ਕੈਲਗਰੀ (ਦਲਬੀਰ ਜੱਲੋਵਾਲੀਆ)- ਬੀਤੇ ਦਿਨੀਂ ਕੈਨੇਡਾ ਦੌਰੇ ਤੇ ਆਏ ਉਘੇ ਢਾਡੀ ਭਾਈ ਰਾਮ ਸਿੰਘ ਰਫਤਾਰ ਐਮ ਏ ਤੇ ਢਾਡੀ ਬਲਬੀਰ ਸਿੰਘ ਦੇ ਜਥੇ ਦਾ ਕੈਲਗਰੀ ਤੋਂ ਲਿਬਰਲ ਐਮ ਪੀ ਜੌਰਜ ਚਾਹਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਢਾਡੀ ਰਾਮ ਸਿੰਘ ਰਫਤਾਰ ਦੇ ਜਥੇ ਦੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਅਤੇ ਦੇਸ਼ ਵਿਦੇਸ਼ ਵਿਚ ਵਸਦੀਆਂ ਸਿੱਖ ਸੰਗਤਾਂ ਵਿਚ ਆਪਣੀ ਅਲਗ ਪਹਿਚਾਣ ਹੈ। ਇਹ ਜਥਾ ਹੁਣ ਤੱਕ ਭਾਰਤ ਤੋਂ ਬਾਹਰ ਹਾਂਗਕਾਂਗ, ਸਿੰਗਾਪੁਰ, ਮਲੇਸ਼ੀਆ, ਇਟਲੀ, ਇੰਗਲੈਂਡ ਤੇ ਯੂਰਪ ਦੇ ਕਈ ਹੋਰ ਦੇਸ਼ਾਂ ਤੋਂ ਇਲਾਵਾ ਕੈਨੇਡਾ ਦੀਆਂ ਸਿੱਖ ਸੰਗਤਾਂ ਨੂੰ ਸਿੱਖ ਇਤਿਹਾਸ ਤੇ ਮਹਾਨ ਢਾਡੀ ਕਲਾ ਦੀ ਪਰੰਪਰਾ ਨਾਲ ਜੋੜਦਾ ਆ ਰਿਹਾ ਹੈ। ਜਥੇ ਵਲੋਂ ਪਿਛਲੀ ਦਿਨੀ ਕੈਲਗਰੀ ਦੇ ਨਗਰ ਕੀਰਤਨ ਵਿਚ ਵਿਸ਼ੇਸ਼ ਹਾਜ਼ਰੀ ਲਗਵਾਈ ਗਈ। ਇਸੇ ਦੌਰਾਨ ਐਮ ਪੀ ਜੌਰਜ ਚਾਹਲ ਵਲੋਂ ਆਪਣੇ ਹਲਕਾ ਦਫਤਰ ਵਿਚ ਬੁਲਾਕੇ ਉਹਨਾਂ ਨੂੰ ਮਾਣ ਪੱਤਰ ਦੇਕੇ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਮੱਖਣਜੀਤ ਸਿੰਘ ਮੈਨੇਜਰ ਨਗਰ ਨਿਗਮ ਲੁਧਿਆਣਾ, ਭੁਪਿੰਦਰ ਸਿੰਘ ਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।