ਸਰੀ ( ਦੇ ਪ੍ਰ ਬਿ)-ਬੀਤੀ 2 ਜੂਨ ਨੂੰ ਕੈਨੇਡੀਅਨ ਰਾਮਗੜੀਆ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ, ਨਿਧੜਕ ਯੋਧੇ, ਦਿੱਲੀ ਦੇ ਤਖਤ ਦੀ ਸਿਲ ਪੁੱਟਕੇ ਸ੍ਰੀ ਅੰਮ੍ਰਿਤਸਰ ਲਿਆਉਣ ਵਾਲੇ , ਰਾਮਗੜੀਆ ਮਿਸਲ ਦੇ ਬਾਨੀ ਤੇ ਸਿੱਖ ਰਾਜ ਦੇ ਉਸਰਈਏ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ 301ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਉਪਰੰਤ ਦੀਵਾਨ ਸਜਾਏ ਗਏ ਜਿਸ ਦੌਰਾਨ ਢਾਡੀ ਜਥਿਆਂ ਨੇ ਸੰਗਤਾਂ ਨੂੰ ਮਹਾਨ ਸਿੱਖ ਇਤਿਹਾਸ ਨਾਲ ਜੋੜਿਆ। ਗੁਰੂ ਕੇ ਲੰਗਰ ਅਤੁਟ ਵਰਤਾਏ ਗਏ।
ਸ਼ਾਮ ਨੁੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਬੰਬੇ ਬੈਂਕੁਇਟ ਹਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ ਜਿਸ ਵਿਚ ਰਾਮਗੜੀਆ ਕੌਂਸਲ ਯੂਕੇ ਨਾਲ ਸਬੰਧਿਤ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਇਸਤੋਂ ਬਿਨਾਂ ਵੱਡੀ ਗਿਣਤੀ ਵਿਚ ਸਮਾਜਿਕ ਤੇ ਸਿਆਸੀ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ ਤੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਵਸ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਕੈਲਗਰੀ ਤੋਂ ਕੰਸਰਵੇਟਿਵ ਐਮ ਪੀ ਸ ਜਸਰਾਜ ਸਿੰਘ ਹੱਲਣ, ਐਡਮਿੰਟਨ ਤੋਂ ਐਮ ਪੀ ਟਿਪ ਉਪਲ, ਡੈਲਟਾ ਤੋਂ ਕੰਸਰਵੇਟਿਵ ਉਮੀਦਵਾਰ ਜੱਸੀ ਸਹੋਤਾ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਇਸ ਮੌਕੇ ਉਘੇ ਸਿੱਖ ਵਿਦਵਾਨ ਸ ਜੈਤੇਗ ਸਿੰਘ ਅਨੰਤ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਪ੍ਰੇਰਨਾਦਾਇਕ ਜੀਵਨ, ਸਿੱਖ ਇਤਿਹਾਸ ਵਿਚ ਉਹਨਾਂ ਦੀ ਸ਼ਾਨਾਮੱਤੀ ਭੂਮਿਕਾ ਤੇ ਸਿੱਖ ਰਾਜ ਦੀ ਉਸਾਰੀ ਵਿਚ ਯੋਗਦਾਨ ਬਾਰੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਭਾਈ ਚਮਕੌਰ ਸਿੰਘ ਸੇਖੋਂ ਤੇ ਨਵਦੀਪ ਸਿੰਘ ਦੇ ਢਾਡੀ ਜਥੇ ਨੇ ਢੱਟ ਸਾਰੰਗੀ ਨਾਲ ਸਿੱਖ ਸੂਰਮਿਆਂ ਦੀ ਵਾਰਾਂ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ। ਸੁਸਾਇਟੀ ਦੇ ਪ੍ਰਧਾਨ ਸ ਬਲਬੀਰ ਸਿੰਘ ਚਾਨਾ, ਸ ਸੁਰਿੰਦਰ ਸਿੰਘ ਜੱਬਲ ਤੇ ਪ੍ਰਬੰਧਕ ਕਮੇਟੀ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।