Headlines

ਟੋਰਾਂਟੋ ਕਬੱਡੀ ਸੀਜ਼ਨ 2024- ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦਾ ਪਲੇਠੇ ਕੱਪ ’ਤੇ ਕਬਜਾ

ਓਂਟਾਰੀਓ ਕਬੱਡੀ ਕਲੱਬ ਨੇ ਕਰਵਾਇਆ ਸ਼ਾਨਦਾਰ ਕੱਪ- ਰਵੀ ਦਿਉਰਾ ਤੇ ਸ਼ੀਲੂ ਹਰਿਆਣਾ ਬਣੇ ਸਰਵੋਤਮ ਖਿਡਾਰੀ-

ਡਾ. ਸੁਖਦਰਸ਼ਨ ਸਿੰਘ ਚਹਿਲ ਦੀ ਵਿਸ਼ੇਸ਼ ਰਿਪੋਰਟ-

ਫੋਨ-919779590575-

ਟੋਰਾਂਟੋ – ਦੁਨੀਆ ਦੀ ਸਭ ਤੋਂ ਮਹਿੰਗੀ ਕਬੱਡੀ ਵਜੋਂ ਮਸ਼ਹੂਰ ਟੋਰਾਂਟੋ ਦਾ ਕਬੱਡੀ ਸੀਜ਼ਨ, ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਬੈਨਰ ਹੇਠ ਓਂਟਾਰੀਓ ਕਬੱਡੀ ਕਲੱਬ (ਓ ਕੇ ਸੀ) ਵੱਲੋਂ ਕਰਵਾਏ ਗਏ ਪਲੇਠੇ ਕੱਪ ਨਾਲ ਸ਼ੁਰੂ ਹੋ ਗਿਆ ਹੈ। ਸੀਏਏ ਸੈਂਟਰ ’ਚ ਕਰਵਾਏ ਇਸ ਕੱਪ ਨੂੰ ਜਿੱਤਣ ਦਾ ਮਾਣ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਪ੍ਰਾਪਤ ਕੀਤਾ ਹੈ। ਮੇਜ਼ਬਾਨ ਕਲੱਬ ਦੀ ਟੀਮ ਉਪ ਜੇਤੂ ਰਹੀ। ਜੂਨੀਅਰ ਟੀਮਾਂ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗੱਭਰੇਟ ਅੱਵਲ ਰਹੇ। ਓਕੇਸੀ ਦੇ ਪ੍ਰਧਾਨ ਬਿੱਲਾ ਥਿਆੜਾ ਤੇ ਚੇਅਰਮੈਨ ਗੁਰਲਾਟ ਸਹੋਤਾ (ਲਾਡਾ ਸਹੋਤਾ) ਦੀ ਅਗਵਾਈ ’ਚ ਕਰਵਾਏ ਗਏ ਇਸ ਕੱਪ ਦਾ ਹਜ਼ਾਰਾਂ ਦਰਸ਼ਕਾਂ ਨੇ ਖੁਸ਼ਗਵਾਰ ਮੌਸਮ ’ਚ ਅਨੰਦ ਮਾਣਿਆ। ਇਸ ਮੌਕੇ ਪਿਛਲੇ ਦਿਨੀ ਸਦੀਵੀ ਵਿਛੋੜਾ ਦੇਣ ਵਾਲੇ ਨਾਮਵਰ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮਾ ਸੋਹਾਣਾ ਨੂੰ ਪ੍ਰਬੰਧਕਾਂ, ਖਿਡਾਰੀਆਂ ਤੇ ਦਰਸ਼ਕਾਂ ਨੇ ਮੋਨ ਧਾਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਪ੍ਰਬੰਧਕੀ ਟੀਮ:- ਓਂਟਾਰੀਓ ਕਬੱਡੀ ਕਲੱਬ ਵੱਲੋਂ ਕਰਵਾਏ ਗਏ ਇਸ ਸਫਲ ਕੱਪ ਦਾ ਆਯੋਜਨ ਪ੍ਰਧਾਨ ਬਿੱਲਾ ਥਿਆੜਾ, ਚੇਆਰਮੈਨ ਗੁਰਲਾਟ ਸਹੋਤਾ (ਲਾਡਾ ਸਹੋਤਾ), ਸਕੱਤਰ ਪਿੰਦਾ ਤੂਰ, ਖਜ਼ਾਨਚੀ ਗੁਰਪ੍ਰੀਤ ਢੇਸੀ, ਮੀਤ ਪ੍ਰਧਾਨ ਗੁਰਦੇਵ ਥਿੰਦ, ਮੀਤ ਚੇਅਰਮੈਨ ਤੀਰਥ ਗਾਖਲ, ਕੋਚ ਭਾਈ ਗਾਖਲ, ਸ਼ੇਰਾ ਮੰਡੇਰ, ਮਨਪ੍ਰੀਤ ਢੇਸੀ ਤੇ ਬਲਜਿੰਦਰ ਸਿੰਘ, ਮੈਂਬਰ ਹੈਰੀ ਸਹੋਤਾ, ਮੱਖਣ ਸਹੋਤਾ, ਤਲਵਿੰਦਰ ਥਿਆੜਾ, ਅਮਰਜੀਤ ਥਿਆੜਾ, ਕੁਲਦੀਪ ਸਿੰਘ, ਸੁੱਖਾ ਮੰਡੇਰ, ਪਰਮਜੀਤ ਜੱਜ, ਕੁਲਦੀਪ ਸਿੰਘ ਚੰਦੀ, ਮੱਖਣ ਸਹੋਤਾ, ਪੱਪੂ ਢੱਟ ਤੇ ਕਾਲਾ ਸੰਘਿਆਂ ਆਦਿ ਵੱਲੋਂ ਸਖਤ ਮਿਹਨਤ ਨਾਲ ਕਰਵਾਇਆ ਗਿਆ।

ਮਹਿਮਾਨ-ਸਨਮਾਨ:- ਇਸ ਕੱਪ ਦੌਰਾਨ ਬਹੁਤ ਸਾਰੀਆਂ ਰਾਜਨੀਤਿਕ, ਸਮਾਜਿਕ ਤੇ ਖੇਡਾਂ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਮਨਿੰਦਰ ਸਿੱਧੂ ਤੇ ਕਵਿੰਦਰ ਗਹੀਰ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ। ਜਿੰਨਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਭਰਦੇ ਕੌਮਾਂਤਰੀ ਤੀਰ ਅੰਦਾਜ਼ ਕੰਵਰਪਾਲ ਸਿੰਘ ਤੇਜਾ (ਵਿਸ਼ਵ ਰਿਕਾਰਡ ਸਿਰਜਕ) ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।  ਇਸ ਮੌਕੇ ਕਬੱਡੀ ਨਾਲ ਜੁੜੀਆਂ ਸ਼ਖਸ਼ੀਅਤਾਂ ਕੋਚ ਸਰਦੂਲ ਸਿੰਘ ਰੰਧਾਵਾ, ਸੁਰਿੰਦਰ ਸਿੰਘ ਟੋਨੀ ਕਾਲਖ, ਕਿੰਦਾ ਬਿਹਾਰੀਪੁਰੀਆ, ਸੰਦੀਪ ਲੱਲੀਆਂ ਆਦਿ ਪੁੱਜੇ। ਇਸ ਮੌਕੇ ਜਸਵੰਤ ਖੜਗ ਹੋਰਾਂ ਦਾ ਰਸਾਲਾ ‘ਉੱਤਮ ਖੇਡ ਕਬੱਡੀ’ ਵੀ ਰਿਲੀਜ਼ ਕੀਤਾ ਗਿਆ।

ਕਬੱਡੀ ਮੁਕਾਬਲੇ:- ਇਸ ਕੱਪ ਦੇ ਪਹਿਲੇ ਮੈਚ ’ਚ ਓਂਟਾਰੀਓ ਕਬੱਡੀ ਕਲੱਬ ਦੀ ਟੀਮ ਨੇ ਫਸਵੇਂ ਮੁਕਾਬਲੇ ’ਚ ਗ੍ਰੇਟਰ ਟੋਰਾਂਟੋ ਏਰੀਆ ਕਲੱਬ (ਜੀ ਟੀ ਏ) ਨੂੰ 39-35.5 ਅੰਕਾਂ ਨਾਲ ਹਰਾਇਆ। ਦੂਸਰੇ ਮੈਚ ’ਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ ਬੇਹੱਦ ਰੋਚਕ ਮੈਚ ਦੌਰਾਨ 33.5-31 ਅੰਕਾਂ ਨਾਲ ਹਰਾਇਆ। ਤੀਸਰੇ ਮੈਚ ’ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਨੇ ਜੀ ਟੀ ਏ ਦੀ ਟੀਮ ਨੂੰ 37.5-29 ਅੰਕਾਂ ਨਾਲ ਹਰਾਕੇ ਸੈਮੀਫਾਈਨਲ ’ਚ ਥਾਂ ਬਣਾਈ। ਚੌਥੇ ਮੈਚ ’ਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 34.5-29 ਅੰਕਾਂ ਨਾਲ ਹਰਾਕੇ ਸੈਮੀਫਾਈਨਲ ’ਚ ਥਾਂ ਬਣਾਈ। ਪਹਿਲੇ ਸੈਮੀਫਾਈਨਲ ’ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 41.5-37 ਅੰਕਾਂ ਨਾਲ ਹਰਾਕੇ, ਫਾਈਨਲ ’ਚ ਥਾਂ ਬਣਾਈ। ਦੂਸਰੇ ਸੈਮੀਫਾਈਨਲ ’ਚ ਮੇਜ਼ਬਾਨ ਓ ਕੇ ਸੀ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 42-38.5 ਅੰਕਾਂ ਨਾਲ ਹਰਾਕੇ ਖਿਤਾਬੀ ਦੌੜ ’ਚ ਨਾਮ ਦਰਜ ਕਰਵਾਇਆ। ਫਾਈਨਲ ਮੈਚ ’ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਓ ਕੇ ਸੀ ਦੀ ਟੀਮ ਨੂੰ 44.5-37 ਅੰਕਾਂ ਨਾਲ ਹਰਾਕੇ ਟੋਰਾਂਟੋ ਸੀਜ਼ਨ ਦੇ ਪਹਿਲੇ ਕੱਪ ’ਤੇ ਕਬਜ਼ਾ ਕੀਤਾ। ਅੰਡਰ-21 ਵਰਗ ਦੇ ਪਹਿਲੇ ਮੈਚ ਵਿੱਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਓ ਕੇ ਸੀ ਦੀ ਟੀਮ ਨੂੰ 31-25.5 ਅੰਕਾਂ ਨਾਲ ਹਰਾਇਆ। ਫਿਰ ਫਾਈਨਲ ਮੈਚ ’ਚ ਭੋਲਾ ਲਿੱਟ ਤੇ ਟੋਨੀ ਕਾਲਖ ਦੀ ਸਿਖਲਾਈ ਯਾਫਤਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗੱਭਰੇਟਾਂ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 44-26 ਅੰਕਾਂ ਨਾਲ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ।

ਸਰਵੋਤਮ ਖਿਡਾਰੀ:- ਇਸ ਵਾਰ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ ਬਣਾਏ ਗਏ ਨਵੇਂ ਨਿਯਮ ਅਨੁਸਾਰ ਸੈਮੀਫਾਈਨਲ ਤੇ ਫਾਈਨਲ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ ਸਰਵੋਤਮ ਖਿਡਾਰੀਆਂ ਦੀ ਚੋਣ ਕੀਤੀ ਗਈ। ਜਿਸ ਤਹਿਤ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੇ ਖਿਡਾਰੀ ਸ਼ੀਲੂ ਹਰਿਆਣਾ ਨੇ ਦੋਨਾਂ ਮੈਚਾਂ ਦੌਰਾਨ 28 ਟੱਚ ਲਗਾਕੇ 9 ਜੱਫੇ ਲਗਾਏ ਅਤੇ ਸਰਵੋਤਮ ਜਾਫੀ ਦਾ ਖਿਤਾਬ ਜਿੱਤਿਆ। ਇਸੇ ਤਰ੍ਹਾਂ ਇੱਕ ਹੋਰ ਹਰਿਆਣਵੀ ਖਿਡਾਰੀ ਰਵੀ ਦਿਉਰਾ ਨੇ ਸਿਖਰਲੇ ਦੋਨਾਂ ਮੈਚਾਂ ਦੌਰਾਨ 27 ਰੇਡਾਂ ਪਾਕੇ, 25 ਅੰਕ ਹਾਸਿਲ ਕੀਤੇ ਅਤੇ ਸਰਵੋਤਮ ਧਾਵੀ ਦਾ ਖਿਤਾਬ ਆਪਣੇ ਨਾਮ ਕੀਤਾ। ਦੱਸਣਯੋਗ ਹੈ ਕਿ ਇਹ ਦੋਨੋਂ ਖਿਡਾਰੀ ਪਿਛਲੇ ਸੀਜ਼ਨ ਦੇ ਵੀ ਆਪੋ-ਆਪਣੇ ਵਰਗਾਂ ’ਚ ਸਰਵੋਤਮ ਖਿਡਾਰੀ ਬਣੇ ਸਨ।

ਸੰਚਾਲਕ ਦਲ:- ਇਸ ਟੂਰਨਾਮੈਂਟ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਬਲਵੀਰ ਨਿੱਝਰ, ਸਵਰਨਾ ਵੈਲੀ, ਬਿੰਨਾ ਮਲਿਕ, ਨੀਟੂ ਸਰਾਏ ਤੇ ਸਾਬੀ ਨੇ ਕੀਤਾ। ਟੀਵੀ ਅੰਪਾਇਰਾਂ ਦੀ ਜਿੰਮੇਵਾਰੀ ਸਾਬਕਾ ਖਿਡਾਰੀ ਬੀਰਾ ਸਿੱਧਵਾਂ ਤੇ ਅਜਮੇਰ ਜਲਾਲ ਨੇ ਨਿਭਾਈ। ਪੂਰੇ ਮੈਚਾਂ ਦੇ ਹਰ ਇੱਕ ਅੰਕ ਦਾ ਵੇਰਵਾ ਜਸਵੰਤ ਖੜਗ, ਮਨੀ ਖੜਗ ਤੇ ਮਨਸਿਮਰਨ ਸਿੰਘ ਸਹੋਤਾ ਨੇ ਇਕੱਤਰ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਮੱਖਣ ਅਲੀ, ਕਾਲਾ ਰਛੀਨ, ਇਕਬਾਲ ਗਾਲਿਬ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਆਪਣੀ ਕੁਮੈਂਟਰੀ ਕਲਾ ਰਾਹੀਂ ਮੈਚਾਂ ਨੂੰ ਰੋਚਕ ਬਣਾਕੇ ਪੇਸ਼ ਕੀਤਾ। ਮੰਚ ਸੰਚਾਲਨ ਪਿੰਦਾ ਤੂਰ ਨੇ ਕੀਤਾ।

ਤਿਰਛੀ ਨਜ਼ਰ:- ਵਧੀਆ ਘਾਹਦਾਰ ਮੈਦਾਨ ’ਚ ਖੇਡੇ ਗਏ ਇਸ ਟੂਰਨਾਮੈਂਟ ਦੌਰਾਨ ਛੇ ਖਿਡਾਰੀ ਗੰਭੀਰ ਜਖਮੀ ਹੋਏ ਜਿੰਨਾਂ ’ਚ ਗੁਰਦਿਆਲ ਬੱਬੂ ਭਿੰਡਰ, ਮਨਜੋਤ ਮਾਛੀਵਾੜਾ, ਭੀਮ ਦੁਬਲੀ, ਕਰਨ ਦਿਆਲਪੁਰਾ, ਮਨੀ ਸੰਧੂ ਚੱਠਾ ਤੇ ਫਰਿਆਦ ਅਲੀ ਸ਼ਾਮਲ ਸਨ। ਇਸ ਕਬੱਡੀ ਸੀਜ਼ਨ ਦੌਰਾਨ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਜਸ ਛੋਕਰ, ਚੇਅਰਮੈਨ ਇੰਦਰਜੀਤ ਧੁੱਗਾ, ਮੀਤ ਪ੍ਰਧਾਨ ਸ਼ੇਰਾ ਮੰਡੇਰ, ਮੇਜਰ ਨੱਤ ਸਕੱਤਰ, ਰਾਣਾ ਸਿੱਧੂ ਖਜ਼ਾਨਚੀ, ਮਲਕੀਤ ਦਿਉਲ ਡਾਇਰੈਕਟਰ, ਸੁੱਖਾ ਰੰਧਾਵਾ ਡਾਇਰੈਕਟਰ ਤੇ ਸਮੂਹ ਮੈਂਬਰ ਸਾਹਿਬਾਨਾਂ ਦੀ ਅਗਵਾਈ ’ਚ ਬਹੁਤ ਸਾਰੇ ਨਵੇਂ ਨਿਯਮ ਬਣਾਏ ਗਏ ਜਿੰਨਾਂ ’ਚ ਖਿਡਾਰੀਆਂ ਦੀ ਕੀਮਤ ਅਤੇ ਖੇਡ ਸੰਚਾਲਨ ਸਬੰਧੀ ਵਧੀਆ ਨਿਯਮ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ।
ਤਸਵੀਰਾਂ:- 1.  ਮੇਜ਼ਬਾਨ ਕਲੱਬ ਓ ਕੇ ਸੀ ਦੀ ਟੂਰਨਾਮੈਂਟ ’ਚ ਉਪ ਜੇਤੂ ਰਹੀ ਟੀਮ ਕਲੱਬ ਦੇ ਅਹੁਦੇਦਾਰਾਂ ਨਾਲ।
2.  ਕੱਪ ਜੇਤੂ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੂੰ ਟਰਾਫੀ ਸੌਂਪਦੇ ਹੋਏ ਕਲੱਬ ਦੇ ਚੇਅਰਮੈਨ ਗੁਰਲਾਟ ਸਹੋਤਾ, ਫੈਡਰੇਸ਼ਨ ਪ੍ਰਧਾਨ ਜਸਵਿੰਦਰ ਸ਼ੋਕਰ, ਚੇਅਰਮੈਨ ਇੰਦਰਜੀਤ ਧੁੱਗਾ ਤੇ ਪ੍ਰਬੰਧਕ।
3.  ਸਰਵੋਤਮ ਖਿਡਾਰੀ ਸ਼ੀਲੂ ਹਰਿਆਣਾ ਤੇ ਰਵੀ ਦਿਉਰਾ ਨੂੰ ਟਰਾਫੀਆਂ ਪ੍ਰਦਾਨ ਕਰਦੇ ਹੋਏ ਗੁਰਲਾਟ ਸਹੋਤਾ ਤੇ ਪ੍ਰਬੰਧਕ।
4.  ਜੂਨੀਅਰ ਵਰਗ ਦੀ ਜੇਤੂ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ ਟਰਾਫੀ ਸੌਂਪਦੇ ਹੋਏ ਗੁਰਲਾਟ ਸਹੋਤਾ ਤੇ ਸਾਥੀ।
5.   ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਸਮੂਹ ਅਹੁਦੇਦਾਰ।
6.  ਮੁਕਾਬਲੇਬਾਜ਼ੀ ਦਾ ਦ੍ਰਿਸ਼