ਬਠਿੰਡਾ 8 ਜੂਨ (ਰਾਮ ਸਿੰਘ ਕਲਿਆਣ)-ਤਾਜਾ ਲੋਕ ਸਭਾ ਚੋਣਾਂ ਉਪਰੰਤ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਲੋਕ ਸਭਾ ਹਲਕਾ ਬਠਿੰਡਾ ਤੇ ਫਰੀਦਕੋਟ ਤੋਂ ਹੋਈ ਹਾਰ ਕਾਰਨ ਇਸ ਇਲਾਕੇ ਦੇ ਆਗੂਆਂ ਦੇ ਮੂੰਹ ਉਤੇ ਹਾਰ ਦੀ ਨਮੋਸੀ ਸਾਫ ਦਿਖਾਈ ਦੇ ਰਹੀ ਹੈ ।ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਫਰੀਦਕੋਟ ਅਤੇ ਬਠਿੰਡਾ ਦੇ ਵਿਧਾਇਕਾਂ ਅਤੇ ਹੋਰ ਆਗੂਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਹਾਜ਼ਰ ਆਗੂ ਖਾਮੋਸ਼ ਨਜਰ ਆਏ ਅਤੇ ਭਗਵੰਤ ਸਿੰਘ ਮਾਨ ਵੱਲੋਂ ਇਲਾਕੇ ਦੇ ਵਿਧਾਇਕਾਂ ਆਗੂਆਂ ਅਤੇ ਵਰਕਰਾਂ ਨੂੰ ਵਿਕਾਸ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਲੋਕ ਸਭਾ ਹਲਕਾ ਫਰੀਦਕੋਟ ਤੋ ਹਾਰੇ ਉਮੀਦਵਾਰ ਕਰਮਜੀਤ ਅਨਮੋਲ ਵੀ ਮੀਟਿੰਗ ਵਿੱਚ ਬਿਨਾਂ ਦਸਤਾਰ ਹਾਜ਼ਰ ਹੋਏ। ਕਰਮਜੀਤ ਅਨਮੋਲ ਦੇ ਚਿਹਰੇ ਉੱਤੇ ਵੀ ਹਾਰ ਦੀ ਪਰਛਾਈ ਸਾਫ ਨਜ਼ਰ ਆ ਰਹੀ ਸੀ। ਇਸ ਤੋਂ ਇਲਾਵਾ ਬਠਿੰਡਾ ਤੋਂ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਚਿਹਰੇ ਤੇ ਵੀ ਗੰਭੀਰਤਾ ਦਿਖਾਈ ਦਿੱਤੀ । ਮੁੱਖ ਮੰਤਰੀ ਵੱਲੋਂ ਬਠਿੰਡਾ ਤੇ ਫ਼ਰੀਦਕੋਟ ਲੋਕਸਭਾ ਹਲਕੇ ਦੇ ਵਿਧਾਇਕਾਂ, ਚੇਅਰਮੈਨਾਂ, ਅਹੁਦੇਦਾਰਾਂ ਤੇ ਵਲੰਟੀਅਰਾਂ ਨਾਲ ਮੀਟਿੰਗ ਦੌਰਾਨ ਤੇ ਦੋਵੇਂ ਹਲਕਿਆ ਦੇ ਮਸਲਿਆਂ ‘ਤੇ ਵਿਕਾਸ ਦੇ ਕੰਮਾਂ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਕੀਤੀ। ਮੁੱਖ ਮੰਤਰੀ ਨੇ ਸਾਰਿਆਂ ਨੂੰ ਹੋਰ ਤਕੜੇ ਹੋਕੇ ਲੋਕਾਂ ਦੇ ਕੰਮ ਕਰਨ ਨੂੰ ਕਿਹਾ ।
ਲੋਕਾਂ ਵਿੱਚ ਚਰਚਾ ਹੈ ਕਿ ਬੇਅਦਬੀ ਦਾ ਇਨਸਾਫ ਨਾ ਮਿਲਣਾ, ਨਸ਼ੇ ਦੀ ਸਰੇਆਮ ਵਿੱਕਰੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਇ ਵਿਰੋਧੀਆ ਖਿਲਾਫ ਪਾਈਆਂ ਸਿਰਫ ਕਿੱਕਲੀਆਂ ਕਾਰਨ ਆਮ ਆਦਮੀ ਪਾਰਟੀ ਪ੍ਰਤੀ ਆਮ ਲੋਕਾਂ ਵਿੱਚ ਰੋਸ ਵਧਿਆ ਜਿਸ ਕਰਕੇ ਪਾਰਟੀ ਦਾ 13-0 ਵਾਲਾ ਸੁਪਨਾ ਸੁੰਗੜ ਕੇ ਤਿੰਨ ਤੱਕ ਰਹਿ ਗਿਆ।