ਖਡੂਰ ਸਾਹਿਬ ਤੇ ਫਰੀਦਕੋਟ ਤੋਂ ਆਜ਼ਾਦ ਪੰਥਕ ਉਮੀਦਵਾਰਾਂ ਦੀ ਜਿੱਤ-
ਚੰਡੀਗੜ੍ਹ ( ਦੇ ਪ੍ਰ ਬਿ)– ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਆਏ ਚੋਣ ਨਤੀਜਿਆਂ ਵਿਚ 13 ਸੀਟਾਂ ਲਿਜਾਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਕੇਵਲ 3 ਸੀਟਾਂ ਉਪਰ ਸਬਰ ਕਰਨਾ ਪਿਆ ਹੈ। ਆਪ ਸੰਗਰੂਰ, ਆਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਸੀਟ ਲਿਜਾਣ ਵਿਚ ਸਫਲ ਰਹੀ ਹੈ ਜਦੋਂਕਿ ਕਾਂਗਰਸ ਨੇ ਸਭ ਤੋਂ ਵੱਧ 7 ਸੀਟਾਂ ਜਿੱਤੀਆਂ ਹਨ ਜਦੋਂਕਿ ਅਕਾਲੀ ਦਲ ਨੂੰ ਸਿਰਫ ਇਕ ਸੀਟ ਅਤੇ ਆਜ਼ਾਦ ਚੋਣ ਲੜਨ ਵਾਲੇ ਦੋ ਪੰਥਕ ਉਮੀਦਵਾਰ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਮਲੋਆ ਜੇਤੂ ਰਹੇ ਹਨ। ਅਕਾਲੀ ਦਲ ਨਾਲੋ ਵੱਖ ਹੋਕੇ ਚੋਣ ਲੜਨ ਵਾਲੀ ਭਾਜਪਾ ਨੂੰ ਕੋਈ ਸੀਟ ਨਹੀ ਮਿਲੀ।
ਚੋਣ ਕਮਿਸ਼ਨ ਨੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਕਾਂਗਰਸ ਦੀ ਤਰਫੋਂ ਜਲੰਧਰ ਤੋਂ ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ, ਫਤਹਿਗੜ ਸਾਹਿਬ ਤੋਂ ਅਮਰ ਸਿੰਘ , ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਫਿਰੋਜਪੁਰ ਤੋਂ ਸ਼ੇਰ ਸਿੰਘ ਘੁਬਾਇਆ, ਪਟਿਆਲਾ ਤੋਂ ਡਾ ਧਰਮਵੀਰ ਗਾਂਧੀ, ਲੁਧਿਆਣਾ ਤੋਂ ਰਾਜਾ ਵੜਿੰਗ ਤੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਰਹੇ ਹਨ। ਚੰਡੀਗੜ ਤੋਂ ਵੀ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਜੇਤੂ ਰਹੇ ਹਨ। ਅਕਾਲੀ ਦਲ ਨੇ ਇਕੋ ਇਕ ਸੀਟ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਵਲੋਂ ਜਿੱਤੀ ਹੈ।
ਅੰਮ੍ਰਿਤਪਾਲ ਸਿੰਘ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਫਰੀਦਕੋਟ ਤੋਂ ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਨੇ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੂੰ 70,053 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।
13 ਹਲਕਿਆਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ), ਇੰਡੀਅਨ ਨੈਸ਼ਨਲ ਕਾਂਗਰਸ, ਆਮ ਆਦਮੀ ਪਾਰਟੀ (ਆਪ), ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਿਚਾਲੇ ਤਕੜੀ ਟੱਕਰ ਸੀ।
ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ 8 ਸੀਟਾਂ ਜਿੱਤੀਆਂ ਸਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਦੋ-ਦੋ ਸੀਟਾਂ ਤੇ ‘ਆਪ’ ਨੇ ਇਕ ਸੀਟ ਜਿੱਤੀ ਸੀ।
ਇਸਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਨੇ ਚਾਰ-ਚਾਰ ਸੀਟਾਂ ਜਿੱਤੀਆਂ ਸਨ ਅਤੇ ਕਾਂਗਰਸ ਨੇ 3 ਸੀਟਾਂ ਜਿੱਤੀਆਂ ਸਨ। ‘ਆਪ’ ਨੇ ਦੋ ਸੀਟਾਂ ਜਿੱਤੀਆਂ ਸਨ।
ਪੰਜਾਬ ਵਿਚ ਸ਼ਨੀਵਾਰ ਨੂੰ ਪਈਆਂ ਵੋਟਾਂ ਦੌਰਾਨ 2.14 ਕਰੋੜ ਤੋਂ ਵੱਧ ਯੋਗ ਵੋਟਰਾਂ ਵਿੱਚੋਂ ਲਗਭਗ 62% ਵੋਟਿੰਗ ਦਰਜ ਕੀਤੀ ਗਈ ਸੀ।
ਇਹਨਾਂ ਚੋਣਾਂ ਦੌਰਾਨ ਖਡੂਰ ਸਾਹਿਬ ਅਤੇ ਫਰੀਦਕੋਟ ਲੋਕ ਸਭਾ ਸੀਟਾਂ ਦੇ ਨਤੀਜੇ ਪੰਥਕ ਸਿਆਸਤ ਦੇ ਮੁੜ ਉਭਾਰ ਵਜੋਂ ਸਾਹਮਣੇ ਆਏ ਹਨ। ਐਨ ਐਸ ਏ ਅਧੀਨ ਡਿਬਰੂਗੜ ਜੇਲ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਅਤੇ ਫਰੀਦਕੋਟ ਤੇ ਸ਼ਹੀਦ ਭਾਈ ਬੇਅੰਤ ਸਿੰਘ ਦਾ ਸਪੁਤਰ ਸਰਬਜੀਤ ਸਿੰਘ ਆਜ਼ਾਦ ਉਮੀਦਵਾਰ ਵਜੋ ਜੇਤੂ ਰਹੇ ਹਨ।
ਅੰਮ੍ਰਿਤਪਾਲ ਨੂੰ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ।
‘ਆਪ’ ਵੱਲੋਂ ਲੋਕ ਸਭਾ ਚੋਣਾਂ ਲਈ ਮੈਦਾਨ ‘ਚ ਉਤਾਰੇ ਗਏ ਪੰਜਾਬ ਦੇ ਪੰਜ ਕੈਬਨਿਟ ਮੰਤਰੀਆਂ ‘ਚੋਂ ਸਿਰਫ਼ ਇਕ ਹੀ ਜਿੱਤ ਦਰਜ ਕਰ ਸਕਿਆ ਹੈ । ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ, ਜੋ ਕਿ ਭਗਵੰਤ ਮਾਨ ਸਰਕਾਰ ‘ਚ ਖੇਡ ਮੰਤਰੀ ਸਨ ਅਤੇ ਬਰਨਾਲਾ ਤੋਂ ਵਿਧਾਇਕ ਹੈ ,ਨੇ ਸੰਗਰੂਰ ਸੰਸਦੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਹੈ।
ਆਮ ਆਦਮੀ ਪਾਰਟੀ (ਆਪ) ਨੇ ਲੋਕ ਸਭਾ ਚੋਣਾਂ ਲਈ ਪੰਜ ਮੰਤਰੀਆਂ ਸਮੇਤ ਅੱਠ ਮੌਜੂਦਾ ਵਿਧਾਇਕਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, ਕਾਂਗਰਸ ਪਾਰਟੀ ਪੰਜਾਬ ਦੀਆਂ 13 ਵਿੱਚੋਂ 7 ਸੀਟਾਂ ‘ਤੇ ਜੇਤੂ ਰਹਿ ਤਾਕਤਵਰ ਪਾਰਟੀ ਵਜੋਂ ਉੱਭਰੀ ਹੈ ਪਰ ਉਨ੍ਹਾਂ ਦਾ ਵੋਟ ਸ਼ੇਅਰ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਘਟ ਕੇ 26.30 ਪ੍ਰਤੀਸ਼ਤ ਰਹਿ ਗਿਆ ਹੈ। ਸੱਤਾਧਾਰੀ ‘ਆਪ’ ਨੇ ਤਿੰਨ ਸੀਟਾਂ ਹਾਸਲ ਕੀਤੀਆਂ ਅਤੇ ਉਨ੍ਹਾਂ ਦੇ ਵੋਟ ਹਿੱਸੇ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜੋ ਪਿਛਲੀਆਂ ਸੰਸਦੀ ਚੋਣਾਂ ਵਿੱਚ 7.38 ਪ੍ਰਤੀਸ਼ਤ ਤੋਂ ਵੱਧ ਕੇ 26.02 ਪ੍ਰਤੀਸ਼ਤ ਹੋ ਗਿਆ ਹੈ। ਭਾਜਪਾ ਕੋਈ ਵੀ ਸੀਟ ਨਾ ਜਿੱਤਣ ਦੇ ਬਾਵਜੂਦ, ਆਪਣਾ ਵੋਟ ਸ਼ੇਅਰ ਦੁੱਗਣਾ ਕਰਨ ਵਿੱਚ ਕਾਮਯਾਬ ਰਹੀ ਹੈ। ਉਸਦਾ ਵੋਟ ਪ੍ਰਤੀਸ਼ਤ 2019 ਵਿੱਚ 9.63 ਫ਼ੀਸਦ ਤੋਂ ਵੱਧ ਕੇ 18.56 ਫ਼ੀਸਦ ਹੋ ਗਿਆ ਹੈ। ਅਕਾਲੀ ਦਲ ਜਿਸਨੇ ਕੇਵਲ ਇਕ ਸੀਟ ਜਿੱਤੀ ਹੈ ਦਾ ਸ਼ੇਅਰ 2019 ਵਿਚ 27.45 ਪ੍ਰਤੀਸ਼ਤ ਤੋਂ ਘਟ ਕੇ 2024 ਦੀਆਂ ਚੋਣਾਂ ਵਿੱਚ 13.42 ਪ੍ਰਤੀਸ਼ਤ ਰਹਿ ਗਿਆ ਹੈ।
ਗੁਰਦਾਸਪੁਰ ਤੋਂ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਜੇਤੂ-
ਲੋਕ ਸਭਾ ਹਲਕਾ, ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ 3 ਲੱਖ 61 ਹਜ਼ਾਰ 713 ਵੋਟਾਂ ਲੈ ਕੇ ਜੇਤੂ ਰਹੇ । ਉਨ੍ਹਾਂ ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਨੂੰ 83 ਹਜ਼ਾਰ 12 ਵੋਟਾਂ ਦੇ ਫ਼ਰਕ ਨਾਲ ਹਰਾਇਆ । ਬੱਬੂ ਨੂੰ ਕੁਲ 2 ਲੱਖ 78 ਹਜ਼ਾਰ 701 ਵੋਟਾਂ ਮਿਲੀਆਂ । ਆਮ ਆਦਮੀ ਪਾਰਟੀ ਦੇ ਅਮਨ ਸ਼ੇਰ ਸਿੰਘ ਕਲਸੀ ਉਰਫ਼ ਸ਼ੈਰੀ ਕਲਸੀ 2 ਲੱਖ 75 ਹਜ਼ਾਰ 416.. ਵੋਟਾਂ ਲੈ ਕੇ ਤੀਸਰੇ ਸਥਾਨ ਤੇ ਰਹੇ । ਸ਼੍ਰੋਮਣੀ ਅਕਾਲੀ ਦਲ ਦੇ ਡਾ ਦਲਜੀਤ ਸਿੰਘ ਚੀਮਾ ਨੂੰ 85 ਹਜ਼ਾਰ 185 ਵੋਟਾਂ ਨਾਲ ਸਬਰ ਕਰਨਾ ਪਿਆ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਿੰਦਰ ਸਿੰਘ ਬਾਜਵਾ ਨੂੰ 25 ਹਜ਼ਾਰ 425 ਵੋਟਾਂ ਹਾਸਲ ਹੋਈਆਂ ।
*ਪਟਿਆਲਾ ਤੋਂ ਧਰਮਵੀਰ ਗਾਂਧੀ ਜੇਤੂ-
ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੰਸਦੀ ਸੀਟ ਤੋਂ 305616 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਹੈ। ਆਮ ਆਦਮੀ ਪਾਰਟੀ ਦੇ ਡਾ: ਬਲਬੀਰ ਸਿੰਘ ਨੂੰ 290785 ਵੋਟਾਂ ਮਿਲੀਆਂ ਹਨ। ਭਾਜਪਾ ਉਮੀਦਵਾਰ ਪ੍ਰਨੀਤ ਕੌਰ ਤੀਜੇ ਨੰਬਰ ‘ਤੇ ਰਹੀ, ਉਨ੍ਹਾਂ ਨੂੰ 288998 ਵੋਟਾਂ ਮਿਲੀਆਂ।
*ਫਤਹਿਗੜ ਸਾਹਿਬ ਤੋਂ ਡਾ ਅਮਰ ਸਿੰਘ ਜੇਤੂ-
ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਅਮਰ ਸਿੰਘ ਜਿੱਤੇ ਹਨ। ਉਨ੍ਹਾਂ ‘ਆਪ’ ਦੇ ਗੁਰਪ੍ਰੀਤ ਸਿੰਘ ਜੀਪੀ ਨੂੰ 34,202 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
***ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਜੇਤੂ-
ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਜੇਤੂ ਰਹੇ ਹਨ ਉਨ੍ਹਾਂ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੂੰ ਹਰਾਇਆ ਹੈ।
***ਜਲੰਧਰ ਤੋਂ ਚੰਨੀ ਵੱਡੇ ਫਰਕ ਨਾਲ ਜੇਤੂ-
ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲੋਕ ਸਭਾ ਸੀਟ ਵੱਡੇ ਫਰਕ ਨਾਲ ਜਿੱਤੀ ਹੈ। ਉਹ 175993 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਨੂੰ ਕੁੱਲ 390053 ਵੋਟਾਂ ਮਿਲੀਆਂ। ਦੂਜੇ ਸਥਾਨ ਉੱਪਰ ਭਾਜਪਾ ਦੇ ਸ਼ੁਸ਼ੀਲ ਕੁਮਾਰ ਰਿੰਕੂ ਨੂੰ 214060 ਤੇ ਤੀਜੇ ਸਥਾਨ ਤੇ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂੰ ਨੂੰ 208889 ਵੋਟਾਂ ਮਿਲੀਆਂ।
*ਫਰੀਦਕੋਟ ਤੋਂ ਸਰਬਜੀਤ ਸਿੰਘ ਜੇਤੂ-
ਫਰੀਦਕੋਟ ਵਿੱਚ ਹੁਣ ਤੱਕ 3 ਲੱਖ55 ਹਜਾਰ ਵੋਟਾਂ ਗਿਣੀਆਂ ਜਾ ਚੁੱਕੀਆਂ ਹਨ ਜਿਸ ਵਿੱਚ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ 41000 ਹਜ਼ਾਰ ਵੋਟ ਨਾਲ ਅੱਗੇ ਚੱਲ ਰਿਹਾ ਹੈ। ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਹਨ। ਹੰਸਰਾਜ ਹੰਸ ਪੰਜਵੇਂ ਨੰਬਰ ਤੇ ਚੱਲ ਰਹੇ ਹਨ।
*ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਜੇਤੂ-
ਐਨ ਐਸ ਏ ਅਧੀਨ ਆਸਾਮ ਦੀ ਡਿਬਰੂਗੜ ਜੇਲ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਸੀਟ ਤੋਂ ਲਗਪਗ ਪੌਣੇ ਦੋ ਲੱਖ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ਉਹਨਾਂ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ ਹਰਾਇਆ। ਇਥੋ ਆਪ ਦੇ ਲਾਲਜੀਤ ਭੁੱਲਰ ਤੀਸਰੇ ਤੇ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਚੌਥੇ ਸਥਾਨ ਤੇ ਰਹੇ।
ਆਨੰਦਪੁਰ ਸਾਹਿਬ ਤੋਂ ਮਲਵਿੰਦਰ ਕੰਗ ਜੇਤੂ-
ਆਨੰਦਪੁਰ ਸਾਹਿਬ ਤੋਂ ਆਪ ਦੇ ਮਲਵਿੰਦਰ ਸਿੰਘ ਕੰਗ ਕਾਂਗਰਸ ਦੇ ਵਿਜੈਇੰਦਰ ਸਿੰਗਲਾ ਤੋਂ 2376 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
****ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਜੇਤੂ-
ਬਠਿੰਡਾ ਲੋਕ ਸਭਾ ਹਲਕੇ ਵਿੱਚ ਆਪ ਦੇ ਉਮੀਦਾਵਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਵਿਚਾਲੇ ਸਖ਼ਤ ਮੁਕਾਬਲਾ ਰਿਹਾ ਹੈ। ਆਖਰੀ ਨਤੀਜਿਆਂ ਮੁਤਾਬਿਕ ਇਥੋ ਹਰਸਿਮਰਤ ਬਾਦਲ ਲਗਪਗ 50,000 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਸਵੇਰ ਦੇ ਵੇਰਵਿਆਂ ਮੁਤਾਬਿਕ ਗੁਰਮੀਤ ਸਿੰਘ ਖੁਡੀਆਂ 89216 ਦੇ ਮੁਕਾਬਲੇ ਹਰਸਿਮਰਤ ਕੌਰ ਬਾਦਲ 100889 ਤੇ ਅੱਗੇ ਚੱਲ ਰਹੇ ਹਨ। ਜਦੋਂ ਜੀਤ ਮਹਿੰਦਰ 49312 ਜਦੋਂ ਕਿ 30375 ਅਤੇ ਆਜ਼ਾਦ ਉਮੀਦਵਾਰ ਲੱਖਾ ਸਿੰਘ ਸਿਧਾਣਾ 25541 ’ਤੇ ਚੱਲ ਰਹੇ ਸ਼ਨ।
***ਸੰਗਰੂਰ ਤੋਂ ਮੀਤ ਹੇਅਰ ਭਾਰੀ ਵੋਟਾਂ ਨਾਲ ਜਿੱਤੇ-
ਸੰਗਰੂਰ ਲੋਕ ਸਭਾ ਹਲਕੇ ਤੋਂ ਆਪ ਦੇ ਮੀਤ ਹੇਅਰ ਭਾਰੀ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ਸਵੇਰ ਦੇ ਰੁਝਾਨ ਦੌਰਾਨ ਮੀਤ ਨੂੰ 3,13,663 ਵੋਟਾਂ, ਸਿਮਰਨਜੀਤ ਸਿੰਘ ਮਾਨ ਨੂੰ 1,61,519, ਸੁਖਪਾਲ ਸਿੰਘ ਖਹਿਰਾ ਨੂੰ 1,56,777 ਵੋਟਾਂ, ਅਰਵਿੰਦ ਖੰਨਾ ਨੂੰ 1,15,912 , ਇਕ਼ਬਾਲ ਸਿੰਘ ਝੂੰਦਾਂ ਨੂੰ 55911 ਵੋਟਾਂ ਮਿਲੀਆਂ ਹਨ।