ਨਵੀਂ ਦਿੱਲੀ ( ਦਿਓਲ)- ਪੰਜਾਬ ਵਿਚ ਲੋਕ ਸਭਾ ਦੀਆਂ ਆਖਰੀ ਗੇੜ ਦੀਆਂ ਵੋਟਾਂ ਪੈਣ ਉਪਰੰਤ ਆਏ ਐਗਜਿਟ ਪੋਲ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨੂੰ ਬਹੁਮਤ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ। ਇਨ੍ਹਾਂ ਐਗਜ਼ਿਟ ਪੋਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੀ ਵਾਰ ਸੱਤਾ ’ਚ ਆਉਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ।
ਵੱਖ ਵੱਖ ਮੀਡੀਆ ਅਦਾਰਿਆਂ ਵਲੋਂ ਕੀਤੇ ਗਏ ਐਗਜ਼ਿਟ ਪੋਲ ਮੁਤਾਬਕ ਸੱਤਾਧਾਰੀ ਗੱਠਜੋੜ ਐੱਨ ਡੀ ਏ ਇਸ ਵਾਰ ਤਾਮਿਲਨਾਡੂ ਤੇ ਕੇਰਲ ਵਿੱਚ ਖਾਤਾ ਖੋਲ੍ਹ ਸਕਦਾ ਹੈ ਅਤੇ ਕਰਨਾਟਕ ’ਚ ਵੱਡੀ ਜਿੱਤ ਪ੍ਰਾਪਤ ਕਰੇਗਾ ਪਰ ਬਿਹਾਰ, ਰਾਜਸਥਾਨ ਅਤੇ ਹਰਿਆਣਾ ਵਰਗੇ ਸੂਬਿਆਂ ’ਚ ਇਸ ਦੀਆਂ ਸੀਟਾਂ ਦੀ ਗਿਣਤੀ ਘਟ ਸਕਦੀ ਹੈ।
ਏਬੀਪੀ-ਸੀ ਵੋਟਰ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ 353 ਤੋਂ 383 ਤੱਕ ਸੀਟਾਂ ਅਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੂੰ 152 ਤੋਂ 182 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਟੂਡੇਜ਼ ਚਾਣਕਿਆ ਨੇ ਭਾਜਪਾ ਨੂੰ 335 ਸੀਟਾਂ ਤੇ ਐੱਨਡੀਏ ਨੂੰ 400 ਸੀਟਾਂ ਦਿੱਤੀਆਂ ਹਨ। ਇਸ ਗਿਣਤੀ ਵਿੱਚ 15 ਸੀਟਾਂ ਘਟਣ ਜਾਂ ਵਧਣ ਦੀ ਗੱਲ ਵੀ ਆਖੀ ਗਈ ਹੈ। ਇਸ ਤੋਂ ਇਲਾਵਾ ‘ਇੰਡੀਆ’ ਗੱਠਜੋੜ ਨੂੰ 107 ਸੀਟਾਂ ਦਿੱਤੀਆਂ ਗਈਆਂ ਹਨ ਤੇ ਇਹ ਗਿਣਤੀ 11 ਸੀਟਾਂ ਤੱਕ ਉੱਪਰ-ਥੱਲੇ ਹੋ ਸਕਦੀ ਹੈ।
ਰਿਪਬਲਿਕ ਟੀਵੀ-ਪੀ ਮਾਰਕ ਦੇ ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੋਕ ਸਭਾ ਦੀਆਂ ਕੁੱਲ 543 ਸੀਟਾਂ ’ਚੋਂ ਸੱਤਾਧਾਰੀ ਗੱਠਜੋੜ ਐੱਨਡੀਏ 359 ਸੀਟਾਂ ’ਤੇ ਜਿੱਤ ਹਾਸਲ ਕਰੇਗਾ ਅਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੂੰ 154 ਸੀਟਾਂ ਮਿਲਣਗੀਆਂ। ਰਿਪਬਲਿਕ ਟੀਵੀ-ਮੈਟ੍ਰਿਜ਼ ਦੇ ਐਗਜ਼ਿਟ ਪੋਲ ਵਿੱਚ ਐੱਨਡੀਏ ਨੂੰ 353-368 ਸੀਟਾਂ ਅਤੇ ‘ਇੰਡੀਆ’ ਗੱਠਜੋੜ ਨੂੰ 118-133 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।
ਜਨ ਕੀ ਬਾਤ ਦੇ ਸਰਵੇਖਣ ਵਿੱਚ ਐੱਨਡੀਏ ਨੂੰ 362-392 ਸੀਟਾਂ ਅਤੇ ‘ਇੰਡੀਆ’ ਗੱਠਜੋੜ ਨੂੰ 141-161 ਸੀਟਾਂ ਦਿੱਤੀਆਂ ਗਈਆਂ ਹਨ। ਇੰਡੀਆ ਟੀਵੀ-ਸੀਐੱਨਐਕਸ ਨੇ ਆਪਣੇ ਅਨੁਮਾਨ ਵਿੱਚ ਐੱਨਡੀਏ ਨੂੰ 371-401 ਅਤੇ ‘ਇੰਡੀਆ’ ਗੱਠਜੋੜ ਨੂੰ 109-139 ਸੀਟਾਂ ਦਿੱਤੀਆਂ ਹਨ। ਹਾਲਾਂਕਿ, ਨਿਊਜ਼ ਨੇਸ਼ਨ ਵੱਲੋਂ ਅਨੁਮਾਨ ਲਾਇਆ ਗਿਆ ਹੈ ਕਿ ਐੱਨਡੀਏ ਨੂੰ 342-378 ਅਤੇ ‘ਇੰਡੀਆ’ ਗੱਠਜੋੜ ਨੂੰ 153-169 ਸੀਟਾਂ ਮਿਲ ਸਕਦੀਆਂ ਹਨ।
ਸਾਲ 2019 ਦੀਆਂ ਚੋਣਾਂ ਵਿੱਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਜਦਕਿ ਐੱਨਡੀਏ ਦੀਆਂ ਸੀਟਾਂ ਦੀ ਗਿਣਤੀ 353 ਸੀ। ਕਾਂਗਰਸ ਨੂੰ 53 ਸੀਟਾਂ ਅਤੇ ਉਸ ਦੇ ਸਹਿਯੋਗੀਆਂ ਨੂੰ 38 ਸੀਟਾਂ ਮਿਲੀਆਂ ਸਨ।
— ਪੰਜਾਬ ਵਿਚ ਵੋਟਾਂ-
ਚੰਡੀਗੜ੍ਹ-ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਲਈ ਵੋਟਾਂ ਦੌਰਾਨ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ 55.20 ਫੀਸਦ ਵੋਟਿੰਗ ਹੋਈ । ਭਾਰਤੀ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਲੋਕ ਸਭਾ ਚੋਣਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ । ਪੰਜਾਬ ਪੁਲੀਸ ਤੇ ਕੇਂਦਰੀ ਸੁਰੱਖਿਆ ਬਲਾਂ ਦੇ 70000 ਜਵਾਨ ਤਾਇਨਾਤ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਵਿੱਚੋਂ 302 ਮਰਦ ਉਮੀਦਵਾਰ ਅਤੇ 26 ਔਰਤਾਂ ਹਨ।