Headlines

ਗਜ਼ਲ ਮੰਚ ਸਰੀ ਵੱਲੋਂ ਪੰਜਾਬੀ ਸ਼ਾਇਰ ਰਾਜਦੀਪ ਤੂਰ ਨਾਲ ਵਿਸ਼ੇਸ਼ ਮਿਲਣੀ

ਸਰੀ, 10 ਜੂਨ (ਹਰਦਮ ਮਾਨ)-ਬੀਤੇ ਦਿਨ ਗ਼ਜ਼ਲ ਮੰਚ ਸਰੀ ਵੱਲੋਂ ਜਗਰਾਉਂ (ਪੰਜਾਬ) ਤੋਂ ਆਏ ਸ਼ਾਇਰ ਰਾਜਦੀਪ ਤੂਰ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਮੰਚ ਦੇ ਸਕੱਤਰ ਦਵਿੰਦਰ ਗੌਤਮ ਨੇ ਮੰਚ ਵੱਲੋਂ ਰਾਜਦੀਪ ਤੂਰ ਦਾ ਸਵਾਗਤ ਕੀਤਾ ਅਤੇ ਉਸ ਬਾਰੇ ਸੰਖੇਪ ਜਾਣਕਾਰੀ ਮੰਚ ਦੇ ਦੋਸਤਾਂ ਨਾਲ ਸਾਂਝੀ ਕੀਤੀ। ਦਵਿੰਦਰ ਨੇ ਦੱਸਿਆ ਕਿ ਰਾਜਦੀਪ ਤੂਰ ਪੰਜਾਬੀ ਦਾ ਪਿਆਰਾ ਸ਼ਾਇਰ ਹੈ। ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਵੱਦੀ ਕਲਾਂ ਦੇ ਜੰਮਪਲ ਰਾਜਦੀਪ ਤੂਰ ਨੂੰ ਲਿਖਣ ਦੀ ਚੇਟਕ ਆਪਣੇ ਪਿਤਾ ਤੋਂ ਲੱਗੀ। ਉਸ ਦੇ ਪਿਤਾ ਸਵ. ਰਾਜਿੰਦਰ ਸਿੰਘ ਰਾਜ਼ ਸਵੱਦੀ ਆਪਣੇ ਸਮੇਂ ਦੇ ਵਧੀਆ ਕਹਾਣੀ ਲੇਖਕ ਸਨ ।

 ਰਾਜਦੀਪ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਹੈ। ਉਸ ਦੀਆਂ ਗ਼ਜ਼ਲਾਂ ਸ਼ਾਇਰ ਦੀ ਸਮਾਜਿਕ ਚੇਤਨਤਾ ਨੂੰ ਬਾਖੂਬੀ ਦਰਸਾਉਂਦੀਆਂ ਹਨ। ਉਦਾਸੀ ਅਤੇ ਨਿਰਾਸ਼ਾ ਨੂੰ ਉਸਾਰੂ ਰੂਪ ਵਿੱਚ ਪ੍ਰਗਟ ਕਰ ਕੇ ਜ਼ਿੰਦਗੀ ਨੂੰ ਸਮਝਣ ਅਤੇ ਮਾਨਣ ਦਾ ਸੁਨੇਹਾ ਉਹ ਆਪਣੀ ਸ਼ਾਇਰੀ ਰਾਹੀਂ ਦਿੰਦਾ ਹੈ।

ਰਾਜਦੀਪ ਤੂਰ ਨੇ ਆਪਣੇ ਸਾਹਿਤਿਕ ਸਫ਼ਰ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਉਸ ਦਾ ਇੱਕ ਗਜ਼ਲ ਸੰਗ੍ਰਹਿ ‘ਰੂਹ ਵੇਲਾ’ ਪ੍ਰਕਾਸ਼ਿਤ ਹੋ ਚੁੱਕਿਆ ਹੈ। ਇਹ ਗਜ਼ਲ ਸੰਗ੍ਰਹਿ ਸ਼ਾਹਮੁਖੀ ਵਿੱਚ ਵੀ ਛਪ ਚੁੱਕਿਆ ਹੈ। ਇਸ ਤੋਂ ਇਲਾਵਾ ਕਈ ਸਾਂਝੀਆਂ ਕਾਵਿ-ਪੁਸਤਕਾਂ ਵਿਚ ਵੀ ਉਸ ਦੀਆਂ ਰਚਨਾਵਾਂ ਸ਼ਾਮਲ ਹਨ। ਪੰਜਾਬ ਅਤੇ ਵਿਸ਼ੇਸ਼ ਕਰਕੇ ਲੁਧਿਆਣਾ ਦੀਆਂ ਸਾਹਿਤਿਕ ਸਰਗਰਮੀਆਂ ਬਾਰੇ ਵੀ ਉਸ ਨੇ ਖੁੱਲ੍ਹ ਕੇ ਗੱਲਬਾਤ ਕੀਤੀ। ਪੰਜਾਬ ਵਿਚਲੀਆਂ ਸਾਹਿਤ ਸਭਾਵਾਂ ਅਤੇ ਕਨੇਡੀਅਨ ਸਾਹਿਤ ਸਰਗਰਮੀਆਂ ਬਾਰੇ ਵੀ ਗੱਲਬਾਤ ਹੋਈ। ਰਾਜਦੀਪ ਨੇ ਦੱਸਿਆ ਕਿ ਪੰਜਾਬ ਦੇ ਸਾਹਿਤਿਕ ਹਲਕਿਆਂ ਵਿੱਚ ਗ਼ਜ਼ਲ ਮੰਚ ਸਰੀ ਦੀ ਗੂੜ੍ਹੀ ਪਛਾਣ ਬਣ ਚੁੱਕੀ ਹੈ ਅਤੇ ਵਿਸ਼ੇਸ਼ ਕਰਕੇ ਪੰਜਾਬੀ ਗ਼ਜ਼ਲਗੋ ਇਸ ਸੰਸਥਾ ਦੀਆਂ ਸਰਗਰਮੀਆਂ ਅਤੇ ਇਸ ਦੇ ਸ਼ਾਇਰਾਂ ਤੋਂ ਬੇਹੱਦ ਪ੍ਰਭਾਵਿਤ ਹੋ ਰਹੇ ਹਨ। ਇਸ ਮੌਕੇ ਉਸ ਨੇ ਆਪਣੀਆਂ ਕੁਝ ਗਜ਼ਲਾਂ ਮੰਚ ਦੇ ਸ਼ਾਇਰਾਂ ਨਾਲ ਸਾਂਝੀਆਂ ਕੀਤੀਆਂ।
ਰਾਜਦੀਪ ਨੇ ਆਪਣੇ ਸਵਰਗੀ ਪਿਤਾ ਰਾਜਿੰਦਰ ਰਾਜ਼ ਸਵੱਦੀ ਦੇ ਕਹਾਣੀ ਸੰਗ੍ਰਹਿ ‘ਜ਼ਿੰਦਗੀ ਵਿਕਦੀ ਨਹੀਂ’ ਨੂੰ ਮੁੜ ਪ੍ਰਕਾਸ਼ਿਤ ਕਰਨ ਬਾਰੇ ਵੀ ਗੱਲਬਾਤ ਸਾਂਝੀ ਕੀਤੀ ਅਤੇ ਇਸ ਮੌਕੇ ਇਹ ਕਿਤਾਬ ਗਜ਼ਲ ਮੰਚ ਦੇ ਮੈਂਬਰਾਂ ਵੱਲੋਂ ਰਿਲੀਜ਼ ਕੀਤੀ ਗਈ। ਇਸੇ ਤਰ੍ਹਾਂ ਮੰਚ ਦੇ ਮੈਂਬਰਾਂ ਕੋਲ ਪਹੁੰਚੀ ਸੁਰਿੰਦਰਪ੍ਰੀਤ ਘਣੀਆ ਬਾਰੇ ਪ੍ਰਕਾਸ਼ਿਤ ਪੁਸਤਕ ‘ਸੁਰਿੰਦਰਪ੍ਰੀਤ ਘਣੀਆ ਦੀ ਗਜ਼ਲ ਚੇਤਨਾ’ ਵੀ ਮੰਚ ਵੱਲੋਂ ਰਿਲੀਜ਼ ਕੀਤੀ ਗਈ। ਇਸ ਸਾਹਿਤਿਕ ਇਕੱਤਰਤਾ ਦੌਰਾਨ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਕ੍ਰਿਸ਼ਨ ਭਨੋਟ, ਹਰਦਮ ਸਿੰਘ ਮਾਨ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ ਫਿਰੋਜ਼, ਗੁਰਮੀਤ ਸਿੱਧੂ ਅਤੇ ਬਿੰਦੂ ਮਠਾੜੂ ਮੌਜੂਦ ਸਨ।

Leave a Reply

Your email address will not be published. Required fields are marked *