‘ਅਜੋਕੇ ਸਮੇਂ ਵਿੱਚ ਪੰਜਾਬੀ ਕੌਮ ਸਾਹਮਣੇ ਚੁਣੌਤੀਆਂ’ ਉੱਪਰ ਹੋਵੇਗੀ ਵਿਚਾਰ ਚਰਚਾ-
ਸਰੀ, 10 ਜੂਨ (ਹਰਦਮ ਮਾਨ)-‘ਜੀਵੇ ਪੰਜਾਬ ਅਦਬੀ ਸੰਗਤ’ ਵੱਲੋਂ 2, 3 ਅਤੇ 4 ਅਗਸਤ 2024 ਨੂੰ ਸਰੀ ਵਿਖੇ ਚੌਥੀ ਵਿਸ਼ਵ ਪੰਜਾਬੀ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ‘ਜੀਵੇ ਪੰਜਾਬ ਅਦਬੀ ਸੰਗਤ’ ਦੇ ਮੁੱਖ ਬੁਲਾਰੇ ਭੁਪਿੰਦਰ ਮੱਲ੍ਹੀ ਨੇ ਅੱਜ ਇਕ ਸਮਾਗਮ ਦੌਰਾਨ ਦੱਸਿਆ ਕਿ ਅੱਜ ਪੰਜਾਬੀ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਵਸ ਚੁੱਕੇ ਹਨ। ਨਵੀਆਂ ਧਰਤੀਆਂ ‘ਤੇ ਵਸੇਬਾ ਕਰਨ ਦੇ ਨਾਲ ਉਨ੍ਹਾਂ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਪੈਦਾ ਹੋ ਰਹੀਆਂ ਹਨ, ਜੋ ਗੰਭੀਰ ਚਿੰਤਾ ਅਤੇ ਵਿਚਾਰ ਦੀ ਮੰਗ ਕਰਦੀਆਂ ਹਨ। ਪੰਜਾਬੀਆਂ ਨੂੰ ਦਰਪੇਸ਼ ਇਨ੍ਹਾਂ ਮੁੱਦਿਆਂ ਨੂੰ ਧਿਆਨ ਵਿਚ ਰੱਖਦੇ ਹੋਏ ‘ਜੀਵੇ ਪੰਜਾਬ ਅਦਬੀ ਸੰਗਤ’ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਚੌਥੀ ਵਿਸ਼ਵ ਪੰਜਾਬੀ ਕਾਨਫ਼ਰੰਸ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਸ. ਮੱਲ੍ਹੀ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ‘ਅਜੋਕੇ ਸਮੇਂ ਵਿੱਚ ਪੰਜਾਬੀ ਕੌਮ ਸਾਹਮਣੇ ਚੁਣੌਤੀਆਂ’ ਉੱਪਰ ਗੱਲਬਾਤ ਹੋਵੇਗੀ। ਇਸ ਵਿਚ ਸ਼ਾਮਲ ਹੋਣ ਵਾਸਤੇ ਵਿਸ਼ਵ ਭਰ ਵਿੱਚ ਵਿਦਵਾਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਵਿਦਵਾਨ ਆਪਣੇ ਖੇਤਰ ਨਾਲ ਸਬੰਧਿਤ ਵਿਸ਼ਿਆਂ ਉੱਪਰ ਖ਼ੋਜ ਪੱਤਰ ਪੜ੍ਹਨਗੇ ਅਤੇ ਉਨ੍ਹਾਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਇਸ ਸੰਸਥਾ ਵੱਲੋਂ ਤਿੰਨ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਸਫਲਤਾ ਪੂਰਵਕ ਕਰਵਾਉਣ ਦਾ ਮਾਣ ਹਾਸਲ ਹੈ, ਜਿਹਨਾਂ ਵਿੱਚੋਂ ਦੋ ਕਾਨਫ਼ਰੰਸਾਂ ਯੂਨੀਵਰਸਿਟੀ ਆਫ ਨਾਰਦਰਨ ਬ੍ਰਿਟਿਸ਼ ਕੋਲੰਬੀਆ (ਕੈਨੇਡਾ), ਪ੍ਰਿੰਸ ਜਾਰਜ (ਕੈਨੇਡਾ) ਵਿਚ ਅਤੇ ਤੀਜੀ ਕਾਨਫ਼ਰੰਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ (ਪੰਜਾਬ) ਵਿਚ ਕਰਵਾਈ ਗਈ ਸੀ। ਇਨ੍ਹਾਂ ਕਾਨਫਰੰਸਾਂ ਲਈ ਪੰਜਾਬੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ ਸੀ। ਕਾਨਫ਼ਰੰਸ ਦੀ ਕਾਮਯਾਬੀ ਲਈ ਸਮੂਹ ਪੰਜਾਬੀ ਪਿਆਰਿਆਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਉੱਦਮ, ਪੰਜਾਬੀ ਕੌਮ ਦੇ ਉੱਜਲੇ ਭਵਿੱਖ ਲਈ ਖਾਕਾ ਤਿਆਰ ਕਰਨ ਵਿਚ ਸਹਾਈ ਹੋਵੇਗਾ। ਇਸ ਮੌਕੇ ਨਵਰੂਪ ਸਿੰਘ, ਡਾ. ਸਈਅਦ ਫ਼ਰੀਦ, ਰਾਜਵੰਤ ਰਾਜ, ਗੀਤਕਾਰ ਰਾਜ ਕਾਕੜਾ, ਮਨਦੀਪ ਸਿੰਘ, ਹਰਦਮ ਮਾਨ, ਚਰਨਜੀਤ ਸੈਣੀ, ਪਿਆਰਾ ਸਿੰਘ ਨੱਤ, ਪਰਮਜੀਤ ਜਵੰਦਾ ਮੌਜੂਦ ਸਨ।