ਭਾਜਪਾ ਦੀ ਹੈਟ੍ਰਿਕ ਦੀਆਂ ਸੰਭਾਵਨਾਵਾਂ-
-ਸੁਖਵਿੰਦਰ ਸਿੰਘ ਚੋਹਲਾ—————
ਭਾਰਤੀ ਰਾਜਨੀਤੀ ਨੂੰ ਫਿਰਕੂ ਮੁਹਾਂਦਰਾ ਦੇਣ ਵਾਲੀ ਭਾਜਪਾ ਤੇ ਦੋ ਵਾਰ ਪ੍ਰਧਾਨ ਮੰਤਰੀ ਵਜੋਂ ਹਿੰਦੂ ਸਮਰਾਟ ਵਾਂਗ ਵਿਚਰਨ ਵਾਲੇ ਨਰਿੰਦਰ ਮੋਦੀ ਦੇ ਆਲੋਚਕਾਂ ਤੇ ਵਿਰੋਧੀਆਂ ਲਈ ਐਗਜਿਟ ਪੋਲ ਨਤੀਜੇ ਨਿਰਾਸ਼ਾਜਨਕ ਹਨ। ਭਾਵੇਂਕਿ ਪੋਲਿੰਗ ਏਜੰਸੀਆਂ ਵਲੋਂ ਕਰਵਾਏ ਜਾਂਦੇ ਚੋਣ ਸਰਵੇਖਣਾਂ ਦੇ ਸੰਭਾਵੀ ਨਤੀਜਿਆਂ ਉਪਰ ਬਹੁਤਾ ਵਿਸ਼ਵਾਸ ਨਹੀਂ ਕੀਤਾ ਜਾਂਦਾ ਪਰ ਇਸਦੇ ਬਾਵਜੂਦ ਇਹਨਾਂ ਚੋਣ ਸਰਵੇਖਣਾਂ ਨੂੰ ਨਤੀਜਿਆਂ ਦੇ ਨੇੜੇ ਤੇੜੇ ਹੀ ਮੰਨਿਆ ਜਾਂਦਾ ਹੈ। ਪਿਛਲੇ ਤਜੁਰਬੇ ਇਹ ਕਹਿਣ ਲਈ ਕਾਫੀ ਹਨ ਕਿ ਚੋਣ ਸਰਵੇਖਣਾਂ ਮੁਤਾਬਿਕ ਕਿਸੇ ਪਾਰਟੀ ਦੀਆਂ ਸੀਟਾਂ ਘੱਟ ਜਾਂ ਵੱਧ ਹੋ ਸਕਦੀਆਂ ਹਨ ਪਰ ਜਿਸ ਵੀ ਪਾਰਟੀ ਨੂੰ ਚੋਣ ਸਰਵੇਖਣਾਂ ਵਿਚ ਲੀਡ ਕਰਦਾ ਵਿਖਾਇਆ ਜਾਂਦਾ ਹੈ, ਜਿਆਦਾਤਰ ਉਸ ਪਾਰਟੀ ਦੀ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਹੀ ਵਧੇਰੇ ਉਜਵਲ ਹੁੰਦੀਆਂ ਹਨ।
ਬੀਤੇ ਦਿਨ ਭਾਰਤੀ ਲੋਕ ਸਭਾ ਚੋਣਾਂ ਲਈ ਆਖਰੀ ਗੇੜ ਦੀਆਂ ਵੋਟਾਂ ਦੇ ਤੁਰੰਤ ਬਾਦ ਆਏ ਐਗਜਿਟ ਪੋਲ ਨਤੀਜੇ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੂੰ ਸੌਖਾਲੇ ਬਹੁਮਤ ਹਾਸਲ ਕਰਦਿਆਂ ਉਮੀਦ ਨਾਲੋਂ ਬੇਹਤਰ ਕਾਰਗੁਜਾਰੀ ਦਿਖਾ ਰਹੇ ਹਨ।
ਸ਼ਨੀਵਾਰ ਸ਼ਾਮ ਤੱਕ ਬਹੁਗਿਣਤੀ ਚੈਨਲਾਂ ਅਤੇ ਪੋਲ ਏਜੰਸੀਆਂ ਦੁਆਰਾ ਸਾਹਮਣੇ ਆਏ ਐਗਜ਼ਿਟ ਪੋਲ ਨਤੀਜਿਆਂ ਦਾ ਅਨੁਮਾਨ ਹੈ ਕਿ ਸੱਤਾਧਾਰੀ ਐਨ ਡੀ ਏ ਗਠਜੋੜ ਸੰਸਦ ਦੇ 543 ਮੈਂਬਰੀ ਸਦਨ ਵਿੱਚ ਦੋ ਤਿਹਾਈ ਬਹੁਮਤ ਹਾਸਲ ਕਰ ਸਕਦਾ ਹੈ, ਜਿੱਥੇ ਕਿ ਸਧਾਰਨ ਬਹੁਮਤ ਲਈ 272 ਸੀਟਾਂ ਦੀ ਲੋੜ ਹੁੰਦੀ ਹੈ।
ਪ੍ਰਮੁਖ ਛੇ ਐਗਜ਼ਿਟ ਪੋਲ ਨਤੀਜਿਆਂ ਮੁਤਾਬਿਕ ਐਨ ਡੀ ਏ 355 ਤੋਂ 380 ਤੱਕ ਸੀਟਾਂ ਜਿੱਤ ਸਕਦਾ ਹੈ ਜਦੋਂਕਿ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਨੂੰ 100 ਤੋਂ 120 ਸੀਟਾਂ ਮਿਲਣ ਦਾ ਅਨੁਮਾਨ ਹੈ। 2019 ਦੀਆਂ ਆਮ ਚੋਣਾਂ ਵਿੱਚ ਭਾਜਪਾ ਦੀਆਂ 303 ਸੀਟਾਂ ਸਮੇਤ ਐਨਡੀਏ ਨੇ 353 ਸੀਟਾਂ ਜਿੱਤੀਆਂ ਸਨ ਜਦੋਂਕਿ ਕਾਂਗਰਸ ਕੇਵਲ 52 ਸੀਟਾਂ ਤੇ ਲੁੜਕ ਗਈ ਸੀ।
ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ ਸਪੱਸ਼ਟ ਬਹੁਮਤ ਮਿਲਣ ਦਾ ਦਾਅਵਾ ਕਰਨ ਵਾਲੇ ਛੇ ਐਗਜ਼ਿਟ ਪੋਲ ਇਸ ਪ੍ਰਕਾਰ ਹਨ-
ਰਿਪਬਲਿਕ ਭਾਰਤ 359 ਸੀਟਾਂ, ਇੰਡੀਆ ਨਿਊਜ਼-371 ਸੀਟਾਂ, ਰਿਪਬਲਿਕ ਭਾਰਤ 353 ਤੋਂ 368 ਸੀਟਾਂ, ਦੈਨਿਕ ਭਾਸਕਰ 281 ਤੋਂ 350 ਸੀਟਾਂ, ਨਿਊਜ਼ ਨੇਸ਼ਨ 343 ਤੋਂ 378 ਸੀਟਾਂ ਅਤੇ ਐਨ ਡੀ ਟੀ ਵੀ ਦੇ ਜਨ ਕੀ ਬਾਤ 362 ਤੋਂ 392 ਸੀਟਾਂ ਤੇ ਸੀ ਐਨ ਐਨ-ਨਿਊਜ 18 ਨੇ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਨੂੰ 355 ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਹੈ। ਇਹਨਾਂ ਸਾਰੇ ਨਿਊਜ ਚੈਨਲਾਂ ਨੂੰ ਭਾਜਪਾ ਤੇ ਸਰਕਾਰ ਪੱਖੀ ਸਮਝਿਆ ਜਾਂਦਾ ਹੈ ਤੇ ਇਹਨਾਂ ਦੇ ਚੋਣ ਅਨੁਮਾਨ ਭਾਜਪਾ ਵਲੋਂ ਚੋਣ ਮੁਹਿੰਮ ਦੌਰਾਨ ਦਿੱਤੇ ਗਏ ਨਾਅਰੇ-ਇਸ ਵਾਰ 400 ਪਾਰ ਦੇ ਨੇੜ ਤੇੜ ਹੀ ਹਨ।
ਇਹਨਾਂ ਨਿਊਜ ਚੈਨਲਾਂ ਤੇ ਏਜੰਸੀਆਂ ਵਲੋਂ ਪ੍ਰਸਾਰਿਤ ਕੀਤੇ ਐਗਜਿਟ ਪੋਲ ਨੂੰ ਕਾਂਗਰਸ ਨੇ ਸਿਰੇ ਤੋਂ ਖਾਰਜ ਕੀਤਾ ਹੈ। ਭਾਜਪਾ ਵਿਰੋਧੀ ਪਾਰਟੀਆਂ ਨੇ ਐਗਜਿਟ ਪੋਲ ਪ੍ਰਸਾਰਿਤ ਕਰਨ ਵਾਲੇ ਇਹਨਾਂ ਮੁੱਖ ਨਿਊਜ਼ ਚੈਨਲਾਂ ‘ਤੇ ਮੋਦੀ ਪੱਖੀ ਤੇ ਗੋਦੀ ਮੀਡੀਆ ਹੋਣ ਦੇ ਦੋਸ਼ ਲਗਾਏ ਹਨ। ਐਗਜਿਟ ਪੋਲ ਨੂੰ ਗੈਰ-ਵਿਗਿਆਨਕ ਕਰਾਰ ਦਿੰਦਿਆਂ ਇੰਡੀਆ ਗਠਜੋੜ ਨੂੰ 295 ਸੀਟਾਂ ਮਿਲਣ ਤੇ ਅਗਲੀ ਸਰਕਾਰ ਇੰਡੀਆ ਗਠਜੋੜ ਵਲੋਂ ਹੀ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ।
ਉਧਰ ਦੋ ਪ੍ਰਮੁੱਖ ਨੀਤੀਵੇਤਾ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਕਿਸ਼ੋਰ ਨੇ ਵੀ ਐਗਜਿਟ ਪੋਲਾਂ ਨਾਲ ਕੁਝ-ਕੁਝ ਸਹਿਮਤੀ ਪ੍ਰਗਟਾਉਂਦਿਆਂ ਅਗਲੀ ਸਰਕਾਰ ਮੁੜ ਭਾਜਪਾ ਦੀ ਅਗਵਾਈ ਹੇਠ ਬਣਨ ਦੀ ਪੇਸ਼ੀਨਗੋਈ ਕੀਤੀ ਹੈ। ਜੋਗਿੰਦਰ ਯਾਦਵ ਦਾ ਕਹਿਣਾ ਹੈ ਕਿ ਭਾਵੇਂਕਿ ਭਾਜਪਾ ਦਾ ਇਸ ਵਾਰ 400 ਪਾਰ ਸੀਟਾਂ ਦਾ ਦਾਅਵਾ ਇਕ ਜੁਮਲਾ ਹੈ ਪਰ ਭਾਜਪਾ ਸਰਕਾਰ ਬਣਾਉਣ ਲਈ 275 ਤੋਂ 305 ਤੱਕ ਸੀਟਾਂ ਜਿੱਤ ਸਕਦੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਐਨ ਡੀ ਏ ਨੂੰ 370 ਤੱਕ ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਹੈ। ਦੋਵਾਂ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਜਪਾ ਤੇ ਸਹਿਯੋਗੀ ਪਾਰਟੀਆਂ ਦੀਆਂ ਕੁਲ ਸੀਟਾਂ ਦੀ ਗਿਣਤੀ ਘੱਟ ਸਕਦੀ ਹੈ ਪਰ ਸਰਕਾਰ ਬਣਾਉਣ ਦੀ ਵੱਡੀ ਦਾਅਵੇਦਾਰ ਉਹੀ ਹੈ। ਇੰਡੀਆ ਗਠਜੋੜ ਆਪਣੇ ਹਮਲਾਵਾਰ ਰੁਖ ਦੇ ਬਾਵਜੂਦ ਮੋਦੀ ਦੀ ਸ਼ਖਸੀਅਤ ਨੂੰ ਜਿਆਦਾ ਨੁਕਸਾਨ ਪਹੁੰਚਾਉਣ ਵਿਚ ਸਫਲ ਨਹੀ ਹੋਇਆ। ਉਲਟਾ ਮੋਦੀ ਆਪਣੇ ਕਾਰ ਵਿਹਾਰ ਅਤੇ ਕੂਟਨੀਤਕ ਚਾਲਾਂ ਚਲਦਿਆਂ ਬਹੁਗਿਣਤੀ ਹਿੰਦੂ ਮਨਾਂ ਤੇ ਆਪਣਾ ਪ੍ਰਭਾਵ ਕਾਇਮ ਰੱਖਣ ਵਿਚ ਸਫਲ ਰਿਹਾ ਹੈ। ਚੋਣਾਂ ਦੇ ਆਖਰੀ ਗੇੜ ਤੋਂ ਪਹਿਲਾਂ ਮੋਦੀ ਦਾ ਕੰਨਿਆ ਕੁਮਾਰੀ ਵਿਚ ਸਵਾਮੀ ਵਿਵੇਕਾਨੰਦ ਮੰਦਿਰ ਵਿਚ ਧਿਆਨ ਧਰਨ ਦਾ ਡਰਾਮਾ ਉਸਦੇ ਸਮਰਥਕਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਹਿੰਦੂ ਮਨਾਂ ਨੂੰ ਪੋਹਣ ਵਾਲਾ ਰਿਹਾ।
ਐਗਜਿਟ ਚੋਣ ਨਤੀਜਿਆਂ ਤੋਂ ਉਤਸ਼ਾਹਿਤ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਲੋਕਾਂ ਨੇ ਐਨ ਡੀ ਏ ਸਰਕਾਰ ਨੂੰ ਦੁਬਾਰਾ ਚੁਣਨ ਲਈ ਰਿਕਾਰਡ ਗਿਣਤੀ ਵਿੱਚ ਵੋਟਾਂ ਪਾਈਆਂ ਹਨ ਤੇ ਮੌਕਾਪ੍ਰਸਤ ਇੰਡੀਆ ਗਠਜੋੜ ਨੂੰ ਨਕਾਰ ਦਿੱਤਾ ਹੈ। ਅਗਰ ਐਗਜਿਟ ਪੋਲ ਨਤੀਜਿਆਂ ਮੁਤਾਬਿਕ ਭਾਜਪਾ ਦੀ ਅਗਵਾਈ ਵਾਲਾ ਗਠਜੋੜ ਜਿੱਤਦਾ ਹੈ ਤਾਂ 73 ਸਾਲਾ ਨਰਿੰਦਰ ਮੋਦੀ ਆਜਾਦ ਭਾਰਤ ਵਿਚ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਲਗਾਤਾਰ ਤੀਜੀ ਵਾਰ ਜਿੱਤਣ ਵਾਲਾ ਦੂਜਾ ਪ੍ਰਧਾਨ ਮੰਤਰੀ ਹੋਵੇਗਾ। ਪਿਛਲੇ 10 ਸਾਲ ਤੋਂ ਭਾਜਪਾ ਸਰਕਾਰ ਦੀਆਂ ਫਰੇਬੀ ਨੀਤੀਆਂ ਤੇ ਪ੍ਰਧਾਨ ਮੰਤਰੀ ਦੇ ਕਾਰ ਵਿਹਾਰ ਨੂੰ ਵੇਖਦਿਆਂ ਨਵੀਂ ਸਰਕਾਰ ਸਾਹਵੇਂ ਇਕ ਮਜ਼ਬੂਤ ਵਿਰੋਧੀ ਧਿਰ ਦੀ ਹੋਂਦ ਅਤਿ ਲੋੜੀਂਦੀ ਹੈ।
ਪੰਜਾਬ ਬਾਰੇ ਭਵਿੱਖਬਾਣੀ-
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 26 ਮਹਿਲਾਵਾਂ ਸਮੇਤ ਕੁੱਲ 328 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਹਰੇਕ ਚੋਣ ਦੌਰਾਨ ਪੰਜਾਬ ਦਾ ਚੋਣ ਦ੍ਰਿਸ਼ ਭਾਵੇਂ ਵੱਖਰਾ ਹੁੰਦਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਇਥੇ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀ ਇਕੱਲੇ-ਇਕੱਲੇ ਚੋਣ ਲੜ ਰਹੀਆਂ ਹਨ। ਇੰਡੀਆ ਗਠਜੋੜ ਦੀ ਭਾਈਵਾਲ ਆਮ ਆਦਮੀ ਪਾਰਟੀ ਨੂੰ ਪੰਜਾਬ ਕਾਂਗਰਸ ਨੇ ਗਠਜੋੜ ਲਈ ਸਵੀਕਾਰ ਨਹੀ ਕੀਤਾ। 1996 ਤੋਂ ਬਾਦ ਪਹਿਲੀ ਵਾਰ ਅਕਾਲੀ ਦਲ ਤੇ ਭਾਜਪਾ ਦਾ ਚੋਣ ਗਠਜੋੜ ਨਹੀਂ ਹੋਇਆ। ਪੰਜਾਬ ਦੇ ਸਾਰੇ ਹਲਕਿਆਂ ਵਿਚ ਚਾਰ ਕੋਣੇ ਜਾਂ ਬਹੁਕੋਣੇ ਮੁਕਾਬਲੇ ਸਾਹਮਣੇ ਹਨ। ਇਹਨਾਂ ਚੋਣਾਂ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਚਾਰ ਵਾਰ ਦੇ ਸੰਸਦ ਮੈਂਬਰ ਪ੍ਰਨੀਤ ਕੌਰ, ਤਿੰਨ ਵਾਰ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਗਰਮ ਸੁਰ ਵਾਲੇ ਸਿਮਰਨਜੀਤ ਸਿੰਘ ਮਾਨ, ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ, ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ ਵਲੋਂ ਆਪਣੀ ਕਿਸਮਤ ਅਜਮਾਈ ਤੋਂ ਇਲਾਵਾ ਕੌਮੀ ਸੁਰੱਖਿਆ ਐਕਟ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਅਤੇ ਫਰੀਦਕੋਟ ਰਿਜਰਵ ਹਲਕੇ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਮਲੋਆ ਦੇ ਆਜਾਦ ਉਮੀਦਵਾਰ ਵਜੋਂ ਮੈਦਾਨ ਵਿਚ ਆਉਣ ਨਾਲ ਇਕ ਲੰਬੇ ਸਮੇਂ ਬਾਦ ਪੰਜਾਬ ਚੋਣਾਂ ਦੌਰਾਨ ਪੰਥਕ ਲਹਿਰ ਦਾ ਮਾਹੌਲ ਵੇਖਣ ਨੂੰ ਮਿਲਿਆ ਹੈ।ਪਹਿਲੀ ਜੂਨ ਨੂੰ ਪਈਆਂ ਵੋਟਾਂ ਦੌਰਾਨ ਪੰਜਾਬ ਦੀਆਂ 13 ਲੋਕ ਸੀਟਾਂ ’ਤੇ 61.32 ਫ਼ੀਸਦੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਹੈ। ਭਾਰਤ ਪੱਧਰ ਦੇ ਐਗਜਿਟ ਪੋਲ ਵਾਂਗ ਨਿਊਜ਼ 24 ਦੇ ਟੂਡੇਜ਼ ਚਾਣਕਿਆ ਐਗਜ਼ਿਟ ਪੋਲ ਵੱਲੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਚਾਰ-ਚਾਰ ਸੀਟਾਂ ਜਿੱਤਣ ਦਾ ਅਨੁਮਾਨ ਜਤਾਇਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 13 ਸੀਟਾਂ ਜਿੱਤਣ ਦੇ ਦਾਅਵਿਆਂ ਦਰਮਿਆਨ ਆਪ ਨੂੰ ਸਿਰਫ਼ ਦੋ ਸੀਟਾਂ ਅਤੇ ਹੋਰ ਪਾਰਟੀਆਂ ਨੂੰ ਤਿੰਨ ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇੰਡੀਆ ਟੂਡੇ ਦੇ ਸਰਵੇ ਵਿਚ ਕਾਂਗਰਸ ਨੂੰ ਸਭ ਤੋਂ ਵੱਧ 7-9 ਸੀਟਾਂ, ਭਾਜਪਾ ਨੂੰ 2-4 ਸੀਟਾਂ, ਅਕਾਲੀ ਦਲ ਨੂੰ 2-3 ਸੀਟਾਂ ਅਤੇ ਸੱਤਾਧਾਰੀ ‘ਆਪ’ ਨੂੰ ਸਿਰਫ਼ 0-2 ਸੀਟਾਂ ਮਿਲਣ ਦੀ ਉਮੀਦ ਪ੍ਰਗਟਾਈ ਹੈ। ਟਾਈਮਜ਼ ਨਾਓ ਨੇ ਭਾਜਪਾ ਨੂੰ 3-5 ਸੀਟਾਂ, ਕਾਂਗਰਸ ਨੂੰ 4-6 ਸੀਟਾਂ, ‘ਆਪ’ ਨੂੰ 4 ਸੀਟਾਂ ਜਦਕਿ ਅਕਾਲੀ ਦਲ ਨੂੰ 0 ਸੀਟ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ। ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਆਪ ਦੇ ਮੰਤਰੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਤੇ ਬਾਗੀ ਸੁਰ ਵਾਲੇ ਲੱਖਾ ਸਿਧਾਣਾ ਦੀ ਚੁਣੌਤੀ ਦਾ ਸਾਹਮਣਾ ਹੈ। ਅਗਰ ਅਕਾਲੀ ਦਲ ਇਹਨਾਂ ਚੋਣਾਂ ਵਿਚ ਇਕ ਵੀ ਸੀਟ ਨਹੀ ਲਿਜਾਂਦਾ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਤੇ ਮੁੜ ਸਵਾਲ ਖੜੇ ਹੋ ਸਕਦੇ ਹਨ।
ਪ੍ਰਮੁੱਖ ਚੈਨਲਾਂ ਵਲੋਂ ਪੇਸ਼ ਕੀਤੇ ਗਏ ਐਗਜਿਟ ਪੋਲ ਦੇ ਨਤੀਜੇ ਕਿਸੇ ਵੀ ਪਾਰਟੀ ਲਈ ਬਹੁਤੇ ਉਤਸ਼ਾਹਜਨਕ ਨਹੀ ਕਹੇ ਜਾ ਸਕਦੇ। ਇਸ ਵਾਰ ਪੰਜਾਬ ਵਿਚ ਜਿਵੇਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੇ ਦਲਬਦਲੀ ਅਤੇ ਮੌਕਾਪ੍ਰਸਤੀ ਦੇ ਤੇਵਰ ਵਿਖਾਏ ਹਨ, ਉਸਤੋਂ ਆਮ ਲੋਕਾਂ ਦਾ ਸਿਆਸੀ ਪਾਰਟੀਆਂ ਪ੍ਰਤੀ ਪਹਿਲਾਂ ਵਾਲਾ ਉਤਸ਼ਾਹ ਦਿਖਾਈ ਨਹੀ ਦਿੱਤਾ। ਘੱਟ ਵੋਟ ਪੋਲਿੰਗ ਨੂੰ ਵੀ ਇਸਦੇ ਸਬੂਤ ਵਜੋਂ ਵੇਖਿਆ ਜਾ ਰਿਹਾ ਹੈ। ਅੰਮ੍ਰਿਤਸਰ ਵਰਗੇ ਸ਼ਹਿਰ ਵਿਚ ਕੇਵਲ 54 ਪ੍ਰਤੀਸ਼ਤ ਵੋਟ ਪੋਲ ਹੋਣ ਦੀਆਂ ਖਬਰਾਂ ਹਨ। ਉਂਜ ਸੋਸ਼ਲ ਮੀਡੀਆ ਉਪਰ ਉਮੀਦਵਾਰਾਂ ਤੇ ਉਹਨਾਂ ਦੇ ਸਮਰਥਕਾਂ ਦੀਆਂ ਸਰਗਰਮੀਆਂ ਉਤਸ਼ਾਹਜਨਕ ਰਹੀਆਂ। ਪੰਜਾਬ ਦੇ ਹਲਕਾ ਖਡੂਰ ਸਾਹਿਬ , ਫਰੀਦਕੋਟ ਤੇ ਸੰਗਰੂਰ ਵਿਚ ਪੰਥਕ ਜਜ਼ਬੇ ਵਾਲੀ ਰਾਜਨੀਤੀ ਨੌਜਵਾਨ ਪੀੜੀ ਨੂੰ ਕਾਫੀ ਪ੍ਰਭਾਵਿਤ ਕਰਦੀ ਦਿਸੀ। ਪਰ ਚੋਣ ਨਤੀਜੇ ਹੀ ਦੱਸ ਪਾਉਣਗੇ ਕਿ ਸੋਸ਼ਲ ਮੀਡੀਆ ਉਪਰ ਪੰਥਕ ਜਜ਼ਬੇ ਦੇ ਉਭਾਰ ਦਾ ਕੋਈ ਜ਼ਮੀਨੀ ਆਧਾਰ ਵੀ ਹੈ ਜਾਂ ਨਹੀਂ।