ਭਾਸ਼ਾ ਅਤੇ ਸਭਿਆਚਾਰ ਬਾਰੇ ਡੂੰਘੀ ਜਾਣਕਾਰੀ ਰੱਖਣ ਵਾਲੀ ਪੰਜਾਬੀ ਕੁੜੀ ਦੱਸਦੀ ਹੈ ਭਾਰਤ ਸਰਕਾਰ ਦੀ ਖੁਲ੍ਹਮ ਖੁਲ੍ਹੀ ਆਲੋਚਕ ਹੈ| ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਅਮਰੀਕਾ ਨੂੰ ਭਾਰਤ ਦੀ ਸਰਦਾਰੀ ਦਾ ਮੁਕਾਬਲਾ ਕਰਨ ਲਈ ਖਾਲਿਸਤਾਨ ਦਾ ਸਮਰਥਨ ਕਰਨ ਦਾ ਸੱਦਾ ਦਿੰਦੀਆਂ ਹਨ| ਹੁਣ ਇਸ ਵਿਚ ਨਵਾਂ ਮੋੜ ਆਇਆ ਕਿ ਆਦਿਆ ਸਿੰਘ ਨਾਂਅ ਦੀ ਕੋਈ ਕੁੜੀ ਮੌਜੂਦ ਨਹੀਂ| ਇਹ ਅਕਾਉਂਟ ਚੀਨ ਨਾਲ ਜੁੜੇ ਫਰਜ਼ੀ ਪ੍ਰੋਫਾਈਲਾਂ ਦੇ ਨੈੱਟਵਰਕ ਦਾ ਹਿੱਸਾ ਹੈ| ਇੰਡੀਆ ਟੂਡੇ ਦੀ ਇਕ ਰਿਪੋਰਟ ਮੁਤਾਬਿਕ ਭਾਰਤ ਨੂੰ ਇਸ ਬਾਰੇ ਲੰਬੇ ਸਮੇਂ ਤੋਂ ਸ਼ੱਕ ਸੀ ਪਰ ਹੁਣ ਠੋਸ ਸਬੂਤ ਸਾਹਮਣੇ ਆਏ ਹਨ| ਫੇਸਬੁਕ, ਇੰਸਟਾਗ੍ਰਾਮ, ਟੈਲੀਗ੍ਰਾਮ ਅਤੇ ਐਕਸ ਵਰਗੇ ਪਲੇਟਫਾਰਮ ਜਿਹੜੇ ਸਿੱਖ ਅਕਾਉਂਟਸ ਦਾ ਪ੍ਰਭਾਵ ਦਿੰਦੇ ਹਨ ਜਿਨ੍ਹਾਂ ’ਤੇ ਭਾਰਤ ਸਮੇਤ ਘੱਟੋ ਘੱਟ 7 ਦੇਸ਼ਾਂ ਵਿਚ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਗਈ ਸੀ ਚੀਨ ਨਾਲ ਜੁੜੇ ਮਿਲੇ ਹਨ| ਸੋਸ਼ਲ ਮੀਡੀਆ ਦਿਗਜ ਨੇ ਇਸ ਤਰ੍ਹਾਂ ਦੀਆਂ ਚੀਨ ਨਾਲ ਜੁੜੀਆਂ 60 ਤੋਂ ਵੀ ਵੱਧ ਇਕਾਈਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਖਤਮ ( ਡੀਲੀਟ) ਕੀਤਾ ਹੈ| ਇਹ ਨੈੱਟਵਰਕ ਚੀਨ ਵਿਚ ਪੈਦਾ ਹੋਏ ਹਨ ਅਤੇ ਇਨ੍ਹਾਂ ਰਾਹੀਂ ਆਸਟਰੇਲੀਆ, ਕੈਨੇਡਾ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ, ਬਰਤਾਨੀਆ ਅਤੇ ਨਾਇਜੀਰੀਆਂ ਸਮੇਤ ਵਿਸ਼ਵਵਿਆਪੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਹੈ| ਕੈਨੇਡਾ ਆਧਾਰਤ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੋਂ ਇਹ ਅਕਾਉਂਟਸ ਭਾਰਤ ਸਰਕਾਰ ਖਿਲਾਫ ਪੱਛਮੀ ਦੇਸ਼ਾਂ ਨੂੰ ਅਪੀਲ ਕਰਨ ਲਈ ਹਿੰਦੀ ਅਤੇ ਅੰਗਰੇਜ਼ੀ ਵਿਚ ਪੋਸਟ ਪਾਉਣ ਲਈ ਅਕਸਰ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਰਦੇ ਸਨ |