Headlines

ਗੋਲਡਨ ਟੈਂਪਲ ਤੇ ਘੱਲੂਘਾਰਾ 1984

 ਲੇਖਕ-ਚਰਨਜੀਤ ਸਿੰਘ ਪੰਨੂ ਸਖੀਰਾ ਕੈਲੀਫੋਰਨੀਆ-
‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’, ਅਟੱਲ ਸਚਾਈ ਤੋਂ ਉਪਜਿਆ ਇੱਕ ਆਮ ਸਾਧਾਰਨ ਜਿਹਾ ਅਖਾਣ ਹੈ। ਪੱਛਮ ਵਾਲੇ ਪਾਸਿਉਂ ਭਾਰਤ ਤੇ ਬਹੁਤ ਸਾਰੇ ਹਮਲੇ ਹੋਏ ਤੇ ਸਾਰੇ ਵਿਦੇਸ਼ੀ ਧਾੜਵੀਆਂ ਨੇ ਸਭ ਤੋਂ ਪਹਿਲਾਂ ਆਪਣੀ ਭੁੱਖ ਪੰਜਾਬ ਨੂੰ ਲੁੱਟ ਪੁੱਟ ਕੇ ਲਾਹੀ। ਉਨ੍ਹਾਂ ਦਾ ਪਹਿਲਾ ਸ਼ਿਕਾਰ ਸਿਫਤੀ ਦਾ ਘਰ ਅੰਮ੍ਰਿਤਸਰ ਅਤੇ ਇੱਥੋਂ ਦੇ ਵਸਿੰਦੇ ਹੀ ਬਣਦਾ ਰਿਹਾ। ਸਿੱਖਾਂ ਦੀ ਆਣ ਤੇ ਸ਼ਾਨ ਦਾ ਪ੍ਰਤੀਕ ਸੁਨਹਿਰੀ ਮੰਦਿਰ ਦਰਬਾਰ ਸਾਹਿਬ ਬੜੀ ਵੇਰਾਂ ਬਾਹਰਲੇ ਧਾੜਵੀਆਂ ਦੇ ਹੱਥੋਂ ਢੱਠਿਆ, ਤਬਾਹ ਹੋਇਆ ਤੇ ਲੁੱਟਿਆ ਗਿਆ, ਪਰ ਇਸ ਦੀ ਦਿੱਖ ਹਰ ਵਾਰ ਦੂਣ ਸਵਾਈ ਹੋ ਕੇ ਨਿੱਖਰਦੀ ਰਹੀ। ਦੁਸ਼ਮਣ ਪੱਥਰ ਮਾਰੇ ਤਾਂ ਪੀੜ ਘੱਟ ਮਹਿਸੂਸ ਹੁੰਦੀ ਹੈ ਪਰ ਆਪਣਿਆਂ ਤੋਂ ਫ਼ੁਲ ਵੱਜਣ ਨਾਲ ਹੀ ਪੜ ਪਾਟ ਜਾਂਦੇ ਨੇ, ਧੁਰ ਅੰਦਰ ਤੱਕ ਚੀਸਾਂ ਤਰਾਟਾਂ ਪੈਣ ਲੱਗਦੀਆਂ ਹਨ। ਪਹਿਲੇ ਵਿਦੇਸ਼ੀ ਜਰਵਾਣਿਆਂ ਧਾੜਵੀਆਂ ਦੇ ਹਮਲਿਆਂ ਦਾ ਮੰਤਵ ਭਾਰਤ ਵਰਗੇ ਅਮੀਰ ਦੇਸ਼ ਸੋਨ ਚਿੜੀ ਨੂੰ ਲੁੱਟਣ ਤੋਂ ਇਲਾਵਾ ਕਬਜ਼ਾ ਕਰਨਾ ਵੀ ਸੀ ਪਰ ਇਹ ਹਮਲਾ ਨਿਰੋਲ ਆਪਣੇ ਹੀ ਘਰਦਿਆਂ ਵੱਲੋਂ ਆਪਣੇ ਘਰ ‘ਤੇ ਹੋਇਆ ਵਹਿਸ਼ੀਆਨਾ ਤੇ ਸ਼ਰਮਨਾਕ ਕਾਰਾ ਸੀ ਜਿਸ ਦਾ ਮੂਲ ਮਕਸਦ ਸਿੱਖਾਂ ਦੀ ਪ੍ਰਭੂ ਸੱਤਾ ਅਤੇ ਚੜ੍ਹਦੀ ਕਲਾਂ ਨੂੰ ਵੰਗਾਰਨਾ, ਪਛਾੜਨਾ ਤੇ ਢੇਰੀ ਕਰਨਾ ਸੀ। ਇਸ ਚਵਾਤੀ ਨੇ ਸੰਸਾਰ ਦੇ ਸਾਰੇ ਸਿੱਖ ਹਿਰਦੇ ਵਲੂੰਧਰ ਕੇ ਛਲਨੀ ਛਲਨੀ ਕਰ ਦਿੱਤੇ ਤੇ ਹੱਸਦੇ ਵੱਸਦੇ ਪੰਜਾਬ ਨੂੰ ਲਾਂਬੂ ਲਾ ਦਿੱਤੇ।
ਜੂਨ ਦਾ ਮਹੀਨਾ ਸਿੱਖਾਂ ਵਾਸਤੇ ਗੌਰਵਮਈ ਸ਼ਹਾਦਤ ਤੇ ਕੁਰਬਾਨੀ ਦੇ ਜਜ਼ਬੇ ਦਾ ਪ੍ਰਤੀਕ ਸ਼ਹੀਦੀ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦੀ ਅਦੁੱਤੀ ਤੇ ਬੇ-ਮਸਾਲ ਕੁਰਬਾਨੀ ਨੇ ਮੁਗ਼ਲ ਰਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਸਨ। ਜੂਨ 1984 ਵਿਚ ਵੀ ਸਿੱਖ ਸੰਗਤਾਂ ਪੂਰੇ ਉਤਸ਼ਾਹ ਤੇ ਜਾਹੋ-ਜਲਾਲ ਨਾਲ ਗੁਰੂ ਅਰਜਨ ਦੇਵ ਨੂੰ ਆਪਣੀ ਸ਼ਰਧਾ ਦੇ ਫ਼ੁਲ ਭੇਟ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਲੱਖਾਂ ਦੀ ਗਿਣਤੀ ਵਿਚ ਇਕੱਤਰ ਹੋ ਰਹੀਆਂ ਸਨ। ਪੰਜਾਬੀ ਭਾਈਚਾਰਾ ਹਮੇਸ਼ਾ ਵਾਂਗ ਸਖ਼ਤ ਹਮਲੇ ਗਰਮੀ ਤੋਂ ਤਪਦੇ ਹਿਰਦਿਆਂ ਦੀ ਤਪਸ਼ ਮਿਟਾਉਣ ਖ਼ਾਤਰ ਹਰ ਥਾਂ, ਗਲੀ ਮੁਹੱਲੇ ਹਰ ਵਰਗ ਦੇ ਪਾਂਧੀਆਂ ਲਈ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਰਿਹਾ ਸੀ। ਉਸ ਵੇਲੇ ਭਾਰਤ ਸਰਕਾਰ ਇੱਕ ਸੋਚੀ ਸਮਝੀ ਸਾਜ਼ਿਸ਼ ਅਧੀਨ ਉਨ੍ਹਾਂ ਦੀਆਂ ਮੁਸ਼ਕਾਂ ਬੰਨ੍ਹਣ ਤੇ ਤਹਿਸ਼-ਨਹਿਸ਼ ਕਰਨ ਲਈ ਕਮਰ-ਕੱਸੇ ਕਰ ਰਹੀ ਸੀ। ‘ਉਹ ਫਿਰੇ ਕੰਨ ਵਿਨ੍ਹਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ।’ ਆਪਣੀ ਹੀ ਸਰਕਾਰ ਦੀਆ ਫ਼ੌਜਾਂ ਨੇ ਸ਼ਾਂਤੀ ਦੀਆਂ ਫੁਹਾਰਾਂ ਵੰਡਣ ਵਾਲੇ ਇਸ ਗੁਰੂ-ਦੁਆਰ ਸੁਨਹਿਰੀ ਧਾਮ ਅੰਮ੍ਰਿਤਸਰ ਵੱਲ ਤੋਪਾਂ ਸੇਧ ਦਿੱਤੀਆਂ। ਇਹ ਇੱਕ ਨਾ ਭੁੱਲਣ ਯੋਗ ਕਾਰਾ ‘ਸਾਕਾ ਨੀਲਾ ਤਾਰਾ’ ਸਰਕਾਰ ਵੱਲੋਂ ਸਿੱਖਾਂ ਤੇ ਢਾਹਿਆ ਘੋਰ ਸ਼ਰਮਨਾਕ ਜੁਰਮ ਭਾਰਤ ਸਰਕਾਰ ਦੇ ਮੱਥੇ ਕਾਲਾ ਧੱਬਾ ਲਾ ਕੇ ਕਲੰਕਿਤ ਕਰ ਗਿਆ। ਇਹ ਨਾਸੂਰ ਭਾਰਤ ਸਰਕਾਰ ਦੀਆਂ ਕੀਤੀਆਂ ਵਧੀਕੀਆਂ ਦੇ ਮੂੰਹ ਚਿੜਾਉਂਦੇ ਨਿਸ਼ਾਨ-ਚਿੰਨ੍ਹ, ਪੰਜਾਬ ਦੇ ਬਲਵਾਨ ਪਿੰਡੇ ਉੱਤੇ ਪਈਆਂ ਲਾਸਾਂ ਦੇ ਦਾਗ਼ ਤੇ ਝਰੀਟਾਂ ਕਈ ਸਦੀਆਂ ਤੱਕ ਲਿਸ਼ਕਦੀਆਂ ਤੇ ਰਿਸਦੀਆਂ ਰਹਿਣਗੀਆਂ।
13 ਅਪ੍ਰੈਲ 1978 ਨੂੰ ਸਰਕਾਰ ਦੀ ਸ਼ਹਿ ਤੇ ਨਿਰੰਕਾਰੀਆਂ ਵੱਲੋਂ ਬੀਜਿਆ ਸੇਹ ਦਾ ਤੱਕਲ਼ਾ ਉੱਗ ਕੇ ਹੁਣ ਤੱਕ ਭਰਪੂਰ ਜਵਾਨੀ ਭਰ ਚੁੱਕਾ ਸੀ। ਸਰਕਾਰ ਦੀਆਂ ਮਾਰੂ ਨੀਤੀਆਂ ਸਮਝ ਕੇ ਪੰਜਾਬ ਦੇ ਨੌਜੁਆਨ ਸਰਕਾਰੀ ਬੇਇਨਸਾਫ਼ੀ ਤੇ ਤਸ਼ੱਦਦ ਦਾ ਮੁਕਾਬਲਾ ਕਰਨ ਖ਼ਾਤਰ ਘਰਾਂ ਤੋਂ ਬਾਹਰ ਨਿਕਲ ਤੁਰੇ ਸਨ। ਖਾੜਕੂਆਂ ਦੀਆਂ ਕਈ ਜਥੇਬੰਦੀਆਂ ਪੈਦਾ ਹੋ ਗਈਆਂ। ਸਰਕਾਰ ਵੱਲੋਂ ਪਗੜੀ ਦਾੜ੍ਹੀ ਵਾਲੀਆਂ ਜਵਾਨੀਆਂ ਦੀ ਚੁਣ ਚੁਣ ਕੇ ਧੜ ਪਕੜ ਸ਼ੁਰੂ ਹੋ ਗਈ। ਅੰਮ੍ਰਿਤਸਰ ਸ਼ਹਿਰ ਵੜਦੇ ਨਾਕਿਆਂ ਉੱਤੇ ਹਰ ਗੱਡੀ ਬੱਸ ਦੀਆਂ ਸਵਾਰੀਆਂ ਉਤਾਰ ਲਈਆਂ ਜਾਂਦੀਆਂ ਤੇ ਉਨ੍ਹਾਂ ਨੂੰ ਸੌ ਗਜ ਤੱਕ ਪੈਦਲ ਚੱਲਣ ਲਈ ਕਿਹਾ ਜਾਂਦਾ। ਇੱਕ ਪਾਸੇ ਖ਼ਾਲੀ ਹੋਈ ਬੱਸ ਦੀ ਤਲਾਸ਼ੀ ਸ਼ੁਰੂ ਹੋ ਜਾਂਦੀ ਤੇ ਦੂਜੇ ਪਾਸੇ ਬਾਹਰ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿਚ ਬੈਠੇ ਸਰਕਾਰੀ ਸੂਹੀਏ ਮੁਖ਼ਬਰ ਪੈਦਲ ਚੱਲ ਰਹੀਆਂ ਸਵਾਰੀਆਂ ਦੀ ਘੋਖ ਕਰਦੇ ਸ਼ੱਕੀ ਵਿਅਕਤੀਆਂ ਵੱਲ ਇਸ਼ਾਰਾ ਕਰ ਦਿੰਦੇ। ਇਸ ਤਰ੍ਹਾਂ ਕਈ ਵਿਚਾਰੇ ਬੇਕਸੂਰ ਪੁੱਛ ਪੜਤਾਲ ਦੀ ਛਾਨਣੀ ਚੜ੍ਹ ਜਾਂਦੇ। ਇਸ ਅਣਮਨੁੱਖੀ ਵਿਵਹਾਰ ਤੋਂ ਬੱਚੇ ਬੁੱਢੇ ਤੇ ਬਿਮਾਰਾਂ ਨੂੰ ਵੀ ਨਾ ਬਖ਼ਸ਼ਿਆ ਜਾਂਦਾ। ਸ਼ਰਧਾਲੂਆਂ ਨੂੰ ਤਲਾਸ਼ੀ ਦੇ ਬਹਾਨੇ ਥਾਂ ਥਾਂ ਬੇਪੱਤ ਕਰਦੇ ਅੰਦਰ ਦਰਬਾਰ ਸਾਹਿਬ ਵੱਲ ਜਾਣ ਤੋਂ ਨਿਰਉਤਸ਼ਾਹ ਕੀਤਾ ਗਿਆ ਪਰ ਇਹ ਸਖ਼ਤੀ ਇਨ੍ਹਾਂ ਵਹੀਰਾਂ ਨੂੰ ਨਾ ਰੋਕ ਸਕੀ ਤੇ ਸ਼ਰਧਾਵਾਨ ਲੋਕ ਲੱਖਾਂ ਦੀ ਤਾਦਾਦ ਵਿਚ ਦਰਬਾਰ ਸਾਹਿਬ ਜਮ੍ਹਾ ਹੁੰਦੇ ਗਏ।
ਇਸ ਅੱਤ ਸੰਵੇਦਨਸ਼ੀਲ ਸਮੇਂ ਤੇਜ਼-ਤਰਾਰ, ਤੇਜ਼ ਦਿਮਾਗ਼, ਤੇਜ਼ ਮਿਜ਼ਾਜ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸਾਫ਼ ਸੁਥਰੀ ਸੋਚ ਪੰਜਾਬੀਆਂ ਦੇ ਹੱਕ-ਹਕੂਕਾਂ ਦੀ ਪਹਿਰੇਦਾਰੀ ਕਰ ਰਹੀ ਸੀ। ਸਿੱਖ ਪੰਥ ਦੇ ਹਿਤੈਸ਼ੀ ਤੇ ਵਿਰੋਧੀ ਵੀ ਉਸ ਦੇ ਮੂੰਹ ‘ਚੋਂ ਨਿਕਲਦੀ ਗੱਲ ਬੋਲਣ ਲਈ ਤਿਆਰ ਤਤਪਰ ਉਡੀਕ ਰਹੇ ਸਨ ਕਿ ਪਤਾ ਨਹੀਂ ਕਿਹੜੇ ਵੇਲੇ ਉਸ ਨੇ ਕੀ ਪ੍ਰਵਚਨ ਕਰਨੇ ਹਨ, ਕੀ ਸੰਦੇਸ਼ ਦੇਣੇ ਹਨ ਤੇ ਕੀ ਹੁਕਮ ਕਰ ਕੇ ਹੀ ਹਨੇਰੀ ਲਿਆ ਦੇਣੀ ਹੈ। ਇਨ੍ਹਾਂ ਦਾ ਸਮਾਜ ਦੇ ਹਰ ਖੇਤਰ ਵਿਚ ਬੜਾ ਪ੍ਰਭਾਵ ਪੈਣ ਵਾਲਾ ਸੀ। ਦਿੱਲੀ ਦਾ ਤਖ਼ਤ ਵੀ ਸ਼ੇਰ ਦੀ ਭਬਕ ਵਰਗੇ ਉਸ ਦੇ ਜੈਕਾਰੇ ਨਾਲ ਕੰਬ ਉੱਠਦਾ, ਕੰਧਾਂ ਨਾਲ ਕੰਨ ਲਗਾ ਕੇ ਸੁਣਨ ਦੀ ਕੋਸ਼ਿਸ਼ ਵਿਚ ਹੱਥ ਪੈਰ ਮਾਰ ਰਿਹਾ ਸੀ। ਕੇਂਦਰੀ ਸਰਕਾਰ ਦੇ ਕਈ ਏਲਚੀ, ਸੂਹੀਏ, ਹਰਕਾਰੇ ਸਾਦੇ ਪਹਿਰਾਵੇ ਵਿਚ ਅੰਮ੍ਰਿਤਸਰ ਦੀਆਂ ਗਲੀਆਂ ਵਿਚੋਂ ਉਸ ਦੇ ਸਾਹਾਂ ਦੀ ਵੌੜ ਲੈਂਦੇ ਇਕ ਇਕ ਮਿੰਟ ਦੀ ਖ਼ਬਰ ਦਿੱਲੀ ਤੱਕ ਪਹੁੰਚਾ ਰਹੇ ਸਨ।
ਉਸ ਨੂੰ ਮਨਾਉਣ ਦੇ, ਪ੍ਰਚਾਉਣ ਦੇ ਜਾਂ ਵਰਚਾਉਣ ਦੇ ਹਰ ਹਰਬੇ ਭਾਰਤ ਸਰਕਾਰ ਨੇ ਵਰਤੇ ਪਰ ਇਹ ਕਾਮਯਾਬ ਨਾ ਹੋਏ। ਗਿਆਨੀ ਜੈਲ ਸਿੰਘ ਨੇ ਵੀ ਆਪਣੀ ਦੋਸਤੀ ਦੀ ਸੁਹਿਰਦਤਾ ਦਾ ਵਾਸਤਾ ਪਾ ਕੇ ਉਨ੍ਹਾਂ ਨੂੰ ਇਸ ਰਸਤੇ ‘ਚੋਂ ਮੋੜਨ ਦੀ ਬੇਨਤੀ ਕੀਤੀ। ਸੰਤਾਂ ਨੂੰ ਇਹ ਵੀ ਲਾਲਚ ਦਿੱਤਾ ਗਿਆ ਕਿ ਉਹ ਸਾਰੇ ਪੰਥ ਦੀ ਵਾਗਡੋਰ ਸਮੇਤ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਸਾਂਭ ਲਵੇ ਤੇ ਕੇਂਦਰ ਉਸ ਦੀ ਹਰ ਤਰ੍ਹਾਂ ਨਾਲ ਪਿੱਠ ਥਾਪੜੀ ਕਰੇਗਾ। ਕੇਂਦਰ ਦੀਆਂ ਗਿੱਦੜ ਭਬਕੀਆਂ ਤੇ ਲੂੰਬੜ ਚਾਲਾਂ ਦੀ ਵਿਉਂਤਬੰਦੀ ਸੰਤਾਂ ਨੇ ਪੈਰ ਦੇ ਇਕ ਠੁੱਡੇ ਨਾਲ ਠੁਕਰਾ ਦਿੱਤੀ।
 ‘ਮੈਂ ਆਪਣੇ ਵਾਸਤੇ ਨਹੀਂ, ਮੈਂ ਸਮੁੱਚੀ ਸਿੱਖ ਕੌਮ ਵਾਸਤੇ ਆਪਣੇ ਹੱਕਾਂ ਲਈ ਲੜਾਈ ਦੀ ਤਿਆਰੀ ਕਰ ਰਿਹਾ ਹਾਂ। ਮੈਂ ਤੁਹਾਡੇ ਕੋਲੋਂ ਮੰਗਣਾ ਨਹੀਂ, ਨਾ ਹੀ ਮੈਂ ਮੰਗਦਾ ਹਾਂ, ਪਰ ਇਹ ਯਾਦ ਰੱਖੋ ਆਤਮ-ਨਿਰਭਰਤਾ ਸਵੈ-ਆਜਾਦੀ ਸਿੱਖ ਕੌਮ ਦੀ ਮਾਣ ਤੇ ਸ਼ਾਨ ਬਰਕਰਾਰ ਰੱਖਣਾ ਸਾਡਾ ਹੱਕ ਹੈ, ਤੇ ਅਸਾਂ ਲੈ ਲੈਣਾ ਹੈ। ਸਿੱਖਾਂ ਨੂੰ ਦਬਾਉਣ ਤੇ ਮਤਰੇਈ ਵਾਲਾ ਸਲੂਕ ਸਹਿਣ ਨਹੀਂ ਕੀਤਾ ਜਾਵੇਗਾ। ਜੇ ਕਿਸੇ ਨੇ ਸਾਡੇ ਤੇ ਤਸ਼ੱਦਦ ਜ਼ੁਲਮ ਕੀਤਾ ਜਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਸਮਝੋ ਇਹ ਖ਼ਾਲਿਸਤਾਨ ਦੀ ਨੀਂਹ ਹੋਵੇਗੀ ਤੇ ਇਹ ਸੰਘਰਸ਼ ਖ਼ਾਲਿਸਤਾਨ ਸਥਾਪਤੀ ਵਾਸਤੇ ਚਾਲੂ ਰਹੇਗਾ।’
ਸਰਕਾਰ ਅਕਾਲੀ ਦਲ ਦੀ ਚੜ੍ਹਤ ਵੇਖ ਕੇ ਸੜ ਬਲ਼ ਕੋਇਲਾ ਹੋ ਗਈ। ਸਰਕਾਰ ਦੀ ਸ਼ਹਿ ਤੇ ਦਲ ਖ਼ਾਲਸਾ ਦੀ ਸਥਾਪਨਾ ਤੇ ਫਿਰ ਖ਼ੁਦਮੁਖ਼ਤਾਰ ਸਿੱਖ ਰਾਜ ਦੀ ਸਥਾਪਤੀ ਦੀ ਮੰਗ ਹੋ ਗਈ। ਸੰਤ ਭਿੰਡਰਾਂਵਾਲਾ ਨੂੰ ਵੀ ਉਨ੍ਹਾਂ ਹਲਾਸ਼ੇਰੀ ਦਿੱਤੀ। ਦੋਗਲੀ ਨੀਤੀ ਵਾਲਾ ਜਥੇਦਾਰ ਸੰਤੋਖ ਸਿੰਘ ਇੰਦਰਾ ਗਾਂਧੀ ਨਾਲ ਜਾ ਰਲਿਆ ਤੇ ਉਸ ਦਾ ਏਲਚੀ ਬਣ ਗਿਆ। ਇਹ ਖ਼ਬਰ ਸਿੰਘਾਂ ਤੋਂ ਵੀ ਛੁਪੀ ਨਾ ਰਹੀ ਤੇ ਅਕਾਲ ਤਖ਼ਤ ਵੱਲੋਂ ਉਸ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ। ਉਸ ਨੇ ਆਪਣਾ ਪੱਖ ਰੱਖਣ ਦੀ ਬੇਨਤੀ ਕੀਤੀ ਤੇ 10 ਸਤੰਬਰ 1981 ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਫ਼ੈਸਲਾ ਕਰ ਲਿਆ। 21 ਦਸੰਬਰ 1981 ਨੂੰ ਉਹ ਗੋਲੀ ਦਾ ਨਿਸ਼ਾਨਾ ਬਣ ਗਿਆ ਕਿਉਂਕਿ ਹਾਕਮ ਸ਼੍ਰੇਣੀ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ਸਿੱਖ ਕੌਮ ਨੂੰ ਹੋਰ ਪਾੜਨਾ ਚਾਹੁੰਦੀ ਸੀ।
ਸੰਤ ਭਿੰਡਰਾਂਵਾਲਾ ਦੀ ਹਰਮਨ ਪਿਆਰਤਾ ਨਾਲ ਅਕਾਲੀਆਂ ਦਾ ਇੱਕ ਧੜਾ ਪੂਰੀ ਤਰ੍ਹਾਂ ਘਬਰਾ ਗਿਆ ਸੀ ਤੇ ਆਪਣੇ ਰਾਜ ਭਾਗ ਕੁਰਸੀ ਦੀ ਉਮੀਦ ਹਰ ਚੁੱਕਾ ਸੀ। 1982-1984 ਵਿਚ ਧਰਮ-ਯੁੱਧ ਮੋਰਚੇ ਦੇ ਸੱਤਿਆਗ੍ਰਹਿ ਵਿਚ ਤੀਹ ਹਜ਼ਾਰ ਤੋਂ ਵੱਧ ਸਿੰਘਾਂ ਸਿੰਘਣੀਆਂ ਨੇ ਵਧ ਚੜ੍ਹ ਕੇ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਸ਼ਾਂਤੀਪੂਰਨ ਅੰਦੋਲਨ ਵਿਚ ਸੰਤ ਭਿੰਡਰਾਂ ਵਾਲਾ ਦੀ ਚੜ੍ਹਤ ਨੇ ਅਕਾਲੀਆਂ ਕੋਲੋਂ ਮੋਰਚੇ ਦੀ ਕਮਾਨ ਹਥਿਆ ਲਈ। ਬਾਦਲ, ਬਰਨਾਲਾ, ਬਲਵੰਤ ਸਿੰਘ ਤਿੱਕੜੀ ਨੂੰ ਨਿਹੱਥੇ ਕਰ ਕੇ ਹੱਥਾਂ ਪੈਰਾਂ ਦੀ ਪਾ ਦਿੱਤੀ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਤਕਰੀਰ ਸ਼ਾਂਤਮਈ ਹੁੰਦੀ ਤੇ ਉਹ ਹਿੰਦੂ-ਸਿੱਖ ਏਕੇ ਲਈ ਅਪੀਲ ਕਰਦਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਤਕਰੀਰ ਜੋਸ਼ੀਲੀ ਤੇ ਜੁਝਾਰੂ ਹੁੰਦੀ। ਉਹ ਸਿੱਖਾਂ ਪ੍ਰਤੀ ਪੁਲਿਸ ਵਧੀਕੀ ਦੀ ਖ਼ਬਰ ਸੁਣ ਕੇ ਇਸ ਨੂੰ ‘ਵਿਤਕਰੇ’ ਦੀ ਉਦਾਹਰਨ ਗਰਦਾਨ ਦਿੰਦਾ। ਲੌਂਗੋਵਾਲ ਮੋਰਚੇ ਨੂੰ ਅਹਿੰਸਕ ਰੱਖਣਾ ਚਾਹੁੰਦਾ ਸੀ ਪਰ ਭਿੰਡਰਾਂਵਾਲਾ ਇਹਨੂੰ ਜੁਝਾਰ ਦਿੱਖ ਦੇਣ ਦਾ ਚਾਹਵਾਨ ਸੀ। ਲੌਂਗੋਵਾਲ ਲਈ ਹਿੰਦੂ-ਸਿੱਖ ਏਕਤਾ ਅਹਿਮ ਸੀ, ਭਿੰਡਰਾਂਵਾਲੇ ਲਈ ਇਹ ਏਕਤਾ ਸਿੱਖਾਂ ਦੀ ਸਰਬ-ਉੱਚਤਾ ਦੇ ਰਾਹ ਦੀ ਰੁਕਾਵਟ ਸੀ। ਲੌਂਗੋਵਾਲ ਨੇ ਵਿਚਲਾ ਰਸਤਾ ਅਖ਼ਤਿਆਰ ਕੀਤਾ। ਭਿੰਡਰਾਂਵਾਲਾ ਵੱਲੋਂ ਜ਼ੋਰ ਦੇਣ ਤੇ ਇੱਕ ਅਕਾਲੀ ਮਤੇ ਵਿਚੋਂ ‘ਹਿੰਦੂ-ਸਿੱਖ ਏਕਤਾ’ ਵਰਗੇ ਸ਼ਬਦ ਕੱਢਣਾ ਮੰਨ ਗਏ। ਅਗਸਤ 1983 ਵਿਚ ਲੌਂਗੋਵਾਲ ਨੇ ਨਿਰਦੋਸ਼ ਤੇ ਨਿਹੱਥੇ ਲੋਕਾਂ ਦੇ ਕਤਲਾਂ ਦੀ ਜ਼ੋਰਦਾਰ ਨਿੰਦਾ ਕੀਤੀ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਸਿੱਖ ਧਰਮ ਦੇ ਅਸੂਲਾਂ ਦੇ ਵਿਰੁੱਧ ਦੱਸਿਆ। ਅਕਾਲ ਫੈਡਰੇਸ਼ਨ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਅਕਾਲ ਤਖ਼ਤ ਸਾਹਮਣੇ ਸ਼ਿਕਾਇਤ ਕੀਤੀ ਕਿ ਲੌਂਗੋਵਾਲ ਦਾ ਬਿਆਨ ਸਿੱਖਾਂ ਦੀਆਂ ਰਵਾਇਤਾਂ ਦੇ ਖ਼ਿਲਾਫ਼ ਹੈ। ਇਸ ਦੀ ਭਿੰਡਰਾਂਵਾਲਾ ਨੇ ਵੀ ਹਮਾਇਤ ਕੀਤੀ, ਪਰ ਅਕਾਲ ਤਖ਼ਤ ਦੇ ਜਥੇਦਾਰ ਨੇ ਲੌਂਗੋਵਾਲ ਨੂੰ ਦੋਸ਼ ਮੁਕਤ ਕਰ ਦਿੱਤਾ। ਉਸ ਨੇ ਅਕਾਲੀਆਂ ਦੇ ਸਾਰੇ ਮੁੱਦੇ ਮੋਰਚੇ ਹਥਿਆ ਕੇ ਉਨ੍ਹਾਂ ਨੂੰ ਵਿਹਲੇ ਕਰ ਦਿੱਤਾ ਸੀ। ਸੰਤਾਂ ਦੀ ਸੰਸਾਰ ਭਰ ਵਿਚ ਪੈਂਦੀ ਧਾਕ ਨਾਲ ਟਕਸਾਲੀ ਅਕਾਲੀ ਵੀ ਬੁਖਲਾ ਗਏ। 1984 ਫਰਵਰੀ ਵਿਚ ਰਾਜੀਵ ਗਾਂਧੀ ਨੇ ਖ਼ੁਦ ਭਿੰਡਰਾਂਵਾਲਾ ਨੂੰ ਸੰਤ ਮੰਨ ਕੇ ਸਤਿਕਾਰਿਆ ਸੀ।
ਸਿੱਖ ਆਗੂਆਂ ਦੇ ਵਿਚਾਰਧਾਰਕ ਵਖਰੇਵੇਂ ਕਾਰਨ ਇਨ੍ਹਾਂ ਦਾ ਵੀ ਆਪਸ ਵਿਚ ਕਾਟੋ-ਕਲੇਸ਼ ਸ਼ੁਰੂ ਹੋ ਗਿਆ। ਨਿੱਤ ਦਿਨ ਹੁੰਦੀਆਂ ਹਿੰਸਕ ਵਾਰਦਾਤਾਂ ਤੇ ਲੁੱਟ ਮਾਰ ਦੀਆਂ ਘਟਨਾਵਾਂ ਦਾ ਸਾਰਾ ਭਾਂਡਾ ਭਿੰਡਰਾਂਵਾਲਾ ਤੇ ਭੱਜ ਗਿਆ ਕਿ ਇਹ ਸਭ ਕੁੱਝ ਉਸ ਦੀਆਂ ਹਦਾਇਤਾਂ ਤੇ ਦਰਬਾਰ ਸਾਹਿਬ ਅੰਦਰੋਂ ਮਾਨੀਟਰ ਕੀਤਾ ਜਾ ਰਿਹਾ ਹੈ। ਇੱਕ ਜਨਵਰੀ 1984 ਤੋਂ ਮਈ ਅਖੀਰ ਤੱਕ ਵੱਖ ਵੱਖ ਥਾਵਾਂ ਤੇ ਖਾੜਕੂਆਂ ਵੱਲੋਂ ਜਾਂ ਸੁਰੱਖਿਆ ਏਜੰਸੀਆਂ ਵੱਲੋਂ 298 ਬੇਦੋਸ਼ੇ ਲੋਕ ਮਾਰੇ ਜਾ ਚੁੱਕੇ ਸਨ। ਨਿੱਤ ਦਿਨ ਬੰਧ, ਹੜਤਾਲਾਂ, ਕਰਫ਼ਿਊ ਨੇ ਸ਼ਰੀਫ਼ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਸੀ। ਦਰਬਾਰ ਸਾਹਿਬ ਅੰਦਰ ਸਹਿਜਧਾਰੀ ਜਾਂ ਮੋਨੇ ਵਿਅਕਤੀ ਦਾ ਜਾਣਾ ਇਕ ਕਿਸਮ ਦਾ ਮੌਤ ਦਾ ਭੋਚਾ ਸੀ। ਦੋ ਫ਼ਿਰਕਿਆਂ ਵਿਚ ਵਧਦੀ ਦੁਵੱਲੀ ਕੁੜੱਤਣ ਖ਼ਾਨਾ-ਜੰਗੀ ਦੇ ਰਸਤੇ ਵੱਲ ਜਾਂਦੀ ਵੇਖ ਕੇ ਸਰਕਾਰ ਦੇ ਕੰਨਾਂ ਤੇ ਜੂੰ ਸਰਕਣ ਲੱਗੀ।
ਹਰਚੰਦ ਸਿੰਘ ਲੌਂਗੋਵਾਲ ਨੇ ਸੰਤ ਜਰਨੈਲ ਸਿੰਘ ਦਾ ਦਬਾਅ ਘੱਟ ਕਰਨ ਹਿਤ ਕਿਰਪਾਲ ਸਿੰਘ ਜਥੇਦਾਰ ਅਕਾਲ ਤਖ਼ਤ ਨੂੰ ਤੁੱਖਣਾ ਦਿੱਤੀ ਕਿ ਉਹ ਗਸ਼ਤੀ ਹੁਕਮ ਕੱਢੇ ਕਿ ਕੋਈ ਸੱਜਣ ਸ਼ਰਧਾਲੂ ਦਰਬਾਰ ਪ੍ਰਕਰਮਾ ਵਿਚ ਹਥਿਆਰ ਲੈ ਕੇ ਨਾ ਆਵੇ। ਸਰਕਾਰੀ ਸੂਹੀਆ ਏਜੰਸੀਆਂ ਜਾਹਰਾ ਤੌਰ ਤੇ ਗੋਲਡਨ ਟੈਂਪਲ ਅੰਦਰ ਵੜਨ ਤੋਂ ਡਰਦੇ ਗੁਰੇਜ਼ ਕਰਦੇ ਸਨ। ਉਨ੍ਹਾਂ ਦੀ ਉਕਸਾਹਟ ਤੇ ਹੀ ਅੰਦਰ ਸਿਵਲ ਵਰਦੀ ਵਿਚ ਪੁਲਸ ਚੱਕਰ ਲਗਾਉਣ ਲੱਗੀ। ਪੰਜਾਬ ਪੁਲਸ ਦਾ ਇਕ ਡੀ. ਆਈ. ਜੀ. ਅਵਤਾਰ ਸਿੰਘ ਅਟਵਾਲ ਜੋ ਆਪ ਪੂਰਨ ਗੁਰਸਿੱਖ ਸੀ, ਦਰਸ਼ਨ ਕਰਨ/ਮੱਥਾ ਟੇਕਣ ਦੇ ਅਪ੍ਰੈਲ 23, 1983 ਨੂੰ ਬਹਾਨੇ ਦਰਬਾਰ ਸਾਹਿਬ ਅੰਦਰ ਵੜਿਆ, ਸੰਤ ਭਿੰਡਰਾਂਵਾਲਾ ਦੇ ਚੌਕਸ ਸਿਪਾਹੀਆਂ ਭਾਈ ਲਾਭ ਸਿੰਘ, ਮੇਜਰ ਸਿੰਘ ਨਾਗੋਕੇ ਨੇ ਪ੍ਰਕਰਮਾ ਵਿਚ ਹੀ ਫੁੰਡ ਧਰਿਆ। ਦਰਬਾਰ ਸਾਹਿਬ ਦੇ ਦਰਸ਼ਨ/ਪ੍ਰਕਰਮਾ ਕਰਨ ਤੋਂ ਬਾਦ ਬਾਹਰ ਜਾਂਦੇ ਦਰਸ਼ਨੀ ਡਿਉੜੀ ਵਿਖੇ ਪੌੜੀਆਂ ਚੜ੍ਹਦਾ, ਹਰਿਮੰਦਰ ਸਾਹਿਬ ਨੂੰ ਆਖ਼ਰੀ ਸਲਾਮ ਕਰਦਾ, ਗੋਲੀਆਂ ਨਾਲ ਢੇਰੀ ਕਰ ਸੁੱਟਿਆ। ਅਗਲੇ ਦਿਨ ਉਸ ਵੇਲੇ ਦੇ ਐੱਸ ਜੀ. ਪੀ. ਸੀ. ਮੁਖੀ ਹਰਚੰਦ ਸਿੰਘ ਲੌਂਗੋਵਾਲ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦੇ ਇਸ ਕਾਰਵਾਈ ਵਿਚ ਤਤਕਾਲੀਨ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸ਼ਮੂਲੀਅਤ ਬਾਰੇ ਬਿਆਨ ਦੇ ਮਾਰਿਆ। ਇੱਕ ਹੋਰ ਆਪਾ-ਵਿਰੋਧੀ ਬਿਆਨ ਵਿਚ ਉਸ ਨੇ ਇਸ ਹਮਲੇ ਪਿੱਛੇ ਸੰਤ ਭਿੰਡਰਾਂਵਾਲਾ ਦਾ ਹੱਥ ਹੋਣ ਵੱਲ ਵੀ ਸੰਕੇਤ ਕਰ ਦਿੱਤਾ। ਸਰਕਾਰੀ ਹਲਕਿਆਂ ਵਿਚ ਹਾਹਾਕਾਰ ਮੱਚ ਉੱਠਿਆ। ਦਿੱਲੀ ਸਰਕਾਰ ਦਾ ਸਿੰਘਾਸਣ ਹਿੱਲਣ ਲੱਗਾ। ਨਰਮ-ਦਲੀਏ ਬਾਦਲ, ਟੌਹੜਾ, ਲੌਂਗੋਵਾਲ ਆਦਿ ਭਾਰਤ ਸਰਕਾਰ ਨਾਲ ਕਿਸੇ ਕਿਸਮ ਦੀ ਸਿੱਧੀ ਟੱਕਰ ਤੋਂ ਗੁਰੇਜ਼ ਕਰਦੇ ਆਪਣੀ ਭਾਈਵਾਲੀ ਤੋਂ ਤੋਬਾ ਕਰ ਕੇ ਕੰਨੀਆਂ ਖਿਸਕਾਉਣ ਲੱਗੇ। ਖ਼ਾਸ ਕਰ ਕੇ ਹਥਿਆਰਬੰਦ ਯੁੱਧ ਭਾਰਤ ਸਰਕਾਰ ਨਾਲ! ਇਹ ਤਾਂ ਕਦੇ ਉਨ੍ਹਾਂ ਦੇ ਜ਼ਿਹਨ ਵਿਚ ਹੀ ਨਹੀਂ ਆਇਆ। ਦੂਜੇ ਪਾਸੇ ਦਸਮੇਸ਼ ਪਿਤਾ ਦੇ ਸਵਾ ਸਵਾ ਲੱਖ ਬਰਾਬਰ ਇੱਕ ਇੱਕ ਸਿੰਘ ਭਾਰਤ ਸਰਕਾਰ ਕੋਲੋਂ ਆਪਣੇ ਹੱਕ ਖੋਹਣ ਲਈ ਜੂਝਣ ਲਈ ਤਿਆਰ ਹੋਈ ਬੈਠੇ ਸਨ। ਉਹ ਜਾਣਦੇ ਸਨ ਸੱਤਾ ਤੇ ਤਾਕਤ ਮੰਗਿਆਂ ਨਹੀਂ ਮਿਲਦੀ, ਇਹ ਖੋਹਣੀ ਪੈਂਦੀ ਹੈ। ਇਨ੍ਹਾਂ ਲੀਡਰਾਂ ਦੀ ਆਪਸੀ ਫੁੱਟ, ਖਿੱਚੋ-ਤਾਣ ਤੇ ਧੜੇਬੰਦੀ ਨੇ ਸਿੱਖਾਂ ਦੀ ਚੜ੍ਹਤ ਨੂੰ ਖ਼ਤਰੇ ਵਿਚ ਪਾਇਆ ਅਤੇ ਭਾਰਤ ਸਰਕਾਰ ਨੂੰ ਦਰਬਾਰ ਸਾਹਿਬ ‘ਤੇ ਸਭ ਤੋਂ ਕਰੂਰ ਤੇ ਖ਼ਤਰਨਾਕ ਕਾਰਨਾਮਾ ਕਰਨ ਲਈ ਨਿਮੰਤਰਨ ਕੀਤਾ।
ਦਮਦਮੀ ਟਕਸਾਲ ਦੇ ਮੁਖੀ ਸੰਤ ਭਿੰਡਰਾਂਵਾਲਾ ਨੂੰ ਕਾਂਗਰਸ ਨੇ ਭਰਮਾਉਣ ਜਾਂ ਉਕਸਾਉਣ ਦੀ ਕੋਸ਼ਿਸ਼ ਵਜੋਂ ਦੋਸਤੀ ਦੀ ਆੜ ਵਿਚ ਅਕਾਲੀ ਲੀਡਰਸ਼ਿਪ ਤੇ ਕਬਜ਼ਾ ਕਰਨ ਦਾ ਟਿਕਾਣਾ ਬਣਾ ਲਿਆ। ਅਡਵਾਨੀ ਸਮੇਤ ਇੱਕ ਮੁਤਅੱਸਬ ਜਮਾਤ ਸਿੱਖਾਂ ਦੇ ਖ਼ਿਲਾਫ਼ ਫ਼ੌਜੀ ਐਕਸ਼ਨ ਵਾਸਤੇ ਇੰਦਰਾ ਨੂੰ ਉਕਸਾ ਰਹੀ ਸੀ। ਸੱਪ ਦੇ ਮੂੰਹ ਕੋਹੜ ਕਿਰਲੀ ਵਾਂਗ ਇੰਦਰਾ ਬਹੁਤ ਸਾਰੀਆਂ ਮਾਨਸਿਕ ਉਲਝਣਾਂ ਵਿਚ ਫਸ ਗਈ। ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਨੇ ਇੰਦਰਾ ਗਾਂਧੀ ਨੂੰ ਸਲਾਹ ਦਿੱਤੀ ਕਿ ਦਰਬਾਰ ਸਾਹਿਬ ਅੰਦਰ ਫ਼ੌਜ ਭੇਜਣ ਦੀ ਗ਼ਲਤੀ ਨਾ ਕਰਿਓ। ਖੁਸ਼ਵੰਤ ਸਿੰਘ ਤੇ ਗਿਆਨੀ ਜੈਲ ਸਿੰਘ ਨੇ ਵੀ ਅਜੇਹੀ ਸੋਚ ਭਾਰਤ ਸਰਕਾਰ ਨੂੰ ਪਹੁੰਚਾ ਦਿੱਤੀ ਸੀ। ਇੰਦਰਾ ਗਾਂਧੀ ਨੇ ਤਤਕਾਲੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਭਰੋਸਾ ਦਿੱਤਾ ਸੀ ਕਿ ਗੋਲਡਨ ਟੈਂਪਲ ਵੱਲ ਫ਼ੌਜ ਨਹੀਂ ਭੇਜੀ ਜਾਏਗੀ। ਇਸ ਗੱਲ ਦੀ ਤਸਦੀਕ ਘੱਟ ਜਾਤੀ ਕਮਿਸ਼ਨ ਦੇ ਮੁਖੀ ਤਰਲੋਚਨ ਸਿੰਘ ਨੇ ਵੀ ਕੀਤੀ। ਬੂਟਾ ਸਿੰਘ, ਸਵਰਨ ਸਿੰਘ, ਦਰਬਾਰਾ ਸਿੰਘ ਤੇ ਹੋਰ ਬਹੁਤ ਸਿੱਖ ਲੀਡਰ ਵੀ ਇਸ ਗੱਲ ਨੂੰ ਮੰਨਦੇ ਸਨ ਕਿ ਉਨ੍ਹਾਂ ਤੋਂ ਵੀ ਸਲਾਹ ਲਈ ਗਈ ਸੀ ਕਿ ਆਤੰਕਵਾਦੀਆਂ ਨੇ ਹਰਿਮੰਦਰ ਤੇ ਕਬਜ਼ਾ ਕੀਤਾ ਹੋਇਆ ਹੈ ਇਸ ਨੂੰ ਕਿਵੇਂ ਨਾ ਕਿਵੇਂ ਮੁਕਤ ਕਰਵਾਇਆ ਜਾਵੇ।
ਇਹ ਵੀ ਖ਼ਬਰ ਖ਼ਾਸ ਗਰਮ ਸੀ ਕਿ ਇਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸਿੱਖ ਕੌਮ ਨੂੰ ਆਤਮ-ਨਿਰਭਰਤਾ ਅਤੇ ਖ਼ੁਦਮੁਖ਼ਤਿਆਰੀ ਦਾ ਨਵਾਂ ਸੰਦੇਸ਼ ਦੇਣਗੇ ਤੇ ਇਸ ਪੈਕੇਜ ਬਾਰੇ ਵਿਚਾਰ ਚਰਚਾ ਹੋਵੇਗੀ। ਦੂਰ-ਦੁਰਾਡੇ ਪਿੰਡਾਂ ਸ਼ਹਿਰਾਂ ਤੋਂ ਲੋਕ ਆਪਣੇ ਹਰ ਮਨ ਪਿਆਰੇ ਮਹਿਬੂਬ ਸੰਤ ਨੇਤਾ ਦੇ ਪ੍ਰਵਚਨ ਗ੍ਰਹਿਣ ਕਰਨ ਲਈ ਵਧ-ਚੜ੍ਹ ਕੇ ਵਹੀਰਾਂ ਘੱਤ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਰਹੇ ਸਨ। ਸੰਤ ਭਿੰਡਰਾਂਵਾਲਾ ਦੀ ਰਹਿਨੁਮਾਈ ਹੇਠ ਪੰਜਾਬੀਆਂ ਦੀ ਚੜ੍ਹਤ ਵੱਲ ਸਾਰੀ ਦੁਨੀਆ ਦਾ ਧਿਆਨ ਆਕਰਸ਼ਿਕ ਹੋ ਗਿਆ। ਦਰਬਾਰ ਸਾਹਿਬ ਦੇ ਅੰਦਰ ਸਮੁੱਚੀ ਸਿੱਖ ਲੀਡਰਸ਼ਿਪ ਪਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਹਰਚੰਦ ਸਿੰਘ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਸਮੇਤ ਨਰਮ ਤੇ ਗਰਮ ਖਿਆਲੀਏ ਇੱਕ ਦੂਸਰੇ ਨੂੰ ਦੰਦੀਆਂ ਕਰੀਚਦੇ ਆਪਣੇ ਆਪਣੇ ਅਕੀਦੇ ਅਨੁਸਾਰ ਆਪਣੇ ਸਿਰ ਕਲਗ਼ੀ ਬਚਾਉਣ/ਚੜ੍ਹਾਉਣ ਲਈ ਤਤਪਰ ਉਤਾਵਲੇ ਸਨ। ਇਸ ਭਾਰੀ ਇਕੱਠ ਨੇ ਵਿਰੋਧੀਆਂ ਦੇ ਸੀਨੇ ਲਾਂਬੂ ਲਾ ਦਿੱਤੇ। ਉਨ੍ਹਾਂ ਇਸ ਪੁਕਾਰ ਨੂੰ ਭਾਰਤ ਸਰਕਾਰ ਦੇ ਖ਼ਿਲਾਫ਼ ਸਾਜ਼ਿਸ਼ ਗਰਦਾਨ ਕੇ ਵਧਾ ਚੜ੍ਹਾ ਕੇ ਦਿੱਲੀ ਦਰਬਾਰ ਦੇ ਕੰਨ ਭਰ ਦਿੱਤੇ ਤੇ ਫ਼ੌਰੀ ਹਮਲੇ ਦਾ ਰਾਹ ਪੱਧਰਾ ਕਰ ਦਿੱਤਾ।
ਸਿੱਖ ਕੌਮ ਵਿਚ ਨਵੀਂ ਰੂਹ ਫੂਕਣ ਅਤੇ ਨਵੀਂ ਸੇਧ ਦੇਣ ਦੇ ਨਾਮ ਤੇ ਬਜ਼ਿਦ ਸੰਤ ਜੀ ਮੁਕੰਮਲ ਤਿਆਰੀਆਂ ਕਰਦੇ ਕਮਰ ਕੱਸੇ ਕਰੀ ਬੈਠੇ ਸਨ। ਦਰਬਾਰ ਸਾਹਿਬ ਅੰਦਰ ਕੁੱਝ ਸਰਕਾਰੀ ਏਜੰਸੀਆਂ ਦੀ ਮਿਲੀਭੁਗਤ ਨਾਲ ਅਸਲੇ ਦੇ ਟਰੱਕ ਵੀ ਆ ਜਾ ਰਹੇ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਪਣੇ ਸਾਥੀ ਮਰਜੀਵੜੇ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਹੋਰ ਸੈਂਕੜੇ ਸਿਰੜੀ ਨੌਜਵਾਨ ਭਾਰਤ ਸਰਕਾਰ ਦੀਆਂ ਵਧੀਕੀਆਂ ਦੇ ਮੁਕਾਬਲੇ ਲਈ ਸੰਘਰਸ਼ ਵਿਚ ਕੁੱਦਣ ਲਈ ਅਕਾਲ ਤਖ਼ਤ ਅੰਦਰ ਮੋਰਚਾਬੰਦੀ ਕਰਦੇ ਤਿਆਰ-ਬਰ-ਤਿਆਰ ਡਟੇ ਹੋਏ ਸਨ। ਜਨਰਲ ਸ਼ਬੇਗ ਸਿੰਘ ਗੁਰੀਲਾ ਜੰਗ ਦਾ ਮਾਹਿਰ ਸੀ ਤੇ ਉਸ ਦੇ ਆਉਣ ਕਾਰਨ ਦਰਬਾਰ ਸਾਹਿਬ ਸਾਰਾ ਜੰਗ ਦਾ ਮੈਦਾਨ ਬਣ ਗਿਆ। ਬਾਹਰੋਂ ਭਾਰਤੀ ਫ਼ੌਜ ਦੇ ਹਮਲੇ ਦੀ ਪੇਸ਼-ਬੰਦੀ ਵਜੋਂ ਹਰਮੰਦਰ ਕੰਪਲੈਕਸ ਵਿਚ ਇੱਕ ਕਿਲ੍ਹੇ ਵਾਂਗ ਮੋਰਚਾਬੰਦੀ ਹੋ ਗਈ। ਰੇਤ ਦੀਆਂ ਬੋਰੀਆਂ ਦੇ ਟਰੱਕ ਅੰਦਰ ਪਹੁੰਚ ਗਏ ਜੋ ਕਮਜ਼ੋਰ ਨਾਕਿਆਂ ਤੇ ਲਗਾ ਦਿੱਤੇ ਗਏ। ਅੰਦਰ ਇਕ ਕਿਸਮ ਦੀ ਸ਼ਕਤੀਸ਼ਾਲੀ ਸਮਾਨੰਤਰ ਹਕੂਮਤ ਬਣ ਗਈ। ਸੰਤਾਂ ਦੇ ਟੈਲੀਫ਼ੋਨ ਤੇ ਸਾਰੀ ਸਰਕਾਰੀ ਮਸ਼ੀਨਰੀ ਟੇਕ ਰੱਖ ਕੇ ਚੱਲਣ ਲੱਗੀ। ਸਿਵਲ ਪ੍ਰਸ਼ਾਸਨ ਅਪਾਹਜ ਹੋ ਕੇ ਰਹਿ ਗਿਆ। ਅਮਨ ਕਾਨੂੰਨ ਦੀ ਸਥਿਤੀ ਛੀਡਾ ਛੀਡਾ ਹੋ ਗਈ। ਗੱਡੀਆਂ ਬੱਸਾਂ ਵਿਚ ਯਾਤਰੀਆਂ ਦੇ ਕਤਲ, ਅਗਵਾ, ਲੁੱਟ ਮਾਰ ਅਤੇ ਬੈਂਕ ਡਾਕੇ ਆਮ ਜਿਹਾ ਵਰਤਾਰਾ ਬਣ ਗਿਆ। ਨਕਲੀ ਮੁਕਾਬਲਿਆਂ ਨਾਲ ਪੁਲਸ ਦੀ ਚਾਂਦੀ ਹੋ ਗਈ। ਇੰਦਰਾ ਦੀ ਗੱਦੀ ਡਾਵਾਂਡੋਲ ਹੋ ਗਈ।
ਅਕਾਲੀ ਆਗੂ ਵੀ ਸੰਤ ਭਿੰਡਰਾਂਵਾਲਾ ਨੂੰ ਆਪਣਾ ਨੇੜਲਾ ਸ਼ਰੀਕ ਸਮਝਣ ਲੱਗ ਪਏ ਸਨ ਤੇ ਉਸ ਤੋਂ ਛੁਟਕਾਰਾ ਪਾਉਣ ਦੇ ਉਪਰਾਲੇ ਢੂੰਡਣ ਲੱਗੇ ਸਨ। ਪੰਝੀ ਅਪ੍ਰੈਲ 1984 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਭਾਰਤ ਦੇ ਗ੍ਰਹਿ ਮੰਤਰੀ ਆਰ. ਕੇ. ਧਵਨ ਨੂੰ ਲਿਖੀ ਚਿੱਠੀ ਵਿਚ ਦਰਬਾਰ ਸਮੂਹ ਅੰਦਰ ਹੁੰਦੀਆਂ ਗਤੀਵਿਧੀਆਂ ਤੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਨਾਲਾਇਕੀ ਦਰਸਾਉਂਦੇ ਉਨ੍ਹਾਂ ਨੂੰ ਆਪਣੀ ਮਨ ਮਰਜ਼ੀ ਕਰਨ ਦੀ ਖੁੱਲ੍ਹੀ ਦਾਅਵਤ ਦੇ ਦਿੱਤੀ। ਇਹ ਵੀ ਹੁਣ ਸਾਬਤ ਹੋ ਚੁੱਕਾ ਹੈ ਕਿ 26 ਮਈ 1984 ਨੂੰ ਭਾਰਤ ਸਰਕਾਰ ਦੇ ਅਧਿਕਾਰੀਆਂ ਅਤੇ ਅਕਾਲੀਆਂ ਵਿਚਕਾਰ ਇੱਕ ਗੁਪਤ ਇਕੱਤਰਤਾ ਹੋਈ ਸੀ ਜਿੱਥੇ ਅਕਾਲੀ ਨੁਮਾਇੰਦਿਆਂ ਨੇ ਖ਼ਾਲਿਸਤਾਨ ਦੀ ਮੰਗ ਤੋ ਸਾਫ਼ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਆਪਣੀ ਜ਼ਿੰਮੇਵਾਰੀ ਤੋਂ ਹਥਿਆਰ ਸੁੱਟ ਦਿੱਤੇ ਸਨ ਕਿ ਭਿੰਡਰਾਂਵਾਲੇ ਨੂੰ ਉਸ ਦੇ ਨਿਸ਼ਾਨੇ ਤੋਂ ਹੋੜਨਾ ਸਾਡੇ ਵੱਸ ਦਾ ਰੋਗ ਨਹੀਂ, ਤੁਸੀਂ ਆਪ ਹੀ ਉਸ ਨਾਲ ਨਜਿੱਠ ਲਓ ਤੇ ਸਾਡੀ ਜਾਨ/ਗੱਦੀ ਬਚਾਓ।
ਇੱਥੇ ਹੀ ਸਮਝੌਤਾ ਹੋਇਆ ਸੀ ਕਿ ਭਿੰਡਰਾਂਵਾਲਾ ਟੋਲੇ ਨੂੰ ਹਰਿਮੰਦਰ ਕੰਪਲੈਕਸ ਤੋਂ ਬਾਹਰ ਕੱਢਣ ਲਈ ਭਾਰਤ ਸਰਕਾਰ ਜੋ ਮਰਜ਼ੀ ਹੀਲਾ ਕਰੇ, ਉਹ ਵੀ ਮਦਦ ਕਰਨਗੇ। ਭਾਰਤ ਸਰਕਾਰ ਪਹਿਲਾਂ ਹੀ ਅੰਦਰਲੀ ਕਮੇਟੀ ਦੀ ਹਮਾਇਤ ਚਾਹੁੰਦੀ ਸੀ। ਉਨ੍ਹਾਂ ਤੋਂ ਹਰੀ ਝੰਡੀ ਮਿਲਣ ਤੇ ਕੇਂਦਰ ਦੇ ਨੀਮ ਫ਼ੌਜੀ ਬਲਾਂ ਨੇ ਦਰਬਾਰ ਸਾਹਿਬ ਸਮੂਹ ਦੀ ਘੇਰਾਬੰਦੀ ਕਰ ਲਈ। ਸਰਕਾਰ ਵੱਲੋਂ ਹਮਲੇ ਦੀਆਂ ਅਲਾਮਤਾਂ ਕਾਰਨ ਹਰਚੰਦ ਸਿੰਘ ਲੌਂਗੋਵਾਲ ਤੇ ਬਾਦਲ ਟੌਹੜਾ ਗਰੁੱਪ ਨੇ ਸੰਤਾਂ ਨੂੰ ਇਕੱਲਾ ਛੱਡ ਕੇ ਆਪਣੇ ਆਪ ਨੂੰ ਭਿੰਡਰਾਂਵਾਲਾ ਤੋਂ ਅਲੱਗ ਹੋਣ ਦੀ ਘੋਸ਼ਣਾ ਕਰ ਦਿੱਤੀ। ‘ਸ਼ਿਕਾਰੀ ਅਣਗਿਣਤ ਹਨ ਪਰ ਪੰਛੀ ਇਕੇਲਾ ਹੈ।’ ਇਹ ਸਕੀਮ ਬਣੀ ਸੀ ਕਿ ਉੱਡਣੇ ਮਾਹਿਰ ਕਮਾਂਡੋ ਸੰਤ ਭਿੰਡਰਾਂਵਾਲੇ ਨੂੰ ਪ੍ਰੇਮ ਨਾਲ ਭੁਚਲਾ ਕੇ ਜਾਂ ਜਬਰੀ, ਜਥੇਦਾਰ ਮੋਹਣ ਸਿੰਘ ਤੁੜ ਵਾਂਗ ਬ੍ਰਹਮ ਬੂਟਾ ਨੇੜੇ ਪ੍ਰਕਰਮਾ ਅੰਦਰੋਂ ਚੁੱਕ ਲੈ ਜਾਣਗੇ ਤੇ ਸਾਰੇ ਡਰਾਮੇ ਦਾ ਅੰਤ ਹੋ ਜਾਏਗਾ। ਇਸ ਹੋਣ ਵਾਲੀ ਅਣਹੋਣੀ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਲਈ ਪਰਕਾਸ਼ ਸਿੰਘ ਬਾਦਲ ਆਪ ਆਰਾਮ ਕਰਨ ਦੇ ਬਹਾਨੇ ਕਿਸੇ ਅਣਦੱਸੀ ਗੁਪਤ ਜਗ੍ਹਾ ਇਕਾਂਤਵਾਸ ਚਲੇ ਗਏ। ਇਹ ਸਿਆਸੀ ਤਿਕੜਮਬਾਜੀਆਂ ਭਿੰਡਰਾਂ ਵਾਲੇ ਸੰਤਾਂ ਦੀ ਪਾਰਖੂ ਦ੍ਰਿਸ਼ਟੀ ਤੋਂ ਛੁਪੀਆਂ ਨਹੀਂ ਰਹੀਆਂ। ਇਸੇ ਕਰ ਕੇ ਉਸ ਨੇ ਆਪਣਾ ਪੱਕਾ ਹੈੱਡਕੁਆਟਰ ਅਕਾਲ ਤਖ਼ਤ ਵਿਖੇ ਤਬਦੀਲ ਕਰ ਲਿਆ। ਨਾਲ ਹੀ ਅਕਾਲੀ ਆਗੂਆਂ ਦੀ ਨੀਯਤ ਭਾਂਪ ਕੇ ਉਨ੍ਹਾਂ ਦੀਆਂ ਹਰਕਤਾਂ ਤੇ ਨਜ਼ਰ ਰੱਖਣ ਵਾਸਤੇ ਉਨ੍ਹਾਂ ਪਿੱਛੇ ਆਪਣੇ ਵਫ਼ਾਦਾਰ ਸੂਹੀਏ ਲਗਾ ਦਿੱਤੇ ਤਾਂ ਜੋ ਉਹ ਦਰਬਾਰ ਸਾਹਿਬ ਹਦੂਦ ਤੋਂ ਬਾਹਰ ਨਾ ਨਿਕਲ਼ਨ ਤੇ ਨਾ ਕੋਈ ਮੁਖ਼ਬਰੀ ਕਰ ਸਕਣ।
ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ। ਨਾਮ-ਨਿਹਾਦ ਵਿਚੋਲਿਆਂ ਵੱਲੋਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਸਨ ਕਿ ਸੰਤ ਭਿੰਡਰਾਂਵਾਲਾ ਜਲਦੀ ਹੀ ਖ਼ਾਲਿਸਤਾਨ ਦੀ ਘੋਸ਼ਣਾ ਕਰਨ ਵਾਲੇ ਹਨ। ਇਸ ਵਾਸਤੇ ਉਨ੍ਹਾਂ ਦੀ ਪਾਕਿਸਤਾਨ ਸਰਕਾਰ ਨਾਲ ਗੰਢ-ਸੰਢ ਹੋ ਚੁੱਕੀ ਹੈ ਕਿ ਭਿੰਡਰਾਂਵਾਲਾ ਦੀਆਂ ਜੁਝਾਰੂ ਫ਼ੌਜਾਂ ਅੰਦਰੋਂ ਹਮਲਾ ਕਰਨਗੀਆਂ ਅਤੇ ਪਾਕਿਸਤਾਨੀ ਫ਼ੌਜਾਂ ਵਾਹਗੇ ਪਾਰ ਤੋਂ ਹਮਲਾ ਕਰ ਕੇ ‘ਖ਼ਾਲਿਸਤਾਨ’ ਸਿੱਖਾਂ ਦੇ ਹੱਥ ਫੜਾ ਕੇ ਆਪਣੇ ਖੁੱਸੇ ਹੋਏ ਬੰਗਲਾ ਦੇਸ਼ ਦਾ ਬਦਲਾ ਲੈ ਲੈਣਗੀਆਂ। 31 ਮਈ, 1984 ਨੂੰ ਪਾਕਿਸਤਾਨ ਬਾਰਡਰ ਇੱਕ ਬਰਗੇਡ ਨਾਲ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਤਾਂ ਜੋ ਪਾਕਿਸਤਾਨ ਜਿਵੇਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਸਨ, ਭਿੰਡਰਾਂਵਾਲਾ ਦੀ ਫ਼ੌਜੀ ਮਦਦ ਨਾ ਕਰ ਸਕੇ।
ਬੱਚੇ ਦੇ ਹੱਥੋਂ ਰੋਟੀ ਖੋਹਣ ਦੀ ਤਾਕ ਵਿਚ ਕਾਂਵਾਂ ਵਾਂਗ ਸਿੱਖਾਂ ਦੀ ਇੱਕ ਮੌਕਾਪ੍ਰਸਤ ਦੁਸ਼ਮਣ ਜਮਾਤ ਇਸ ਸੋਚ ਤੇ ਸੜ ਬਲ ਕੋਲ਼ਾ ਹੋ ਗਈ। ਉਨ੍ਹਾਂ ਅਕਾਲੀਆਂ ਦੇ ਅਜੇਹੇ ਅੰਦੋਲਨਾਂ ਦੇ ਖ਼ਿਲਾਫ਼ ਦਿੱਲੀ ਤੱਕ ਮੁਜ਼ਾਹਰੇ ਕਰ ਕੇ ਭਾਰਤ ਸਰਕਾਰ ਨੂੰ ਭਿੰਡਰਾਂਵਾਲਾ ਦੀਆਂ ਸਰਗਰਮੀਆਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ। ਚੰਦੂ ਤੇ ਗੰਗੂ ਬ੍ਰਾਹਮਣ ਇਕੇਰਾਂ ਫਿਰ ਗੁਥਲੀ ਤੋਂ ਬਾਹਰ ਆ ਗਏ। ਉਨ੍ਹਾਂ ਥਾਂ ਥਾਂ ਰੋਸ ਮੁਜ਼ਾਹਰੇ ਕਰ ਕੇ ਦਰਬਾਰ ਸਾਹਿਬ ਤੇ ਫ਼ੌਜ ਚੜ੍ਹਾਉਣ ਲਈ ਸਰਕਾਰ ਨੂੰ ਉਕਸਾਇਆ। ‘ਫੌਜ ਭਿਜਵਾਓ, ਪੰਜਾਬ ਬਚਾਓ।’ ਇੰਦਰਾ ਨੂੰ ਸੰਤਾਂ ਦੇ ਖ਼ਿਲਾਫ਼ ਭੜਕਾਇਆ ਤੇ ਫ਼ੌਜ ਭੇਜ ਕੇ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਕਸਾਇਆ। ਅਡਵਾਨੀ ਨੇ ਆਪ ਇਹ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਉਸ ਨੇ ਹੀ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਲਈ ਮਜਬੂਰ ਕੀਤਾ ਸੀ।
ਮੰਜੀ ਸਾਹਿਬ ਦੇ ਦੀਵਾਨ ਹਾਲ ਵਿਚ ਸੰਗਤਾਂ ਨੂੰ ਸੰਬੋਧਨ ਹੁੰਦੇ ਹੋਏ ਸੰਤਾਂ ਦੇ ਵਿਅੰਗਮਈ ਤੀਰ ਕੱਸਿਆ ਸੀ ਕਿ ‘ਜੀਹਨੇ ਅੰਮ੍ਰਿਤ ਛਕਿਆ ਹੋਵੇ ਤੇ ਹੋਰਾਂ ਨੂੰ ਛਕਾਉਂਦਾ ਹੋਵੇ, ਆਪ ਗੁਰਬਾਣੀ ਪੜ੍ਹਦਾ ਹੋਵੇ ਤੇ ਹੋਰਾਂ ਨੂੰ ਪੜ੍ਹਾਉਂਦਾ ਹੋਵੇ, ਆਪ ਕਥਾ ਕਰੇ ਤੇ ਹੋਰਾਂ ਨੂੰ ਸੁਣਾਉਂਦਾ ਹੋਵੇ, ਧੀਆਂ ਭੈਣਾਂ ਦੀ ਇੱਜ਼ਤ ਦਾ ਰਖਵਾਲਾ ਹੋਵੇ ਤੇ ਹੋਰਾਂ ਦਾ ਪ੍ਰੇਰਨਾ-ਸਰੋਤ ਹੋਵੇ, ਕੇਸਰੀ ਨਿਸ਼ਾਨ ਥੱਲੇ ਰਹਿਣ ਦਾ ਪ੍ਰਣ ਕਰੇ, ਹੋਰਾਂ ਨੂੰ ਇਕੱਠੇ ਕਰੇ, ਪੰਥ ਦੀ ਹਮਾਇਤ ਕਰੇ ਤੇ ਹੋਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਪ੍ਰੇਰਨਾ ਕਰੇ, ਉਸ ਦਾ ਨਾਂ ਸਰਕਾਰ ਨੇ ਅੱਤਵਾਦੀ ਰੱਖਿਆ ਹੈ। ਇਸ ਵਿਆਖਿਆ ਅਨੁਸਾਰ ਮੈਂ ਤਕੜਾ ਵੱਡਾ ਅੱਤਵਾਦੀ ਹਾਂ ਤੇ ਤੁਹਾਨੂੰ ਵੀ ਇਹੋ ਜਿਹਾ ਅੱਤਵਾਦੀ ਬਣਨ ਦੀ ਬੇਨਤੀ ਕਰਦਾ ਹਾਂ।’ ਅਖੀਰ ਹਾਲਤਾਂ ਨੇ ਇੰਦਰਾ ਗਾਂਧੀ ਨੂੰ ਸਿੱਖਾਂ ਪ੍ਰਤੀ ਬਹੁਤ ਭੈੜੀ ਮੰਦ ਭਾਵਨਾ ਵਿਚ ਜਕੜ ਦਿੱਤਾ ਤੇ ਉਸ ਨੇ ਫ਼ੌਜੀ ਐਕਸ਼ਨ ਦਾ ਫ਼ੈਸਲਾ ਕਰ ਲਿਆ।
ਇਹ ਵੇਖਣ ਵਾਸਤੇ ਕਿ ਦਰਬਾਰ ਸਾਹਿਬ ਅੰਦਰ ਕਿਹੜੇ ਕਿੰਨੇ ਕਿਹੜੇ ਹਥਿਆਰ ਹਨ, ਸੀ. ਆਰ. ਪੀ. ਅਤੇ ਬੀ. ਐੱਸ. ਐਫ. ਨੇ ਇੱਕ ਜੂਨ ਨੂੰ ਬਾਹਰੋਂ ਗੋਲਾਬਾਰੀ ਕਰ ਦਿੱਤੀ ਜਿਸ ਨਾਲ ਮਹਿੰਗਾ ਸਿੰਘ ਬੱਬਰ ਤੇ ਜਸਪਾਲ ਸਿੰਘ ਸਮੇਤ 11 ਲੋਕ ਮਾਰੇ ਗਏ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਲੌਂਗੋਵਾਲ, ਟੌਹੜਾ ਤੇ ਗਿਆਨੀ ਕਿਰਪਾਲ ਸਿੰਘ ਨੇ ਮੀਟਿੰਗ ਕੀਤੀ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਫ਼ੌਜੀ ਦਹਿਸ਼ਤਗਰਦੀ ਤੋਂ ਬਚਾਉਣ ਲਈ ਗਿਆਨੀ ਜੈਲ ਸਿੰਘ ਨੂੰ ਸੁਨੇਹਾ ਭੇਜਿਆ ਗਿਆ ਕਿ ਉਹ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਸਿੱਖਾਂ ‘ਤੇ ਇਹ ਫ਼ਿਰਕੂ ਹਮਲੇ ਬੰਦ ਕਰਵਾਏ।
       1919 ਵਿਚ ਜੱਲਿਆਂਵਾਲਾ ਬਾਗ਼ ਦਾ ਸਾਕਾ ਵਿਦੇਸ਼ੀ ਅੰਗਰੇਜ਼ੀ ਹਕੂਮਤ ਨੇ ਕੀਤਾ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਹਿੰਦੂ ਮੁਸਲਿਮ ਸਿੱਖਾਂ ਨੂੰ ਘੇਰ ਕੇ ਕੋਹ ਕੋਹ ਕੇ ਗੋਲੀਆਂ ਨਾਲ ਛਲਨੀ ਕੀਤਾ। 1984 ਵਿਚ ਉਹੀ ਕਾਰਨਾਮਾ ਦੁਹਰਾਉਂਦੇ ਹੋਏ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣਾ ਆਤਮਘਾਤੀ ਫ਼ੈਸਲਾ ਲੈ ਕੇ ਸਿੱਖਾਂ ਨੂੰ ਮਜ਼ਾ ਚਖਾਉਣ ਲਈ ਉਹੀ ਸਮਾ ਚੁਣਿਆ ਜਦ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਗੁਰੂ ਅਰਜਨ ਦੇਵ ਦੇ ਸ਼ਹੀਦੀ ਸਮਾਗਮਾਂ ਵਿਚ ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਤੇ ਅਕੀਦਤ ਭੇਟ ਕਰਨ ਲਈ ਜੁੜੀਆਂ ਹੋਈਆਂ ਸਨ ਤੇ ਹੋ ਰਹੀਆਂ ਸਨ। ਜੂਨ ਦੇ ਮਹੀਨੇ ਦਾ ਪਹਿਲਾ ਗਰਮ ਤਪਸ਼ ਨਾਲ ਚੜ੍ਹਿਆ ਸੂਰਜ ਸਾਰੇ ਪੰਜਾਬ ਲਈ ਅਤੇ ਖ਼ਾਸ ਕਰ ਅੰਮ੍ਰਿਤਸਰ ਲਈ ਮਾਰੂ ਕਿਰਨਾਂ ਲੈ ਕੇ ਆਇਆ।
ਪਹਿਲੀਆਂ ਕਿਆਸ ਅਰਾਈਆਂ ਮੁਤਾਬਿਕ ਮਿਲਟਰੀ ਦੀਆਂ ਬਕਤਰਬੰਦ ਗੱਡੀਆਂ, ਟੈਂਕਾਂ ਬਾਹਰਲੀਆਂ ਛੌਣੀਆਂ ਵਿਚੋਂ ਰੇਲ ਅਤੇ ਸੜਕ ਰਸਤੇ ਅੰਮ੍ਰਿਤਸਰ ਸਮੇਤ ਸਾਰੇ ਪੰਜਾਬ ਪਹੁੰਚ ਕੇ ਪਿੰਡਾਂ ਸ਼ਹਿਰਾਂ ਤੱਕ ਖਿੱਲਰ ਗਈਆਂ। ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿਚ ਭਾਰਤੀ ਮਿਲਟਰੀ ਦਗੜ ਦਗੜ ਕਰਦੀ ਲੋਕਾਂ ਨੂੰ ਸੰਗੀਨਾਂ ਵਿਖਾਉਣ ਲੱਗੀ। ਦੋ ਜੂਨ ਤੱਕ ਫ਼ੌਜੀ ਫ਼ੌਜੀ ਘੇਰਾ ਹੋਰ ਨੇੜੇ ਤੰਗ ਹੋ ਗਿਆ। ਹਮਲੇ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਬਣਾਏ ਮਾਡਲ ਤੇ ਬਾਰ ਬਾਰ ਰਿਹਰਸਲ ਕਰਨ ਵਾਲੇ ਸਿੱਖਿਅਕ ਫ਼ੌਜੀ ਕਮਾਂਡੋ ਦਸਤੇ ਵੀ ਆਪਣੀ ਕਾਬਲੀਅਤ ਦੇ ਇਮਤਿਹਾਨ ਵਾਸਤੇ ਆ ਪਹੁੰਚੇ। ਦਰਬਾਰ ਸਾਹਿਬ ਦੇ ਚੁਗਿਰਦ ਉੱਚੀਆਂ ਇਮਾਰਤਾਂ ਤੇ ਰੇਤ ਦੀਆਂ ਬੋਰੀਆਂ ਦੀ ਓਟ ਵਿਚ ਫ਼ੌਜੀਆਂ ਦੇ ਪਹਿਰਾ ਬੁਰਜ ਕਾਇਮ ਹੋ ਗਏ ਜਿੱਥੋਂ ਪ੍ਰਕਰਮਾ ਵਿਚਲੀਆਂ ਸਾਰੀਆਂ ਗਤੀਵਿਧੀਆਂ ਵੇਖੀਆਂ ਜਾ ਸਕਦੀਆਂ ਸਨ। ਬਹੁਤੇ ਗ਼ੈਰਸਿੱਖ ਵਸਨੀਕਾਂ ਨੇ ਸਵੈਇੱਛਿਤ ਇਨ੍ਹਾਂ ਫ਼ੌਜੀ ਧਾੜਵੀਆਂ ਨੂੰ ਜੀ ਆਇਆਂ ਕਿਹਾ। ਕਈ ਗੁਰਸਿੱਖਾਂ ਨੇ ਇਨ੍ਹਾਂ ਦਾ ਵਿਰੋਧ ਕੀਤਾ ਪਰ ਉਹ ਜਬਰ ਦੇ ਸ਼ਿਕਾਰ ਹੋ ਗਏ ਤੇ ਫ਼ੌਜੀ ਦਗੜ ਦਗੜ ਕਰਦੇ ਜ਼ਬਰਦਸਤੀ ਉਨ੍ਹਾਂ ਦੀਆਂ ਉੱਪਰਲੀਆਂ ਮੰਜ਼ਿਲਾਂ ਤੇ ਮੋਰਚੇ ਬਣਾ ਬੈਠੇ। ਫ਼ੌਜੀ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਚੇਤਾਵਨੀ ਸ਼ੁਰੂ ਹੋ ਗਈ ਕਿ ਕਰਫ਼ਿਊ ਲੱਗਣ ਵਾਲਾ ਹੈ, ਸ਼ਰਧਾਲੂ ਮੁਸਾਫ਼ਰ ਜਲਦੀ ਬਾਹਰ ਨਿਕਲ ਕੇ ਆਪਣੇ ਘਰੀਂ ਪਹੁੰਚ ਜਾਣ। ਦੋ ਜੂਨ ਰਾਤ ਨੂੰ ਰੇਡੀਉ, ਟੀ. ਵੀ. ਤੋਂ ਇੰਦਰਾ ਗਾਂਧੀ ਦਾ ਧਮਕੀ ਭਰਿਆ ਭਾਸ਼ਣ ਵੀ ਇਹ ਸਾਫ਼ ਸੰਕੇਤ ਦੇ ਗਿਆ ਕਿ ਕੁੱਝ ਅਣਹੋਣੀ ਵਾਪਰਨ ਵਾਲੀ ਹੈ। ਸੰਤ ਭਿੰਡਰਾਂਵਾਲਾ ਨੇ ਵੀ ਇਸ ਦੇ ਅਸਲੀ ਅਰਥ ਸਮਝ ਕੇ ਸੰਗਤਾਂ ਨੂੰ ਸਲਾਹ ਦਿੱਤੀ ਕਿ ਸਰਕਾਰ ਵੱਲੋਂ ਨੀਮ ਫ਼ੌਜੀ ਹਮਲਾ ਹੋਣ ਵਾਲਾ ਹੈ, ਆਪਣੀ ਜਾਨ ਬਚਾ ਕੇ ਬੱਚੇ ਤੇ ਔਰਤਾਂ ਖ਼ਾਸ ਕਰ ਕੇ, ਜੋ ਜਾ ਸਕਦਾ ਹੈ ਬਾਹਰ ਨਿਕਲ ਜਾਓ। ਕੁੱਝ ਨਿਕਲ ਗਏ ਪਰ ਭਿੰਡਰਾਂਵਾਲਾ ਦੇ ਸੁਹਿਰਦ ਨਿਡਰ ਸੂਰਮੇ ਨਿਧੜਕ ਸਿਪਾਹੀ ਚਟਾਨਾਂ ਵਾਂਗ ਡਟੇ ਰਹੇ। ‘ਜੀਵਾਂਗੇ ਤੇਰੇ ਨਾਲ ਮਰਾਂਗੇ ਤੇਰੇ ਨਾਲ।’
 ਅੰਮ੍ਰਿਤਸਰ ਵੱਲ ਵਧਦਾ ਸ਼ਰਧਾਲੂ ਲੋਕਾਂ ਦਾ ਹਜੂਮ ਦੇਖ ਕੇ 3 ਜੂਨ ਨੂੰ ਸਾਰੇ ਪੰਜਾਬ ਦੇ ਪਿੰਡਾਂ ਸਮੇਤ ਹਰ ਕਸਬੇ ਵਿਚ ਕਰਫ਼ਿਊ ਲਗਾ ਕੇ ਆਪਣੇ ਘਰਾਂ ਅੰਦਰ ਬੰਦ ਰਹਿਣ ਦੇ ਹੁਕਮ ਚਾੜ੍ਹ ਦਿੱਤੇ ਗਏ। ਬਿਜਲੀ ਪਾਣੀ ਟੈਲੀਫ਼ੋਨ ਗੁੱਲ ਹੋ ਗਏ। ਦੁਨੀਆ ਨਾਲੋਂ ਪੰਜਾਬ ਦਾ ਸੰਪਰਕ ਹਰ ਪਾਸਿਉਂ ਤੋੜ ਦਿੱਤਾ ਗਿਆ। ਹੁਣ ਸ਼ਾਹ ਮੁਹੰਮਦ ਦੇ ਕਿੱਸੇ ਵਾਂਗ ‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫ਼ੌਜਾਂ ਭਾਰੀਆਂ ਨੇ’ ਇਹ ਬੇ ਮੇਚ ਜੰਗ ਅਟੱਲ ਸੀ। ਭਾਰਤੀ ਫ਼ੌਜ ਦੀ ਦੋ ਲੱਖ ਨਫ਼ਰੀ ਜ਼ਮੀਨੀ ਅਤੇ ਹਵਾਈ ਫ਼ੌਜ ਸਮੇਤ ਬਲਿਊ ਸਟਾਰ ਆਪ੍ਰੇਸ਼ਨ ਲਈ ਝੋਕ ਦਿੱਤੀ ਗਈ। ਪੂਰੇ ਪੰਜਾਬ ਦੀ ਕਮਾਂਡ ਮਿਲਟਰੀ ਦੇ ਹੱਥ ਆ ਗਈ। ਸਾਰੇ ਨਾਗਰਿਕ ਪ੍ਰਸ਼ਾਸਨ ਫ਼ੌਜੀ ਅਫ਼ਸਰਾਂ ਦੇ ਕੰਟਰੋਲ ਹੇਠ ਆ ਗਏ ਤੇ ਸਿਵਲ ਅਧਿਕਾਰੀ ਨਿਹੱਥੇ ਕਰ ਪਾਸੇ ਬਿਠਾ ਦਿੱਤੇ ਗਏ। ਦਰਬਾਰ ਸਾਹਿਬ ਤੋਂ ਬਿਜਲੀ, ਪਾਣੀ, ਡਾਕ, ਤਾਰ ਸਭ ਸੇਵਾਵਾਂ ਦੀ ਸਪਲਾਈ ਕੱਟ ਕਰ ਦਿੱਤੀ ਗਈ। ਲੋਹੜੇ ਦੀ ਤਪਸ਼ ਵਿਚ ਲੋਕ ਭੁੱਖ ਪਿਆਸ ਨਾਲ ਵਿਆਕਲ ਹੋਣ ਲੱਗੇ। ਦਰਬਾਰ ਸਾਹਿਬ ਦੇ ਅੰਦਰ ਫਸੇ ਹਜ਼ਾਰਾਂ ਯਾਤਰੂ ਸ਼ਰਧਾਲੂ ਭੁੱਖ ਪਿਆਸ ਨਾਲ ਤੜਫਣ ਲੱਗੇ। ਹਵਾਵਾਂ ਵਿਚ ਘੁਟਨ ਤੇ ਬੇਪ੍ਰਤੀਤੀ ਨੇ ਸੰਭਾਵਿਤ ਤੁਫ਼ਾਨ ਤੇ ਝੱਖੜ ਦਾ ਸਪਸ਼ਟ ਸੰਕੇਤ ਦੇ ਦਿੱਤਾ।
       ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਦਰਬਾਰ ਸਾਹਿਬ ਵਿਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਸਾਥੀਆਂ ਨੂੰ ਜਿਊਂਦਾ ਜਾਂ ਮੁਰਦਾ ਫੜਨ ਲਈ ਕਮਾਂਡ ਸੰਭਾਲੀ ਗਈ ਸੀ। ਆਹਮੋ-ਸਾਹਮਣੇ ਇਸ ਘਮਸਾਣ ਯੁੱਧ ਨੇ ਚਮਕੌਰ ਦਾ ਯੁੱਧ ਯਾਦ ਕਰਵਾ ਦਿੱਤਾ ਜਦ ਮੁੱਠੀ ਭਰ ਖ਼ਾਲਸਾ ਫ਼ੌਜ ਦਸ ਲੱਖ ਮੁਗ਼ਲੀਆ ਫ਼ੌਜਾਂ ਨੇ ਘੇਰ ਲਈ ਸੀ। ਦੋ, ਤਿੰਨ, ਚਾਰ ਜੂਨ 1984 ਦਰਬਾਰ ਸਾਹਿਬ ਦੇ ਅੰਦਰੋਂ ਛੁੱਟ ਪੁੱਟ ਪਟਾਕਿਆਂ ਗੋਲੀਆਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਪਹਿਲੀ ਜ਼ੋਰ ਅਜ਼ਮਾਈ ਵਿਚ ਸੰਤਾਂ ਦੀ ਫ਼ੌਜ ਦਾ ਹੱਥ ਉੱਪਰ ਰਿਹਾ ਤੇ ਭਾਰਤੀ ਫ਼ੌਜ ਦਾ ਬਹੁਤ ਜਾਨੀ ਨੁਕਸਾਨ ਹੋਇਆ। ਪੈਦਲ ਫ਼ੌਜ ਦੀ ਪਹਿਲੀ 15 ਸਿਪਾਹੀਆਂ ਦੀ ਆਧੁਨਿਕ ਹਥਿਆਰਬੰਦ ਟੁਕੜੀ ਜੋ ਅੰਦਰ ਵੜੀ, ਖਾੜਕੂ ਸਿੰਘਾਂ ਨੇ ਸਾਰੇ ਢਹਿ-ਢੇਰੀ ਕਰ ਦਿੱਤੀ। ਭਾਰਤੀ ਫ਼ੌਜ ਦੀ ਪਹਿਲੀ ਟੁਕੜੀ ਵਿਚ ਸਿੱਖ ਫ਼ੌਜੀਆਂ ਨੂੰ ਹੀ ਢਾਲ ਵਜੋਂ ਅੱਗੇ ਡਾਹ ਕੇ ਅਕਾਲ ਤਖ਼ਤ ਤੋਂ ਚੱਲਦੀਆਂ ਗੋਲੀਆਂ ਨਾਲ ਜ਼ੋਰ ਅਜ਼ਮਾਈ ਕੀਤੀ। ਭਾਰਤ ਸਰਕਾਰ ਦੇ ਹਮਲਾਵਰ ਬਹੁਤ ਭੂਤਰੇ ਹੋਏ ਸਨ ਤੇ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਪਹਿਲੇ ਹੱਲੇ ਹੀ ਸੰਤਾਂ ਨੂੰ ਦਬੋਚ ਲੈਣਗੇ। ਉਨ੍ਹਾਂ ਦਾ ਪਹਿਲਾ ਮਕਸਦ ਵੀ ਇਹੀ ਸੀ ਕਿ ਕਿਸੇ ਤਰ੍ਹਾਂ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਜ਼ਿੰਦਾ ਜਾਂ ਮੁਰਦਾ ਹਾਸਲ ਕਰ ਲਓ/ਫੜ ਲਓ, ਉਹ ਸੋਨੇ ਦੀ ਖਾਣ ਹੈ ਤੇ ਇੰਦਰਾ ਸਰਕਾਰ ਕੋਲੋਂ ਤਰੱਕੀਆਂ ਮਰਾਤਬੇ ਪਾ ਲਓ। ਪਹਿਲੀ ਹਮਲਾਵਰ ਟੁਕੜੀ ਦਾ ਅੱਗੋਂ ਗੋਲੀਆਂ ਦੀ ਬੁਛਾੜ ਨੇ ਅਜੇਹਾ ਸਵਾਗਤ ਕੀਤਾ ਕਿ ਉਨ੍ਹਾਂ ਵਿਚੋਂ ਕੋਈ ਵੀ ਵਾਪਸ ਨਾ ਮੁੜਿਆ। ਮਿਲਟਰੀ ਅਫ਼ਸਰਾਂ ਨੇ ਆਪਣੇ ਭੇਜੇ ਫ਼ੌਜੀ ਗੇਂਦਾਂ ਵਾਂਗ ਰਿੜ੍ਹਦੇ ਆਪਣੀ ਅੱਖਾਂ ਨਾਲ ਵੇਖੇ ਤਾਂ ਉਹ ਦੰਗ ਰਹਿ ਗਏ। ਬੇਰ ਸਾਹਿਬ ਸਮੇਤ ਪ੍ਰਕਰਮਾ ਲਹੂ ਨਾਲ ਰੰਗੀ ਗਈ। ਆਪਣੇ ਬਹਾਦਰ ਫ਼ੌਜੀਆਂ ਨੂੰ ਇਹੋ ਜਿਹਾ ਦਾਖੂਦਾਣਾ ਮਿਲਿਆ ਵੇਖ ਕੇ ਕਿ ਅਜੇਹੀ ਹੋਰ ਟੁਕੜੀ ਭੇਜਣ ਲਈ ਜਰਨੈਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦਿੱਲੀ ਵਾਲੇ ਆਲੀਸ਼ਾਨ ਸਿੰਘਾਸਣ ਤੇ ਬੈਠੀ ਇੰਦਰਾ ਗਾਂਧੀ ਪਲ ਪਲ ਇਸ ਖ਼ਬਰ ਦੀ ਇੰਤਜ਼ਾਰ ਕਰ ਰਹੀ ਸੀ ਕਿ ‘ਭਿੰਡਰਾਂ ਵਾਲਾ ਨੂੰ ਫੜ ਲਿਆ ਗਿਆ ਹੈ!’ ਪਰ ਉਸ ਤੱਕ ਤਾਰਾਂ ਖੜਕ ਗਈਆਂ ਕਿ ਇਨ੍ਹਾਂ ਲੋਹੇ ਦੇ ਹੱਥਾਂ ਨਾਲ ਸਿੱਝਣਾ ਏਨਾ ਸੌਖਾ ਨਹੀਂ ਜਿੰਨਾ ਅਸੀਂ ਚਿਤਵੀ ਬੈਠੇ ਹਾਂ। ਇਸ ਲਈ ਸਾਨੂੰ ਬਾਰ ਬਾਰ ਸੋਚਣਾ ਪਵੇਗਾ ਤੇ ਹੋਰ ਪੈਂਤੜੇ ਬਦਲਣੇ ਪੈਣਗੇ। ਉਸ ਤੋਂ ਬਾਅਦ ਕਮਾਂਡੋ ਫੋਰਸ ਦੇ ਸਿਪਾਹੀ ਵੀ ਭਿੰਡਰਾਂਵਾਲਾ ਜਥੇ ਦੇ ਹੱਥੋਂ ਗੋਲੀਆਂ ਖਾ ਖਾ ਕੇ ਡਿਗਦੇ ਰਹੇ। ਲਗਭਗ 3 ਸੌ ਸਿਪਾਹੀ ਮਰਵਾ ਕੇ ਕੁਲਦੀਪ ਸਿੰਘ ਬਰਾੜ ਨੂੰ ਮੂੰਹ ਦੀ ਖਾਣੀ ਪਈ। ਬੇਰਾਂ ਵਾਂਗ ਰਿੜ੍ਹਦੇ ਫ਼ੌਜੀਆਂ ਦਾ ਹਾਲ ਵੇਖ ਕੇ ਉੱਪਰਲੀ ਕਮਾਂਡ ਨੇ ਟੈਂਕਾਂ ਚੜ੍ਹਾਉਣ ਦਾ ਹੁਕਮ ਦੇ ਦਿੱਤਾ। ਖ਼ਬਰਾਂ ਅਨੁਸਾਰ ਖਾੜਕੂਆਂ ਵੱਲੋਂ ਫ਼ੌਜ ਤੇ ਮਿਜਾਇਲ ਹਮਲੇ ਵੀ ਕੀਤੇ ਗਏ ਜਿਸ ਕਰ ਕੇ ਉਨ੍ਹਾਂ ਨੇ ਟੈਂਕ ਭੇਜਣ ਦਾ ਫ਼ੈਸਲਾ ਕੀਤਾ।
5 ਜੂਨ ਨੂੰ ਪਹਿਲੇ ਪਹਿਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਪਾਸਿਉਂ 13 ਫ਼ੌਜੀ ਤੋਪ-ਟੈਂਕ ਅਤੇ 12 ਬਕਤਰਬੰਦ ਟਰੱਕ ਮੰਜੀ ਸਾਹਿਬ ਦੁੱਖ-ਭੰਜਨੀ ਬੇਰੀ ਵਾਲੀ ਲਾਈਨ ਦਰੜਦੇ ਹੋਏ ਪਰਿਕਰਮਾ ਵਿਚ ਬਾਬਾ ਦੀਪ ਸਿੰਘ ਦੇ ਸ਼ਹੀਦੀ ਸਥਾਨ ਥੜ੍ਹੇ ਲਾਗੇ ਲੰਗਰ ਸੁੱਟ ਬੈਠੇ। ਇੱਥੋਂ ਅਕਾਲ ਤਖ਼ਤ ਟਾਰਗੈਟ ਵੱਲ ਤੋਪਾਂ ਦੀਆਂ ਬੂਥਨੀਆਂ ਕਰ ਕੇ ਫਾਇਰ ਖੋਲ੍ਹ ਦਿੱਤੇ। ਇਹ ਬੰਬਾਂ ਦੀ ਅਸਮਾਨ ਗੁੰਜਾਊ ਧਮਕ ਦੂਰ ਦੂਰ ਤੱਕ ਸੁਣੀ ਗਈ। ਘਰਾਂ ਵਿਚ ਲੋਕਾਂ ਦੇ ਸਾਹ ਤਾਂ ਪਹਿਲਾਂ ਹੀ ਸੁੱਕੇ ਹੋਏ ਸਨ। ਦੇਖਦੇ ਹੀ ਦੇਖਦੇ ਸ਼ਹਿਰ ਦੇ ਅੰਦਰਲੇ ਹਿੱਸੇ ‘ਚੋਂ ਜ਼ੋਰਦਾਰ ਧਮਾਕੇ ਤੇ ਧੂੰਏਂ ਦੇ ਬੱਦਲ ਉੱਠਣ ਲੱਗੇ। ਹੈਲੀਕਾਪਟਰ ਜੋ ਪਹਿਲਾਂ ਦੋ ਚਾਰ ਗੇੜੇ ਮਾਰਦੇ ਸਨ ਉਹ ਹੋਰ ਬੜੀ ਤੇਜ਼ੀ ਨਾਲ ਹਰਕਤ ਵਿਚ ਆਏ ਤੇ ਦਰਬਾਰ ਸਾਹਿਬ ਅੰਦਰ ਹਜ਼ਾਰਾਂ ਨੌਜਵਾਨ, ਬੱਚੇ, ਬੁੱਢੇ, ਔਰਤਾਂ, ਮਨੁੱਖਤਾ ਦਾ ਸਾਂਝਾ ਖ਼ੂਨ ਡੁੱਲ੍ਹਦਾ, ਘਾਣ ਮੱਚਦਾ ਵੇਖਦੇ ਤਸਵੀਰਾਂ ਖਿੱਚਦੇ ਰਹੇ।
      ਦਿਹਾਤੀ ਖੇਤਰਾਂ ਵੱਲੋਂ ਰੋਸ ਮਾਰਚ
ਪ੍ਰਕਰਮਾ ਦਰੜਦੀਆਂ ਟੈਂਕਾਂ ਸਿੱਖਾਂ ਦੇ ਸੀਨੇ ਦਰੜ ਰਹੀਆਂ ਸਨ ਤੇ ਅਕਾਲ ਤਖ਼ਤ ਤੇ ਵਰ੍ਹਦੇ ਬੰਬ ਅਸਲ ਵਿਚ ਸਿੱਖਾਂ ਦੇ ਸਿਰਾਂ ਤੇ ਹੀ ਘਾਣ ਮਚਾ ਰਹੇ ਸਨ। ਦਰਬਾਰ ਸਾਹਿਬ ਉੱਤੇ ਹਮਲੇ ਦੀ ਖ਼ਬਰ ਮਿਲਦੇ ਹੀ ਆਸੇ ਪਾਸੇ ਪਿੰਡਾਂ, ਸ਼ਹਿਰਾਂ ਤੋਂ ਲੱਗੇ ਕਰਫ਼ਿਊ ਦੇ ਬਾਵਜੂਦ ਲੋਕ ਘਰਾਂ ਤੋਂ ਬਾਹਰ ਨਿਕਲ ਤੁਰੇ। ਝਬਾਲ ਖੇਮਕਰਨ ਸੜਕ ਤੇ ਬੀੜ ਬਾਬਾ ਬੁੱਢਾ ਸਾਹਿਬ ਗੁਰਦੁਆਰਾ, ਤਰਨ ਤਾਰਨ ਅੰਮ੍ਰਿਤਸਰ ਸੜਕ ‘ਤੇ ਚੱਬਾ ਪਿੰਡ ਦੇ ਸੰਗਰਾਣਾ ਸਾਹਿਬ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ, ਜੰਡਿਆਲਾ, ਵੱਲਾ, ਵੇਰਕਾ, ਜੈਂਤੀਪੁਰ, ਲੋਹਾਰਕਾ, ਰਾਜਾਸਾਂਸੀ, ਖ਼ਾਸਾ ਛਿਹਰਟਾ ਆਦਿ ਅੱਡੋ ਅੱਡ ਦਿਸ਼ਾਵਾਂ ਦੇ ਗੁਰਦੁਆਰਿਆਂ ਵਿਚ ਇਕੱਤਰ ਹੋਣੇ ਸ਼ੁਰੂ ਹੋ ਗਏ। ਸਾਰਿਆਂ ਨੇ ਸ਼ਾਮ ਨੂੰ ਬਾਬਾ ਦੀਪ ਸਿੰਘ ਦੇ ਸਥਾਨ ਤੇ ਇਕੱਠੇ ਹੋਣਾ ਸੀ। ਇਹ ਉਹ ਸਥਾਨ ਸੀ ਜਿੱਥੇ ਨਵੰਬਰ 13, 1757 ਨੂੰ ਖ਼ਾਲਸਾ ਫ਼ੌਜਾਂ ਦੀ ਅਹਿਮਦ ਸ਼ਾਹ ਦੁਰਾਨੀ ਦੀਆਂ ਫ਼ੌਜਾਂ ਨਾਲ ਮੁੱਠਭੇੜ ਹੋ ਗਈ ਸੀ। ਦੁਰਾਨੀਆਂ ਕੋਲੋਂ ਦਰਬਾਰ ਸਾਹਿਬ ਮੁਕਤ ਕਰਾਉਣ ਖ਼ਾਤਰ 75 ਸਾਲਾ ਬਾਬਾ ਦੀਪ ਸਿੰਘ ਅਰਦਾਸ ਕਰ ਕੇ ਚੱਲਿਆ ਸੀ। ਪੰਦਰਾਂ ਕਿੱਲੋ ਦਾ ਖੰਡਾ ਖੜਕਾਉਂਦੇ ਵਾਹੁੰਦੇ ਦੁਰਾਨੀ ਦੀਆਂ ਵੀਹ ਹਜਾਰ ਫ਼ੌਜਾਂ ਦਾ ਮੁਕਾਬਲਾ ਕਰਦੇ ਬਾਬਾ ਜੀ ਦੇ ਆਪਣੇ ਖੰਡੇ ਦੇ ਵਾਰ ਨਾਲ ਇਸ ਜਗ੍ਹਾ ਆਪਣਾ ਹੀ ਸਿਰ ਧੜ ਤੋਂ ਕੱਟਿਆ ਗਿਆ। ਗੁਰੂ ਸੰਗ ਕੀਤਾ ਪ੍ਰਣ ਤੇ ਅਰਦਾਸ ਯਾਦ ਕਰ ਕੇ ਕਿ ਸੀਸ ਗੁਰੂ ਚਰਨਾਂ ਵਿਚ ਹੀ ਦੇਣਾ ਹੈ, ਉਨ੍ਹਾਂ ਹਥੇਲੀ ਤੇ ਬੋਚ ਲਿਆ। ਇਕੱਲਾ ਧੜ ਦੋਹੀਂ ਪਾਸੀਂ ਖੰਡਾ ਵਾਹੁੰਦਾ ਮੁਗ਼ਲਾਂ ਨੂੰ ਪਛਾੜਦਾ ਵੇਖ ਕੇ ਦੁਸ਼ਮਣਾਂ ਦੇ ਹੋਸ਼ ਉੱਡ ਗਏ ਕਿ ਇਨ੍ਹਾਂ ਦੇ ਤਾਂ ਧੜ ਹੀ ਜੰਗ ਲੜ ਰਹੇ ਹਨ! ਬਾਬਾ ਜੀ ਇਸ ਹਾਲਤ ਵਿਚ ਚਾਰ ਮੀਲ ਤੱਕ ਦੁਸ਼ਮਣ ਫ਼ੌਜਾਂ ਦਾ ਘਾਣ ਮਚਾਉਂਦੇ ਚਾਟੀ ਵਿੰਡ ਯਾਨੀ ਕਿ ਅੰਮ੍ਰਿਤਸਰ ਦੀ ਹੱਦ ਅੰਦਰ ਦਾਖਲ ਹੋ ਗਏ। (ਇਸ ਜਗ੍ਹਾ ਅੱਜ ਕੱਲ੍ਹ ਗੁਰਦੁਆਰਾ ਸ਼ਹੀਦਾਂ ਸਸ਼ੋਭਿਤ ਹੈ) ਇੱਥੋਂ ਉਨ੍ਹਾਂ ਭਵਾਂ ਕੇ ਵਗਾਹ ਕੇ ਆਪਣਾ ਸੀਸ ਦਰਬਾਰ ਸਾਹਿਬ ਅੰਦਰ ਸੁੱਟ ਦਿੱਤਾ ਜੋ ਪ੍ਰਕਰਮਾ ਦੀ ਪੂਰਬ ਦੱਖਣ ਵਾਲੀ ਨੁੱਕਰ ਵਿਚ ਡਿੱਗਾ। ਇਸ ਤਰ੍ਹਾਂ ਉਨ੍ਹਾਂ ਦੇ ਕੀਤੇ ਕੌਲ ਇਕਰਾਰ ਦੀ ਬਣ ਆਈ। ਇਹ ਵੀ ਕੁਦਰਤੀ ਮੌਕਾ ਮੇਲ ਹੀ ਹੈ ਕਿ ਪੰਜ ਜੂਨ 1984 ਨੂੰ ਅਕਾਲ ਤਖ਼ਤ ਢਾਹੁਣ ਵਾਸਤੇ ਭਾਰਤੀ ਫ਼ੌਜ ਨੇ ਇਸੇ ਸਥਾਨ ਬਾਬਾ ਦੀਪ ਸਿੰਘ ਦੇ ਸੰਗਮਰਮਰੀ ਥੜ੍ਹੇ ਕੋਲ ਟੈਂਕਾਂ ਖਲ੍ਹਾਰ ਕੇ ਅਕਾਲ ਤਖ਼ਤ ਵੱਲ ਤੋਪਾਂ ਦੇ ਮੂੰਹ ਖੋਲ੍ਹ ਦਿੱਤੇ ਸਨ।
ਤਰਨ ਤਾਰਨ ਸੜਕ ਵਾਲੇ ਰਹਿਲੇ ਕਾਫ਼ਲੇ ਵਿਚ ਇਹ ਕਲਮਕਾਰ ਯਾਨੀ ਕਿ ਮੈਂ ਆਪ ਵੀ ਸ਼ਾਮਲ ਸੀ। ਬੱਚੇ, ਬੁੱਢੇ, ਜਵਾਨਾਂ ਤੇ ਔਰਤਾਂ ਸਮੇਤ ਏਨਾ ਵੱਡਾ ਲੋਕਾਂ ਦਾ ਠਾਠਾਂ ਮਾਰਦਾ ਹੜ੍ਹ ਜੈਕਾਰੇ ਗਜਾਉਂਦਾ ਅੰਮ੍ਰਿਤਸਰ ਨੂੰ ਵਧਣ ਲੱਗਾ। ਆਗੂਆਂ ਵੱਲੋਂ ਸੰਗਤ ਨੂੰ ਇਹ ਵਿਸ਼ੇਸ਼ ਹਦਾਇਤ ਸੀ ਕਿ ਮੂੰਹੋਂ ਸਿਰਫ਼ ਸੱਤ ਨਾਮ ਵਾਹਿਗੁਰੂ ਅਲਾਪਣਾ ਹੈ, ਕੋਈ ਵੀ ਉਕਸਾਹਟ ਵਾਲਾ ਨਾਅਰਾ ਜਾਂ ਕਾਰਜ ਨਹੀਂ ਕਰਨਾ। ਬਿਨਾਂ ਕਿਸੇ ਚੇਤਾਵਨੀ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਨੇ ਗੋਲੀਆਂ ਦੀ ਬੁਛਾੜ ਵਰ੍ਹਾ ਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਧਰਤੀ ‘ਤੇ ਵਿਛਾ ਦਿੱਤਾ। ਟੀਂ ਟੀਂ ਕਰਦੀਆਂ ਗੋਲੀਆਂ ਹੇਠਾਂ ਸੱਥਰ ਵਿਛਾ ਰਹੀਆਂ ਸਨ। ਇਸ ਭਗਦੜ ਵਿਚ ‘ਮਾਂਵਾਂ ਨੇ ਪੁੱਤ ਵੀ ਨਹੀਂ ਸੰਭਾਲੇ’ ਦਾ ਮੁਹਾਵਰਾ ਸੱਚ ਕਰ ਦਿਖਾਇਆ। ਕਈ ਔਰਤਾਂ ਬੱਚੇ ਚਾਟੀ-ਵਿੰਡ ਨਹਿਰ ਵਿਚ ਛਾਲਾ ਮਾਰਦੇ ਰੁੜ੍ਹ ਗਏ। ਇਸ ਲੁਕਣ-ਮੀਟੀ ਵਿਚੋਂ ਬਚ ਕੇ ਦੌੜਦਾ ਮੈਂ ਗਿਰਵਾਲੀ ਪਿੰਡ ਵਿਚੋਂ ਆਪਣਾ ਸਕੂਟਰ ਚੁੱਕ ਕੇ ਆਪਣੇ ਸਰਕਾਰੀ ਕਰਫ਼ਿਊ ਪਾਸ ਦੇ ਸਹਾਰੇ ਸਾਬਤ ਸਬੂਤਾ ਘਰ ਮੁੜ ਆਇਆ। ਮੇਰੇ ਨਾਲ ਗਏ ਮੇਰੀ ਮਾਤਾ ਅਤੇ ਮੇਰਾ ਛੋਟਾ ਭਾਈ ਸਰਬਜੀਤ ਸਿੰਘ ਮੈਥੋਂ ਵਿੱਛੜ ਗਏ। ਸਰਬਜੀਤ ਇਸ ਨਹਿਰ ਵਿਚੋਂ ਡੁੱਬਦੇ ਤਰਦੇ ਕਿਸੇ ਤਰ੍ਹਾਂ ਕੰਢੇ ਲਗਦਾ ਬਚ ਗਿਆ। ਛੇ ਮੀਲ ਦਾ ਖ਼ਤਰਨਾਕ ਪੈਦਲ ਸਫ਼ਰ ਕਰ ਕੇ ਛੁਪਦੇ ਛੁਪਾਉਂਦੇ ਰਾਤ ਦੋ ਵਜੇ ਬੁਰੀ ਤਰਸਯੋਗ ਹਾਲਤ ਵਿਚ ਘਰ ਪਹੁੰਚਿਆ। ਮੇਰੀ ਮਾਤਾ ਨਹੀਂ ਆਈ ਤੇ ਤਿੰਨ ਦਿਨ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਾ। ਅਸੀਂ ਸਾਰੇ ਸਬਰ ਕਰ ਕੇ ਬੈਠ ਗਏ ਕਿ ਉਹ ਪੰਥ ਦੇ ਲੇਖੇ ਲੱਗ ਗਈ ਹੈ। ਕਾਬੂ ਆਇਆਂ ਵਿਚੋਂ ਕੁੱਝ ਨੂੰ ਫੜ੍ਹ ਕੇ ਪੈਦਲ ਫ਼ੌਜ ਨੇ ਤਸੀਹੇ ਦੇ ਕੇ ਪਿੱਛੇ ਹੱਥ ਬੰਨ੍ਹ ਕੇ ਗੋਲੀਆਂ ਨਾਲ ਉਡਾਇਆ ਤੇ ਟੈਂਕਾਂ ਥੱਲੇ ਲਿਤਾੜਿਆ। ਕੁੱਝ ਬਾਕੀ ਅੰਨ੍ਹੇ ਤਸ਼ੱਦਦ ਦੀ ਮਾਰ ਝੱਲਦੇ ਲੱਤਾਂ ਬਾਂਹਾਂ ਗੁਆ ਕੇ ਅਪਾਹਜ ਲੂਲ੍ਹੇ ਲੰਗੜੇ ਹੋ ਗਏ। ਔਰਤਾਂ ਦੀ ਹਰ ਤਰ੍ਹਾਂ ਨਾਲ ਰੱਜ ਕੇ ਬੇਇੱਜ਼ਤੀ ਕੀਤੀ ਗਈ। (ਬਾਦ ਵਿਚ ਪਤਾ ਲੱਗਾ ਕਿ ਫ਼ੌਜੀਆਂ ਨੂੰ ਉਕਸਾਉਣ ਖ਼ਾਤਰ ਕਿਸੇ ਗੈਰ ਸਿੱਖ ਸ਼ਰਾਰਤੀ ਨੇ ਸੰਗਰਾਣਾ ਸਾਹਿਬ ਰੇਲਵੇ ਸਟੇਸ਼ਨ ਦੇ ਲੱਕੜ ਦੇ ਬੈਂਚ ਨੂੰ ਅੱਗ ਲਗਾ ਦਿੱਤੀ ਸੀ ਜੋ ਮਿਲਟਰੀ ਨੂੰ ਬਹਾਨਾ ਮਿਲ ਗਿਆ।)
ਮੇਰੀ ਮਾਤਾ ਦਲਜੀਤ ਕੌਰ ਚੱਬਾ ਦੇ ਸੰਗਰਾਣਾ ਸਾਹਿਬ ਰੇਲਵੇ ਸਟੇਸ਼ਨ ਲਾਗੇ ਗੋਲੀਆਂ ਦੀ ਮਾਰ ਤੋਂ ਬਚਦੀ ਭਗਦੜ ਵਿਚ ਹੋਰਾਂ ਪੀੜਤਾਂ ਨਾਲ ਸੁਲਤਾਨਵਿੰਡ ਪਿੰਡ ਕਿਸੇ ਰਿਸ਼ਤੇਦਾਰ ਦੇ ਘਰ ਪਹੁੰਚ ਗਈ। ਉੱਥੇ ਤਿੰਨ ਦਿਨ ਰਹਿ ਕੇ ਜਦ ਮੇਜ਼ਬਾਨ ਨੂੰ ਕੋਈ ਰਸਤਾ ਮਿਲਿਆ ਉਹ ਅੱਠ ਤਰੀਕ ਉਸ ਨੂੰ ਸਾਡੇ ਘਰ ਪਹੁੰਚਾ ਗਿਆ। (ਚੱਬਾ ਪਿੰਡ ਨੇੜੇ ਸੜਕ ਤੇ ਬਾਬਾ ਦੀਪ ਸਿੰਘ ਦਾ ਉਹ ਇਤਿਹਾਸਕ ਸਥਾਨ ਹੈ ਜਿੱਥੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦਾ ਪ੍ਰਣ ਲੈ ਕੇ ਜਾਂਦੇ ਖੰਡਾ ਵਾਹੁੰਦੇ ਸਮੇਂ ਉਨ੍ਹਾਂ ਦਾ ਆਪਣਾ ਸੀਸ ਹੀ ਧੜ ਨਾਲੋਂ ਅਲੱਗ ਹੋ ਗਿਆ ਸੀ ਜਿਸ ਨੂੰ ਉਹ ਹੱਥ ਤੇ ਟਿਕਾ ਕੇ ਲੜਦੇ ਚਾਟੀ ਵਿੰਡ ਤੱਕ ਪਹੁੰਚ ਗਏ ਸਨ। ਨੇੜੇ ਹੀ ਸੰਗਰਾਣਾ ਸਾਹਿਬ ਉਹ ਇਤਿਹਾਸਕ ਜਗ੍ਹਾ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਤਾ ਸੁਲੱਖਣੀ ਨੇ ਮਿਲ ਕੇ ਇੱਕ ਪੁੱਤਰ ਦਾ ਵਰ ਮੰਗਿਆ ਸੀ। ਗੁਰੂ ਜੀ ਇੱਕ ਪੁੱਤਰ ਦੇਣ ਦੇ ਆਸ਼ੇ ਨਾਲ ਘੋੜੇ ਤੇ ਬੈਠੇ ਏਕਾ ਪਾਉਣ ਲੱਗੇ ਪਰ ਘੋੜਾ ਹਿੱਲਣ ਕਾਰਨ ਸਾਤਾ ਪੈ ਗਿਆ। ਇਸ ਤਰ੍ਹਾਂ ਉਸ ਨੂੰ ਸੱਤ ਪੁੱਤਾਂ ਦਾ ਵਰ ਪ੍ਰਾਪਤ ਹੋ ਗਿਆ ਸੀ।)
ਭਾਰਤੀ ਹਕੂਮਤ ਦੀ ਵਰਤਾਈ ਇਸ ਦੁਰਘਟਨਾ ਨੇ 1746 ਦਾ ਕਾਹਨੂੰਵਾਨ ਦਾ ਛੋਟਾ ਘੱਲੂਘਾਰਾ ਜਿਸ ਵਿਚ ਅਹਿਮਦ ਸ਼ਾਹ ਅਬਦਾਲੀ ਨੇ ਵੀਹ ਹਜ਼ਾਰ ਸਿੰਘਾਂ ਸਿੰਘਣੀਆਂ ਨੂੰ ਘੇਰ ਕੇ ਘੋਰ ਤਸ਼ੱਦਦ ਕੀਤਾ ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਵਾਲਾ ਇਤਿਹਾਸ ਦੁਹਰਾ ਦਿੱਤਾ। ਪੰਜਾਬ ਦੇ ਸਾਰੇ ਪਾਸਿਉਂ ਅੰਮ੍ਰਿਤਸਰ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਪੇਂਡੂ ਸ਼ਹਿਰੀ ਸਾਰੇ 137 ਤੋਂ ਵੱਧ ਗੁਰਦੁਆਰੇ ਫ਼ੌਜ ਨੇ ਆਪਣੇ ਕਬਜ਼ੇ ਕਰ ਕੇ ਜੀ-ਚਾਹੀ ਲੁੱਟ ਮਾਰ ਕੀਤੀ ਤੇ ਸ਼ਰਧਾਲੂਆਂ ਤੇ ਰੱਜ ਕੇ ਘੋਰ ਤਸ਼ੱਦਦ ਢਾਹਿਆ। ਪਿੰਡਾਂ ਵਿਚ ਪੱਗ-ਬੰਨ੍ਹ ਬੇਦੋਸ ਨਿਹੱਥੇ ਨੌਜਵਾਨਾਂ ਨੂੰ ਇਕੱਠੇ ਕਰ ਕੇ ਉਨ੍ਹਾਂ ਦੀਆਂ ਹੀ ਪੱਗਾਂ ਨਾਲ ਹੱਥ ਪਿੱਛੇ ਬੰਨ੍ਹ ਕੇ ਸਕੂਲਾਂ ਕਾਲਜਾਂ ਦੀਆਂ ਇਮਾਰਤਾਂ ਵਿਚ ਭੁੱਖੇ ਤਿਹਾਏ ਕੈਦ ਕੀਤੇ ਤੇ ਬਿਨ ਮਤਲਬ ਤਸੀਹੇ ਦਿੰਦੇ ‘ਭੂੰਡਾਂ ਵਾਲੇ’ ਨੂੰ ਮੰਦਾ ਚੰਗਾ ਬੋਲਦੇ ਰਹੇ। ਗੋਰਖਾ ਫ਼ੌਜੀਆਂ ਨੂੰ ਇਹ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਸੀ ਕਿ ਹਰ ਪਗੜੀਧਾਰੀ ਸਿੱਖ ਖ਼ਾਸ ਕਰਦੇ ਲੰਬੀ ਦਾੜ੍ਹੀ ਵਾਲਾ ਆਦਮੀ ਭਿੰਡਰਾਂਵਾਲਾ ਦਾ ਖਾੜਕੂ ਹੈ, ਉਨ੍ਹਾਂ ਨੂੰ ਨਹੀਂ ਬਖ਼ਸ਼ਣਾ। (ਭਿੰਡਰਾਂਵਾਲਾ ਨੂੰ ਉਹ ਭੂੰਡਾਂ ਵਾਲਾ ਹੀ ਸੱਦਦੇ ਸਨ।) “‘
ਪੰਜ ਛੇ ਜੂਨ
ਪੰਜ, ਛੇ ਜੂਨ ਦਿਨ ਤੇ ਰਾਤ ਭਿਆਨਕ ਗੋਲੀ ਬਾਰੀ, ਬੰਬਾਰੀ ਹੁੰਦੀ ਸੁਣਦੀ ਰਹੀ। 6 ਜੂਨ ਨੂੰ ਸਵੇਰੇ ਧਮਾਕਿਆਂ ਦੀ ਆਵਾਜ਼ ਕੁੱਝ ਮੱਧਮ ਪਈ। ਟੀ. ਵੀ. ਰੇਡੀਉ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਕਿ ਫ਼ੌਜ ਦਾ ਮਕਸਦ ਜਿਸ ਲਈ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ, ਉਹ ਪੂਰਾ ਹੋ ਗਿਆ ਹੈ ਤੇ ਘੁਸਪੈਠੀਏ ਉਗਰਵਾਦੀ ਮਾਰੇ ਗਏ ਹਨ। ਪ੍ਰਕਰਮਾ ਵਿਚ ਲੇਟਾਈਆਂ ਸੰਤ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ, ਮੇਜਰ ਜਨਰਲ ਸੁਬੇਗ ਸਿੰਘ ਤੇ ਸੈਂਕੜੇ ਹੋਰ ਲਾਸ਼ਾਂ ਉੱਤੇ ਬਾਰ ਬਾਰ ਕੈਮਰਾ ਸੁੱਟ ਕੇ ਦਿਖਾਇਆ ਗਿਆ। ਅੰਦਰੋਂ ਫ਼ੌਜ ਦੇ ਹੱਥ ਕਈ ਸੌ ਰਾਈਫਲਾਂ ਤੇ ਸਵੈ ਚਲਤ ਹਥਿਆਰ, ਜਿਨ੍ਹਾਂ ਵਿਚ ਬਹੁਤੀਆਂ ਚੀਨ ਦੀਆਂ ਬਣੀਆਂ ਹੋਈਆਂ ਸਨ। ਸੈਂਕੜੇ ਮੈਗਜ਼ੀਨ, ਗੰਨ ਦੇ ਗਰਨੇਡ, ਟੈਂਕ ਤੋੜਨ ਵਾਲੇ ਰਾਕਟ ਮਿਜਾਇਲਾਂ ਤੇ ਰਿਵਾਲਵਰ ਹੱਥ ਲੱਗੇ ਦਿਖਾਏ ਗਏ। ਗੁਰਚਰਨ ਸਿੰਘ ਟੌਹੜਾ, ਹਰਚਰਨ ਸਿੰਘ ਲੌਂਗੋਵਾਲ, ਬਾਦਲ ਟੋਲੀ ਦੇ ਕੁੱਝ ਕਾਰਕੁਨਾਂ ਸਮੇਤ ਕਈ ਹੋਰ ਪੰਥਕ ਆਗੂ ਤੇ 350 ਦੇ ਕਰੀਬ ਯਾਤਰੂ ਹੱਥ ਉੱਚੇ ਕਰਦੇ ਬਾਹਰ ਆਉਂਦੇ ਵਿਖਾਏ ਗਏ। ਹਜ਼ਾਰਾਂ ਹੋਰ ਜੋ ਅੱਧ-ਪਚੱਧੇ ਜਿਊਂਦੇ ਬਚੇ ਜਿਨ੍ਹਾਂ ਆਤਮ-ਸਮਰਪਣ ਕੀਤਾ, ਭੇਡਾਂ ਬੱਕਰੀਆਂ ਵਾਂਗ ਟਰੱਕਾਂ ਤੇ ਲੱਦ ਕੇ ਅਗਿਆਤ ਛਾਉਣੀ ਕੈਂਪਾਂ ਵਿਖੇ ਪਹੁੰਚਾਏ ਗਏ।
ਤੇਜਾ ਸਿੰਘ ਸਮੁੰਦਰੀ ਹਾਲ ਅਤੇ ਗੁਰੂ ਰਾਮ ਦਾਸ ਸਰਾਂ ਅਤੇ ਤਹਿਖ਼ਾਨੇ ਵਿਚ ਵੜੇ ਬੈਠੇ ਫਸੇ ਲੋਕਾਂ ਨੂੰ ਅੰਦਰ ਬੰਬ ਅਤੇ ਗੈਸ ਸੁੱਟ ਕੇ ਤੜਫਾ ਤੜਫਾ ਕੇ ਮਾਰਿਆ ਗਿਆ। ਸਿੱਖਾਂ ਦੀਆਂ ਇਤਿਹਾਸਕ ਵਸਤਾਂ ਤੇ ਵਡਮੁੱਲੀ ਲਾਇਬਰੇਰੀ ਨੂੰ ਅੱਗ ਲਗਾ ਦਿੱਤੀ ਗਈ ਜਿਸ ਵਿਚ ਕੋਈ ਵੀਹ ਹਜ਼ਾਰ ਦੇ ਲਗ-ਪਗ ਬਹੁਮੁੱਲੇ ਅਨੂਪਮ ਇਤਿਹਾਸਕ ਦਸਤਾਵੇਜ਼ ਸਮੇਤ ਗੁਰੂ ਗ੍ਰੰਥ ਸਾਹਿਬ ਦੇ ਪੰਝੀ ਸੌ ਹੱਥ-ਲਿਖਤ ਸਰੂਪ ਅਗਨੀ ਭੇਟ ਕਰ ਕੇ ਸਵਾਹ ਦੇ ਢੇਰ ਬਣਾ ਦਿੱਤੇ ਗਏ। ਤੋਸ਼ਾਖ਼ਾਨਾ ਦਾ ਕੀਮਤੀ ਨਾਯਾਬ ਖ਼ਜ਼ਾਨਾ ਜਵਾਹਰ ਹੀਰੇ ਸੋਨਾ ਆਦਿ ‘ਇਹ ਅਬਦਾਲੀ’ ਲੁੱਟ ਕੇ ਟਰੱਕ ਭਰ ਕੇ ਲੈ ਗਏ। ਅਕਾਲ ਤਖ਼ਤ ਨੂੰ ਖੰਡਰ ਬਣਾ ਦਿੱਤਾ ਗਿਆ। ਸਾਰੀ ਪਰਿਕਰਮਾ ਟੈਂਕਾਂ ਨਾਲ ਦਰੜੀ ਗਈ। ਪਵਿੱਤਰ ਸਰੋਵਰ ਦਾ ਜਲ ਖ਼ੂਨ ਨਾਲ ਭਰਿਆ ਲਾਲ ਰੰਗਾ ਹੋ ਗਿਆ। ਸਰੋਵਰ ਵਿਚ ਕੋਮਲ ਸੋਹਲ ਮੱਛੀਆਂ ਬੰਬਾਂ ਦੇ ਡਹਿਲ ਨਾਲ ਮਰ ਕੇ ਪੁੱਠੀਆਂ ਹੋ ਬਦਬੂ ਮਾਰਨ ਲੱਗੀਆਂ। ਲਾਸ਼ਾਂ ਦੇ ਢੇਰ-ਅੰਬਾਰ ਵਿਛ ਗਏ। ਅੱਤ ਦੀ ਗਰਮੀ, ਅੰਤਾਂ ਦੀ ਬਦਬੂ, ਲਾਸ਼ਾਂ ਚੁੱਕਣ ਦਾ ਕੋਈ ਇੰਤਜ਼ਾਮ ਮਿਲਟਰੀ ਜਾਂ ਪੁਲਿਸ ਨਾ ਕਰ ਸਕੀ, ਉੱਪਰੋਂ ਭਿਆਨਕ ਬਿਮਾਰੀਆਂ ਦਾ ਡਰ ਪੈ ਗਿਆ।
ਅੰਮ੍ਰਿਤਸਰ ਕਾਰਪੋਰੇਸ਼ਨ ਦੇ ਜਮਾਦਾਰਾਂ ਵੱਲੋਂ ਢੋਆ-ਢਵਾਈ ਦੇ ਨਾਬਰ ਹੋਣ ਤੋਂ ਪਿੰਡ ਭਰਾੜੀਵਾਲ ਦੇ ਨਜ਼ਦੀਕ ਅੰਨ੍ਹਗੜ ਇਲਾਕੇ ਦੇ ਪੇਸ਼ਾਵਰ ਲੋਕਾਂ ਨੂੰ ਖੁੱਲ੍ਹ ਦਿੱਤੀ ਗਈ ਕਿ ਉੱਥੋਂ ਅੰਦਰੋਂ ਜੋ ਵੀ ਮਾਲ ਕਿਸੇ ਦੇ ਹੱਥ ਲੱਗੇ, ਸੋਨਾ, ਗਹਿਣਾ, ਕੜੇ, ਪੈਸੇ ਤੇ ਹੋਰ ਕੀਮਤੀ ਸਮਾਨ ਉਸੇ ਦਾ ਹੀ ਹੋਵੇਗਾ। ਮਿਲਟਰੀ ਰੰਮ ਦੀਆਂ ਪੇਟੀਆਂ ਦਾ ਇੱਕ ਟਰੱਕ ਉਨ੍ਹਾਂ ਨੂੰ ਵੰਡਿਆ ਗਿਆ। ਇੱਕ ਜਮਾਤ ਦੇ ਭੂਤਰੇ ਮੁੰਡੇ ਦਾਰੂ ਨਾਲ ਟੁੱਨ ਅੰਦਰ ਵੜ ਕੇ ਲਾਸ਼ਾਂ ਦੀ ਤਲਾਸ਼ੀ ਲੈਣ ਲੱਗੇ। ਉਨ੍ਹਾਂ ਨੇ ਸਹਿਕਦੇ ਤੇ ਅਧਮੋਏ ਯਾਤਰੀਆਂ ਨੂੰ ਮਾਰ ਮਾਰ ਕੇ ਉਨ੍ਹਾਂ ਦੀਆਂ ਜੇਬਾਂ ਫਰੋਲਦੇ ਆਪਣੇ ਖੀਸੇ ਖ਼ੂਬ ਭਰੇ। ਇਨ੍ਹਾਂ ਬੇਕਿਰਕ ਲੋਕਾਂ ਨੇ ਇਸ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ। ਦੁੱਧ ਮੱਖਣਾਂ ਨਾਲ ਪਾਲ਼ੇ ਪੰਜਾਬੀ ਮਾਂਵਾਂ ਦੇ ਹੀਰੇ ਪੁੱਤਰ ਪਸ਼ੂਆਂ ਵਾਂਗ ਟਰੱਕਾਂ ਤੇ ਲੱਦ ਲੱਦ ਕੇ ਲੋਥਾਂ ਮੈਡੀਕਲ ਕਾਲਜ ਹਸਪਤਾਲ ਦੇ ਮੁਰਦਖਾਨੇ ਵਿਚ ਸੁੱਟਦੇ ਰਹੇ। ਕੁੱਝ ਮਿਉਂਸਪਲ ਕਾਰਪੋਰੇਸ਼ਨ ਦੇ ਗੰਦਗੀ ਕੂੜਾ-ਕਰਕਟ ਢੋਣ ਵਾਲੇ ਟਰੱਕਾਂ ਵਿਚ ਲੱਦ ਕੇ ਸ਼ਮਸ਼ਾਨ ਘਾਟ ਸੁੱਟਦੇ ਸਮੂਹਿਕ ਸਸਕਾਰ ਕਰਦੇ ਰਹੇ। ਬਦਬੂ ਮਾਰਦੇ ਲੋਥਾਂ ਦੇ ਭਰੇ ਟਰੱਕ ਤੂਸਾਂ ਖਿਲਾਰਦੇ ਗੋਪਾਲ ਨਗਰ ਮਜੀਠਾ ਰੋਡ ਤੇ ਲੰਘਦੇ ਲੋਕ ਕੋਠਿਆਂ ਛੱਤਾਂ ਤੇ ਚੜ੍ਹ ਚੜ੍ਹ ਵੇਖਦੇ ਤ੍ਰਾਹ ਤ੍ਰਾਹ ਕਰਦੇ ਕੰਨਾਂ ਨੂੰ ਹੱਥ ਲਗਾਉਂਦੇ ਸਨ। (ਮੇਰਾ ਆਪਣਾ ਦਫ਼ਤਰ ਗੋਪਾਲ ਨਗਰ ਇੱਥੇ ਨਜ਼ਦੀਕ ਹੋਣ ਕਰ ਕੇ ਅਤੇ ਮੇਰੇ ਕੋਲ ਸਰਕਾਰੀ ਕਰਫ਼ਿਊ ਪਾਸ ਹੋਣ ਕਰ ਕੇ ਇਹ ਸਾਰੀ ਢੋਆ ਢੁਆਈ ਦਾ ਭਾਣਾ ਮੈਂ ਆਪਣੀ ਅੱਖੀਂ ਵੇਖਦਾ ਆਪਣੇ ਆਪ ਵਿਚ ਕੁੜ੍ਹਦਾ ਰਿਹਾ।) ਗੋਪਾਲ ਨਗਰ ਗੁਰਦੁਆਰੇ ਦੇ ਸਾਹਮਣੇ ਮੈਡੀਕਲ ਕਾਲਜ (ਪੋਸਟ-ਮਾਰਟਮ) ਮੁਲਾਹਜ਼ਾ ਮੁਰਦਾ ਘਰ ਵਿਖੇ ਜਗ੍ਹਾ ਕਾਫ਼ੀ ਨਾ ਹੋਣ ਕਰ ਕੇ ਬਹੁਤੇ ਦਰਿਆ-ਬੁਰਦ ਕੀਤੇ ਗਏ ਤੇ ਬਾਕੀ ਸ਼ਹੀਦਾਂ ਵਾਲਾ ਗੁਰਦੁਆਰਾ ਨੇੜੇ ਦੀ ਸ਼ਮਸ਼ਾਨ ਘਾਟ ਵਿਚ ਬੇਨਾਮੀ, ਲਾਵਾਰਸ ਸਸਕਾਰ ਕਰ ਦਿੱਤੇ ਗਏ। ਕਈਆਂ ਦੀਆਂ ਲਿਸਟਾਂ ਬਣੀਆਂ ਪਰ ਬਹੁਤੇ ਬਿਨਾਂ ਮੌਤ ਪ੍ਰਮਾਣ-ਪੱਤਰ ਹੀ ਭਸਮ ਹੋ ਗਏ ਜਿਨ੍ਹਾਂ ਦੀ ਹੁਣ ਤੱਕ ਸ਼ਨਾਖ਼ਤ ਹੋ ਰਹੀ ਹੈ। ਹਜ਼ਾਰਾਂ ਦੇ ਵਾਰਿਸ ਅਜੇ ਹੁਣ ਤੱਕ ਉਨ੍ਹਾਂ ਆਪਣਿਆਂ ਨੂੰ ਤਲਾਸ਼ ਰਹੇ ਹਨ।
    ਆਪਣੇ ਇਸ ਪਵਿੱਤਰ ਅਸਥਾਨ ਉੱਤੇ ਹਮਲੇ ਦੇ ਪ੍ਰਤੀਕਰਮ ਰੋਸ ਵਜੋਂ ਰਾਮਗੜ੍ਹ ਛਾਉਣੀ ਸਮੇਤ ਭਾਰਤ ਭਰ ਦੀਆਂ ਕਈ ਹੋਰ ਸਿੱਖ ਬਟਾਲੀਅਨਾਂ ਦੇ ਸਿੱਖ ਧਰਮੀ ਫ਼ੌਜੀ ਨੌਜਵਾਨਾਂ ਦੀ ਅਣਖ ਨੇ ਉਬਾਲਾ ਖਾਧਾ। ਹਰਿਮੰਦਰ ਸਾਹਿਬ ਤੇ ਹਮਲੇ ਦੇ ਰੋਸ ਵਜੋਂ ਸਿੱਖ ਧਰਮੀ ਹਜ਼ਾਰਾਂ ਫ਼ੌਜੀ ਮੁਕਤ ਕਰਾਉਣ ਲਈ ਅੰਮ੍ਰਿਤਸਰ ਵੱਲ ਵਹੀਰਾਂ ਘੱਤ ਤੁਰੇ। ਬਹੁਤ ਸਾਰੇ ਫ਼ੌਜੀ ਰਾਹਾਂ ਵਿਚ ਭਾਰਤੀ ਫ਼ੌਜੀਆਂ ਦਾ ਨਿਸ਼ਾਨਾ ਬਣੇ। ਬਹੁਤ ਸਾਰੇ ਲਾਪਤਾ ਹੋਏ ਤੇ ਬਹੁਤੇ ਗ੍ਰਿਫ਼ਤਾਰ ਕੀਤੇ ਗਏ। ਸਰਕਾਰ ਨੇ ਨਿਹੱਥੇ ਸਿੱਖਾਂ ਤੇ ‘ਵੇਖੋ ਤੇ ਗੋਲੀ ਮਾਰੋ… ਸ਼ੂਟ ਕਰੋ’ ਦੇ ਮੁਗ਼ਲਈ ਹੁਕਮ ਚੜ੍ਹਾ ਦਿੱਤੇ। ਪੰਜ ਹਜ਼ਾਰ ਦੇ ਲਗ-ਪਗ ਸਿੱਖ ਫ਼ੌਜੀਆ ਨੇ ਬਗ਼ਾਵਤ ਕੀਤੀ ਤੇ ਭਾਰਤੀ ਫ਼ੌਜ ਨਾਲ ਘਰੇਲੂ ਲੜਾਈ ਸ਼ੁਰੂ ਹੋ ਗਈ। ਬਹੁਤ ਸਿੱਖ ਫ਼ੌਜੀ ਮਾਰੇ ਗਏ, ਕਈ ਹਥਿਆਰ ਲੈ ਕੇ ਅੰਮ੍ਰਿਤਸਰ ਨੂੰ ਜਾਂਦੇ ਰਸਤੇ ਵਿਚ ਰੇਲਾਂ, ਗੱਡੀਆਂ, ਬੱਸਾਂ, ਟਰੱਕਾਂ ਵਿਚ ਮਿਲਟਰੀ ਦੀਆਂ ਗੋਲੀਆਂ ਦੇ ਨਿਸ਼ਾਨੇ ਬਣੇ। 310 ਨੂੰ ਕੋਰਟ ਮਾਰਸ਼ਲ ਰਾਹੀਂ ਦੋ ਸਾਲ ਤੋਂ ਵੀਹ ਸਾਲ ਤੱਕ ਦੀ ਸਜ਼ਾ ਸੁਣਾਈ ਗਈ। 1980 ਜਵਾਨਾਂ ਤੇ ਸਮਰੀ-ਟਰਾਇਲ ਰਾਹੀਂ 154 ਨੂੰ ਡਿਸਮਿਸ, 27 ਨੂੰ ਲਾਪਤਾ, 26 ਨੂੰ ਮਰੇ ਘੋਸ਼ਿਤ ਕੀਤਾ ਗਿਆ। ਲਾਪਤਾ ਵਿਚੋਂ ਵੀ ਬਾਅਦ ਵਿਚ ਬਹੁਤੇ ਮਾਰੇ ਗਏ ਜਾਂ ਹੁਣ ਤੱਕ ਜੇਲ੍ਹਾਂ ਵਿਚ ਗਲ ਸੜ ਰਹੇ ਹਨ। ਕਈ ਕੈਦ ਕੀਤੇ ਗਏ ਜੋ ਅਜੇ ਤੱਕ ਵੀ ਆਪਣੀਆਂ ਜ਼ਿੰਦਗੀਆਂ ਜੇਲ੍ਹਾਂ ਵਿਚ ਗਾਲ਼ ਰਹੇ ਹਨ ਤੇ ਉਨ੍ਹਾਂ ਨੂੰ ਛੁਡਾਉਣ ਦੇ ਸੰਘਰਸ਼ ਵਿਚ ਕਈ ਸਿੰਘ ਮਰਜੀਵੜੇ ਭੁੱਖ ਹੜਤਾਲਾਂ ਕਰਦੇ ਆਪਣੇ ਆਪ ਨੂੰ ਤਸੀਹਿਆਂ ਵਿਚ ਝੋਕ ਰਹੇ ਹਨ। ਹੁਣ ਇਨ੍ਹਾਂ ਤੇ ਚੰਗੀ ਸਿਆਸਤਬਾਜੀ ਹੋ ਰਹੀ ਹੈ ਤੇ ਵੋਟਾਂ ਵੇਲੇ ਇਨ੍ਹਾਂ ਦੀ ਰੋਟੀ ਸੇਕੀ ਜਾਂਦੀ ਹੈ।
ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਫੇਰੀ
ਫ਼ੌਜੀਆਂ ਨੇ ਆਪਣੀ ਕਾਰਵਾਈ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਆਪਣਾ ਕਾਰਨਾਮਾ ਦਿਖਾਉਣ ਲਈ ਅੱਠ ਜੂਨ ਸਵੇਰੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀ ਫੇਰੀ ਕਰਾਈ। ‘ਵੇਖੋ ਜੀ ਅਸੀਂ ਤੁਹਾਡਾ ਕਿੰਨਾ ਸਤਿਕਾਰ ਕੀਤਾ ਹੈ, ਲਿਹਾਜ਼ ਕੀਤਾ ਹੈ ਤੇ ਕੁੱਝ ਵੀ ਨਹੀਂ ਵਿਗਾੜਿਆ, ਸਿਰਫ਼ ਦਰਬਾਰ ਸਾਹਿਬ ਨੂੰ ਬਚਾਉਣ ਲਈ ਖਾੜਕੂ ਅੱਤਵਾਦੀ ਹੀ ਬਾਹਰ ਕੱਢ ਮਾਰੇ ਹਨ।’ ਗਿਆਨੀ ਜੀ ਦੀ ਉੱਖੜੀ ਹੋਈ ਸ਼ਕਲ ਤੇ ਰੋਂਦੀ ਹੋਈ ਮੁਰਦਿਹਾਣ ਮੂਰਤ ਇਸ ਸਭ ਖੰਡਰ ਹੋਏ ਹਰਿਮੰਦਰ ਦੀ ਤ੍ਰਾਸਦੀ ਤੇ ਹੰਝੂ ਕੇਰ ਰਹੀ ਸੀ। ਉਸ ਦੀ ਮਾਨਸਿਕ ਟੁੱਟ-ਭੱਜ ਉਸ ਦੀਆਂ ਨੀਵੀਂਆਂ ਨਜ਼ਰਾਂ ਵਿਚੋਂ ਕਿਰਦੀ ਜਾ ਰਹੀ ਸੀ। ਅੰਦਰਲੀਆਂ ਮਜਬੂਰੀਆਂ ਦਾ ਸ਼ੀਸ਼ਾ ਦਿਖਾਉਂਦੀ ਉਨ੍ਹਾਂ ਦੀ ਸ਼ਰਮਿੰਦੀ ਢਹੀ ਹੋਈ ਆਪਣੀ ਮਾਨਸਿਕਤਾ ਦੀ ਇਬਾਰਤ ਆਪ ਮੁਹਾਰੇ ਪੜ੍ਹੀ ਜਾ ਸਕਦੀ ਸੀ। ਉਹ ਰੋਇਆ ਤਾਂ ਨਹੀਂ ਪਰ ਰੋਣ ਨਾਲੋਂ ਘੱਟ ਵੀ ਨਹੀਂ ਸੀ। ਉਸ ਦੇ ਅਰਦਲੀ ਵੱਲੋਂ ਸਿਰ ਤੇ ਤਾਣੀ ਛਤਰੀ ਉਸ ਨੇ ਗ਼ੁੱਸੇ ਵਿਚ ਪਿੱਛੇ ਭੁਆਂ ਮਾਰੀ। ਉਹ ਆਪ ਹੀ ਭਾਰਤੀ ਫ਼ੌਜਾਂ ਦਾ ਪ੍ਰਮੁੱਖ ਕਮਾਂਡਰ ਸੀ ਤੇ ਉਸ ਦੀ ਆਪਣੀ ਹੀ ਕਲਮ ਦੀ ਨੋਕ ਤੇ ਇਹ ਸਾਰਾ ਖਲਜਗਣ ਰਚਾਇਆ ਗਿਆ ਸੀ। ਉਸ ਦੀ ਭਾਰਤੀ ਫ਼ੌਜ ਨੇ ਫ਼ੌਜ ਦੇ ਜੰਗੀ ਟੈਂਕਾਂ ਨੇ ਸਿੱਖਾਂ ਦਾ ਅੱਤ ਪਵਿੱਤਰ ਅਸਥਾਨ ਦਰਬਾਰ ਸਾਹਿਬ ਤੇ ਹਮਲਾ ਕਰ ਕੇ ਛਲਨੀ ਛਲਨੀ ਕਰ ਦਿੱਤਾ ਤੇ ਅਕਾਲ ਤਖ਼ਤ ਤਬਾਹ ਕਰ ਕੇ ਖੰਡਰ ਬਣਾ ਦਿੱਤਾ। ਉਸ ਦੀਆਂ ਖ਼ਾਮੋਸ਼ ਨਜ਼ਰਾਂ ਆਪਣੇ ਫ਼ੌਜੀ ਅਧਿਕਾਰੀਆਂ ਨੂੰ ਸੰਬੋਧਨ ਸਨ।
‘ਬੜਾ ਲੋਹੜਾ ਮਾਰਿਆ ਤੁਸਾਂ! ਮੇਰਾ ਵਿਸ਼ਵਾਸ-ਘਾਤ ਕਰ ਕੇ ਮੇਰੇ ਰੱਬ ਦਾ ਹੀ ਘਰ ਢਾਹ ਦਿੱਤਾ। ਮੇਰੇ ਮੱਥੇ ਮੜ੍ਹਿਆ ਇਹ ਕਲੰਕ ਕਈ ਉਮਰਾਂ/ਪੀੜ੍ਹੀਆਂ ਤੱਕ ਧੋਤਾ ਨਹੀਂ ਜਾਣਾ। ਮੁਆਫ਼ ਕਰੀਂ ਮੈਨੂੰ ਮੇਰੇ ਮਾਲਕਾ।’
ਦਰਸ਼ਕ ਵੇਖ ਕੇ ਉਸ ਰਾਸ਼ਟਰਪਤੀ ਨੂੰ ਦੁਰ ਲਾਹਨਤ ਕਹਿੰਦੇ ਸੁਣੇ ਗਏ ਕਿ ਹੋਰ ਬਹੁਤ ਸਾਰੇ ਪੰਥ ਪ੍ਰੇਮੀਆਂ ਵਾਂਗ ਇਸ ਨੂੰ ਵੀ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਸੀ। ਤਵੱਕੋ ਸੀ ਕਿ ਹੁਣ ਤਿਆਗ ਪੱਤਰ ਦੇ ਦੇਵੇਗਾ ਪਰ ਏਦਾਂ ਨਹੀਂ ਹੋਇਆ। ਏਦਾਂ ਕਰਨ ਨਾਲ ਸਰਕਾਰ ਨੂੰ ਵੀ ਕੋਈ ਫ਼ਰਕ ਨਹੀਂ ਸੀ ਪੈਣਾ। ਉਹ ਤਾਂ ਆਪਣਾ ਕਾਰਾ ਕਰ ਚੁੱਕੀ ਸੀ। ਉਸ ਨੂੰ ਵੀ ਹੋਰ ਹਜ਼ਾਰਾਂ ਸਿੱਖਾਂ ਵਾਂਗ ਪਕੜ ਕੇ ਜੇਲ੍ਹ ਅੰਦਰ ਤਸੀਹਾ ਖਾਨੇ ਵਾੜ ਦੇਣਾ ਸੀ।
ਗਿਆਨੀ ਜ਼ੈਲ ਸਿੰਘ ਜੀ ਸੰਤ ਭਿੰਡਰਾਂਵਾਲੇ ਨਾਲ ਵੀ ਨਜ਼ਦੀਕੀ ਆਦਰ ਸਤਿਕਾਰ ਤੇ ਹਮਦਰਦੀ ਰੱਖਦੇ ਸਨ। ਉਸ ਨੇ ਅਕਾਲੀਆਂ ਦੇ ਖੇਮੇ ਵਿਚ ਸੰਨ੍ਹ ਮਾਰਨ ਤੇ ਤੱਕੜੀ ਵਿਚ ਵੱਟੇ ਪਾਉਣ ਲਈ ਸੰਤ ਭਿੰਡਰਾਂਵਾਲਾ ਦੀ ਦੋਸਤੀ ਦਾ ਸਹਾਰਾ ਮੁਨਾਸਬ ਸਮਝਿਆ। ਉਸ ਨੇ ਉਨ੍ਹਾਂ ਨੂੰ ਸੰਤ ਤੋਂ ਸਿਆਸਤਦਾਨ ਬਣਾ ਦਿੱਤਾ। ਇਹ ਗਿਆਨੀ ਜੀ ਦੀ ਜਾਂ ਉਨ੍ਹਾਂ ਦੇ ਪ੍ਰਸ਼ਾਸਨ ਦੀ ਹੀ ਕਰਾਮਾਤ ਸੀ ਕਿ ਲਾਲਾ ਜਗਤ ਨਰਾਇਣ ਦੇ ਕਥਿਤ ਕਤਲ ਕੇਸ ਵਿਚ ਦਮਦਮੀ ਟਕਸਾਲ ਮਹਿਤਾ ਦੇ ਮੁੱਖ ਜਥੇਦਾਰ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਟਕਸਾਲ ਹੈੱਡਕੁਆਟਰ ਵਿਚੋਂ ਫੜਨ ਵਾਸਤੇ ਅੰਮ੍ਰਿਤਸਰ ਤੋਂ ਜਲੰਧਰ, ਚੌਂਕ ਮਹਿਤਾ ਤੋਂ ਬਟਾਲਾ ਤੱਕ ਦੇ ਸਾਰੇ ਰਸਤੇ ਚੱਪਾ ਚੱਪਾ ਦਸ ਹਜ਼ਾਰ ਪੁਲਸ ਕਰਮੀਆਂ ਵਿਚੋਂ ਝਕਾਨੀ ਮਾਰ ਕੇ ਸੰਤ ਜੀ ਛੂੰ-ਮੰਤਰ ਹੋ ਕੇ ਨਿਕਲ ਗਏ ਸਨ। 9 ਸਤੰਬਰ 1981 ਨੂੰ ਜਲੰਧਰ ਵਿਖੇ ਲਾਲਾ ਜਗਤ ਨਰਾਇਣ ਦਾ ਕਤਲ ਕੀਤਾ ਗਿਆ। ਉਹ ਉਰਦੂ ਤੇ ਹਿੰਦੀ ਵਿਚ ਛਪਣ ਵਾਲੇ ਆਪਣੇ ਅਖ਼ਬਾਰਾਂ ਵਿਚ ਹਿੰਦੂਆਂ ਦੀ ਪਿੱਠ ਠੋਕਦਾ ਸੀ ਤੇ ਸਿੱਖਾਂ ਦੇ ਖ਼ਿਲਾਫ਼ ਜ਼ਹਿਰ ਉਗਲਦਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਉਸ ਨੂੰ ਕਈ ਵੇਰਾਂ ਚੇਤਾਵਨੀ ਦਿੱਤੀ ਵੀ ਸੀ ਕਿ ਉਹ ਬਾਜ਼ ਆ ਜਾਏ। ਇਸ ਕਤਲ ਵਾਸਤੇ ਨਛੱਤਰ ਸਿੰਘ ਰੋਡੇ ਦਾ ਨਾਮ ਲੱਗਾ ਪਰ ਇਸ ਦਾ ਸਾਰਾ ਜ਼ਿੰਮਾ ਸੰਤ ਭਿੰਡਰਾਂਵਾਲੇ ਦੇ ਮੋਢੇ ਆਣ ਪਿਆ। ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਹੋ ਗਿਆ ਤੇ ਉਨ੍ਹਾਂ ਨੂੰ ਆਤਮ ਸਮਰਪਣ ਲਈ ਕਿਹਾ। ਉਨ੍ਹਾਂ ਵੀਹ ਸਤੰਬਰ 1981 ਨੂੰ ਆਤਮ ਸਮਰਪਣ ਕਰਨ ਲਈ ਰਜ਼ਾਮੰਦੀ ਕਰ ਦਿੱਤੀ। ਮਹਿਤਾ ਚੌਂਕ ਸਾਰਾ ਪੁਲੀਸ ਛਾਉਣੀ ਵਿਚ ਬਦਲ ਗਿਆ। ਸੰਤ ਜੀ ਏਨੀ ਭਾਰੀ ਘੇਰਾਬੰਦੀ ਦੇ ਬਾਵਜੂਦ ਮਹਿਤਾ ਚੌਂਕ ਤੋਂ 50 ਕਿੱਲੋਮੀਟਰ ਦੀ ਦੂਰੀ ਤਹਿ ਕਰ ਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆਉਣ ਵਿਚ ਕਾਮਯਾਬ ਹੋ ਗਏ ਭਾਵੇਂ ਕਿ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਨਿਕਲੇ ਹੋਏ ਸਨ। ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਵੇਖ ਕੇ ਵੀ ਸਰਕਾਰ ਬੌਖਲਾਹਟ ਵਿਚ ਆ ਗਈ ਤੇ ਇਸ ਦੌਰਾਨ ਗੋਲੀ-ਬਾਰੀ ਵਿਚ ਇੱਕ ਦਰਜਨ ਦੇ ਕਰੀਬ ਸਿੱਖ ਮਾਰੇ ਗਏ।
ਉਹ ਫੇਰ ਵੀ ਉਨ੍ਹਾਂ ਹੱਥੋਂ ਨਿਕਲ ਕੇ ਹਰਿਆਣੇ ਦੇ ਪਿੰਡ ਚੰਦੋ ਕਲਾਂ ਪਹੁੰਚ ਗਏ। ਲੋਕਾਂ ਵਿਚ ਇਹ ਭਾਰੀ ਚਰਚਾ ਛਿੜੀ ਕਿ ਕਿਸ ਤਰ੍ਹਾਂ ਕਿਹੜੀ ਕਰਾਮਾਤ ਨਲ ਉਹ ਏਨੀ ਪੁਲੀਸ ਨਫ਼ਰੀ ਨੂੰ ਚਕਮਾ ਦੇ ਕੇ ਆਪਣੇ ਧਰਮ ਪ੍ਰਚਾਰ ਲਈ ਨਿਕਲ ਗਏ। ਉੱਥੇ ਵੀ ਛਾਪਾ ਮਾਰਿਆ ਗਿਆ, ਪਰ ਉਹ ਪੁਲੀਸ ਦੇ ਹੱਥ ਨਹੀਂ ਆਏ ਕਿਉਂਕਿ ਗਿਆਨੀ ਜ਼ੈਲ ਸਿੰਘ ਸੰਤਾਂ ਨਾਲ ਹਮਦਰਦੀ ਵਾਲਾ ਰਿਸ਼ਤਾ ਰੱਖਦੇ ਸਨ। ਉੱਥੇ ਹਰਿਆਣਾ ਪੁਲੀਸ ਨੇ ਕਈ ਸਿੰਘਾਂ ਨਾਲ ਧੱਕੇਸ਼ਾਹੀ ਵੀ ਕੀਤੀ ਤੇ ਧਾਰਮਿਕ ਲਿਟਰੇਚਰ ਤੇ ਗੁਰੂ ਗ੍ਰੰਥ ਸਾਹਿਬ ਵਾਲੀਆਂ ਗੱਡੀਆਂ ਦੀ ਭੰਨਤੋੜ ਕੀਤੀ। ਅਸਲ ਵਿਚ ਸੰਤਾਂ ਦੀ ਫੜੋ-ਫੜੀ ਦੇ ਡਰਾਮੇ ਵਿਚ ਦੋ ਸਿਆਸੀ ਪੰਡਿਤਾਂ ਗਿਆਨੀ ਜ਼ੈਲ ਸਿੰਘ ਤੇ ਦਰਬਾਰਾ ਸਾਹਿਬ ਦਾ ਆਪਸੀ ਸਿਆਸੀ ਟਕਰਾਓ ਸੀ। ਉਹ ਦੋਵੇਂ ਇੱਕ ਦੂਸਰੇ ਨੂੰ ਨੀਵਾਂ ਦਿਖਾ ਕੇ ਠਿੱਬੀ ਮਾਰਨ ਦੇ ਚੱਕਰ ਵਿਚ ਸਨ। ਜੈਲ ਸਿੰਘ ਉੱਪਰਲੇ ਆਪਣੇ ਆਕਾਵਾਂ ਦੀਆਂ ਨਜ਼ਰਾਂ ਵਿਚ ਜ਼ਿਆਦਾ ਦਬਦਬਾ ਤੇ ਰੋਹਬ ਬਣਾਉਣ ਦੇ ਚੱਕਰ ਵਿਚ ਸਨ, ਜਦ ਕਿ ਦਰਬਾਰਾ ਸਾਹਿਬ ਪੰਜਾਬ ਦੀ ਸਿਆਸਤ ਵਿਚ ਆਪਣੇ ਪੈਰ ਗੱਡਣ ਦੀ ਕਾਹਲ ਵਿਚ ਸੀ। ਇਨ੍ਹਾਂ ਦੋ ਬੰਦਿਆਂ ਦੀ ਵਿਅਕਤੀਗਤ ਹਉਮੈਂ ਤੇ ਹੈਂਕੜ ਨੇ ਪੰਜਾਬ ਨੂੰ ਬਹੁਤ ਲੰਮੇ ਲਮੇਰੇ ਇਮਤਿਹਾਨਾਂ ਵਿਚ ਧਕੇਲ ਦਿੱਤਾ। ਇਸ ਨੇ ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਲੁੱਟਿਆ ਲਿਤਾੜਿਆਂ ਤੇ ਰਸਾਤਲ ਦੇ ਰਸਤੇ ਪਾ ਦਿੱਤਾ। 1978 ਦੇ ਨਿਰੰਕਾਰੀ ਕਾਂਡ ਤੋਂ ਲੈ ਕੇ ਇਹ ਵੀਹ ਪੰਝੀ ਸਾਲ ਇਸ ਸੁੰਦਰ ਪੰਜਾਬ ਦੀ ਸਾੜ ਫ਼ੂਕ, ਜਵਾਨੀ ਦਾ ਘਾਣ, ਫ਼ਿਰਕਾਪ੍ਰਸਤੀ ਦਾ ਦਾਵਾਨਲ, ਦਰਬਾਰ ਸਾਹਿਬ ਤੇ ਹਮਲਾ, 1984 ਨਵੰਬਰ ਦਿੱਲੀ ਤੇ ਹੋਰ ਸਾਰੇ ਭਾਰਤ ਦੇ ਸਿੱਖਾਂ ਦੀ ਕਤਲੇਆਮ ਦਾ ਮੁੱਢ ਜੜ੍ਹ ਇੱਥੋਂ ਇਨ੍ਹਾਂ ਹੀ ਪੰਜਾਬੀ ਪਿਆਰਿਆਂ ਦੇ ਹੱਥੋਂ ਸ਼ੁਰੂ ਹੋਈ ਸੀ ਜਿਸ ਦਾ ਸੰਤਾਪ ਪੰਜਾਬ ਨੂੰ ਕਿੰਨਾ ਲੰਮਾ ਅਰਸਾ ਹੰਢਾਉਣਾ ਪਿਆ। ਅਸਲ ਵਿਚ ਸਿਆਸੀ ਲੜਾਈ ਵਾਸਤੇ ਕੋਈ ਖ਼ਾਸ ਕਾਰਨ ਜਾਂ ਮੁੱਦਾ ਨਹੀਂ ਹੁੰਦਾ, ਇਹ ਤਾਂ ਸਿਆਸਤਦਾਨਾਂ ਨੂੰ ਬਹਾਨੇ ਵਜੋਂ ਇੱਕ ਹਥਿਆਰ ਹੀ ਬਣਨਾ ਲੋਚਦਾ ਹੈ। ਇੱਕ ਚੰਗਿਆੜੀ ਅੱਗੇ ਤੋਂ ਅੱਗੇ ਅੱਗ ਫੜਦੀ ਰਹਿੰਦੀ ਹੈ। ਇਸ ਤਰ੍ਹਾਂ ਇਸ ਇੱਕ ਚੰਗਿਆੜੀ ਨੇ ਪੰਜਾਬ ਨੂੰ ਜੰਗਲ ਦੀ ਅੱਗ ਵਾਂਗ ਲਪੇਟੀ ਰੱਖਿਆ। ਕਈ ਅੰਦੋਲਨ ਮੁਜ਼ਾਹਰੇ ਕਰਫ਼ਿਊ ਤੇ ਬੰਦਾਂ ਨੇ ਹਿੰਦੂ ਸਿੱਖਾਂ ਵਿਚ ਪਾੜੇ ਪਾ ਕੇ ਇਹ ਰਿਸ਼ਤੇ ਖ਼ੂਨੀ ਦੁਸ਼ਮਣੀਆਂ ਵਿਚ ਬਦਲ ਦਿੱਤੇ।
ਗਿਆਨੀ ਜੈਲ ਸਿੰਘ ਨੇ ਸੰਤਾਂ ਦੀ ਮੁਲਾਕਾਤ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਨਾਲ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸੰਤਾਂ ਦੀ ਹੁਸ਼ਿਆਰ ਸੋਚ ਨਾਲ ਇਹ ਟਲ ਜਾਂਦੀ ਰਹੀ। ਇਸ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਚੋਲਗਿਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਸੰਤਾਂ ਨੂੰ ਮਿਲਾਉਣ ਵਿਚ ਅਸਫਲ ਰਿਹਾ। ਪੰਜਾਬ ਨਾਲ ਹੁੰਦੀ ਕੇਂਦਰ ਸਰਕਾਰ ਦੀ ਬੇਇਨਸਾਫ਼ੀ, ਪੰਜਾਬ ਦੇ ਪਾਣੀਆਂ ਤੇ ਪੈਂਦਾ ਡਾਕਾ, ਪੰਜਾਬੀ ਗੱਭਰੂਆਂ ਨੂੰ ਗਲਤ ਰਸਤੇ ਪਾਉਣ ਤੇ ਮਾਰਨ ਦੇ ਕੇਂਦਰੀ ਡਰਾਮੇ ਉਨ੍ਹਾਂ ਤੋਂ ਛੁਪੇ ਨਹੀਂ ਰਹੇ। ਉਹ ਆਪਣੇ ਪੰਜਾਬ ਦੀਆਂ ਹੱਕੀ ਮੰਗਾਂ ਮਨਵਾਉਣਾ ਚਾਹੁੰਦੇ ਸਨ ਪਰ ਦੂਜੀ ਸਿਆਸੀ ਧਿਰ ਇਸ ਨੂੰ ਆਪਣੇ ਸਿਆਸੀ ਮੁਫ਼ਾਦ ਵਾਸਤੇ ਵਰਤਣਾ ਚਾਹੁੰਦੀ ਸੀ। ਜਦ ਸੰਤਾਂ ਨੂੰ ਇਹ ਪਤਾ ਲੱਗਾ ਕਿ ਇਹ ਜਾਤ ਉਸ ਦੀ ਦੋਸਤੀ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਆਪਣਾ ਸਿਆਸੀ ਉੱਲੂ ਸਿੱਧਾ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੇ ਆਪਣੇ ਤੇਵਰ ਸਖ਼ਤ ਕਰ ਦਿੱਤੇ। ਉਹ ਸੰਤ ਤੋਂ ਸਿਆਸਤਦਾਨ ਤੇ ਫਿਰ ਡਿਕਟੇਟਰ ਬਣ ਗਿਆ।