ਪੰਜਾਬੀ ਪ੍ਰੈਸ ਕਲੱਬ ਬੀ ਸੀ ਦੇ ਰੂਬਰੂ ਹੁੰਦਿਆਂ ਕਈ ਸਵਾਲਾਂ ਦੇ ਜਵਾਬ ਦਿੱਤੇ-
ਸਰੀ ( ਦੇ ਪ੍ਰ ਬਿ)- ਉਘੇ ਸਿੱਖ ਵਿਦਵਾਨ ਸ ਅਜਮੇਰ ਸਿੰਘ ਜੋ ਅੱਜਕੱਲ ਕੈਨੇਡਾ ਦੌਰੇ ਤੇ ਹਨ ਅਤੇ ਸਥਾਨਕ ਸਿੱਖ ਸੰਸਥਾਵਾਂ ਵਲੋਂ ਤੀਜੇ ਘੱਲੂਘਾਰੇ ਦੀ 40ਵੀਂ ਵਰੇਗੰਢ ਦੇ ਸਬੰਧ ਵਿਚ ਕਰਵਾਏ ਜਾ ਰਹੇ ਸਮਾਗਮਾਂ ਵਿਚ ਸ਼ਾਮਿਲ ਹੋ ਰਹੇ ਹਨ, ਬੀਤੇ ਦਿਨ ਬੀ ਸੀ ਪੰਜਾਬੀ ਪ੍ਰੈਸ ਕਲੱਬ ਦੇ ਵਿਸ਼ੇਸ਼ ਸੱਦੇ ਤੇ ਪੱਤਰਕਾਰਾਂ ਦੇ ਰੂਬਰੂ ਹੋਏ। ਇਸ ਮੌਕੇ ਉਹਨਾਂ ਨੇ ਆਪਣੇ ਜੀਵਨ ਸੰਘਰਸ਼, ਲੇਖਣੀ, ਸਿੱਖ ਇਤਿਹਾਸ ਅਤੇ ਖਾੜਕੂ ਸੰਘਰਸ਼ ਤੋਂ ਇਲਾਵਾ ਪੰਜਾਬ ਦੀ ਮੌਜੂਦਾ ਰਾਜਸੀ ਸਥਿਤੀ ਅਤੇ ਸਿੱਖ ਮਾਨਸਿਕਤਾ ਬਾਰੇ ਵਿਚਾਰ ਸਾਂਝੇ ਕੀਤੇ ਤੇ ਪੱਤਰਕਾਰਾਂ ਵਲੋਂ ਪੁੱਛੇ ਗਏ ਵੱਖ ਵੱਖ ਸਵਾਲਾਂ ਦੇ ਜਵਾਬ ਦਿੱਤੇ। ਉਹਨਾਂ ਪੰਜਾਬ ਵਿਚ ਭਾਰਤੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ਉਪਰ ਹਮਲੇ ਉਪਰੰਤ ਖਾੜਕੂ ਸੰਘਰਸ਼, ਕੁਰਬਾਨੀਆਂ, ਸਿੱਖ ਨਾਲ ਹੋਏ ਤੇ ਹੋ ਰਹੇ ਅਨਿਆਂ ਅਤੇ ਜਿਆਦਤੀਆਂ ਬਾਰੇ ਚਰਚਾ ਕਰਨ ਤੋਂ ਇਲਾਵਾ ਪੰਜਾਬ ਦੇ ਤਾਜ਼ਾ ਸਿਆਸੀ ਹਾਲਾਤ ਦੀ ਗੱਲ ਕਰਦਿਆਂ ਲੋਕ ਸਭਾ ਚੋਣਾਂ ਵਿਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਮਲੋਆ ਦੀ ਜਿੱਤ ਨੂੰ ਪੰਥਕ ਜਜ਼ਬੇ ਦੀ ਜਿੱਤ ਕਰਾਰ ਦਿੱਤਾ। ਉਹਨਾਂਂ ਕਿਹਾ ਉਹ ਕੇਵਲ ਆਜ਼ਾਦ ਉਮੀਦਵਾਰ ਵਜੋਂ ਨਹੀ ਬਲਕਿ ਪੰਥਕ ਜਜ਼ਬੇ ਦੀ ਤਰਜਮਾਨੀ ਕਰਨ ਵਾਲੇ ਪੰਥਕ ਉਮੀਦਵਾਰ ਸਨ ਜਿਹਨਾਂ ਨੂੰ ਪੰਜਾਬ ਦੇ ਸਿੱਖ ਵੋਟਰ ਨੇ ਸ਼ਾਨਦਾਰ ਢੰਗ ਨਾਲ ਜਿਤਾਇਆ। ਉਹਨਾਂ ਇਹਨਾਂ ਪੰਥਕ ਉਮੀਦਵਾਰਾਂ ਦੀ ਜਿੱਤ ਉਪਰੰਤ ਪੰਜਾਬ ਦੀ ਜਵਾਨੀ ਵਿਚ ਨਵਾਂ ਜੋਸ਼ ਅਤੇ ਜਾਗਰੁਕਤਾ ਲਹਿਰ ਦੇ ਪੈਦਾ ਹੋਣ ਦੀਆਂ ਸੰਭਾਵਨਾਵਾਂ ਦੀ ਆਸ ਪ੍ਰਗਟ ਕੀਤੀ। ਇਕ ਪੱਤਰਕਾਰ ਵਲੋਂ ਪੁੱਛੇ ਗਏ ਸਵਾਲ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਸਿੱਖਾਂ ਨਾਲ ਜਿਆਦਤੀਆਂ ਅਤੇ ਬੇਇਨਸਾਫੀ ਦੀਆਂ ਗੱਲਾਂ ਦੀ ਅੱਜ ਵੀ ਚਰਚਾ ਹੈ ਤੇ ਇਸਦੇ ਖਿਲਾਫ ਸਿੱਖ ਸੰਘਰਸ਼ ਦੇ ਚਾਲੀ ਸਾਲ ਬਾਦ ਇਕ ਨਾਅਰੇਨੁਮਾਂ ਅਗਵਾਈ ਤੋਂ ਸਿਵਾਏ ਕੁਝ ਦਿਖਾਈ ਨਹੀਂ ਦਿੰਦਾ, ਸਿੱਖ ਜਿਥੇ 40 ਸਾਲ ਪਹਿਲਾਂ ਸਨ ਅੱਜ ਵੀ ਖੜੋਤ ਵਾਲੀ ਸਥਿਤੀ ਹੈ ਤੇ ਅਜਿਹੇ ਵਿਚ ਇਕ ਯੋਗ ਅਗਵਾਈ ਬਾਰੇ ਪੁੱਛੇ ਜਾਣ ਤੇ ਉਹਨਾਂ ਸਿੱਖ ਨੌਜਵਾਨੀ ਦੇ ਬੌਧਿਕ ਪੱਧਰ ਵਿਚ ਵਾਧੇ ਦੀ ਕਾਮਨਾ ਕਰਦਿਆਂ ਆਸਵੰਦ ਰਹਿਣਾ ਹੀ ਇਕ ਹੱਲ ਦੱਸਿਆ। ਉਹਨਾਂ ਪੱਤਰਕਾਰਾਂ ਦੇ ਹੋਰ ਵੀ ਕਈ ਸਵਾਲਾਂ ਦੇ ਜਵਾਬ ਦਿੰਦਿਆਂ ਧਾਰਮਿਕ ਆਸਥਾ ਦੀ ਮਜ਼ਬੂਤੀ ਨੂੰ ਸਭ ਤੋਂ ਉਪਰ ਦੱਸਿਆ। ਕਲੱਬ ਦੀ ਕਾਰਵਾਈ ਸ ਗੁਰਪ੍ਰੀਤ ਸਿੰਘ ਸਹੋਤਾ ਨੇ ਬਾਖੂਬੀ ਚਲਾਈ ਜਦੋਂਕਿ ਸ੍ਰੀਮਤੀ ਬਲਜਿੰਦਰ ਕੌਰ ਵਲੋਂ ਸ ਅਜਮੇਰ ਸਿੰਘ ਦਾ ਪੱਤਰਕਾਰਾਂ ਦੇ ਰੂਬਰੂ ਹੋਣ ਲਈ ਵਿਸ਼ੇਸ਼ ਧੰਨਵਾਦ ਕੀਤਾ।