Headlines

ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੀ ਇਕਤਰਤਾ

ਕੈਲਗਰੀ ( ਜਗਦੇਵ ਸਿੱਧੂ)- ਬੀਤੇ 10 ਜੂਨ ਨੂੰ ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਵੀਵੋ ਹਾਲ ਵਿਖੇ ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਅਕੀਦੇ ਵਜੋਂ ਸ਼ਬਦ ਗਾਇਨ ਨਾਲ ਸ਼ੁਰੂ ਹੋਈ — ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ  ।

ਐਸੋਸੀਏਸ਼ਨ ਦੇ ਸਨਮਾਨਯੋਗ ਮੈਂਬਰ ਜਸਪਾਲ ਸਿੰਘ ਦੀ ਦੁੱਖਦਾਈ ਮੌਤ ਉਪਰ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ।  ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ ਨਰੋਈ ਸਿਹਤ ਲਈ ਸਾਵੀਂ ਖੁਰਾਕ ਅਤੇ ਵਰਜ਼ਿਸ਼ ਦੀ ਲੋੜ ਤੇ ਜ਼ੋਰ ਦੇ ਕੇ ਕਿਹਾ ਕਿ ਇਹ ਇਸ ਸਭਾ  ਦਾ ਮੁੱਖ ਉਦੇਸ਼ ਹੈ। ਉਨ੍ਹਾਂ ਨੇ ਇਕ ਕੁਟੇਸ਼ਨ ਦੇ ਹਵਾਲੇ ਨਾਲ ਕਿਹਾ ਕਿ ਜੋ ਇਨਸਾਨ ਸ੍ਵੈ-ਕੇਂਦਰਿਤ (Self centered   ) ਹੈ ਉਹ ਜ਼ਿੰਦਗੀ `ਚ ਆਇਆ ਜਾਂ ਨਾ ਆਇਆ, ਇਕ ਬਰਾਬਰ ਹੈ। ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਸੁਰਜੀਤ ਪਾਤਰ ਨੂੰ ਇਸ ਨਜ਼ਮ ਰਾਹੀਂ ਯਾਦ ਕੀਤਾ – ਦੁਨੀਆਂ ਨੇ ਵਸਦੀ ਰਹਿਣਾ ਹੈ ਸਾਡੇ ਬਗੈਰ ਵੀ। ਉਨ੍ਹਾਂ ਨੇ ਕਵਿਤਾ ਰਾਹੀਂ ਰੁੱਖਾਂ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਰੁੱਖਾਂ ਨਾਲ ਜਿਉਂਦੇ-ਜੀਅ ਸਾਂਝ ਪਾਉਣ ਦਾ ਸੁਨੇਹਾ ਦਿੱਤਾ। ਕੈਨੇਡਾ ਰੈਵੇਨਿਊ ਏਜੰਸੀ ਤੋਂ ਆਈ ਮੈਡਮ ਐਮਿਲੀ ਮੂਰ ਨੇ ਫੈਡਰਲ ਸਰਕਾਰ ਦੁਆਰਾ ਦੰਦਾਂ ਦੀ ਸੰਭਾਲ਼ ਅਤੇ ਇਲਾਜ ਲਈ ਦਿੱਤੀ ਜਾਣ ਵਾਲ਼ੀ ਮਾਇਕ ਸਹਾਇਤਾ ਦੀ ਨਵੀਂ ਪਾਲਿਸੀ ਤੋਂ ਜਾਣੂੰ ਕਰਵਾਇਆ। ਜਸਵੰਤ ਸਿੰਘ ਕਪੂਰ ਨੇ ਗੁਰੂ ਅਰਜਨ ਦੇਵ ਜੀ ਦੀ ਅਦੁਤੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਵਿਤਾ ਪੜ੍ਹੀ। ਪ੍ਰਮਿੰਦਰ ਗਰੇਵਾਲ  ਦੇ ਚੋਣਵੇਂ ਸ਼ੇਅਰਾਂ ਵਿੱਚੋਂ ਇੱਕ ਇਹ ਸੀ – ਗ਼ਮ ਨ ਕਰੋ ਮੌਤ ਕਾ ਜੋ ਹਰ ਕਿਸੀ ਸੇ ਆਤੀ ਹੈ। ਸਰਦਾਰ ਤਾਰਿਕ ਮਲਿਕ ਨੇ ਜ਼ਿੰਦਗੀ ਦੀ ਸਚਾਈ ਸ਼ੇਅਰ ਸੁਣਾ ਕੇ ਬਿਆਨ ਕੀਤੀ – ਆਬਾਦ ਰਹੇਗੀ ਦੁਨੀਆਂ, ਹਮ ਨਹੀਂ ਹੋਂਗੇ, ਹਮਸਾ ਕੋਈ ਹੋਗਾ। ਸ਼ਮਿੰਦਰ ਅਤੇ ਸੁਰਜੀਤ ਕੰਮੋਹ ਦੀ ਜੋੜੀ ਨੇ ਅਤੇ ਵਿਜੇ ਸਚਦੇਵਾ ਨੇ ਗੀਤਾਂ ਦੀ ਪੇਸ਼ਕਾਰੀ ਨਾਲ਼ ਸਭ ਨੂੰ ਮੋਹ ਲਿਆ।  ਨਾਲ ਹੀ ਵਿਜੇ ਸਚਦੇਵਾ ਨੇ ਸਾਹ ਲੈਣ ਦੀ ਪ੍ਰਕਿਰਿਆ ਅਤੇ ਪ੍ਰਾਣਾਯਾਮ ਦੀ ਵਿਧੀ ਬਾਰੇ ਚਾਨਣਾ ਪਾਇਆ । ਚਰਨਜੀਤ ਕੌਰ ਬਾਜਵਾ ਨੇ – ਪੀੜ ਤੇਰੇ ਜਾਣ ਦੀ, ਕਿੱਦਾਂ ਜਰਾਂਗਾ ਮੈਂ – ਸੁਰੀਲੀ ਆਵਾਜ਼ ਵਿਚ ਗਾ ਕੇ ਸ਼ਬਦਾਂ ਦੀ ਖੂਬਸੂਰਤੀ ਨੂੰ ਇੰਜ ਉਜਾਗਰ ਕੀਤਾ ਕਿ ਰੂਹ ਟੁੰਬੀ ਗਈ। ਡਾ. ਰਾਜਵੰਤ ਕੌਰ ਮਾਨ ਨੇ ਆਪਣੀ ਸਿਹਤ ਬਾਰੇ ਤਜਰਬੇ ਸਾਂਝੇ ਕੀਤੇ। ਡਾ. ਭਗਤ ਸਿੰਘ ਅਟਵਾਲ ਨੇ ਲੱਤਾਂ ਨੂੰ ਮਜ਼ਬੂਤ ਰੱਖਣ ਦੇ ਨੁਸਖੇ ਬਿਆਨ ਕੀਤੇ। ਕਰਮ ਸਿੰਘ ਮੁੰਡੀ ਨੇ ਇਸ ਸੰਕਟ ਸਮੇਂ ਕੈਲਗਰੀ ਦੇ ਲੋੜਵੰਦਾਂ ਲਈ ਪੀਣ ਵਾਲ਼ੇ ਪਾਣੀ ਦੀਆਂ ਬੋਤਲਾਂ ਦਾਨ ਕਰਨ ਦੀ ਅਪੀਲ ਕੀਤੀ।  ਹਰਿੰਦਰ ਕੌਰ ਮੁੰਡੀ ਨੇ ਘਰੇਲੂ ਕੰਮਕਾਜੀ ਔਰਤਾਂ ਦੀ ਸਾਰੇ ਪੱਖਾਂ ਤੋਂ ਯਥਾਰਥਕ , ਤਰਸਯੋਗ ਅਤੇ ਸ਼ਲਾਘਾ ਵਾਲ਼ੀ ਤਸਵੀਰ ਪੇਸ਼ ਕੀਤੀ ਜੋ ਇਸ ਵਿਸ਼ੇ ਬਾਰੇ ਬਹੁਤ ਹੀ ਤਰਕਪੂਰਨ ਤਰੀਕੇ ਅਤੇ ਪਰਤੱਖ ਤੱਥਾਂ ਰਾਹੀਂ  ਮੁਕੰਮਲ ਦਸ਼ਾ ਬਿਆਨ ਕਰ ਗਈ ਅਤੇ ਇਨ੍ਹਾਂ ਔਰਤਾਂ ਬਾਰੇ ਨਰੋਆ ਤੇ ਹਾਂ ਪੱਖੀ ਪ੍ਰਭਾਵ ਛੱਡ ਗਈ । ਜਾਣੀ ਪਛਾਣੀ ਹਸਤੀ ਰਿਸ਼ੀ ਨਾਗਰ ਤਰੱਨਮ ਵਿਚ ਗੀਤ ਗਾ ਕੇ ਨਵੇਂ ਰੂਪ ਵਿਚ ਪੇਸ਼ ਆਏ – ਤੇਰੇ ਦੀਵਾਨੇ ਨੂੰ ਸੱਜਣਾ, ਕੋਈ ਸਹਾਰਾ ਨਾ ਮਿਲਿਆ।

ਲਹਿੰਦੇ ਪੰਜਾਬ ਦੇ ਅਦੀਬ ਜਨਾਬ ਮੁਨੱਵਰ ਅਹਿਮਦ ਨੇ ਵਾਰਿਸ ਸ਼ਾਹ ਦੀ ਹੀਰ ਗਾ ਕੇ ਸਭ ਨੂੰ ਮੰਤਰ-ਮੁਗਧ ਕਰ ਦਿੱਤਾ – ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਮੈਨੂੰ ਲੈ ਚਲੇ ਬਾਬਲਾ ਲੈ ਚਲੇ ਵੇ। ਉਨ੍ਹਾਂ ਨੇ ਇੰਕਸਾਫ਼ ਕੀਤਾ ਕਿ “ਤੁਹਾਨੂੰ ਭੋਰਾ ਵੀ ਖ਼ੁਸ਼ ਕਰ ਕੇ ਮੇਰੀ ਹਯਾਤੀ ਦਾ ਮਕਸਦ ਪੂਰਾ ਹੋ ਜਾਂਦੈ “। ਦਿਲਾਵਰ ਸਮਰਾ ਨੇ ਉਨ੍ਹਾਂ ਦੁਆਰਾ ਲਾਏ ਸੈਂਕੜੇ ਰੁੱਖਾਂ ਬੂਟਿਆਂ ਨੂੰ ਵਾਤਾਵਰਣ ਦੀ ਸੰਭਾਲ ਨਾਲ ਜੋੜਿਆ। ਉਨ੍ਹਾਂ ਨੇ ਕਿਹਾ ਕਿ ਸੱਚੇ ਮਨੋਂ ਅਰਦਾਸ ਕਰੋ ਆਪਣੇ ਲਈ ਵੀ ਤੇ ਹੋਰਾਂ ਲਈ ਵੀ । ਜੋਗਾ ਸਿੰਘ ਲੈਹਲ ਨੇ ਚੁਟਕਲੇ ਸੁਣਾ ਕੇ ਹਾਸਿਆਂ ਦੀ ਬੌਛਾੜ ਲਾਈ ।  ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਬਹੁਤ ਭਾਵ-ਪੂਰਤ ਟਿੱਪਣੀਆਂ ਕਰਦੇ ਹੋਏ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ਅਤੇ ਸਮੁੱਚੀ ਕਾਰਵਾਈ ਨੂੰ ਨਿਪੁੰਨਤਾ ਨਾਲ ਨਿਭਾਇਆ। ਸਾਰੇ ਪ੍ਰਬੰਧਕੀ ਮੈਂਬਰਾਂ ਨੇ ਆਪੋ ਆਪਣੀਆਂ ਡਿਉਟੀਆਂ ਨੂੰ ਪੂਰਨਤਾ ਨਾਲ ਅੰਜਾਮ ਦਿੱਤਾ। ਖਾਣ ਪੀਣ ਲਈ ਨਿਰੋਲ ਸਿਹਤ-ਵਰਧਕ ਪਦਾਰਥ ਵਰਤਾਏ ਗਏ ਅਤੇ ਕੰਪੋਸਟ ਯੋਗ ਬਰਤਨ ਵਰਤੇ ਗਏ।

ਐਸੋਸੀਏਸ਼ਨ ਬਾਰੇ ਕਿਸੇ ਵੀ ਜਾਣਕਾਰੀ ਲਈ ਸੰਪਰਕ ਨੰਬਰ ਹਨ – ਸੁਰਿੰਦਰਜੀਤ ਪਲਾਹਾ 403 708 3496, ਗੁਰਦਿਆਲ ਸਿੰਘ ਖਹਿਰਾ 403 968 2880.

 

 

 

 

 

 

 

 

 

 

 

 

.

Leave a Reply

Your email address will not be published. Required fields are marked *