Headlines

ਬੀ ਸੀ ਯੁਨਾਈਟਡ ਦੇ ਆਗੂ ਫਾਲਕਨ ਵਲੋਂ ਅਸਦ ਗੋਂਦਲ ਦੀ ਉਮੀਦਵਾਰੀ ਰੱਦ

ਵੈਨਕੂਵਰ ( ਦੇ ਪ੍ਰ ਬਿ)- ਬੀ ਸੀ ਯੁਨਾਈਟਡ ਵਲੋਂ ਦੋ ਦਿਨ ਪਹਿਲਾਂ ਸਰੀ ਨਾਰਥ ਤੋਂ  ਉਮੀਦਵਾਰ ਨਾਮਜ਼ਦ ਕੀਤੇ ਮੁਸਲਿਮ ਆਗੂ ਅਸਦ ਗੋਂਦਲ ਦੀ ਉਮੀਦਵਾਰੀ ਰੱਦ ਕਰ ਦਿੱਤੀ ਹੈ। ਸ਼ਾਮ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਬੀ ਸੀ ਯੁਨਾਈਟਡ ਦੇ ਆਗੂ ਕੇਵਿਨ ਫਾਲਕਨ ਨੇ ਕਿਹਾ ਹੈ ਕਿ ਸਰੀ ਨਾਰਥ ਤੋਂ  ਨਾਮਜ਼ਦ ਪਾਰਟੀ ਉਮੀਦਵਾਰ  ਅਸਦ ਗੋਂਡਲ ਨੇ ਗਾਜ਼ਾ ਪੱਟੀ ਵਿਚ ਲੜਾਈ ਅਤੇ ਸਮਲਿੰਗੀ ਭਾਈਚਾਰੇ  ਬਾਰੇ ਪਾਰਟੀ ਲਾਈਨ ਤੋਂ ਹੱਟਕੇ ਜੋ ਵਿਚਾਰ ਰੱਖੇ ਹਨ, ਪਾਰਟੀ ਉਸ ਨਾਲ ਸਹਿਮਤ ਨਹੀ ਹੈ।
ਫਾਲਕਨ ਨੇ ਹੋਰ ਕਿਹਾ ਹੈ ਕਿ ਪਾਰਟੀ ਨੀਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਤੇ ਗੋਂਦਲ ਵਲੋਂ ਇਹਨਾਂ ਦੀ ਪਾਲਣਾ ਨਾ ਕਰਨ ਕਾਰਣ  ਮੈਂ ਤੁਰੰਤ ਪ੍ਰਭਾਵ ਨਾਲ ਉਸਦੀ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਹੈ।
ਫਾਲਕਨ ਨੇ ਦਾਅਵਾ ਕੀਤਾ ਕਿ ਗੋਂਦਲ ਨੇ ਆਪਣੀ ਨਾਮਜ਼ਦਗੀ ਤੋਂ ਪਹਿਲਾਂ, ਬੀ ਸੀ ਮੁਸਲਿਮ ਐਸੋਸੀਏਸ਼ਨ ਦੀ ਤਰਫੋਂ ਹਸਤਾਖਰ ਕੀਤੇ ਇਕ ਪੱਤਰ ‘ਤੇ ਆਪਣੇ ਉਕਤ ਵਿਚਾਰ ਸਾਂਝੇ ਕੀਤੇ ਸਨ।

ਭਾਵੇਂਕਿ ਬੀ ਸੀ ਯੁਨਾਈਟਡ ਆਗੂ ਨੇ ਗੋਂਦਲ ਦੀ ਉਮੀਦਵਾਰੀ ਰੱਦ ਕੀਤੇ ਜਾਣ ਦਾ ਕਾਰਣ ਉਸਦੇ ਪਾਰਟੀ ਨੀਤੀਆਂ ਵਿਰੋਧੀ ਵਿਚਾਰਾਂ ਨੂੰ ਦੱਸਿਆ ਹੈ ਪਰ ਚਰਚਾ ਹੈ ਕਿ ਉਸ ਵਲੋਂ ਬੀ ਸੀ ਕੰਸਰਵੇਟਿਵ ਦੀ ਹਮਾਇਤ ਕੀਤੇ ਜਾਣ ਕਾਰਣ ਇਹ ਸਾਰਾ ਘਟਨਾਕ੍ਰਮ ਵਾਪਰਿਆ ਹੈ। ਭਾਵੇਂਕਿ ਅਸਦ ਗੋਂਦਲ ਨੇ ਉਸਨੂੰ ਬੀ ਸੀ ਕੰਸਰਵੇਟਿਵ ਨਾਲ ਜੋੜੇ ਜਾਣ ਦੀਆਂ ਖਬਰਾਂ ਦਾ ਖੰਡਨ ਕਰਦਿਆਂ ਬੀ ਸੀ ਯੁਨਾਈਟਡ ਨਾਲ ਜੁੜੇ ਰਹਿਣ  ਦਾ ਦਾਅਵਾ ਕੀਤਾ ਸੀ ਪਰ ਇਸਦੇ ਬਾਵਜੂਦ ਉਸਦੀ ਉਮੀਦਵਾਰੀ ਰੱਦ ਕੀਤੇ ਜਾਣ ਤੇ ਕਈ ਸਵਾਲ ਖੜੇ ਹੁੰਦੇ ਹਨ।