ਰੇਜੋ ਇਮੀਲੀਆ,ਇਟਲੀ(ਗੁਰਸ਼ਰਨ ਸਿੰਘ ਸੋਨੀ) -ਇਟਲੀ ਦਾ ਰੇਜੋ ਇਮੀਲੀਆ ਜ਼ਿਲ੍ਹਾ ਅਤੇ ਖਾਸਕਰ ਨੋਵੇਲਾਰਾ ਸ਼ਹਿਰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਬੀਤੀ ਸ਼ਾਮ ਨੋਵੇਲਾਰਾ ਵਿਖੇ ਸਥਿਤ ਜੌਹਲ ਇੰਡੀਅਨ ਰੈਸਟੋਰੈਂਟ ਅਤੇ ਮੈਰਿਜ ਪੈਲੇਸ ਵੱਲੋਂ ਪਿਛਲੇ ਤਕਰੀਬਨ ਇਕ ਸਾਲ ਤੋਂ ਉਸਾਰੀ ਅਧੀਨ “ਜੌਹਲ ਵਿੱਲਾ” ਦਾ ਉਦਘਾਟਨੀ ਸਮਾਰੋਹ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਸ਼ਹਿਰ ਦੀ ਮੇਅਰ ਐਲੇਨਾ ਕਰਲੈਤੀ ਵੱਲੋਂ ਜੌਹਲ ਪਰਿਵਾਰ ਅਤੇ ਇਲਾਕੇ ਦੀਆਂ ਹੋਰ ਨਾਮਵਰ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਰੀਬਨ ਕੱਟ ਕੇ “ਜੌਹਲ ਵਿੱਲਾ” ਦਾ ਉਦਘਾਟਨ ਕੀਤਾ ਗਿਆ। ਮੇਅਰ ਨੇ ਬੋਲਦਿਆਂ ਕਿਹਾ ਕਿ ਉਹ ਇਸ ਉਦਘਾਟਨੀ ਸਮਾਰੋਹ ਵਿੱਚ ਪਹੁੰਚ ਕੇ ਮਾਣ ਮਹਿਸੂਸ ਕਰ ਰਹੀ ਹੈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜੋਹਲ ਭਰਾਵਾਂ ਦੇ ਰੈਸਟੋਰੈਂਟ ਅਤੇ ਮੈਰਿਜ ਪੈਲੇਸ ਵਾਂਗ ਇਹ ਵਿੱਲਾ ਵੀ ਨੋਵੇਲਾਰਾ ਸ਼ਹਿਰ ਦੀ ਆਰਥਿਕਤਾ ਵਿੱਚ ਵੀ ਖੂਬ ਯੋਗਦਾਨ ਪਾਵੇਗਾ ਅਤੇ ਖੂਬ ਤਰੱਕੀ ਕਰੇਗਾ। ਜੌਹਲ ਭਰਾਵਾਂ ਤੀਰਥ ਸਿੰਘ,ਤਿਲਕ ਸਿੰਘ ਅਤੇ ਮੱਖਣ ਸਿੰਘ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ ਅਤੇ ਇਹ ਸਮੇਂ ਦੀ ਮੰਗ ਵੀ ਸੀ। ਉਹਨਾਂ ਦੱਸਿਆ ਕਿ ਆਧੁਨਿਕ ਤਕਨੀਕ ਨਾਲ ਬਣਿਆ ਇਹ ਵਿੱਲਾ ਇਲਾਕੇ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਵਿੱਲਾ ਹੈ। ਕੁੱਲ 2200 ਸਕੁਏਅਰ ਮੀਟਰ ਵਿੱਚ ਖੁੱਲ੍ਹੇ ਵਿੱਚ ਬਣੇ ਇਸ ਵਿੱਲੇ ਵਿੱਚ ਇੱਕ ਬਹੁਤ ਹੀ ਸੋਹਣਾ ਝਰਨੇ ਰੂਪੀ ਫੁਵਾਰਾ, 3 ਹੱਟਾਂ 1 ਛੋਟਾ ਫੁਵਾਰਾ, ਬਹੁਤ ਹੀ ਆਕਰਸ਼ਕ ਵਿਸ਼ਾਲ ਗਾਰਡਨ,ਪੰਜਾਬੀ ਕਿਸਾਨੀ ਵਿਰਸੇ ਨੂੰ ਦਰਸਾਉਂਦੀ ਇੱਕ ਬਲਦਾਂ ਦੀ ਜੋੜੀ,ਪੰਜਾਬੀਆਂ ਦੇ ਸੁਭਾਅ ਅਨੁਸਾਰ ਵਿੱਲੇ ਦੀ ਐਂਟਰੀ ਤੇ ਬਹੁਤ ਹੀ ਆਕਰਸ਼ਕ ਦੇਖਣ ਵਾਲੇ ਦੋ ਸ਼ੇਰਾਂ ਦੀ ਮੂਰਤੀ ਅਤੇ ਵੱਖ ਵੱਖ ਤਰ੍ਹਾਂ ਦੀਆਂ ਮਨਮੋਹਕ ਲਾਈਟਾਂ ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀਆਂ ਹਨ। ਪਹੁੰਚੇ ਮਹਿਮਾਨਾਂ ਲਈ ਖਾਣ ਪੀਣ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ। ਡੀ.ਜੇ ਦੀਪ ਵੱਲੋਂ ਵਜਾਏ ਗਏ ਪੰਜਾਬੀ ਮਿਊਜਿਕ ਨੇ ਆਏ ਹੋਏ ਮਹਿਮਾਨਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਜੌਹਲ ਪਰਿਵਾਰ ਵੱਲੋਂ ਸ਼ਹਿਰ ਦੀ ਮੇਅਰ ਅਤੇ ਲੋਧੀ ਤੋਂ ਅਨਿਲ ਕੁਮਾਰ ਸ਼ਰਮਾ ਦਾ ਅਤੇ ਪਹੁੰਚੇ ਸਾਰੇ ਹੀ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ‘ਤੇ ਗੁਰਦੇਵ ਸਿੰਘ,ਪ੍ਰੋਫੈਸਰ ਜਸਪਾਲ ਸਿੰਘ,ਇਕਬਾਲ ਸਿੰਘ ਸੋਢੀ,ਜਗਦੀਪ ਸਿੰਘ ਮੱਲ੍ਹੀ,ਇੰਦਰਪ੍ਰੀਤ ਸਿੰਘ ਅਤੇ ਕਿਰਨਜੀਤ ਕੌਰ ਨੇ ਵੀ ਹਾਜ਼ਰੀ ਭਰੀ।