Headlines

ਸਰੀ ਕ੍ਰਿਸਚੀਅਨ ਸਕੂਲ ਦੇ ਵਿਦਿਆਰਥੀ ਗੁਰੂ ਘਰ ਨਤਮਸਤਕ ਹੋਏ

ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ-

ਸਰੀ ( ਹਰਦਮ ਮਾਨ )- “ਸਰੀ ਕਰਿਸਚੀਅਨ ਸਕੂਲ” ਦੇ ਵਿਦਿਆਰਥੀ ਆਪਣੇ ਅਧਿਆਪਕ ਕਾਰਲੋਸ ਐਲਵੈਰੋ ਨਾਲ 4 ਜੂਨ ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਨਤਮਸਤਕ ਹੋਏ।ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰੀਲੇਸ਼ਨ ਅਧਿਕਾਰੀ ਸੁਰਿੰਦਰ ਸਿੰਘ ਜੱਬਲ ਨੇ ਸਾਰੇ ਆਏ ਮਹਿਮਾਨ ਵਿਦਿਆਰਥੀਆਂ ਨੂੰ ਸੁਸਾਇਟੀ ਵਲੋਂ ਜੀ ਆਇਆਂ ਕਹਿਣ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਵਿਚ ਅੰਦਰ ਜਾਣ ਦੀ ਮਰਿਆਦਾ ਬਾਰੇ ਜਾਣੂੰ ਕਰਵਾਇਆ।ਸਿਰ ਢੱਕਣ ਉਪਰੰਤ ਸਾਰੇ ਹੀ ਉਪਰ ਤੀਸਰੀ ਮੰਜ਼ਿਲ ਤੇ ਗੈਲਰੀ ਹਾਲ ਵਿਚ ਪਹੁੰਚੇ ਜਿਥੇ ਕਿ ਉਹਨਾਂ ਨੂੰ ਸਿੱਖ ਧਰਮ ਸਿੱਖ ਇਤਿਹਾਸ ਅਤੇ ਕੈਨੇਡਾ ਵਿਚ ਵਸ ਰਹੀ ਸਿੱਖ ਵਸੋਂ ਦੇ ਨਾਲ ਨਾਲ ਪੰਜਾਬੀ ਬੋਲੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਰੀਝ ਨਾਲ ਉਤਸੁਕ ਹੋ ਕੇ ਸਿੱਖ ਧਰਮ ਵਿਚ ਸਾਂਝੀਵਾਲਤਾ, ਸਾਂਝਾ ਲੰਗਰ, ਖੰਡਾ ਅਤੇ ਦੇਗ ਤੇਗ ਫਤਹਿ ਸਿਧਾਂਤ ਨੂੰ ਸੁਣਿਆ। ਗੁਰਦੁਆਰਾ ਸਾਹਿਬ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਪਿਛੋਂ ਸਾਰੇ ਵਿਦਿਅਰਥੀਆਂ ਨੇ ਦਰਬਾਰ ਹਾਲ ਵਿਚ ਹਾਜ਼ਰੀ ਭਰੀ।ਅੰਤ ਵਿਚ ਮਰਿਆਦਾ ਅਨੁਸਾਰ ਲੰਗਰ ਛਕ ਕੇ ਸਕੂਲ ਨੂੰ ਵਾਪਿਸ ਰਵਾਨਾ ਹੋਏ। ਕੋਵਿਡ ਦੇ ਮਹਾਂਮਾਰੀ ਬਾਅਦ ਸਰੀ ਕਰਿਸਚੀਅਨ ਸਕੂਲ ਦੇ ਵਿਦਿਆਰਥੀਆਂ ਵਲੋਂ ਸਮਾਜ ਦੇ ਆਂਢ ਗੁਆਂਢ ਪ੍ਰਤੀ ਜਾਗਰੂਕ ਹੋਣ ਦਾ ਇਸ ਸਾਲ ਵਿਚ ਇਹ ਦੁਜਾ ਮੌਕਾ ਸੀ।