Headlines

ਬੀ ਸੀ ਯੁਨਾਈਟਡ ਨੇ ਸਰੀ ਨਾਰਥ ਤੋਂ ਅਸਦ ਗੋਂਦਲ ਨੂੰ ਉਮੀਦਵਾਰ ਐਲਾਨਿਆ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਤਾਜ ਕਨਵੈਨਸ਼ਨ ਸੈਂਟਰ ਵਿਖੇ ਬੀ ਸੀ ਯੁਨਾਈਟਡ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਰੀ ਨਾਰਥ ਤੋਂ ਅਸਦ ਗੋਂਦਲ ਨੂੰ ਪਾਰਟੀ ਉਮੀਦਵਾਰ ਨਾਮਜਦ ਕੀਤਾ ਗਿਆ। ਉਹਨਾਂ ਦੀ ਉਮੀਦਵਾਰੀ ਦਾ ਐਲਾਨ ਪਾਰਟੀ ਦੇ ਆਗੂ ਕੇਵਿਨ ਫਾਲਕਨ ਵਲੋਂ ਕਰਦਿਆਂ ਆਗਾਮੀ ਚੋਣਾਂ ਵਿਚ ਐਨ ਡੀ ਪੀ ਸਰਕਾਰ ਨੂੰ ਹਰਾਕੇ ਲੋਕ ਹਿੱਤਾਂ ਲਈ ਕੰਮ ਕਰਨ  ਵਾਲੀ ਬੀ ਸੀ ਯੁਨਾਈਟਡ ਨੂੰ ਜਿਤਾਉਣ ਦਾ ਸੱਦਾ ਦਿੱਤਾ। ਇਸ ਮੌਕੇ ਪਾਰਟੀ ਆਗੂ ਕੇਵਿਨ ਫਾਲਕਨ ਨੇ ਬੋਲਦਿਆਂ ਕਿਹਾ ਕਿ ਪਿਛਲੇ ਲਗਪਗ 7 ਸਾਲ ਐਨ ਡੀਪੀ ਦੀਆਂ ਲੋਕ ਮਾਰੂ ਨੀਤੀਆਂ ਕਾਰਣ ਬੀਸੀ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਐਨ ਡੀ ਪੀ ਸਰਕਾਰ ਸਿਹਤ,ਸਿੱਖਿਆ, ਰੋਜ਼ਗਾਰ, ਸੂਬੇ ਦੇ ਵਿਕਾਸ, ਗੱਲ ਕੀ ਹਰ ਫਰੰਟ ਉਪਰ ਫੇਲ ਸਾਬਿਤ ਹੋਈ ਹੈ। ਓਵਰਡੋਜ ਕਾਰਣ ਮੌਤਾਂ ਦੀ ਗਿਣਤੀ ਵਧ ਰਹੀ ਹੈ ਤੇ ਮਹਿੰਗਾਈ ਕਾਰਣ ਲੋਕਾਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਹੈ। ਉਹਨਾਂ ਇਕੱਠ ਨੂੰ ਸੱਦਾ ਦਿੱਤਾ ਕਿ ਆਗਾਮੀ ਚੋਣਾਂ ਵਿਚ ਅਸਦ ਗੋਂਦਲ ਵਰਗੇ ਉਮੀਦਵਾਰਾਂ ਨੂੰ ਜਿਤਾਕੇ ਬੀ ਸੀ ਯੁਨਾਈਟਡ ਦੀ ਸਰਕਾਰ ਬਣਾਈ ਜਾਵੇ ਜੋ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ। ਇਸ ਮੌਕੇ ਅਸਦ ਗੋਂਦਲ ਨੇ ਆਪਣੀ ਉਮੀਦਵਾਰੀ ਲਈ ਪਾਰਟੀ ਅਤੇ ਪਾਰਟੀ ਆਗੂ ਦਾ ਧੰਨਵਾਦ ਕਰਦਿਆਂ ਆਪਣੇ ਅਤੇ ਆਪਣੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ। ਉਹ ਇਸ ਸਮੇਂ ਬੀ ਸੀ ਮੁਸਲਿਮ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਲ ਸਮਾਜ ਸੇਵੀ ਕੰਮਾਂ ਵਿਚ ਵਧ ਚੜਕੇ ਹਿੱਸਾ ਲੈਂਦੇ ਹਨ। ਉਹਨਾਂ ਕਿਹਾ ਕਿ ਅੱਜ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਇਸ ਹਾਲ ਵਿਚ ਚੜਦੇ ਤੇ ਲਹਿੰਦੇ ਪੰਜਾਬਾਂ ਦੇ ਲੋਕ ਇਕੱਠੇ ਹੋਏ ਹਨ। ਉਹਨਾਂ ਕਿਹਾ ਕਿ ਉਹ ਆਪਣੇ ਭਾਈਚਾਰੇ ਦੀ ਸੇਵਾ ਦੇ ਨਾਲ ਸੋਹਣੇ ਮੁਲਕ ਕੈਨੇਡਾ ਨੂੰ ਹੋਰ ਸੋਹਣਾ ਬਣਾਉਣ ਲਈ ਤਤਪਰ ਰਹਿਣਗੇ। ਇਸ ਮੌਕੇ ਮੰਚ ਸੰਚਾਲਨ ਦੀ ਜਿੰਮੇਵਾਰੀ ਸਾਬਕਾ ਮੇਅਰ ਡਾਇਨ ਵਾਟਸ ਨੇ ਕੀਤੀ ਤੇ ਲੋਕਾਂ ਨੂੰ ਸੂਬੇ ਵਿਚ ਬੀ ਸੀ ਯੁਨਾਈਟਡ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।

ਇਸ ਮੌਕੇ ਵੱਡੀ ਗਿਣਤੀ ਵਿਚ ਪਾਕਿਸਤਾਨੀ, ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਲੋਕ ਹਾਜ਼ਰ ਸਨ।