ਅੰਮ੍ਰਿਤਸਰ:- ਜੂਨ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਮੂੰਹ ਤੇ ਭਾਰਤ ਦੀ ਤਤਕਾਲੀ ਸਰਕਾਰ ਵੱਲੋਂ ਕੀਤੇ ਫੌਜੀ ਹਮਲੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਬੇਗਿਣਤ ਸ਼ਹੀਦ ਹੋਏ ਸਿੰਘ ਸਿੰਘਣੀਆਂ ਭੁਜੰਗੀਆਂ ਦੀ 40ਵੀਂ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਸਮੇਂ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਨਿਹੰਗ ਸਿੰਘ ਸਮੇਤ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਤੋਂ ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੀ ਮਨੋਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ 1984 ਸਮੇਂ ਭਾਰਤੀ ਸਰਕਾਰ ਦੀ ਫੌਜ ਵੱਲੋਂ ਸਿੱਖਾਂ ਦੇ ਸਰਵਉਚ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨਾ ਵੱਡੀ ਭੁੱਲ ਸੀ, ਇਹ ਇਤਿਹਾਸ ਵਿੱਚ ਹਮੇਸ਼ਾ ਕਾਲੇ ਹਾਸ਼ੀਏ ਵਿੱਚ ਦਰਜ਼ ਰਹੇਗਾ। ਇਸ ਹਮਲੇ ਸਮੇਂ ਵੱਡੀ ਗਿਣਤੀ ਵਿੱਚ ਸਿੱਖ ਕੌਮ ਦੇ ਮਰਜੀਵੜੇ ਸਿੱਖ, ਸਿੰਘ ਸ਼ਹੀਦ ਹੋਏ ਜਿਨ੍ਹਾਂ ਦੀ 40ਵੀਂ ਸਲਾਨਾ ਯਾਦ ਤਾਜ਼ੀ ਕੀਤੀ ਗਈ ਹੈ ਅਤੇ ਵੱਖ-ਵੱਖ ਧਾਰਮਿਕ ਰਾਜਸੀ ਦਲਾਂ ਨੂੰ ਸ਼ਾਮਲ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਹੈ। ਨਿਹੰਗ ਮੁਖੀ ਨੇ ਕਿਹਾ ਕਿ ਇਤਿਹਾਸ ਵਿੱਚ ਇਸ ਤੀਸਰੇ ਘੱਲੂਘਾਰੇ ਦੀ ਯਾਦ ਹਰ ਸਾਲ ਤਾਜ਼ਾ ਹੁੰਦੀ ਰਹੇਗੀ ਅਤੇ ਸਿੱਖ ਕੌਮ ਉਸ ਸਮੇਂ ਦੇ ਕੇਂਦਰ ਵਿੱਚ ਬੈਠੇ ਹਾਕਮਾਂ ਨੂੰ ਲਾਹਨਤਾਂ ਪਾਉਂਦੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਕੌਮ ਹੀ ਆਪਣੇ ਸ਼ਹੀਦਾਂ, ਘੱਲੂਘਾਰਿਆਂ, ਸਾਕਿਆਂ ਦੇ ਦਿਨ ਦਿਹਾੜੇ ਪੂਰੀ ਊਰਜਾ ਤੇ ਚੜ੍ਹਦੀਕਲਾ ਅਤੇ ਸਿੱਖ ਪਰੰਪਰਾ ਅਨੁਸਾਰ ਮਨਾਉਂਦੀ ਹੈ।