ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਵੱਲੋਂ ਉਦਘਾਟਨ-
ਲਾਂਘੇ ਦੇ ਦੋਵੇਂ ਪਾਸੇ ਵੀ ਪੀਣ ਵਾਲੇ ਸਾਫ਼ ਪਾਣੀ ਅਤੇ ਪਖਾਨਿਆਂ ਦਾ ਕਰਾਂਗੇ ਪ੍ਰਬੰਧ- ਡਾ.ਓਬਰਾਏ
ਰਾਕੇਸ਼ ਨਈਅਰ ਚੋਹਲਾ
ਡੇਰਾ ਬਾਬਾ ਨਾਨਕ/ਬਟਾਲਾ,5 ਜੂਨ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲਦਿਲੀ ਕਾਰਨ ਪੂਰੀ ਦੁਨੀਆਂ ਅੰਦਰ ਵੱਖਰੀ ਪਛਾਣ ਬਣਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਿਖੇ ਬਣੇ ਕੌਰੀਡੋਰ ‘ਤੇ ਆਉਣ ਵਾਲੇ ਯਾਤਰੂਆਂ ਦੇ ਲਈ ਸਾਫ਼ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਦਿਆਂ ਵੱਡਾ ਕਮਰਸ਼ੀਅਲ ਆਰ.ਓ. ਸਥਾਪਿਤ ਕੀਤਾ ਹੈ,ਜਿਸ ਦਾ ਉਦਘਾਟਨ ਅੱਜ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਸਿੰਘ ਸਾਹਿਬ ਬਲਜੀਤ ਸਿੰਘ ਵੱਲੋਂ ਕੀਤਾ ਗਿਆ।ਇਸ ਦੌਰਾਨ ਟਰੱਸਟੀ ਡਾ.ਸਤਨਾਮ ਸਿੰਘ ਨਿੱਜਰ ਤੇ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸਲਾਹਕਾਰ ਸੁਖਦੀਪ ਸਿੱਧੂ ਤੇ ਲੈਂਡਪੋਰਟ ਅਥਾਰਟੀ ਦੇ ਮੈਨੇਜ਼ਰ ਟੀ.ਆਰ. ਸ਼ਰਮਾ ਵੀ ਮੌਜੂਦ ਸਨ।
ਉਦਘਾਟਨ ਉਪਰੰਤ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਕਿਹਾ ਡਾ.ਐੱਸ.ਪੀ.ਓਬਰਾਏ ਦੀ ਪਰਉਪਕਾਰੀ ਤੇ ਸੇਵਾ ਭਾਵਨਾ ਵਾਲੀ ਸ਼ਖ਼ਸੀਅਤ ਨੇ ਸਮੁੱਚੀ ਦੁਨੀਆਂ ਅੰਦਰ ਸਿੱਖ ਕੌਮ ਦੇ ਨਾਲ-ਨਾਲ ਹਰ ਪੰਜਾਬੀ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਹੈ।ਇਸ ਸਬੰਧੀ ਗੱਲਬਾਤ ਕਰਦਿਆਂ ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਵਾਲੀਆਂ ਸੰਗਤਾਂ ਲਈ ਯਾਤਰੀ ਟਰਮੀਨਲ ਵਿਖੇ ਪੀਣ ਵਾਲੇ ਸਾਫ ਪਾਣੀ ਲਈ ਵੱਡੇ ਕਮਰਸ਼ੀਅਲ ਆਰ.ਓ. ਸਥਾਪਿਤ ਕੀਤਾ ਹੈ,ਜਿਸ ਦਾ ਅੱਜ ਉਦਘਾਟਨ ਹੋਇਆ ਹੈ।ਉਨ੍ਹਾਂ ਦੱਸਿਆ ਕਿ ਡਾ.ਓਬਰਾਏ ਵੱਲੋਂ ਆਪਣੇ ਐਲਾਨ ਨੂੰ ਮੁੜ ਦੁਹਰਾਉਂਦਿਆਂ ਫੈਸਲਾ ਕੀਤਾ ਹੈ ਕਿ ਬਹੁਤ ਹੀ ਜਲਦ ਟਰੱਸਟ ਵੱਲੋਂ ਬਣਾਏ ਗਏ ਰਬਾਬ ਚੌਂਕ ਤੋਂ ਲੈ ਕੇ ਯਾਤਰੂ ਟਰਮੀਨਲ ਤੱਕ 500 ਮੀਟਰ ਦੀ ਵਿੱਥ ‘ਤੇ ਸੜਕ ਦੇ ਦੋਵੇਂ ਪਾਸੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕਰਨ ਤੋਂ ਇਲਾਵਾ ਔਰਤ ਤੇ ਮਰਦ ਯਾਤਰੀਆਂ ਲਈ ਸਾਫ਼ ਸੁਥਰੇ ਪਖ਼ਾਨੇ ਬਣਾਏ ਜਾਣਗੇ।ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ ਕਿ ਸਬੰਧਤ ਥਾਂਵਾਂ ਤੇ ਜਲਦ ਤੋਂ ਜਲਦ ਇਨ੍ਹਾਂ ਥਾਵਾਂ ਤੇ ਪਾਣੀ ਤੇ ਬਿਜਲੀ ਦਾ ਪ੍ਰਬੰਧ ਕਰ ਦਿੱਤਾ ਜਾਵੇ ਤਾਂ ਜੋ ਉਕਤ ਕੰਮ ਜਲਦੀ ਤੋਂ ਜਲਦੀ ਸ਼ੁਰੂ ਹੋ ਸਕੇ।
ਇਸ ਦੌਰਾਨ ਅੰਮ੍ਰਿਤਸਰ ਜ਼ਿਲਾ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ,ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ,ਜਨਰਲ ਸਕੱਤਰ ਮਨਪ੍ਰੀਤ ਸੰਧੂ, ਬਾਬਾ ਸ਼ਮਸ਼ੇਰ ਸਿੰਘ ਕੋਹਰੀ,ਜਗਦੇਵ ਸਿੰਘ ਛੀਨਾ,ਨਵਜੀਤ ਸਿੰਘ ਘਈ ਤੇ ਮਲਕੀਤ ਸਿੰਘ ਭੱਟੀ,ਹਰਦੀਪ ਸਿੰਘ, ਬਲਦੇਵ ਸਿੰਘ ਝੰਡੇਰ ਆਦਿ ਵੀ ਮੌਜੂਦ ਸਨ।
ਕੈਪਸ਼ਨ : ਟਰੱਸਟ ਵੱਲੋਂ ਸਥਾਪਿਤ ਕਮਰਸ਼ੀਅਲ ਆਰ.ਓ. ਦਾ ਉਦਘਾਟਨ ਕਰਨ ਮੌਕੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ,ਡਾ.ਸਤਨਾਮ ਨਿੱਝਰ,ਸੁਖਜਿੰਦਰ ਸਿੰਘ ਹੇਰ,ਸੁਖਦੀਪ ਸਿੱਧੂ ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)