ਵੈਨਕੂਵਰ ( ਦੇ ਪ੍ਰ ਬਿ)- ਡੈਲਟਾ ਨਾਰਥ ਦੀ ਵਸਨੀਕ ਪੰਜਾਬੀ ਮੂਲ ਦੀ 29 ਸਾਲਾ ਮੁਟਿਆਰ ਤਨਪ੍ਰੀਤ ਪਰਮਾਰ ਪਿਛਲੇ ਦਿਨੀਂ ਮਾਂਟਰੀਅਲ ਵਿਚ ਹੋਏ ਸੁੰਦਰਤਾ ਮੁਕਾਬਲੇ ਵਿਚ ਮਿਸ ਕੈਨੇਡਾ ਚੁਣੀ ਗਈ ਹੈ। ਇਹ ਮੁਕਾਬਲਾ ਜਿੱਤਣ ਤੋਂ ਬਾਦ ਤਨਪ੍ਰੀਤ ਪਰਮਾਰ ਦਾ ਇੱਕ ਸੁਨੇਹਾ ਹੈ ਕਿ ਅਸਲ ਸੁੰਦਰਤਾ ਤੁਹਾਡੇ ਅੰਦਰ ਹੈ, ਜਿਸਨੂੰ ਪਹਿਚਾਨਣ ਦੀ ਲੋੜ ਹੈ।
ਉਹ ਪਿਛਲੇ ਮਹੀਨੇ ਮਾਂਟਰੀਅਲ ਵਿੱਚ ਮਿਸ ਕੈਨੇਡਾ ਦੇ ਖਿਤਾਬ ਲਈ ਮੁਕਾਬਲਾ ਕਰਨ ਵਾਲੀਆਂ ਦੋ ਦਰਜਨ ਫਾਈਨਲਿਸਟਾਂ ਵਿੱਚੋਂ ਇੱਕ ਸੀ।
ਤਨਪ੍ਰੀਤ ਦਾ ਕਹਿਣਾ ਹੈ ਕਿ ਜਦੋਂ ਉਸਦੇ ਜੇਤੂ ਤਾਜ ਪਹਿਨਾਇਆ ਗਿਆ ਤਾਂ ਇਮਾਨਦਾਰੀ ਨਾਲ, ਅਜਿਹਾ ਮਹਿਸੂਸ ਹੋਇਆ ਜਿਵੇਂ ਉਹ ਕੋਈ ਸੁਪਨਾ ਦੇਖ ਰਹੀ ਸੀ। ਇਸ ਮੁਕਾਮ ਤੱਕ ਪੁੱਜਣ ਲਈ ਇਹ ਉਸਦੀ ਚੌਥੀ ਕੋਸ਼ਿਸ਼ ਸੀ।
ਤਨਪ੍ਰੀਤ ਪਰਮਾਰ ਡੈਲਟਾ ਨਾਰਥ ਵਿਚ ਪਲੀ ਤੇ ਵੱਡੀ ਹੋਈ ਹੈ। ਉਸਦਾ ਪਰਿਵਾਰ ਇਥੇ 2000 ਤੋਂ ਰਹਿ ਰਿਹਾ ਹੈ। ਉਸਨੇ ਸਨਸ਼ਾਈਨ ਹਿੱਲਜ਼ ਐਲੀਮੈਂਟਰੀ ਵਿੱਚ ਮੁਢਲੀ ਪੜਾਈ ਕੀਤੀ ਤੇ ਫਿਰ 2012 ਵਿੱਚ ਸੀਕਵਾਮ ਸੈਕੰਡਰੀ ਤੋਂ ਗ੍ਰੈਜੂਏਸ਼ਨ ਕੀਤੀ।
ਉਸਨੇ 2014 ਵਿੱਚ ਮਿਸ ਚੈਰਿਟੀ ਬ੍ਰਿਟਿਸ਼ ਕੋਲੰਬੀਆ ਦਾ ਮੁਕਾਬਲਾ ਜਿੱਤਿਆ ਸੀ ਤੇ ਫਿਰ 2016 ਵਿਚ ਮਿਸ ਇੰਡੀਆ-ਕੈਨੇਡਾ ਬਣੀ।