Headlines

ਅਕਾਲੀ ਦਲ ਬਠਿੰਡਾ ਜਿੱਤਿਆ ਪਰ ਪੰਜਾਬ ਵਿਚ ਹਾਰਿਆ

ਚੰਡੀਗੜ੍ਹ ( ਭੁੱਲਰ )-ਲੋਕ ਸਭਾ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਭਾਜਪਾ ਨਾਲੋਂ ਵੀ ਮਾੜੀ ਰਹੀ ਹੈ। 1996 ਤੋਂ ਬਾਦ ਪਹਿਲੀ ਵਾਰ ਦੋਵਾਂ ਪਾਰਟੀਆਂ ਵਲੋਂ ਵੱਖੋ ਵੱਖੋ ਚੋਣ ਲੜੀ। ਇਸ ਚੋਣ ਤੋਂ ਦੋਵਾਂ ਪਾਰਟੀਆਂ ਨੂੰ ਪ੍ਰਾਪਤ ਹੋਈ ਵੋਟ ਪ੍ਰਤੀਸ਼ਤ ਤੋਂ ਦੋਵਾਂ ਦੇ ਲੋਕ ਆਧਾਰ ਦਾ ਪਤਾ ਲੱਗਦਾ ਹੈ। ਅਕਾਲੀ ਦਲ ਨੇ ਭਾਵੇਂਕਿ ਬਠਿੰਡਾ ਤੋਂ ਇਕ ਸੀਟ ਜਿੱਤੀ ਹੈ ਪਰ ਬਾਕੀ ਸੀਟਾਂ ਤੇ ਉਸਦੇ ਉਮੀਦਵਾਰ ਤੀਜੇ ਜਾਂ ਚੌਥੇ ਉਪਰ ਰਹੇ ਹਨ।

ਇਨ੍ਹਾਂ ਲੋਕ ਸਭਾ ਚੋਣਾਂ ਵਿਚ ਬਾਦਲ ਪਰਿਵਾਰ ਤਾਂ ਬਠਿੰਡਾ ਤੋਂ ਪਾਸ ਹੋ ਗਿਆ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਹਾਰ ਗਿਆ ਹੈ। ਬਠਿੰਡਾ ਸੰਸਦੀ ਹਲਕੇ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਚੌਥੀ ਵਾਰ ਜਿੱਤ ਦਰਜ ਕੀਤੀ ਹੈ ਅਤੇ ਪਹਿਲੀ ਵਾਰ ਹੈ ਕਿ ਵੱਡੇ ਬਾਦਲ ਦੇ ਜਹਾਨੋਂ ਚਲੇ ਜਾਣ ਮਗਰੋਂ ਹਰਸਿਮਰਤ ਕੌਰ ਬਾਦਲ ਦੀ ਇਹ ਪਹਿਲੀ ਜਿੱਤ ਹੈ।

ਬੀਬੀ ਬਾਦਲ 2019 ਦੇ ਮੁਕਾਬਲੇ ਢਾਈ ਗੁਣਾ ਵੱਧ 49,656 ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ। ਸਮੁੱਚੇ ਪੰਜਾਬ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਹੁਣ ਤਾਂ ਅੱਠ ਸੀਟਾਂ ’ਤੇ ਭਾਜਪਾ ਨਾਲੋਂ ਵੀ ਪਛੜ ਗਿਆ ਹੈ। ਬਠਿੰਡਾ ਤੋਂ ਬਿਨਾਂ ਪੰਜਾਬ ਦੇ ਕਿਸੇ ਵੀ ਹਲਕੇ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਦੂਜੇ ਜਾਂ ਤੀਜੇ ਨੰਬਰ ’ਤੇ ਆਉਣਾ ਵੀ ਨਸੀਬ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ 13 ਵਿਚੋਂ 11 ਹਲਕਿਆਂ ’ਤੇ ਚੌਥੇ ਨੰਬਰ ’ਤੇ ਰਿਹਾ ਹੈ ਜਿਨ੍ਹਾਂ ਵਿਚ ਸ੍ਰੀ ਆਨੰਦਪੁਰ ਸਾਹਿਬ, ਅੰਮ੍ਰਿਤਸਰ, ਫ਼ਰੀਦਕੋਟ, ਜਲੰਧਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਪਟਿਆਲਾ, ਫ਼ਿਰੋਜ਼ਪੁਰ, ਖਡੂਰ ਸਾਹਿਬ ਸ਼ਾਮਲ ਹਨ। ਸੰਗਰੂਰ ਹਲਕੇ ’ਚ ਅਕਾਲੀ ਉਮੀਦਵਾਰ ਪੰਜਵੇਂ ਸਥਾਨ ’ਤੇ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੋਟ ਫ਼ੀਸਦੀ ਦਾ ਇਤਿਹਾਸ ਦੇਖੀਏ ਤਾਂ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਹਨ। ਅਸੈਂਬਲੀ ਚੋਣਾਂ 2022 ਵਿਚ ਅਕਾਲੀ ਦਲ ਨੇ ਤਿੰਨ ਸੀਟਾਂ ਜਿੱਤੀਆਂ ਸਨ ਅਤੇ ਉਸ ਵਕਤ ਅਕਾਲੀ ਦਲ ਨੂੰ 18.38 ਫ਼ੀਸਦੀ ਵੋਟਾਂ ਪਈਆਂ ਸਨ ਪਰ ਅੱਜ ਜੋ ਨਤੀਜੇ ਆਏ ਹਨ, ਉਨ੍ਹਾਂ ਵਿਚ ਅਕਾਲੀ ਦਲ ਦਾ ਵੋਟ ਫੀਸਦ 13.42 ਰਹਿ ਗਿਆ ਹੈ। ਸਾਲ 2022 ਨਾਲੋਂ ਐਤਕੀਂ ਅਕਾਲੀ ਦਲ ਦਾ ਵੋਟ ਸ਼ੇਅਰ 4.96 ਫੀਸਦੀ ਘਟਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਦੋ ਸੀਟਾਂ ਜਿੱਤੀਆਂ ਸਨ ਅਤੇ ਵੋਟ ਦਰ 27.8 ਫ਼ੀਸਦੀ ਰਹੀ ਸੀ। 2019 ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ 14.38 ਫ਼ੀਸਦੀ ਘਟਿਆ ਹੈ। ਵਰ੍ਹਾ 2017 ਦੀਆਂ ਅਸੈਂਬਲੀ ਚੋਣਾਂ ਵਿਚ ਅਕਾਲੀ ਦਲ ਦੇ ਬੁਰੇ ਦਿਨਾਂ ਦੀ ਸ਼ੁਰੂਆਤ ਹੋਈ ਸੀ ਅਤੇ ਉਦੋਂ ਅਕਾਲੀ ਦਲ ਨੇ 14 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ ਜੋ 2022 ਦੀਆਂ ਚੋਣਾਂ ਵਿਚ ਘੱਟ ਕੇ 3 ਸੀਟਾਂ ਤੱਕ ਰਹਿ ਗਈ ਸੀ। ਸ਼੍ਰੋਮਣੀ ਅਕਾਲੀ ਦਲ ਨੇ 1977 ਦੀਆਂ ਚੋਣਾਂ ਵਿਚ 9 ਸੀਟਾਂ ਹਾਸਲ ਕਰਕੇ 42.5 ਫ਼ੀਸਦੀ ਵੋਟਾਂ ਲਈਆਂ ਸਨ ਅਤੇ 1984 ਦੀਆਂ ਚੋਣਾਂ ਵਿਚ 7 ਸੀਟਾਂ ਜਿੱਤ ਕੇ 37.2 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ।

ਜਦੋਂ 2022 ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਪਾਰਟੀ ਦੀ ਕੋਰ ਕਮੇਟੀ ਨੇ ਝੂੰਦਾਂ ਕਮੇਟੀ ਦਾ ਗਠਨ ਕੀਤਾ ਸੀ ਅਤੇ ਇਸ ਕਮੇਟੀ ਨੇ ਆਪਣੀ ਰਿਪੋਰਟ ਵੀ ਦੇ ਦਿੱਤੀ ਸੀ ਜੋ ਹਾਲੇ ਤੱਕ ਜਨਤਕ ਨਹੀਂ ਕੀਤੀ ਗਈ ਹੈ

ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਤੇ ਉਂਗਲਾਂ ਉੱਠਣੀਆਂ ਤੈਅ ਹਨ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਸੀਟ ਤੋਂ ਜ਼ਿੰਮੇਵਾਰੀ ਸੰਭਾਲੀ ਹੋਈ ਸੀ ਅਤੇ ਉਸ ਹਲਕੇ ਤੋਂ ਵੀ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਚੌਥੇ ਨੰਬਰ ’ਤੇ ਆਏ ਹਨ। ਢੀਂਡਸਾ ਪਰਿਵਾਰ ਨੇ ਵੀ ਇਨ੍ਹਾਂ ਚੋਣਾਂ ਵਿਚ ਚੁੱਪ ਹੀ ਵਰਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਚੋਣਾਂ ਦੌਰਾਨ ਹੀ ਆਊਟ ਕਰ ਦਿੱਤਾ ਸੀ। ਚੋਣਾਂ ਦੌਰਾਨ ਰਵੀਕਰਨ ਸਿੰਘ ਕਾਹਲੋਂ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।