Headlines

ਸਾਬਕਾ ਮੈਂਬਰ ਪਾਰਲੀਮੈਂਟ ਹਰਭਜਨ ਸਿੰਘ ਲਾਖਾ ਦੀ 10ਵੀਂ ਬਰਸੀ ਤੇ ਉਨ੍ਹਾਂ ਨੂੰ ਯਾਦ ਕਰਦਿਆਂ….

ਵੈਨਕੂਵਰ (ਦੇ.ਪ੍ਰ.ਬਿ)-ਦਲਿਤਾਂ ਦੇ ਘਰਾਂ ਨੂੰ ਉਸਾਰੂ ਸੋਚ ਦੇ ਕੇ ਨਵੇਂ ਚਿਰਾਗ਼ਾਂ ਦੀ ਨਵੀਂ ਰੌਸ਼ਨੀ ਨਾਲ ਜਗਮਗ ਕਰਨ ਵਾਲੇ ਸਰੀਰਕ ਅਤੇ ਮਾਨਸਿਕ ਗ਼ੁਲਾਮ ਲੋਕਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਸੋਚ ਦਾ ਪ੍ਰਚਾਰ ਕਰਕੇ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਸੀਹਾ ਵਜੋਂ ਪ੍ਰਵਾਨਤ ਸ਼ਖ਼ਸੀਅਤ ਅਤੇ ਬਹੁਜਨ ਸਮਾਜ ਦੇ ਵਰਕਰਾ ਵੱਲੋਂ ਸਤਿਕਾਰ ਵਜੋਂ ‘ਬਾਬਾ ਬੋਹੜ’ ਦੇ ਖ਼ਿਤਾਬ ਨਾਲ ਨਿਵਾਜੇ ਸ ਹਰਭਜਨ ਸਿੰਘ ਲਾਖਾ ਜੀ ਆਪਣੇ ਜੀਵਨ ਦਾ ਕੀਮਤੀ ਸਮਾਂ ਬਹੁਜਨ ਸਮਾਜ ਦੇ ਲੇਖੇ ਲਾ ਕੇ 11 ਜੂਨ 2014 ਨੂੰ ਅਕਾਲ ਚਲਾਣਾ ਕਰ ਗਏ। 1978 ਵਿਚ ਏਅਰ ਫੋਰਸ ਦੀ ਨੌਕਰੀ ਛੱਡ ਕੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਲਹਿਰ ਨੂੰ ਤਨਦੇਹੀ ਨਾਲ ਚਲਾਉਂਦਿਆਂ ਲੋਕਾਂ ਨੂੰ ਲਾਮਬੰਦ ਕਰਕੇ ਲਾਖਾ ਜੀ 1989 ਅਤੇ 1996 ਵਿਚ ਲੋਕ ਸਭਾ ਹਲਕਾ ਫਿਲੌਰ ਤੋਂ ਦੋ ਵਾਰ ਮੈਂਬਰ ਪਾਰਲੀਮੈਂਟ ਬਣੇ।
ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਚਲਾਈ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਦੀ ਲਹਿਰ ਵਿਚ ਇਕ ਨਿਧੜਕ, ਬੇਬਾਕ, ਬੇਦਾਗ਼, ਸਮਾਜ ਦੀ ਬਿਹਤਰੀ ਅਤੇ ਬੇਕਰਾਰ ਰੂਹ ਦਾ ਵਿਛੋੜਾ ਸਮਾਜ ਲਈ ਅਸਹਿਜਤਾ ਅਤੇ ਖ਼ਲਾਅ ਪੈਦਾ ਕਰ ਗਿਆ। ਸਾਹਿਬ ਸ੍ਰੀ ਕਾਂਸ਼ੀ ਰਾਮ ਨਾਲ ਸਮਰਪਿਤ ਭਾਵਨਾ ਨਾਲ ਕੀਤੇ ਅਹਿਦ, ਸੰਕਲਪ ਨੂੰ ਜੀ ਜਾਨ, ਇਮਾਨਦਾਰੀ, ਨਿਡਰਤਾ ਨਾਲ ਨਿਭਾਉਣ ਵਾਲੇ ਇਸ ਅਜ਼ਮੀ ਸ਼ਖ਼ਸ ਦੀ ਜੀਵਨ ਘਾਲਣਾ ਅਤੇ ਸੰਘਰਸ਼ ਲਾਸਾਨੀ ਬਣ ਗਿਆ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਦਲਿਤ ਸੰਤ ਸਤਿਗੁਰਾਂ ਦੀ ਸੋਚ ਤੇ ਪਹਿਰਾ ਦਿੰਦਿਆਂ ਉਨ੍ਹਾਂ ਦੀਆਂ ਸਮਾਜ ਲਈ ਕੁਰਬਾਨੀਆਂ ਨੂੰ ਹਮੇਸ਼ਾ ਆਪਣੀ ਸਮਾਜਿਕ ਅਤੇ ਰਾਜਨੀਤਿਕ ਵਿਚਾਰਧਾਰਾ ਦਾ ਆਧਾਰ ਬਣਾਇਆ। ਉਨ੍ਹਾਂ ਸਦਾ ਹੀ ਬਿਰਪਵਾਦੀ ਵਿਚਾਰਧਾਰਾ ਦੀਆਂ ਧੱਜੀਆਂ ਉਡਾਉਣ ਦਾ ਹੋਕਾ ਦਿੱਤਾ। ਉਮਰ ਦੇ ਆਖ਼ਰੀ ਪੜਾਹ ਵਿਚ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੰਮ੍ਰਿਤ ਛਕ ਕੇ ਸਿੰਘ ਸਜ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ£’ ਮੁਤਾਬਿਕ ਉਨ੍ਹਾਂ ਪ੍ਰਤੀ ਆਪਣੀ ਸਾਰਥਿਕ ਸ਼ਰਧਾ ਅਤੇ ਅਮਲ ਦਾ ਸਬੂਤ ਦਿੱਤਾ। ਦਲਿਤ ਜਾਗ੍ਰਿਤੀ ਲਈ ਉਮਰ ਭਰ ਸੰਘਰਸ਼ ਕਰਨ ਵਾਲੇ ਅਣਥੱਕ ਯੋਧੇ ਸ. ਹਰਭਜਨ ਸਿੰਘ ਲਾਖਾ ਦ੍ਰਿੜ ਇਰਾਦੇ ਅਤੇ ਜਜ਼ਬੇ ਦੇ ਭਰ ਵਗਦੇ ਦਰਿਆ ਨੇ ਅਜੇ ਸਮਾਜ ਦੇ ਹੋਰ ਕਈ ਮਾਰੂਥਲ ਸਿੰਜਣੇ ਸਨ, ਉਹ ਪਲਾਂ ‘ਚ ਹੀ ਸਮੁੰਦਰ ਵਿਚ ਵਿਲੀਨ ਹੋ ਗਿਆ। ਦਲਿਤ ਬਹੁਜਨਾਂ ਦੇ ਵਿਹੜਿਆਂ ਨੂੰ ਹੱਕ ਸੱਚ ਦੀ ਰੌਸ਼ਨੀ ਵੰਡਦਾ ਮਘਦਾ ਸੂਰਜ ਸਦਾ ਲਈ ਅਸਤ ਹੋ ਗਿਆ।
ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਨੇਡਾ ਦੀ ਸੰਗਤ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬਰਨਬੀ ਵੈਨਕੂਵਰ ਵਿਖੇ ਸਮਾਗਮ ਬੀਤੇ ਐਤਵਾਰ 16 ਜੂਨ ਨੂੰ ਕਰਵਾਇਆ ਗਿਆ । ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤ ਨੇ ਸ਼ਾਮਿਲ ਹੁੰਦਿਆਂ ਸਵਰਗੀ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਆਈਆਂ ਸੰਗਤਾਂ ਦਾ ਉਹਨਾਂ ਦੇ ਸਪੁੱਤਰ ਪਰਮਜੀਤ ਲਾਖਾ ਨੇ ਧੰਨਵਾਦ ਕੀਤਾ।