ਐਨ ਡੀ ਏ ਭਾਈਵਾਲਾਂ ਨਾਲ ਮਿਲਕੇ ਬਣਾਉਣਗੇ ਸਰਕਾਰ
ਨਵੀਂ ਦਿੱਲੀ ( ਦਿਓਲ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐੱਨਡੀਏ ਸੰਸਦੀ ਦਲ ਦੇ ਆਗੂ ਨਰਿੰਦਰ ਮੋਦੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਮਨੋਨੀਤ ਕੀਤਾ ਹੈ। ਨਵੀਂ ਸਰਕਾਰ ਹੁਣ ਐਤਵਾਰ ਸ਼ਾਮ ਨੂੰ ਹਲਫ਼ ਲਏਗੀ। ਰਾਸ਼ਟਰਪਤੀ ਮੁਰਮੂ ਨੇ ਸ੍ਰੀ ਮੋਦੀ ਨੂੰ ਰਾਸ਼ਟਰਪਤੀ ਭਵਨ ਸੱਦ ਕੇ ਰਸਮੀ ਨਿਯੁਕਤੀ ਪੱਤਰ ਸੌਂਪਿਆ। ਰਾਸ਼ਟਰਪਤੀ ਭਵਨ ਦੇ ਅਹਾਤੇ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮਨੋਨੀਤ ਕੀਤਾ ਹੈ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਨੇ ਮੈਨੂੰ ਮਨੋਨੀਤ ਪ੍ਰਧਾਨ ਮੰਤਰੀ ਵਜੋਂ ਕੰਮ ਕਰਨ ਲਈ ਕਿਹਾ ਹੈ ਤੇ ਉਨ੍ਹਾਂ ਮੈਨੂੰ ਹਲਫ਼ਦਾਰੀ ਸਮਾਗਮ ਬਾਰੇ ਸੂਚਿਤ ਕਰ ਦਿੱਤਾ ਹੈ।’’ ਸ੍ਰੀ ਮੋਦੀ ਕਿਹਾ ਕਿ ਰਾਸ਼ਟਰਪਤੀ ਭਵਨ ਐਤਵਾਰ ਤੱਕ ਹਲਫ਼ਦਾਰੀ ਸਮਾਗਮ ਲਈ ਤਿਆਰੀਆਂ ਮੁਕੰਮਲ ਕਰ ਲਏਗਾ ਤੇ ਉਦੋਂ ਤੱਕ ਉਹ ਆਪਣੇ ਕੈਬਨਿਟ ਮੰਤਰੀਆਂ ਦੀ ਸੂਚੀ ਰਾਸ਼ਟਰਪਤੀ ਨੂੰ ਸੌਂਪ ਦੇਣਗੇ। ਸ੍ਰੀ ਮੋਦੀ ਨੇ ਕਿਹਾ, ‘‘18ਵੀਂ ਲੋਕ ਸਭਾ ਉਨ੍ਹਾਂ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਅਹਿਮ ਮੀਲ ਪੱਥਰ ਹੈ ਜਦੋਂ ਦੇਸ਼ 2047 ਵਿਚ ਆਜ਼ਾਦੀ ਦੇ ਸੌ ਸਾਲਾਂ ਦੇ ਜਸ਼ਨ ਮਨਾਏਗਾ।’’ ਉਨ੍ਹਾਂ ਕਿਹਾ ਕਿ 18ਵੀਂ ਲੋਕ ਸਭਾ ਨਵੀਂ ਊਰਜਾ ਤੇ ਨੌਜਵਾਨ ਊਰਜਾ ਵਾਲਾ ਸਦਨ ਹੈ ਤੇ ਲੋਕਾਂ ਨੇ ਐੱਨਡੀਏ ਸਰਕਾਰ ਨੂੰ ਇਕ ਹੋਰ ਮੌਕਾ ਦਿੱਤਾ ਹੈ।
ਇਸ ਤੋਂ ਪਹਿਲਾਂ ਦਿਨ ਵੇਲੇ ਨਰਿੰਦਰ ਮੋਦੀ ਨੇ ਐੱਨਡੀਏ ਸੰਸਦੀ ਦਲ ਦਾ ਆਗੂ ਚੁਣੇ ਜਾਣ ਮਗਰੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਉਨ੍ਹਾਂ ਰਾਸ਼ਟਰਪਤੀ ਨੂੰ ਐੱਨਡੀਏ ਭਾਈਵਾਲਾਂ ਦੀ ਹਮਾਇਤ ਵਾਲਾ ਪੱਤਰ ਤੇ ਸੰਸਦ ਮੈਂਬਰਾਂ ਦੀ ਸੂਚੀ ਵੀ ਸੌਂਪੀ। ਸੰਸਦ ਦੇ ਕੇਂਦਰੀ ਹਾਲ ਵਿਚ ਐੱਨਡੀਏ ਭਾਈਵਾਲਾਂ ਦੀ ਬੈਠਕ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐੱਨਡੀਏ ਸੰਸਦੀ ਦਲ, ਭਾਜਪਾ ਸੰਸਦੀ ਦਲ ਤੇ ਲੋਕ ਸਭਾ ਦਾ ਆਗੂ ਚੁਣੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੀ ਤਜਵੀਜ਼ ਰੱਖੀ, ਜਿਸ ਦੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਟੀਡੀਪੀ ਆਗੂ ਚੰਦਰਬਾਬੂ ਨਾਇਡੂ ਨੇ ਤਾਈਦ ਕੀਤੀ। ਸੰਸਦੀ ਦਲ ਦਾ ਆਗੂ ਚੁਣੇ ਜਾਣ ਮਗਰੋਂ ਆਪਣੇ ਸੰਬੋਧਨ ਵਿਚ ਸ੍ਰੀ ਮੋਦੀ ਨੇ ਕਿਹਾ, ‘‘ਐੱਨਡੀਏ ਸੱਤਾ ਵਿਚ ਸੀ, ਸੱਤਾ ਵਿਚ ਹੈ ਤੇ ਸੱਤਾ ਵਿਚ ਰਹੇਗਾ।’’ ਉਨ੍ਹਾਂ ਐੱਨਡੀਏ ਦੇ ਬਾਨੀਆਂ ਅਟਲ ਬਿਹਾਰੀ ਵਾਜਪਾਈ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ ਸਾਰਿਆਂ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ, ‘‘ਜਿਹੜਾ ਬੀਜ ਸਾਡੇ ਆਗੂਆਂ ਨੇ ਬੀਜਿਆ ਸੀ, ਉਹ ਅੱਜ ਇਕ ਵੱਡਾ ਦਰੱਖ਼ਤ ਬਣ ਗਿਆ ਹੈ।’’ ਮੋਦੀ ਨੇ ਕਿਹਾ ਕਿ ਉਹ ਆਪਣੀ ਅਗਲੀ ਸਰਕਾਰ ਵਿਚ ਸਾਰੇ ਫੈਸਲਿਆਂ ਵਿਚ ਸਰਬਸੰਮਤੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਬੈਠਕ ਵਿਚ ਤੇਲਗੂ ਦੇਸ਼ਮ ਪਾਰਟੀ ਦੇ ਐੱਨ.ਚੰਦਰਬਾਬੂ ਨਾਇਡੂ, ਜੇਡੀਯੂ ਦੇ ਨਿਤੀਸ਼ ਕੁਮਾਰ, ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ, ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਚਿਰਾਗ ਪਾਸਵਾਨ, ਜੇਡੀਐੱਸ ਦੇ ਐੱਚਡੀ ਕੁਮਾਰਸਵਾਮੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਅਜੀਤ ਪਵਾਰ, ਅਪਨਾ ਦਲ (ਐੱਸ) ਦੀ ਅਨੂਪ੍ਰਿਆ ਪਟੇਲ, ਜਨ ਸੈਨਾ ਪਾਰਟੀ ਦੇ ਪਵਨ ਕਲਿਆਣ ਅਤੇ ਭਾਜਪਾ ਤੇ ਐੱਨਡੀਏ ਦੀਆਂ ਹੋਰ ਸਹਿਯੋਗੀ ਪਾਰਟੀਆਂ ਦੇ ਨਵੇਂ ਚੁਣੇ ਸੰਸਦ ਮੈਂਬਰ ਸ਼ਾਮਲ ਹੋਏ।
ਚੇਤੇ ਰਹੇ ਕਿ ਲੋਕ ਸਭਾ ਚੋਣਾਂ ਦੇ ਲੰਘੇ ਦਿਨ ਐਲਾਨੇ ਨਤੀਜਿਆਂ ਵਿਚ ਐੱਨਡੀਏ ਗੱਠਜੋੜ ਨੇ ਕੇਂਦਰ ਵਿਚ ਸਰਕਾਰ ਬਣਾਉਣ ਲਈ ਲੋੜੀਂਦੇ 272 ਸੀਟਾਂ ਦੇ ਜਾਦੂਈ ਅੰਕੜੇ ਨੂੰ ਪਾਰ ਕਰ ਲਿਆ ਸੀ। ਹਾਲਾਂਕਿ ਭਾਜਪਾ 240 ਸੀਟਾਂ ਨਾਲ ਆਪਣੇ ਦਮ ’ਤੇ ਸਰਕਾਰ ਬਣਾਉਣ ਤੋਂ ਖੁੰਝ ਗਈ, ਜਿਸ ਕਰਕੇ ਪਾਰਟੀ ਨੂੰ ਹੁਣ ਭਾਈਵਾਲਾਂ ’ਤੇ ਟੇਕ ਰੱਖਣੀ ਪੈ ਰਹੀ ਹੈ।