ਸਰੀ ( ਦੇ ਪ੍ਰ ਬਿ)- ਬੀ ਸੀ ਐਨ ਡੀ ਪੀ ਵਲੋਂ ਆਰ ਸੀ ਐਮ ਪੀ ਦੇ ਸਾਬਕਾ ਅਫਸਰ ਸ ਬਲਤੇਜ ਸਿੰਘ ਢਿੱਲੋਂ ਨੂੰ ਸਰੀ-ਸਰਪੇਂਟਾਈਨ ਰਿਵਰ ਤੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਪਾਰਟੀ ਵਲੋਂ ਜਾਰੀ ਇਕ ਪ੍ਰੈਸ ਬਿਆਨ ਉਕਤ ਨਾਮਜਦਗੀ ਦਾ ਐਲਾਨ ਕਰਦਿਆਂ ਉਹਨਾਂ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬਲਤੇਜ ਸਿੰਘ ਢਿੱਲੋਂ ਨੇ 1990 ਵਿੱਚ ਆਰ ਸੀ ਐਮ ਪੀ ਵਿੱਚ ਸ਼ਾਮਲ ਹੁੰਦਿਆਂ ਨੈਸ਼ਨਲ ਪੁਲਿਸ ਦਾ ਪਹਿਲਾ ਦਸਤਾਰਧਾਰੀ ਸਿੱਖ ਅਫਸਰ ਹੋਣ ਦਾ ਮਾਣ ਹਾਸਲ ਕੀਤਾ ਸੀ। ਉਸਨੇ ਆਰ ਸੀ ਐਮ ਪੀ ਦੇ ਅਫਸਰ ਵਜੋਂ ਆਪਣੀ ਵਰਦੀ ਦੇ ਨਾਲ ਦਸਤਾਰ ਪਹਿਨਣ ਦੀ ਲੜਾਈ ਲੜਦਿਆਂ ਹੋਰ ਦਸਤਾਰਧਾਰੀ ਸਿੱਖਾਂ ਲਈ ਨੈਸ਼ਨਲ ਪੁਲਿਸ ਵਿਚ ਵਿੱਚ ਕਰਨ ਦਾ ਰਾਹ ਪੱਧਰਾ ਕੀਤਾ ਸੀ। 35 ਸਾਲਾਂ ਤੋਂ ਸਰੀ ਦਾ ਵਸਨੀਕ, ਉਹ ਇੱਕ ਯੂਥ ਕਾਉਂਸਲਰ ਵਜੋਂ ਵਲੰਟੀਅਰ ਰਹੇ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨਾਲ ਸਰਗਰਮ ਰਹੇ । ਉਹ 2019 ਤੋਂ ਬੀ ਸੀ ਦੀ ਐਂਟੀ-ਗੈਂਗ ਏਜੰਸੀ ਬ੍ਰਿਟਿਸ਼ ਕੋਲੰਬੀਆ ਦੀ ਸੰਯੁਕਤ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਨਾਲ ਵੀ ਕੰਮ ਕਰ ਚੁੱਕੇ ਹਨ।
ਆਪਣੀ ਨਾਮਜ਼ਦਗੀ ਉਪਰੰਤ ਬਲਤੇਜ ਢਿੱਲੋਂ ਨੇ ਕਿਹਾ ਕਿ “ਸਾਨੂੰ ਇੱਕ ਅਜਿਹੀ ਸਰਕਾਰ ਦੀ ਲੋੜ ਹੈ ਜੋ ਸੰਗਠਿਤ ਅਪਰਾਧ ਨਾਲ ਲੜਨ, ਗੈਂਗ ਹਿੰਸਾ ਨੂੰ ਖਤਮ ਕਰਕੇ, ਅਤੇ ਨੌਜਵਾਨਾਂ ਨੂੰ ਅਪਰਾਧ ਤੋਂ ਦੂਰ ਰੱਖ ਕੇ ਰੋਜ਼ਾਨਾ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰੇ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਸਹੀ ਰਸਤੇ ‘ਤੇ ਸ਼ੁਰੂ ਕਰ ਸਕਣ। ਬੀ ਸੀ ਐਨਡੀਪੀ ਇਕ ਅਜਿਹੀ ਪਾਰਟੀ ਹੈ ਜੋ ਸੂਬੇ ਦੇ ਸਰਬਪੱਖੀ ਵਿਕਾਸ ਦੇ ਨਾਲ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਦੇ ਨਾਲ ਲੋਕਾਂ ਵਾਸਤੇ ਕੰਮ ਕਰਨ ਲਈ ਪ੍ਰਤੀਬੱਧ ਹੈ।
ਜ਼ਿਕਰਯੋਗ ਹੈ ਕਿ ਸਰੀ ਸਰਪੇਂਟਾਈਨ ਹਲਕੇ ਤੋਂ ਬੀ ਸੀ ਯੁਨਾਈਟਡ ਵਲੋਂ ਪੁਨੀਤ ਸੰਧਰ ਉਮੀਦਵਾਰ ਹਨ।