ਇੰਗਲੈਂਡ, ਅਮਰੀਕਾ, ਭਾਰਤ ਅਤੇ ਕੈਨੇਡਾ ਤੋਂ ਪ੍ਰਤੀਨਿਧ ਸ਼ਾਮਲ ਹੋਏ-
ਸਰੀ, 10 ਜੂਨ (ਹਰਦਮ ਮਾਨ)-ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 301ਵੇਂ ਜਨਮ ਦੇ ਸਬੰਧ ਵਿਚ ਅੰਤਰਰਾਸ਼ਟਰੀ ਸਮਾਗਮ ਸਰੀ ਸ਼ਹਿਰ ਵਿਚ ਕਰਵਾਇਆ ਗਿਆ ਜਿਸ ਵਿਚ ਇੰਗਲੈਂਡ, ਅਮਰੀਕਾ ਅਤੇ ਭਾਰਤ ਦੇ ਨੁਮਾਇੰਦੇ ਸ਼ਾਮਲ ਹੋਏ। ਸਵੇਰ ਵੇਲੇ ਇਹ ਸਮਾਗਮ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਸ੍ਰੀ ਅਖੰਡ ਪਾਠ ਜੀ ਦੀ ਸੰਪੂਰਨਤਾ ਉਪਰੰਤ ਕੀਰਤਨ ਦਰਬਾਰ ਨਾਲ ਸ਼ੁਰੂ ਹੋਇਆ। ਸੰਸਥਾ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮਰਵਾਹਾ ਨੇ ਹਾਜ਼ਰੀਨ ਸੰਗਤ ਨੂੰ ਜੀ ਆਇਆਂ ਆਖਿਆ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 301ਵੇਂ ਜਨਮ ਦਿਨ ‘ਤੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਵਧਾਈ ਪੇਸ਼ ਕੀਤੀ। ਸਰਬਜੀਤ ਸਿੰਘ ‘ਰਾਮਦਾਸ ਵਾਲੇ’ ਅਤੇ ਇਕਬਾਲ ਸਿੰਘ ‘ਲੁਧਿਆਣੇ ਵਾਲੇ’ ਰਾਗੀ ਜੱਥਿਆਂ ਨੇ ਕੀਰਤਨ ਰਾਹੀਂ, ਪੁਨੀਤ ਕੌਰ ਜੱਬਲ ਅਤੇ ਜੈਯਾ ਕੌਰ ਜੱਬਲ ਨੇ ਗੁਰਬਾਣੀ ਗਾਇਨ ਰਾਹੀਂ ਅਤੇ ਭਾਈ ਮਰਦਾਨਾ ਗੁਰਮਤਿ ਸੰਗੀਤ ਅਕੈਡਮੀ ਦੇ ਸੰਚਾਲਕ ਨਰਿੰਦਰ ਸਿੰਘ ਪਨੇਸਰ ਦੀ ਰਾਹਨੁਮਾਈ ਹੇਠ ਮਨਰੀਤ ਕੌਰ, ਹਰਗੁਣ ਕੌਰ, ਪ੍ਰਮਦੀਪ ਕੌਰ, ਕੁਦਰਤ ਕੌਰ, ਸੋਨਲ ਕੌਰ ਤੇ ਜਸਕੀਰਤ ਸਿੰਘ ਨੇ ਸੰਗੀਤ ਸਾਜ਼ਾਂ ਦੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਬੰਤਾ ਸਿੰਘ ਸੱਭਰਵਾਲ ਨੇ ਆਪਣੀ ਕਵਿਤਾ ਰਾਹੀਂ ਰਾਮਗੜ੍ਹੀਆ ਸਰਦਾਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਖੂਬ ਵਰਨਣ ਕੀਤਾ। ਮੰਗਲ ਸਿੰਘ ਪੱਡਾ ਦੇ ਢਾਡੀ ਜੱਥੇ ਨੇ ਵਾਰਾਂ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਨੂੰ ਕੀਰਤੀਮਾਨ ਕੀਤਾ। ਸ਼ਾਮ ਦਾ ਸਮਾਗਮ ਬੰਬੇ ਬੈਂਕੁਇਟ ਹਾਲ ‘ਓ ਕੈਨੇਡਾ’ ਦੇ ਨੈਸ਼ਨਲ ਗਾਇਨ ਅਤੇ ‘ਦੇਹ ਸਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ’ ਰਚਨਾ ਨਾਲ ਸ਼ੁਰੂ ਹੋਇਆ।
ਦੋਹਾਂ ਸਮਾਗਮਾਂ ਦੌਰਾਨ ਗੁਰੂ ਨਾਨਕ ਇੰਸਟੀਚੀਊਟ ਆਫ ਗਲੋਬਲ ਸਟੱਡੀਜ਼ ਦੇ ਸਰਪ੍ਰਸਤ ਗਿਆਨ ਸਿੰਘ ਸੰਧੂ ਨੇ ਬੜੀ ਹੀ ਸੰਜੀਦਗੀ ਨਾਲ ‘ਫ਼ਖ਼ਰ-ਏ-ਕੌਮ’ ਮਹਾਰਾਜਾ ਜੱਸਾ ਸਿੰਘ ਜੀ ਦੇ ਨਕਸ਼ੇ ਕਦਮਾਂ ‘ਤੇ ਚੱਲਣ ਲਈ ਤੇ ਆਪਾ ਤਰਾਸ਼ਣ ਲਈ ਸੁਚੇਤ ਕੀਤਾ। ਪ੍ਰਸਿੱਧ ਫੋਟੋ ਪੱਤਰਕਾਰ, ‘ਗਦਰੀ ਯੋਧੇ’ ਤੇ ਸਿੱਖ ਇਤਿਹਾਸ ਦੇ ਨਾਮਵਰ ਖੋਜੀ ਵਿਦਵਾਨ ਲੇਖਕ ਜੈਤੇਗ ਸਿੰਘ ਅਨੰਤ ਨੇ ਸਰੋਤਿਆਂ ਨੂੰ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪਿਛਲੇ ਸਾਲਾਂ ਵਿਚ ਕੀਤੇ ਕਾਰਜਾਂ ਨਾਲ ਜੋੜਿਆ। ਉਨ੍ਹਾਂ ‘ਰਾਮਗੜ੍ਹੀਆ ਵਿਰਾਸਤ’ ਨਾਮੀ ਸੁਚਿੱਤਰ ਕੌਫੀ ਟੇਬਲ ਬੁੱਕ, ਸਿੱਖ ਸੋਚ ਦੇ ਮੁਦੱਈ , ਖੋਜੀ ਵਿਦਵਾਨ, ਮੇਰਾ ਪਿੰਡ ਦੇ ਰਚੇਤਾ ਗਿਆਨੀ ਗੁਰਦਿੱਤ ਸਿੰਘ, ਜਗਤ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਅਤੇ ਪ੍ਰਸਿੱਧ ਲੇਖਕ, ਆਲੋਚਕ, ਸੰਪਾਦਕ ਤੇ ਅਨੁਵਾਦਕ ਪ੍ਰਿੰ. ਹਰਿਭਜਨ ਸਿੰਘ ਵਰਗੀਆਂ ਸਖਸ਼ੀਅਤਾਂ ਦੇ ਜਨਮ ਦਿਨ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਵੱਧ ਚੜ੍ਹ ਕੇ ਮਨਾਉਣ ਦਾ ਜ਼ਿਕਰ ਕੀਤਾ।
ਰਾਮਗੜ੍ਹੀਆ ਕਾਉਂਸਲ ਯੂ.ਕੇ. ਦੇ ਮੌਜੂਦਾ ਸਹਾਇਕ ਸਕੱਤਰ, ਸਾਬਕਾ ਪ੍ਰਧਾਨ ਤੇ ਰਾਮਗੜ੍ਹੀਆ ਬੋਰਡ ਲੈਸਟਰ (ਯੂ ਕੇ) ਦੇ ਜਨਰਲ ਸਕੱਤਰ ਕਿਰਪਾਲ ਸਿੰਘ ਸੱਗੂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਤੋਂ ਲੈ ਕੇ ਪਿਤਾ ਗਿਆਨੀ ਭਗਵਾਨ ਸਿੰਘ ਦੀ ਸ਼ਹਾਦਤ, ਵਜ਼ੀਰਾਬਾਦ ਦੀ ਜੰਗ ਉਪਰੰਤ ਜੱਸਾ ਸਿੰਘ ਨੂੰ ਭਰਾਵਾਂ ਸਮੇਤ ਪੰਜ ਪਿੰਡ ਇਨਾਮ ਵਿਚ ਮਿਲਣੇ, ਰਾਮਰੌਣੀ ਦੇ ਕਿਲ੍ਹੇ ਦੀ ਉਸਾਰੀ, ਰਾਮਗੜ੍ਹੀਆ ਪਦਵੀ ਪਾਉਣੀ, ਦਿੱਲ਼ੀ ਫਤਹਿ ਕਰਕੇ ਤਾਜਪੋਸ਼ੀ ਵਾਲੀ ਸਿੱਲ੍ਹ ਨੂੰ ਲਾਲ ਕਿਲ੍ਹੇ ਵਿੱਚੋਂ ਪੁੱਟ ਕੇ ਦਰਬਾਰ ਸਾਹਿਬ ਕੰਪਲੈਕਸ ਸਥਿਤ ਰਾਮਗੜ੍ਹੀਆ ਬੁੰਗੇ ਵਿਚ ਸਜਾਉਣ ਦਾ ਸਾਰਾ ਇਤਿਹਾਸ ਸਾਂਝਾ ਕੀਤਾ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਅਤੇ ਉੱਘੇ ਵਿਦਵਾਨ ਡਾ. ਗੁਰਦੇਵ ਸਿੰਘ ਸਿੱਧੂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਨੂੰ ਅਕਾਦਮਿਕ ਪੱਖੋਂ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਦਾਦਾ ਹਰਿਦਾਸ ਸਿੰਘ ਤੇ ਪਿਤਾ ਭਗਵਾਨ ਸਿੰਘ ਤੋਂ ਲੈ ਕੇ ਸ.ਜੱਸਾ ਸਿੰਘ ਤੱਕ ਸਾਰਾ ਪਰਿਵਾਰ ਹੀ ਗੁਰੂ ਦਰ ਤੇ ਘਰ ਨਾਲ ਤਨੋਂ, ਮਨੋਂ ਜੁੜਿਆ ਹੋਇਆ ਸੀ। ਦਲ ਖਾਲਸਾ ਦੇ ਜ਼ਬਤ ਵਿਚ ਰਹਿ ਕੇ ਪੰਥਕ ਏਕਤਾ, ਸ੍ਰੀ ਦਰਬਾਰ ਸਾਹਿਬ ਦੀ ਰਾਖੀ ਅਤੇ ਵੱਡੇ ਘਲੂਘਾਰੇ ਸਮੇਂ ਅਬਦਾਲੀ ਨਾਲ ਦੋ ਹੱਥ ਕੀਤੇ ਤੇ ਮੈਦਾਨੇ ਜੰਗ ਵਿਚ ਦੋਵੇਂ ਜੱਸਾ ਸਿੰਘ (ਆਹਲੂਵਾਲੀਆ ਤੇ ਰਾਮਗੜ੍ਹੀਆ) ਨੇ ਸਾਂਝੇ ਤੌਰ ‘ਤੇ ਅਗਵਾਈ ਕੀਤੀ। ਰਾਮਰੌਣੀ ਦੇ ਘੇਰੇ ਸਮੇਂ ਦਲ ਖਾਲਸਾ ਵਿਚ ਪੰਥਕ ਏਕਤਾ ਦੀ ਮਿਸਾਲ ਕਾਇਮ ਕੀਤੀ ਤਾਂ ਜਿੱਤ ਦੇ ਸਦਕੇ ਸਮੁੱਚੇ ਖਾਲਸਾ ਦਲ ਵੱਲੋਂ ਰਾਮਰੌਣੀ ਦੇ ਕਿਲ੍ਹੇ ਨੂੰ ਰਾਮਗੜ੍ਹ ਅਤੇ ਜੁਝਾਰੂ ਜੱਸਾ ਸਿੰਘ ਨੂੰ ‘ਰਾਮਗੜ੍ਹੀਆ’ ਆਖ ਕੇ ਸੰਬੋਧਨ ਕੀਤਾ। ਮਿਸਲਾਂ ਦੇ ਹੋਂਦ ਵਿਚ ਆਉਣ ਸਮੇਂ ਰਾਮਗੜ੍ਹੀਆ ਮਿਸਲ ਦਾ ਜੱਥੇਦਾਰ ਬਣਿਆ। ਪਹਾੜੀ ਰਾਜਿਆਂ ਤੇ ਦਿੱਲੀ ਲਾਗਲੇ ਨਵਾਬਾਂ ਕੋਲੋਂ ਜਿੱਤ ਦੇ ਨਜ਼ਰਾਨੇ ਲੈਣ ਅਤੇ ਸਾਲਾਨਾ ਕਰ ਉਗਰਾਹੁਣ ਕਰਕੇ ਮਹਾਰਾਜਾ ਦੀ ਪਦਵੀ ਪਾਈ।
ਰਾਮਗੜ੍ਹੀਆ ਕਾਉਂਸਲ ਯੂ.ਕੇ. ਦੇ ਪਬਲਿਕ ਰੀਲੇਸ਼ਨ ਲਛਮਨ ਸਿੰਘ ਬੰਮਰਾ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਅਤੇ 301ਵੇਂ ਸਾਲਾਨਾ ਸਮਾਗਮਾਂ ਦੀ ਪਿੱਠ ਭੂਮੀ ਦੇ ਪ੍ਰਾਜੈਕਟਾਂ ਤੇ ਕੰਮਾਂਕਾਰਾਂ ‘ਤੇ ਰੌਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਇੰਡੀਆ ਤੋਂ ਬਾਹਰ ਪਹਿਲਾ ਰਾਮਗੜ੍ਹੀਆ ਗੇਟ ਉਸਾਰਿਆ। ਦਿੱਲੀ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਬੁੱਤ ਵੀ ਦਿੱਲੀ ਜੇਤੂ ਸਰਦਾਰਾਂ ਵਿਚ ਸ਼ਾਮਲ ਕੀਤਾ ਗਿਆ। ਇੰਗਲੈਂਡ ਦੇ ਗੁਰਦੁਆਰਾ ਸਾਹਿਬ ਰਾਮਗੜ੍ਹੀਆ ਸਭਾ ਡਰਬੀ ਸ਼ਹਿਰ ਵਿਚ ਰਾਮਗੜ੍ਹੀਆ ਗੇਟ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਸੁੰਦਰ ਬੁੱਤ ਇਸ 301ਵੇਂ ਜਨਮ ਦਿਨ ‘ਤੇ 6 ਮਈ 2024 ਨੂੰ ਲਾਇਆ ਗਿਆ।
ਰਾਮਗੜ੍ਹੀਆ ਵਿਸ਼ਵਕਰਮਾ ਫਰੰਟ ਪੰਜਾਬ ਇਕਾਈ ਦੇ ਪ੍ਰਧਾਨ ਤੇ ਚੰਡੀਗੜ੍ਹ ਗਵਰਨਿੰਗ ਕੌਂਸਲ ਦੇ ਮੈਂਬਰ ਮਾਤਾ ਰਾਮ ਧੀਮਾਨ ਕਿਹਾ ਕਿ ਇਕ ਕਿਰਤੀ ਪਰਿਵਾਰ ਵਿੱਚੋਂ ਜੰਮੇ ਪਲੇ ਜੱਸਾ ਸਿੰਘ ਹੁਕਮਰਾਨ ਅਤੇ ਰਾਮਗੜ੍ਹੀਆ ਮਿਸਲ ਦੇ ਜੱਥੇਦਾਰ ਬਣੇ। ਸ੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਰਾਮਗੜ੍ਹ ਦਾ ਕਿਲ੍ਹਾ ਬਣਾਇਆ ਅਤੇ ਜਿੰਨੀ ਵਾਰ ਵੀ ਵੈਰੀਆਂ ਨੇ ਢਾਹਿਆ ਉਨੀ ਵਾਰ ਹੀ ਨਵੇਂ ਸਿਰਿਉਂ ਉਸਾਰਿਆ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੇ ਰਾਜ ਦੀ ਸੁਰੱਖਿਆ ਲਈ 360 ਕਿਲ੍ਹੇ ਬਣਵਾਏ ਅਤੇ ਅਠਾਰਵੀਂ ਸਦੀ ਦੇ ਕਿਸੇ ਹੋਰ ਮਿਸਲਦਾਰ ਜਾਂ ਰਾਜੇ ਮਹਾਰਾਜੇ ਨੇ ਆਪਣੇ ਜੀਵਨ ਕਾਲ ਵਿਚ ਏਨੇ ਕਿਲ੍ਹੇ ਨਹੀਂ ਬਣਵਾਏ।
ਇਸ ਸਮਾਗਮ ਵਿਚ ਸ਼ਾਮਲ ਹੋਈਆਂ ਸਿਆਸੀ ਸਖਸ਼ੀਅਤਾਂ ਵਿਚ ਸੁੱਖ ਧਾਲੀਵਾਲ (ਐਮ.ਪੀ. ਸਰੀ-ਨਿਊਟਨ), ਟਿੱਮ ਉੱਪਲ (ਐਮ.ਪੀ. ਐਡਮਿੰਟਨ ਮਿਲਵੁੱਡ), ਜਸਰਾਜ ਸਿੰਘ ਹੱਲਣ (ਐਮ.ਪੀ. ਕੈਲਗਰੀ ਫਾਰੈੱਸਟ ਲਾਅਨ ), ਜਗਰੂਪ ਬਰਾੜ (ਐਮ.ਐਲ. ਏੇ.), ਕਿਰਤ ਮੰਤਰੀ ਹੈਰੀ ਬੈਂਸ, ਵਿਦਿਆ ਮੰਤਰੀ ਰਚਨਾ, ਜਿਨੀ ਸਿੰਮਜ਼ (ਐਮ. ਐਲ. ਏੇ.) ਅਤੇ ਸਰੀ ਦੇ ਸਿਟੀ ਕਾਉਂਸਲਰ ਮਾਈਕ ਬੋਸ ਨੇ ਸਿੱਖ ਕਮਿਉਨਿਟੀ ਵੱਲੋਂ ਅਤੇ ਸਭਾ ਸੁਸਾਇਟੀਆ ਵੱਲੋਂ ਬਹੁ ਸਭਿਅਕ ਦੇਸ ਕੈਨੇਡਾ ਵਿਚ ਪਾਏ ਜਾ ਰਹੇ ਯੋਗਦਾਨ ਦੀ ਸਰਾਹਨਾ ਕੀਤੀ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 301 ਸਾਲਾ ਸਮਾਗਮ ਦੀ ਵਧਾਈ ਸਾਂਝੀ ਕੀਤੀ। ਹੈਰੀ ਬੈਂਸ ਅਤੇ ਰਚਨਾ ਸਿੰਘ ਨੇ ਪ੍ਰੀਮੀਅਰ ਡੇਵਿਡ ਈਬੀ ਦੇ ਸੰਦੇਸ਼ ਵਾਲੀ ਪਲੈਕ ਪ੍ਰਬੰਧਕਾਂ ਨੂੰ ਭੇਟ ਕੀਤੀ। ਜਿਸ ਵਿਚ ਰਾਹੀਂ ਬੀ.ਸੀ. ਦੀ ਸਿੱਖ ਕਮਿਉਨਿਟੀ ਵੱਲੋਂ ਸਿੱਖ ਕਦਰਾਂ ਕੀਮਤਾਂ ਨੂੰ ਪ੍ਰਚਾਰਨ, ਪ੍ਰਸਾਰਨ ਅਤੇ ਮਹਿਫੂਜ਼ ਰੱਖਣ ਲਈ ਵਧਾਈ ਵੀ ਦਿੱਤੀ।
ਸੰਗੀਤਕਾਰ ਦੀਦਾਰ ਸਿੰਘ ਨਾਮਧਾਰੀ ਤੇ ਪਵਿੱਤਰ ਸਿੰਘ ਮਠਾੜੂ ਨੇ ਤਬਲੇ ਅਤੇ ਤਾਰ-ਸ਼ਹਿਨਾਈ ਨਾਲ ਭਾਰਤੀ ਰਾਗਾਂ ਦਾ ਪ੍ਰਦਰਸ਼ਨ ਕੀਤਾ। ਲੋਕ ਸਾਜ਼ ਸਾਰੰਗੀ ਮਾਸਟਰ ਚਮਕੌਰ ਸਿੰਘ ਸੇਖੋਂ ਅਤੇ ਢੱਡ ਉੱਤੇ ਨਵਦੀਪ ਸਿੰਘ ਨੇ ਸਮਾਗਮ ਵਿਚ ਹਾਜ਼ਰ ਮਹਿਮਾਨਾਂ ਨੂੰ ਮੰਤਰ ਮੁਗਧ ਕੀਤਾ। ਇੰਗਲੈਂਡ ਤੋਂ ਆਏ ਉੱਘੇ ਕਲਾਕਾਰ ਕੁਲਵੰਤ ਸਿੰਘ ਭੰਮਰਾ ਨੇ ਵੀ ਸਟੇਜ ਤੋਂ ਆਪਣੀ ਹਾਜ਼ਰੀ ਲੁਵਾਈ। ਅੰਤ ਵਿਚ ਇੰਗਲੈਂਡ ਅਮਰੀਕਾ ਤੇ ਇੰਡੀਆ ਤੋਂ ਆਏ ਮਹਿਮਾਨਾਂ ਦਾ ਅਤੇ ਬੁਲਾਰਿਆਂ ਦਾ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਬਲਬੀਰ ਸਿੰਘ ਚਾਨਾ, ਜਨਰਲ ਸਕੱਤਰ ਚਰਨਜੀਤ ਸਿੰਘ ਮਰਵਾਹਾ, ਪਬਲਿਕ ਰਿਲੇਸ਼ਨ ਸਤੱਕਰ ਸੁਰਿੰਦਰ ਸਿੰਘ ਜੱਬਲ, ਸਾਬਕਾ ਪ੍ਰਧਾਨ ਧਰਮ ਸਿੰਘ ਪਨੇਸਰ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਵਾਰੋ ਵਾਰੀ ਵਿਸ਼ੇਸ਼ ਮਾਨ ਸਨਮਾਨ ਕੀਤਾ ਗਿਆ। ਤਸਹਾਂ ਸਮਾਗਮਾਂ ਦਾ ਸੰਚਾਲਨ ਸੁਰਿੰਦਰ ਸਿੰਘ ਜੱਬਲ ਨੇ ਬੇਹੱਦ ਖੂਬਸੂਰਤ ਢੰਗ ਨਾਲ ਕੀਤਾ।

