ਕਾਂਗਰਸ ਦੀ ਅਗਵਾਈ ਵਾਲਾ ਇੰਡੀਆ ਗਠਜੋੜ ਮਜ਼ਬੂਤ ਵਿਰੋਧੀ ਧਿਰ ਵਜੋਂ ਸਾਹਮਣੇ ਆਇਆ-
ਐਨ ਡੀ ਏ ਨੂੰ 289 ਸੀਟਾਂ ਤੇ ਇੰਡੀਆ ਗਠਜੋੜ ਨੂੰ 235 ਸੀਟਾਂ ਮਿਲੀਆਂ-
ਭਾਜਪਾ ਨੂੰ ਯੂਪੀ ਤੋਂ ਮਨਇੱਛਤ ਨਤੀਜੇ ਨਾ ਮਿਲੇ-
ਨਵੀਂ ਦਿੱਲੀ ( ਦੇ ਪ੍ਰ ਬਿ)– ਬੀਤੀ ਰਾਤ ਭਾਰਤੀ ਲੋਕ ਸਭਾ ਲਈ ਪਈਆਂ ਵੋਟਾਂ ਦੇ ਆਏ ਨਤੀਜਿਆਂ ਵਿਚ ਭਾਵੇਂਕਿ ਇਸ ਵਾਰ 400 ਪਾਰ ਸੀਟਾਂ ਦੀ ਦਾਅਵੇਦਾਰ ਭਾਰਤੀ ਜਨਤਾ ਪਾਰਟੀ ਨੂੰ ਇਕੱਲਿਆਂ ਸਪੱਸ਼ਟ ਬਹੁਮਤ ਲਈ 272 ਲੋੜੀਆਂ ਸੀਟਾਂ ਤੋਂ ਘੱਟ 240 ਸੀਟਾਂ ਮਿਲੀਆਂ ਹਨ ਪਰ ਉਸਦੀ ਅਗਵਾਈ ਵਾਲੇ ਐਨ ਡੀ ਏ ਨੇ 289 ਸੀਟਾਂ ਜਿੱਤ ਕੇ ਮੁਲਕ ਵਿਚ ਲਗਾਤਾਰ ਤੀਸਰੀ ਸਰਕਾਰ ਬਣਾਉਣ ਦਾ ਲੋਕ ਫਤਵਾ ਪ੍ਰਾਪਤ ਕਰ ਲਿਆ ਹੈ ਜਦੋਂਕਿ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 235 ਤੋਂ ਉਪਰ ਸੀਟਾਂ ਜਿੱਤਕੇ ਇਕ ਮਜ਼ਬੂਤ ਵਿਰੋਧੀ ਧਿਰ ਵਜੋਂ ਬਣਨ ਦਾ ਰੁਤਬਾ ਹਾਸਲ ਕਰ ਲਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਚੋਣਾਂ ਵਿਚ ਆਪਣੀ ਪਾਰਟੀ ਦੀ ਜਿੱਤ ਉਪਰੰਤ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ
ਭਾਰਤੀ ਵੋਟਰਾਂ ਨੇ ਉਸਦੀ ਪਾਰਟੀ ਅਤੇ ਉਸਦੇ ਰਾਸ਼ਟਰੀ ਜਮਹੂਰੀ ਗਠਜੋੜ ਦੋਵਾਂ ਵਿੱਚ “ਅਥਾਹ ਵਿਸ਼ਵਾਸ” ਦਿਖਾਇਆ ਹੈ।
ਭਾਰਤ ਦੇ ਚੋਣ ਕਮਿਸ਼ਨ ਦੇ ਅਧਿਕਾਰਤ ਨਤੀਜਿਆਂ ਮੁਤਾਬਿਕ ਐਨਡੀਏ ਨੇ ਬਹੁਮਤ ਲਈ ਲੋੜੀਂਦੀਆਂ 272 ਤੋਂ ਵੱਧ 286 ਸੀਟਾਂ ਜਿੱਤੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਦੀ ਜਿੱਤ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੂਜੀ ਵਾਰ ਹੈ ਕਿ ਕਿਸੇ ਭਾਰਤੀ ਨੇਤਾ ਵਲੋਂ ਲਗਾਤਾਰ ਤੀਜੀ ਵਾਰ ਸੱਤਾ ਸੰਭਾਲੀ ਹੈ। ਪਰ ਇਹ ਵੀ ਹੈ, 2014 ਵਿੱਚ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਹਿਲੀ ਵਾਰ ਹੈ ਇਹ 240 ਸੀਟਾਂ ਜਿੱਤ ਕੇ ਇਕੱਲਿਆਂ ਬਹੁਮਤ ਹਾਸਲ ਨਹੀਂ ਕਰ ਸਕੀ। ਪਿਛਲੀਆਂ 2019 ਦੀਆਂ ਚੋਣਾਂ ਵਿੱਚ ਉਸਨੇ ਇਕੱਲਿਆਂ 303 ਸੀਟਾਂ ਜਿੱਤੀਆਂ ਸਨ।
ਇਸਦਾ ਮਤਲਬ ਹੈ ਕਿ ਮੋਦੀ ਨੂੰ ਆਪਣੇ ਗੱਠਜੋੜ ਵਿੱਚ ਹੋਰ ਪਾਰਟੀਆਂ ਦੇ ਸਮਰਥਨ ਦੀ ਜ਼ਰੂਰਤ ਹੋਏਗੀ ਜੋ ਕਿ 73 ਸਾਲਾ ਆਗੂ ਦੇ ਦਾਅਵਿਆਂ ਦੇ ਬਿਲਕੁਲ ਉਲਟ ਹੈ।
ਪਾਰਟੀ ਨੂੰ ਹੁਣ “ਆਪਣੇ ਸਹਿਯੋਗੀ ਪਾਰਟੀਆਂ ਉਪਰ ਵਧੇਰੇ ਨਿਰਭਰ ਹੋਣਾ ਪਵੇਗਾ। ਜਿਸ ਕਾਰਣ ਉਹਨਾਂ ਨੂੰ ਆਪਣੀਆਂ ਨੀਤੀਆਂ ਬਣਾਉਣ ਦੇ ਨਾਲ-ਨਾਲ ਸਰਕਾਰ ਦੇ ਗਠਨ ਵਿਚ ਵੀ ਸਹਿਯੋਗੀਆਂ ਨਾਲ ਮਿਲਕੇ ਚੱਲਣਾ ਹੋਵੇਗਾ।
ਇਸੇ ਦੌਰਾਨ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਜਿਹਨਾਂ ਨੇ ਕਿ ਦੋ ਹਲਕਿਆਂ ਵਾਇਨਾਡ ਤੇ ਰਾਏਬਰੇਲੀ ਤੋਂ ਚੋਣ ਜਿੱਤੀ ਹੈ ਨੇ ਇਹਨਾਂ ਚੋਣ ਨਤੀਜਿਆਂ ਨੂੰ ਆਮ ਲੋਕਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਖਿਲਾਫ ਫਤਵਾ ਕਰਾਰ ਦਿੱਤਾ ਹੈ। ਕਾਂਗਰਸ ਪ੍ਰਧਾਨ ਮਲਿਕਅਰਜਨ ਖੜਗੇ ਨੇ ਇਸਨੂੰ ਆਮ ਲੋਕਾਂ ਤੇ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਚੋਣਾਂ ਉਪਰੰਤ ਐਗਜਿਟ ਪੋਲ ਨਤੀਜਿਆਂ ਵਿਚ ਭਾਰਤੀ ਜਨਤਾ ਪਾਰਟੀ ਤੇ ਐਨ ਡੀ ਏ ਨੂੰ ਵੱਡੀ ਲੀਡ ਨਾਲ ਜਿਤਣ ਦੇ ਦਾਅਵੇ ਕੀਤੇ ਗਏ ਸਨ ਤੇ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਨੂੰ ਕੇਵਲ 100-125 ਸੀਟਾਂ ਤੱਕ ਵਿਖਾਇਆ ਗਿਆ ਸੀ। ਭਾਜਪਾ ਨੂੰ ਆਯੁਧਿਆ ਸਮੇਤ ਸਾਰੀ ਯੂਪੀ ਵਿਚ ਕਈ ਮਹੱਤਵਪੂਰਣ ਸੀਟਾਂ ਤੇ ਹਾਰ ਦਾ ਮੂੰਹ ਵੇਖਣਾ ਪਿਆ। ਇੰਡੀਆ ਗੱਠਜੋੜ ਨੇ ਐਗਜ਼ਿਟ ਪੋਲ ਦੇ ਅਨੁਮਾਨਾਂ ਨੂੰ ਗ਼ਲਤ ਸਾਬਤ ਕਰਦਿਆਂ ਯੂਪੀ, ਮਹਾਰਾਸ਼ਟਰ, ਰਾਜਸਥਾਨ, ਹਰਿਆਣਾ ਤੇ ਕਰਨਾਟਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਮੋਦੀ ਵਾਰਾਣਸੀ ਤੋਂ ਤੀਸਰੀ ਵਾਰ ਜਿੱਤੇ-
ਲਖਨਊ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਅਜੈ ਰਾਏ ਨੂੰ ਹਰਾ ਕੇ ਵਾਰਾਣਸੀ ਤੋਂ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ ਹੈ । ਮੋਦੀ ਦੀ ਜਿੱਤ ਦਾ ਇਸ ਵਾਰ ਫ਼ਰਕ 1,52,513 ਰਿਹਾ ਜੋ 2019 ਅਤੇ 2014 ਦੀ ਜਿੱਤ ਨਾਲੋਂ ਘੱਟ ਹੈ। ਪਿਛਲੀ ਵਾਰ 2019 ’ਚ ਮੋਦੀ ਦੀ ਜਿੱਤ ਦਾ ਫ਼ਰਕ 4,79,505 ਰਿਹਾ ਸੀ ਜਦੋਂ ਉਨ੍ਹਾਂ ਸਮਾਜਵਾਦੀ ਪਾਰਟੀ ਦੀ ਸ਼ਾਲਿਨੀ ਯਾਦਵ ਨੂੰ ਹਰਾਇਆ ਸੀ ਜਦਕਿ ਕਾਂਗਰਸ ਦੇ ਅਜੈ ਰਾਏ ਤੀਜੇ ਸਥਾਨ ’ਤੇ ਰਹੇ ਸਨ। ਇਸੇ ਤਰ੍ਹਾਂ 2014 ’ਚ ਮੋਦੀ ਦੀ ਜਿੱਤ ਦਾ ਫ਼ਰਕ 3,71,784 ਰਿਹਾ ਸੀ ਜਦੋਂ ਉਨ੍ਹਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਸੀ।
ਰਾਹੁਲ ਗਾਂਧੀ ਦੋ ਹਲਕਿਆਂ ਤੋਂ ਜਿੱਤੇ-
ਨਵੀਂ ਦਿੱਲੀ-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੇ ਕੇਰਲਾ ਦੇ ਵਾਇਨਾਡ ਸੰਸਦੀ ਹਲਕਿਆਂ ’ਤੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਹਨ। ਉਨ੍ਹਾਂ ਕੇਰਲਾ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਸੀਪੀਆਈ ਦੀ ਐਨੀ ਰਾਜਾ ਨੂੰ 3.5 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ। ਇਸੇ ਤਰ੍ਹਾਂ ਰਾਏਬਰੇਲੀ ਸੀਟ ’ਤੇ 3.9 ਲੱਖ ਤੋਂ ਵੱਧ ਵੋਟਾਂ ਤੋਂ ਜਿੱਤ ਦਰਜ ਕੀਤੀ ਹੈ। ਦੋਵੇਂ ਸੀਟਾਂ ਜਿੱਤਣ ਮਗਰੋਂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਫਿਲਹਾਲ ਫ਼ੈਸਲਾ ਨਹੀਂ ਲਿਆ ਹੈ ਕਿ ਉਹ ਦੋਹਾਂ ਵਿੱਚੋਂ ਕਿਹੜੀ ਸੀਟ ਆਪਣੇ ਕੋਲ ਰੱਖਣਗੇ। ਉਨ੍ਹਾਂ ਇਨ੍ਹਾਂ ਜਿੱਤਾਂ ਲਈ ਦੋਹਾਂ ਲੋਕ ਸਭਾ ਹਲਕਿਆਂ ਦੇ ਵੋਟਰਾਂ ਦਾ ਧੰਨਵਾਦ ਕੀਤਾ।
** ਭਾਜਪਾ ਦਿੱਲੀ ਦੀਆਂ ਸਾਰੀਆਂ ਸੀਟਾਂ ਜਿੱਤੀਆਂ –
ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਦਿੱਲੀ ਖੇਤਰ ਵਿਚ ਭਾਜਪਾ ਨੇ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ਜਿੱਤ ਲਈਆਂ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਭਾਜਪਾ ਦੇ ਪ੍ਰਵੀਨ ਖੰਡੇਲਵਾਲ ਪਹਿਲਾਂ ਚਾਂਦਨੀ ਚੌਕ ਸੀਟ ‘ਤੇ ਕਾਂਗਰਸ ਦੇ ਜੈ ਪ੍ਰਕਾਸ਼ ਅਗਰਵਾਲ ਤੋਂ 27,041 ਵੋਟਾਂ ਦੀ ਲੀਡ ਅੱਗੇ ਹਨ। ਭਾਜਪਾ ਦੇ ਉੱਤਰ-ਪੂਰਬੀ ਦਿੱਲੀ ਦੇ ਉਮੀਦਵਾਰ ਮਨੋਜ ਤਿਵਾੜੀ, ਜਿਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਕਨ੍ਹਈਆ ਕੁਮਾਰ ਨਾਲ ਹੈ, 73,781 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਿਹਾ ਹੈ। ਭਾਜਪਾ ਪੱਛਮੀ ਦਿੱਲੀ ਦੇ ਉਮੀਦਵਾਰ ਕਮਲਜੀਤ ਸਹਿਰਾਵਤ, ਜੋ ‘ਆਪ’ ਦੇ ਮਹਾਬਲ ਮਿਸ਼ਰਾ ਦੇ ਖਿਲਾਫ ਹਨ, 69,296 ਵੋਟਾਂ ਦੇ ਫਰਕ ਨਾਲ ਅੱਗੇ ਹਨ ਅਤੇ ਭਾਜਪਾ ਦੇ ਉੱਤਰ-ਪੱਛਮੀ ਦਿੱਲੀ ਦੇ ਉਮੀਦਵਾਰ ਯੋਗੇਂਦਰ ਚੰਦੋਲੀਆ ਕਾਂਗਰਸ ਦੇ ਉਦਿਤ ਰਾਜ ਦੇ ਮੁਕਾਬਲੇ 1,05,266 ਵੋਟਾਂ ਨਾਲ ਅੱਗੇ ਹਨ। ਪੂਰਬੀ ਦਿੱਲੀ ਸੀਟ ‘ਤੇ ‘ਆਪ’ ਦੇ ਕੁਲਦੀਪ ਕੁਮਾਰ ਭਾਜਪਾ ਦੇ ਹਰਸ਼ ਮਲਹੋਤਰਾ ਦੇ ਮੁਕਾਬਲੇ 14,134 ਵੋਟਾਂ ਦੇ ਫਰਕ ਨਾਲ ਪਿੱਛੇ ਚੱਲ ਰਹੇ ਹਨ। ਦੱਖਣੀ ਦਿੱਲੀ ਤੋਂ ‘ਆਪ’ ਦੇ ਸਾਹੀ ਰਾਮ ਪਹਿਲਵਾਨ ਦੇ ਮੁਕਾਬਲੇ ਭਾਜਪਾ ਦੇ ਰਾਮਵੀਰ ਸਿੰਘ ਬਿਧੂੜੀ 63,675 ਵੋਟਾਂ ਦੇ ਫਰਕ ਨਾਲ ਅੱਗੇ ਸਨ, ਜਦਕਿ ਨਵੀਂ ਦਿੱਲੀ ਹਲਕੇ ਤੋਂ ਮਰਹੂਮ ਦਿੱਗਜ ਨੇਤਾ ਸੁਸ਼ਮਾ ਸਵਰਾਜ ਦੀ ਪੁੱਤਰੀ ਬਾਂਸੂਰੀ ਸਵਰਾਜ 27,136 ਵੋਟਾਂ ਦੇ ਵੱਡੇ ਫਰਕ ਨਾਲ ਅੱਗੇ ਹੈ।
ਹੇਮਾ ਮਾਲਿਨੀ, ਕੰਗਨਾ ਰਣੌਤ ਤੇ ਸ਼ਤਰੂਘਣ ਸਿਨਹਾ ਜੇਤੂ-
ਨਵੀਂ ਦਿੱਲੀ-ਅਦਾਕਾਰਾ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਉਮੀਦਵਾਰ 75,000 ਵੋਟਾਂ ਤੋਂ ਜ਼ਿਆਦਾ ਦੇ ਫਰਕ ਨਾਲ ਅੱਗੇ ਹੈ।
ਪ੍ਰਸਿੱਧ ਅਦਾਕਾਰਾ ਹੇਮਾ ਮਾਲਿਨੀ ਮਥੁਰਾ ਤੋਂ ਲੋਕ ਸਭਾ ਲਈ ਤੀਜੀ ਵਾਰ ਚੋਣ ਲੜ ਰਹੀ ਹੈ, ਉਹ 2 ਲੱਖ ਤੋਂ ਵੱਧ ਵੋਟਾਂ ਨਾਲ ਅੱਗੇ ਹੈ। ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਕਾਂਗਰਸ ਦੇ ਮੁਕੇਸ਼ ਧਨਗਰ ਹਨ। ਉੱਘੇ ਅਭਿਨੇਤਾ ਸ਼ਤਰੂਘਨ ਸਿਨਹਾ, ਜਿਨ੍ਹਾਂ ਨੂੰ ਤ੍ਰਿਣਮੂਲ ਕਾਂਗਰਸ ਨੇ ਟਿਕਟ ਦਿੱਤੀ ਹੈ, ਵੀ ਪੱਛਮੀ ਬੰਗਾਲ ਦੇ ਆਸਨਸੋਲ ਤੋਂ ਚੋਣ ਲੜਨ ਦੀ ਆਪਣੀ ਦਾਅਵੇਦਾਰੀ ਵਿੱਚ ਅੱਗੇ ਹੈ।
ਲ਼ਖੀਮਪੁਰ ਖੀਰੀ ਤੋਂ ਕਿਸਾਨ ਵਿਰੋਧੀ ਭਾਜਪਾ ਉਮੀਦਵਾਰ ਮਿਸ਼ਰਾ ਹਾਰਿਆ-
ਲਖੀਮਪੁਰ ਖੀਰੀ-ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਲੋਕ ਸਭਾ ਹਲਕੇ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਉਤਕਰਸ਼ ਵਰਮਾ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਭਾਜਪਾ ਉਮੀਦਵਾਰ ਅਜੈ ਮਿਸ਼ਰਾ ਟੈਨੀ ਨੂੰ 34,329 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਚੋਣ ਕਮਿਸ਼ਨ ਮੁਤਾਬਕ ਉਤਕਰਸ਼ ਵਰਮਾ ਨੂੰ 5,57,365 ਵੋਟਾਂ ਜਦਕਿ ਟੈਨੀ ਨੂੰ 5,23,036 ਵੋਟਾਂ ਮਿਲੀਆਂ। ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ’ਤੇ ਕਿਸਾਨਾਂ ਉੱਤੇ ਜੀਪ ਚੜ੍ਹਾਉਣ ਦਾ ਦੋਸ਼ ਲੱਗਾ ਸੀ। ਇਸ ਦੌਰਾਨ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਟੈਨੀ ਮੰਤਰੀ ਬਣੇ ਰਹੇ ਅਤੇ ਭਾਜਪਾ ਨੇ ਮੁੜ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ।
ਹਰਿਆਣਾ ਵਿਚ ਭਾਜਪਾ ਤੇ ਕਾਂਗਰਸ ਨੂੰ 5-5 ਸੀਟਾਂ-
ਚੰਡੀਗੜ੍ਹ-ਹਰਿਆਣਾ ਦੀਆਂ 10 ਸੀਟਾਂ ’ਤੇ ਭਾਜਪਾ ਅਤੇ ਕਾਂਗਰਸ ਨੇ 5-5 ਸੀਟਾਂ ਜਿੱਤੀਆਂ ਹਨ ਜਦਕਿ ਹਿਮਾਚਲ ’ਚ ਭਾਜਪਾ ਨੇ ਸਾਰੀਆਂ 4 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ ਕਰਨਾਲ, ਕੁਰੂਕਸ਼ੇਤਰ, ਫਰੀਦਾਬਾਦ, ਗੁਰੂਗ੍ਰਾਮ ਅਤੇ ਭਿਵਾਨੀ-ਮਹਿੰਦਰਗੜ੍ਹ ਜਦਕਿ ਕਾਂਗਰਸ ਨੇ ਅੰਬਾਲਾ, ਸੋਨੀਪਤ, ਹਿਸਾਰ, ਸਿਰਸਾ ਅਤੇ ਰੋਹਤਕ ਸੀਟਾਂ ਜਿੱਤੀਆਂ ਹਨ। ਸੂਬੇ ਵਿੱਚੋਂ ਜੇਜੇਪੀ ਤੇ ਇਨੈਲੋ ਦਾ ਸਫਾਇਆ ਹੋ ਗਿਆ ਹੈ। ਹਿਮਾਚਲ ਦੀ ਮੰਡੀ ਸੀਟ ਤੋਂ ਭਾਜਪਾ ਉਮੀਦਵਾਰ ਤੇ ਅਦਾਕਾਰਾ ਕੰਗਨਾ ਰਣੌਤ ਨੇ ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਨੂੰ 74,755 ਵੋਟਾਂ ਨਾਲ ਹਰਾਇਆ, ਜਦਕਿ ਹਮੀਰਪੁਰ ਤੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੰਜਵੀਂ ਵਾਰ ਜਿੱਤ ਦਰਜ ਕੀਤੀ ਹੈ।
ਉਮਰ ਅਬਦੁੱਲਾ ਤੇ ਮਹਿਬੂਬਾ ਮੁਫਤੀ ਹਾਰੇ-
ਸ੍ਰੀਨਗਰ-ਨੈਸ਼ਨਲ ਕਾਨਫਰੰਸ (ਐਨਸੀ) ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਆਪਣੀਆਂ-ਆਪਣੀਆਂ ਲੋਕ ਸਭਾ ਸੀਟਾਂ ਤੋਂ ਹਾਰ ਮੰਨ ਲਈ। ਬਾਰਾਮੂਲਾ ਲੋਕ ਸਭਾ ਸੀਟ ਲਈ ਚੋਣ ਕਮਿਸ਼ਨ ਦੇ ਅੰਕੜਿਆਂ ਦੇ ਅਨੁਸਾਰ, ਜੇਲ੍ਹ ਵਿੱਚ ਬੰਦ ਸਾਬਕਾ ਵਿਧਾਇਕ ਸ਼ੇਖ ਅਬਦੁੱਲ ਰਸ਼ੀਦ ਸਾਬਕਾ ਮੁੱਖ ਮੰਤਰੀ ਅਬਦੁੱਲਾ ਵਿਰੁੱਧ 1.25 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜੇਤੂ ਰਹੇ ।