Headlines

ਟੋਰਾਂਟੋ ਕਬੱਡੀ ਸੀਜ਼ਨ 2024- ਓਂਟਾਰੀਓ ਕਬੱਡੀ ਕਲੱਬ ਨੇ ਖਿਤਾਬੀ ਜਿੱਤ ਨਾਲ ਕੀਤੀ ਸ਼ਾਨਦਾਰ ਵਾਪਸੀ

ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਕਰਵਾਇਆ ਸ਼ਾਨਦਾਰ ਕੱਪ-
ਰਵੀ ਦਿਉਰਾ ਤੇ ਵਾਹਿਗੁਰੂ ਸੀਚੇਵਾਲ ਬਣੇ ਸਰਵੋਤਮ ਖਿਡਾਰੀ-

ਟੋਰਾਂਟੋ ( ਡਾ ਸੁਖਦਰਸ਼ਨ ਸਿੰਘ ਚਹਿਲ)-ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਟੋਰਾਂਟੋ ਕਬੱਡੀ ਸੀਜ਼ਨ-2024 ਦਾ ਦੂਸਰਾ ਕਬੱਡੀ ਕੱਪ ਪਿਛਲੇ ਵਰੇ੍ਹ ਦੀ ਓਵਰਆਲ ਚੈਂਪੀਅਨ ਓਂਟਾਰੀਓ ਕਬੱਡੀ ਕਲੱਬ (ਓ.ਕੇ.ਸੀ.) ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਜਦੋਂਕਿ ਗ੍ਰੇਟਰ ਟੋਰਾਂਟੋ ਏਰੀਆ ਕਬੱਡੀ ਕਲੱਬ (ਜੀਟੀਏ) ਦੀ ਟੀਮ ਉਪ ਜੇਤੂ ਰਹੀ। ਇੱਕ ਵਾਰ ਫਿਰ ਜੇਤੂ ਟੀਮ ਦਾ ਖਿਡਾਰੀ ਤੇ ਹਰਿਆਣਵੀ ਛੋਹਰਾ ਰਵੀ ਦਿਉਰਾ ਸਰਵੋਤਮ ਧਾਵੀ ਬਣਿਆ ਅਤੇ ਇਸ ਸੀਜ਼ਨ ’ਚ ਪਹਿਲੀ ਵਾਰ ਵਾਹਿਗਰੂ ਸੀਚੇਵਾਲ ਬਿਹਤਰੀਨ ਜਾਫੀ ਬਣਿਆ। ਜੂਨੀਅਰ ਟੀਮਾਂ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗੱਭਰੇਟ ਲਗਾਤਾਰ ਦੂਸਰੀ ਵਾਰ ਅੱਵਲ ਰਹੇ। ਇੰਦਰਜੀਤ ਧੁੱਗਾ, ਹਰਵਿੰਦਰ ਬਾਸੀ, ਪ੍ਰਧਾਨ ਮਿੱਠੂ, ਸੁੱਖਾ ਬਾਸੀ, ਰਣਧੀਰ ਸੰਧੂ ਤੇ ਮਨਜੀਤ ਘੋਤੜਾ ਹੋਰਾਂ ਦੀ ਅਗਵਾਈ ’ਚ ਕਰਵਾਏ ਗਏ ਇਸ ਕੱਪ ਦੀ ਜੇਤੂ ਟੀਮ ਨੂੰ ਸਾਬਕਾ ਐਮ.ਪੀ. ਰਾਜ ਗਰੇਵਾਲ ਵੱਲੋਂ ਅਤੇ ਉੱਪ ਜੇਤੂ ਟੀਮ ਨੂੰ ਸੇਫੈਕਸ ਟਰਾਂਸਪੋਰਟ ਦੇ ਮਾਲਕ ਰਮਿੰਦਰਜੀਤ ਸਿੰਘ ਤੇ ਅਮਨਦੀਪ ਸਿੰਘ ਵੱਲੋਂ ਦਿੱਤਾ ਗਿਆ। ਹਜ਼ਾਰਾਂ ਦਰਸ਼ਕਾਂ ਨੇ ਖੁਸ਼ਗਵਾਰ ਮੌਸਮ ’ਚ ਅਨੰਦ ਮਾਣਿਆ। ਇਸ ਮੌਕੇ ਪਿਛਲੇ ਦਿਨੀ ਸਦੀਵੀ ਵਿਛੋੜਾ ਦੇਣ ਵਾਲੇ ਨਾਮਵਰ ਕਬੱਡੀ ਖਿਡਾਰੀ ਨਿਰਭੈ ਹਠੂਰ ਤੇ ਪਰਮਜੀਤ ਸਿੰਘ ਪੰਮਾ ਸੋਹਾਣਾ ਨੂੰ ਪ੍ਰਬੰਧਕਾਂ, ਖਿਡਾਰੀਆਂ ਤੇ ਦਰਸ਼ਕਾਂ ਨੇ ਮੋਨ ਧਾਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਪ੍ਰਬੰਧਕੀ ਟੀਮ:- ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਸੰਚਾਲਕ ਇੰਦਰਜੀਤ ਧੁੱਗਾ, ਹਰਿਵੰਦਰ ਬਾਸੀ, ਮਿੱਠੂ ਪ੍ਰਧਾਨ, ਰਣਧੀਰ ਸੰਧੂ ਮਾਣੂਕੇ, ਮਨਜੀਤ ਘੋਤੜਾ, ਸੁੱਖਾ ਬਾਸੀ, ਜਸ ਸੋਹਲ, ਕੁਲਵਰਨ ਧੁੱਗਾ, ਵੀਰਪਾਲ ਧੁੱਗਾ, ਮਹਾਂਵੀਰ ਗਰੇਵਾਲ, ਮਿੱਠੂ ਪ੍ਰਧਾਨ, ਸੁੱਖਾ ਢੇਸੀ, ਬਲਵਿੰਦਰ ਧਾਲੀਵਾਲ, ਪੁਸ਼ਵਿੰਦਰ ਘੋਤੜਾ, ਚਮਕੌਰ ਬਰਾੜ, ਉਸਾਮਾ, ਰੂਬਨ ਚਾਹਲ, ਸ਼ਿੰਦਰ ਧਾਲੀਵਾਲ, ਜੋਗਿੰਦਰ ਬਾਜਵਾ, ਗੁਰਿੰਦਰ ਭੁੱਲਰ, ਅਮਰਜੀਤ ਗੋਰਾਇਆ,  ਰੇਸ਼ਮ ਰਾਜਸਥਾਨੀ, ਰਾਜਵਿੰਦਰ ਗਿੱਲ, ਹਰਦਿਆਲ ਭੁੱਲਰ, ਪਰiੰਦਰ ਜੌਹਲ, ਅਵਤਾਰ ਸਮਰਾ, ਬਲਜੀਤ ਚੌਹਾਨ, ਸੁਖਵਿੰਦਰਪਾਲ ਰਾਏ, ਕਰਨ ਘੁਮਾਣ,ਜਗਦੀਪ ਰਿਆੜ, ਸੁੱਖ ਤਾਤਲਾ, ਹਰਭਜਨ ਘੋਤਰਾ, ਹਰਨੇਕ ਚਾਹਲ, ਐਂਡੀ ਗਰੇਵਾਲ, ਜਰਨੈਲ ਤੂਰ, ਲਖਵੀਰ ਢੇਸੀ, ਮਨਜੀਤ ਪੰਡੋਰੀ, ਜੋਰਾ ਸਿੰਘ ਪੁੱਤਰ ਗੰਗਾ ਸਿੰਘ, ਲੱਖਾ ਢੀਂਡਸਾ, ਗੁਰਮੇਲ ਕੂਨਰ, ਤੇਜੀ ਦਿਉਲ, ਤੀਰਥ ਸਿੰਘ ਤੇ ਰਾਣਾ ਗਿੱਲ ਹੋਰਾਂ ਵੱਲੋਂ ਸਖਤ ਮਿਹਨਤ ਨਾਲ ਕਰਵਾਇਆ ਗਿਆ।

ਮਹਿਮਾਨ-ਸਨਮਾਨ:- ਇਸ ਕੱਪ ਦੌਰਾਨ ਬਹੁਤ ਸਾਰੀਆਂ ਰਾਜਨੀਤਿਕ, ਸਮਾਜਿਕ ਤੇ ਖੇਡਾਂ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਜਿੰਨਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੀਸੀ ਕਬੱਡੀ ਫੈਡਰੇਸ਼ਨ ਤੋਂ ਬੱਬਲ ਸੰਗਰੂਰ, ਬਲਰਾਜ ਸੰਘਾ, ਵੈਨਕੂਵਰ ਤੋਂ ਗਿਆਨ ਬਿਨਿੰਗ, ਸਾਬਕਾ ਕਬੱਡੀ ਖਿਡਾਰੀ ਕਿੰਦਾ ਬਿਹਾਰੀਪੁਰ, ਸੰਦੀਪ ਲੱਲੀਆਂ, ਕੀਪਾ ਟਾਂਡਾ, ਦਿਲਮੇਘ ਸਿੰਘ ਖੱਟੜਾ ਆਦਿ ਪੁੱਜੇ।

ਕਬੱਡੀ ਮੁਕਾਬਲੇ:- ਇਸ ਕੱਪ ਦੇ ਪਹਿਲੇ ਮੈਚ ’ਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਫਸਵੇਂ ਮੁਕਾਬਲੇ ’ਚ ਟੋਰਾਂਟੋ ਪੰਜਾਬੀ ਕਬੱਡੀ ਕਲੱਬ ਨੂੰ 38-35.5 ਅੰਕਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਧਾਵੀ ਸੁਲਤਾਨ ਸਮਸਪੁਰ, ਗੁਰਵਿੰਦਰ ਖੂੰਨਣ, ਪਾਲੀ ਫਤਹਿਗੜ੍ਹ ਛੰਨਾ ਤੇ ਸੰਦੀਪ ਲੁੱਧਰ, ਜਾਫੀ ਅੰਮ੍ਰਿਤ ਛੰਨਾ ਨੇ ਵਧੀਆ ਪ੍ਰਦਰਸ਼ਨ ਕੀਤਾ। ਟੋਰਾਂਟੋ ਪੰਜਾਬੀ ਕਲੱਬ ਲਈ ਧਾਵੀ ਜਸਮਨਪ੍ਰੀਤ ਰਾਜੂ, ਮੰਨਾ ਬੱਲ ਨੌ ਨੇ ਤੇ ਕਮਲ ਨਵਾਂ ਪਿੰਡ, ਜਾਫੀ ਮਨੀ ਮੱਲੀਆਂ ਨੇ ਜੁਝਾਰੂ ਖੇਡ ਦਿਖਾਈ। ਦੂਸਰੇ ਮੈਚ ’ਚ ਓ.ਕੇ.ਸੀ. ਕਲੱਬ ਨੇ ਜੀ.ਟੀ.ਏ. ਕਲੱਬ ਨੂੰ 43-26.5 ਅੰਕਾਂ ਨਾਲ ਪਛਾੜਕੇ, ਆਖਰੀ ਚਾਰ ’ਚ ਥਾਂ ਬਣਾਈ। ਜੇਤੂ ਟੀਮ ਲਈ ਧਾਵੀ ਸਾਜੀ ਸ਼ੱਕਰਪੁਰ ਤੇ ਰਵੀ ਦਿਉਰਾ, ਬਨੀ ਸਮਾਣਾ, ਬਾਗੀ ਪਰਮਜੀਤਪੁਰ ਤੇ ਕਰਨ ਦਿਆਲਪੁਰਾ, ਜਾਫੀ ਵਾਹਿਗੁਰੂ ਸੀਚੇਵਾਲ, ਪਾਲਾ ਜਲਾਲਪੁਰ ਤੇ ਸ਼ਰਨਾ ਡੱਗੋਰੋਮਾਣਾ ਨੇ ਧਾਕੜ ਕਾਰਗੁਜ਼ਾਰੀ ਦਿਖਾਈ। ਜੀ ਟੀ ਏ ਵੱਲੋਂ ਧਾਵੀ ਗੱਜਣ ਡੇਰਾ ਬਾਬਾ ਨਾਨਕ ਤੇ ਜਾਫੀ ਅੰਮ੍ਰਿਤ ਔਲਖ ਨੇ ਹੀ ਜੁਝਾਰੂ ਖੇਡ ਦਿਖਾਈ। ਤੀਸਰੇ ਕਾਂਟੇਦਾਰ ਮੈਚ ’ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਨੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੂੰ 39.5-36 ਅੰਕਾਂ ਨਾਲ ਹਰਾਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਜੇਤੂ ਟੀਮ ਲਈ ਧਾਵੀਬੰਟੀ ਟਿੱਬਾ, ਭੂਰੀ ਛੰਨਾ ਤੇ ਹਰਮਨ ਬੁਲਟ, ਜਾਫੀ ਸ਼ੀਲੂ ਬਾਹੂ ਅਕਬਰਪੁਰ ਤੇ ਅਰਸ਼ ਬਰਸਾਲਪੁਰ ਨੇ ਧਾਕੜ ਪ੍ਰਦਰਸ਼ਨ ਕੀਤਾ। ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਧਾਵੀ ਜਸਮਨਪ੍ਰੀਤ ਰਾਜੂ, ਸ਼ੰਕਰ ਸੰਧਵਾਂ, ਗੁਰਪ੍ਰੀਤ ਬੁਰਜ ਹਰੀ ਤੇ ਮੰਨਾ ਬੱਲ ਨੌ, ਜਾਫੀ ਅਰਸ਼ ਚੋਹਲਾ ਸਾਹਿਬ ਤੇ ਕੁਲਬੀਰ ਜਟਾਣਾ ਨੇ ਸੰਘਰਸ਼ਮਈ ਖੇਡ ਦਿਖਾਈ। ਚੌਥੇ ਮੈਚ ’ਚ ਬੇਹੱਦ ਰੋਚਕ ਮੁਕਾਬਲੇ ’ਚ ਜੀਟੀਏ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ 37-35.5 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਕਾਲਾ ਧਨੌਲਾ, ਮਨ ਸਿੰਘ ਦਿੜਬਾ, ਭੂਰੀ ਬੂਰੇ ਨੰਗਲ ਤੇ ਗੱਜਣ ਡੇਰਾ ਬਾਬਾ ਨਾਨਕ, ਜਾਫੀ ਅੰਮ੍ਰਿਤ ਔਲਖ ਤੇ ਇੰਦਰਜੀਤ ਕਲਸੀਆ ਨੇ ਧਾਕੜ ਪ੍ਰਦਰਸ਼ਨ ਕੀਤਾ। ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਲਈ ਧਾਵੀ ਰਵੀ ਕੈਸਰਮ ਤੇ ਹੀਰਾ ਬੱਟ, ਜਾਫੀ ਮੋਹਿਤ ਢੀਂਗ ਨੇ ਜੁਝਾਰੂ ਖੇਡ ਦਿਖਾਈ।
ਪਹਿਲੇ ਸੈਮੀਫਾਈਨਲ ’ਚ ਓ.ਕੇ.ਸੀ. ਦੀ ਟੀਮ ਨੇ ਪਿਛਲੇ ਕੱਪ ਦੀ ਜੇਤੂ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੂੰ 42-37.5 ਅੰਕਾਂ ਨਾਲ ਹਰਾਕੇ, ਲਗਾਤਾਰ ਦੂਸਰੀ ਵਾਰ ਫਾਈਨਲ ’ਚ ਪ੍ਰਵੇਸ਼ ਕੀਤਾ। ਜੇਤੂ ਟੀਮ ਲਈ ਧਾਵੀ ਰਵੀ ਦਿਉਰਾ ਤੇ ਸਾਜੀ ਸ਼ੱਕਰਪੁਰ, ਜਾਫੀ ਵਾਹਿਗੁਰੂ ਸੀਚੇਵਾਲ, ਪਾਲਾ ਜਲਾਲਪੁਰ ਤੇ ਪਿੰਦੂ ਸੀਚੇਵਾਲ ਨੇ ਧੜੱਲੇਦਾਰ ਖੇਡ ਦਿਖਾਈ। ਯੂਨਾਈਟਡ ਬਰੈਂਪਟਨ ਦੀ ਟੀਮ ਵੱਲੋਂ ਧਾਵੀ ਬੰਟੀ ਟਿੱਬਾ, ਭੂਰੀ ਛੰਨਾ ਤੇ ਹਰਮਨ ਬੁਲਟ, ਜਾਫੀ ਸ਼ੀਲੂ ਬਾਹੂ ਅਕਰਬਪੁਰ ਨੇ ਆਪਣੀ ਟੀਮ ਨੂੰ ਮੈਚ ’ਚ ਬਣਾ ਕੇ ਰੱਖਿਆ। ਦੂਸਰੇ ਸੈਮੀਫਾਈਨਲ ’ਚ ਜੀ.ਟੀ.ਏ. ਕਲੱਬ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ ਦਿਲਕਸ਼ ਮੈਚ ’ਚ 40-37.5 ਅੰਕਾਂ ਨਾਲ ਹਰਾਕੇ, ਫਾਈਨਲ ’ਚ ਪ੍ਰਵੇਸ਼ ਕੀਤਾ। ਜੇਤੂ ਟੀਮ ਲਈ ਧਾਵੀ ਕਾਲਾ ਧਨੌਲਾ, ਭੂਰੀ ਬੂਰੇ ਨੰਗਲ ਤੇ ਮਨ ਸਿੰਘ ਦਿੜਬਾ, ਜਾਫੀ ਅੰਮ੍ਰਿਤ ਔਲਖ ਨੇ ਸ਼ਾਨਦਾਰ ਖੇਡ ਦਿਖਾਈ। ਮੈਟਰੋ ਦੀ ਟੀਮ ਲਈ ਧਾਵੀ ਸੁਲਤਾਨ ਸਮਸਪੁਰ ਤੇ ਸੁਲਤਾਨ ਸਮਸਪੁਰ, ਜਾਫੀ ਯਾਦੀ ਛੰਨਾ ਤੇ ਅੰਮ੍ਰਿਤ ਛੰਨਾ ਨੇ ਸੰਘਰਸ਼ ਕੀਤਾ। ਖਿਤਾਬੀ ਮੁਕਾਬਲੇ ’ਚ ਓ.ਕੇ.ਸੀ. ਕਲੱਬ ਦੀ ਟੀਮ ਨੇ ਜੀ.ਟੀ.ਏ. ਕਲੱਬ ਦੀ ਟੀਮ ਨੂੰ 49-37.5 ਅੰਕਾਂ ਨਾਲ ਹਰਾਕੇ, ਚੈਪੀਅਨ ਬਣਨ ਦਾ ਮਾਣ ਹਾਸਲ ਕੀਤਾ। ਜੇਤੂ ਟੀਮ ਲਈ ਧਾਵੀ ਰਵੀ ਦਿਉਰਾ, ਸਾਜੀ ਸ਼ੱਕਰਪੁਰ ਤੇ ਕਰਨ ਦਿਆਲਪੁਰਾ, ਜਾਫੀ ਵਾਹਿਗੁਰੂ ਸੀਚੇਵਾਲ, ਪਾਲਾ ਜਲਾਲਪੁਰ, ਸ਼ਰਨਾ ਡੱਗੋਰੋਮਾਣਾ, ਪਿੰਦੂ ਪੰਡੋਰੀ ਤੇ ਪਿੰਦੂ ਸੀਚੇਵਾਲ ਨੇ ਆਪਣੀ ਟੀਮ ਨੂੰ ਚੈਪੀਅਨ ਬਣਾਉਣ ’ਚ ਵੱਡਾ ਰੋਲ ਨਿਭਾਇਆ। ਜੀ ਟੀ ਏ ਦੀ ਟੀਮ ਲਈ ਧਾਵੀ ਗੱਜਣ ਡੇਰਾ ਬਾਬਾ ਨਾਨਕ ਤੇ ਮਨ ਸਿੰਘ ਦਿੜਬਾ, ਜਾਫੀ ਅੰਮ੍ਰਿਤ ਔਲਖ, ਸੱਤੂ ਖਡੂਰ ਸਾਹਿਬ ਤੇ ਇੰਦਰਜੀਤ ਕਲਸੀਆ ਨੇ ਸੰਘਰਸ਼ਮਈ ਖੇਡ ਦਿਖਾਈ।

ਸੰਚਾਲਕ ਦਲ:- ਇਸ ਟੂਰਨਾਮੈਂਟ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਬਲਵੀਰ ਨਿੱਝਰ, ਸਵਰਨਾ ਵੈਲੀ, ਬਿੰਨਾ ਮਲਿਕ, ਨੀਟੂ ਸਰਾਏ ਤੇ ਸਾਬੀ ਨੇ ਕੀਤਾ। ਟੀਵੀ ਅੰਪਾਇਰਾਂ ਦੀ ਜਿੰਮੇਵਾਰੀ ਸਾਬਕਾ ਖਿਡਾਰੀ ਬੀਰਾ ਸਿੱਧਵਾਂ ਤੇ ਅਜਮੇਰ ਜਲਾਲ, ਟਾਈਮਕੀਪਰ ਦੀ ਭੂਮਿਕਾ ਕਾਲਾ ਕੰਮੇਆਣਾ ਨੇ ਨਿਭਾਈ। ਪੂਰੇ ਮੈਚਾਂ ਦੇ ਹਰ ਇੱਕ ਅੰਕ ਦਾ ਵੇਰਵਾ ਜਸਵੰਤ ਖੜਗ ਤੇ ਮਨੀ ਖੜਗ ਨੇ ਇਕੱਤਰ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਮੱਖਣ ਅਲੀ, ਇਕਬਾਲ ਗਾਲਿਬ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਆਪਣੀ ਕੁਮੈਂਟਰੀ ਕਲਾ ਰਾਹੀਂ ਮੈਚਾਂ ਨੂੰ ਰੋਚਕ ਬਣਾਕੇ ਪੇਸ਼ ਕੀਤਾ।

ਸਰਵੋਤਮ ਖਿਡਾਰੀ:- ਇਸ ਟੂਰਨਾਮੈਂਟ ਦੌਰਾਨ ਸਰਵੋਤਮ ਖਿਡਾਰੀਆਂ ਦੇ ਖਿਤਾਬ ਵੀ ਚੈਪੀਅਨ ਟੀਮ ਦੇ ਹਿੱਸੇ ਆਏ। ਨਵੇਂ ਨਿਯਮ ਅਨੁਸਾਰ ਸੈਮੀ ਤੇ ਫਾਈਨਲ ਮੈਚਾਂ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ ਚੁਣੇ ਗਏ ਸਰਵੋਤਮ ਖਿਡਾਰੀਆਂ ਤਹਿਤ ਰਵੀ ਦਿਉਰਾ ਨੇ 32 ਧਾਵਿਆਂ ਤੋਂ 28 ਅੰਕ ਹਾਸਲ ਕਰਕੇ, ਬਿਹਤਰੀਨ ਧਾਵੀ ਦਾ ਖਿਤਾਬ ਜਿੱਤਿਆ। ਵਾਹਿਗੁਰੂ ਸੀਚੇਵਾਲ ਨੇ 21 ਕੋਸ਼ਿਸ਼ਾਂ ਤੋਂ 11 ਅੰਕ ਹਾਸਲ ਕਰਕੇ, ਸਰਵੋਤਮ ਜਾਫੀ ਬਣਨ ਦਾ ਐਜਾਜ਼ ਹਾਸਲ ਕੀਤਾ।

ਤਿਰਛੀ ਨਜ਼ਰ:- ਮੇਜ਼ਬਾਨ ਕਲੱਬ ਵੱਲੋਂ ਖੇਡ ਮੈਦਾਨ ’ਚ ਤਸਵੀਰਾਂ ਖਿੱਚਣ ਦੀ ਪ੍ਰੰਪਰਾ ਦੀ ਥਾਂ ਇਸ ਵਾਰ ਖੇਡ ਮੈਦਾਨ ਤੋਂ ਬਾਹਰ ਟੀਮਾਂ ਤੇ ਇਨਾਮ-ਸਨਮਾਨ ਦੀਆਂ ਤਸਵੀਰਾਂ ਖਿੱਚਣ ਦਾ ਸਿਲਸਿਲਾ ਸ਼ੁਰੂ ਕਰਨ ਲਈ ਵਿਸ਼ੇਸ਼ ਮੰਚ ਬਣਾਇਆ ਗਿਆ। ਜਿਸ ਪਿੱਛੇ ਵੱਖ-ਵੱਖ ਸਪਾਂਸਰਜ਼ ਦੇ ਲੋਗੋ ਲਗਾਏ ਗਏ ਸਨ। ਇਹ ਕਦਮ ਸ਼ਲਾਘਾਯੋਗ ਰਿਹਾ। ਵਧੀਆ ਘਾਹਦਾਰ ਮੈਦਾਨ ’ਚ ਖੇਡੇ ਗਏ ਇਸ ਟੂਰਨਾਮੈਂਟ ਦੌਰਾਨ ਸਭ ਤੋਂ ਵੱਡੀ ਖੁਸ਼ਨੁਮਾ ਗੱਲ ਇਹ ਰਹੀ ਕਿ ਖਿਡਾਰੀ ਸੱਟਾਂ-ਫੇਟਾਂ ਤੋਂ ਬਚੇ ਰਹੇ ਦੱਸਣਯੋਗ ਹੈ ਕਿ ਪਹਿਲੇ ਟੂਰਨਾਮੈਂਟ ’ਚ ਅੱਧੀ ਦਰਜ਼ਨ ਦੇ ਕਰੀਬ ਖਿਡਾਰੀ ਜਖਮੀ ਹੋ ਗਏ ਸਨ। ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਦੱਸਿਆ ਕਿ ਇਸ ਕਬੱਡੀ ਸੀਜ਼ਨ ਦੌਰਾਨ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਜਸ ਛੋਕਰ, ਚੇਅਰਮੈਨ ਇੰਦਰਜੀਤ ਧੁੱਗਾ, ਮੀਤ ਪ੍ਰਧਾਨ ਸ਼ੇਰਾ ਮੰਡੇਰ, ਮੇਜਰ ਨੱਤ ਸਕੱਤਰ, ਰਾਣਾ ਸਿੱਧੂ ਖਜ਼ਾਨਚੀ, ਮਲਕੀਤ ਦਿਉਲ ਡਾਇਰੈਕਟਰ, ਸੁੱਖਾ ਰੰਧਾਵਾ ਡਾਇਰੈਕਟਰ ਤੇ ਸਮੂਹ ਮੈਂਬਰ ਸਾਹਿਬਾਨਾਂ ਦੀ ਅਗਵਾਈ ’ਚ ਬਹੁਤ ਸਾਰੇ ਨਵੇਂ ਨਿਯਮ ਬਣਾਏ ਗਏ ਜਿੰਨਾਂ ਨਾਲ ਓਂਟਾਰੀਓ ਦੀ ਕਬੱਡੀ ਦਾ ਮਿਆਰ ਹੋਰ ਉੱਚਾ ਕਰ ਦਿੱਤਾ।

ਵਿਸ਼ੇਸ਼ ਰਿਪੋਰਟ-ਡਾ. ਸੁਖਦਰਸ਼ਨ ਸਿੰਘ ਚਹਿਲ
+919779590575