Headlines

ਗੁਰੂ ਨਾਨਕ ਫੂਡ ਬੈਂਕ ਨੇ ਬੀ ਸੀ ਫੂਡ ਬੈਂਕ ਸਿਸਟਮ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਏ

ਸਰੀ ( ਦੇ ਪ੍ਰ ਬਿ) -ਲੋੜਵੰਦਾਂ ਦੀ ਮਦਦ ਲਈ ਸਮਰਪਿਤ ਗੁਰੂ ਨਾਨਕ ਫੂਡ ਬੈਂਕ ਨੇ ਬੀ ਸੀ ਵਿਚ ਫੂਡ ਬੈਂਕ ਦੀ ਪ੍ਰਭਾਵਸ਼ੀਲਤਾ ਅਤੇ ਪਾਰਦਰਸ਼ਤਾ ਬਾਰੇ ਲਗਾਤਾਰ ਸਵਾਲ ਉਠਾਏ ਹਨ| ਗੁਰੂ ਨਾਨਕ ਫੂਡ ਬੈਂਕ ਦੇ ਸੈਕਟਰੀ ਸ੍ਰੀ ਨੀਰਜ ਵਾਲੀਆ ਨੇ ਬੀ ਸੀ ਫੂਡ ਬੈਂਕ ਦੀ ਕਾਰਗੁਜ਼ਾਰੀ ਅਤੇ ਕੰਮ ਕਰਨ ਦੇ ਢੰਗ ਤਰੀਕਿਆਂ ਉਪਰ ਸਵਾਲ ਉਠਾਉਂਦਿਆਂ ਕਿਹਾ  ਹੈ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਮਹੱਤਵਪੂਰਣ ਤਬਦੀਲੀਆਂ ਦੀ ਵਕਾਲਤ ਕਰਦੇ ਹਾਂ ਕਿ ਫੂਡ ਬੈਂਕਾਂ ’ਤੇ ਨਿਰਭਰ ਲੋੜਵੰਦ ਵਿਅਕਤੀਆਂ ਦੀ ਵਧ ਰਹੀ ਗਿਣਤੀ ਦੀ ਸਹਾਇਤਾ ਲਈ ਦਾਨ ਤੇ ਗ੍ਰਾਂਟਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕੀਤੀ ਜਾਵੇ| ਉਹਨਾਂ ਪਿਛਲੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਨੂੰ ਲਿਖੇ ਖੁਲ੍ਹੇ ਪੱਤਰ ਵਿਚ ਕੈਨੇਡੀਅਨ ਫੂਡ ਬੈਂਕ ਨੂੰ ਇਕ ਵਧੇਰੇ ਕੁਸ਼ਲ ਤੇ ਜਵਾਬਦੇਹ ਬਣਾਉਣ ਲਈ ਖ਼ਾਸ ਚਿੰਤਾਵਾਂ ਅਤੇ ਪ੍ਰਸਤਾਵਿਤ ਸੋਧਾਂ ਦੀ ਰੂਪ-ਰੇਖਾ ਪੇਸ਼ ਕੀਤੀ ਸੀ| ਫੂਡ ਬੈਂਕ ਕੈਨੇਡਾ ਦੀਆਂ ਤਾਜ਼ਾ ਰਿਪੋਰਟਾਂ ਸਾਡੀਆਂ ਚਿੰਤਾਵਾਂ ਨੂੰ ਪ੍ਰਮਾਣਿਤ ਕਰਦੀਆਂ ਹਨ| ਇਕ ਰਿਪੋਰਟ ਵਿਚ ਇਹ ਚਿੰਤਾਜਨਕ ਖੁਲਾਸਾ ਹੋਇਆ ਹੈ ਕਿ ਫੂਡ ਬੈਂਕ ਬੀ ਸੀ ਅਤੇ ਇਸ ਨਾਲ ਜੁੜਿਆ ਸਿਸਟਮ ਲੱਖਾਂ ਡਾਲਰ ਦਾਨ ਅਤੇ ਗ੍ਰਾਂਟਾਂ ਨੂੰ ਸਹੀ ਥਾਂ ਪਹੁੰਚਾਉਣ ਤੇ ਲਗਾਉਣ ਵਿਚ ਨਾਕਾਮ ਰਿਹਾ ਹੈ। ਅਤਿ ਦੀ ਮਹਿੰਗਾਈ ਕਾਰਣ ਰੋਜ਼ਾਨਾ ਲੋੜਵੰਦ ਲੋਕਾਂ ਦੀ ਫੂਡ ਬੈਂਕ ਉਪਰ ਨਿਰਭਰਤਾ ਵਧ ਰਹੀ ਹੈ ਪਰ ਮੌਜੂਦਾ ਸਿਸਟਮ ਕੇਵਲ ਆਪਣੇ ਪ੍ਰਸਾਸ਼ਨਿਕ ਢਾਂਚੇ ਤੱਕ ਸੀਮਤ ਰਹਿੰਦਿਆਂ ਲੋੜਵੰਦਾਂ ਦੀ ਸਹੀ ਮਦਦ ਕਰਨ ਤੋ ਅਸਮਰਥ ਹੈ। ਉਹਨਾਂ ਕੈਨੇਡਾ ਵਿਸ਼ੇਸ਼ ਕਰਕੇ ਬੀ ਸੀ ਫੂਡ ਬੈਂਕ ਵਿਚ ਸਮੇਂ ਦੀ ਮੰਗ ਮੁਤਾਬਿਕ ਲੋੜੀਂਦੀਆਂ ਤਬਦੀਲੀਆਂ ਦੀ ਮੰਗ ਕੀਤੀ ਹੈ |