Headlines

ਸੰਪਾਦਕੀ- ਸੁਖਬੀਰ ਬਾਦਲ ਦਾ ਪ੍ਰਧਾਨਗੀ ਨੂੰ ਜੱਫਾ…

-ਸੁਖਵਿੰਦਰ ਸਿੰਘ ਚੋਹਲਾ—

 ਸ੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਸਿੱਖਾਂ ਦੀ ਪ੍ਰਤੀਨਿਧ ਸਿਆਸੀ ਪਾਰਟੀ ਵਜੋਂ ਜਾਣਿਆ ਜਾਂਦਾ ਹੈ। ਸਮਝਿਆ ਜਾਂਦਾ ਰਿਹਾ ਹੈ ਕਿ ਅਕਾਲੀ ਦਲ ਦਾ ਪੰਜਾਬ ਦੇ ਪਿੰਡਾਂ ਅਤੇ ਸਿੱਖ ਕਿਸਾਨੀ ਵਿਚ ਵੱਡਾ ਆਧਾਰ ਹੈ। ਉਸਦੇ ਵੱਡੇ ਪੇਂਡੂ ਜਨ ਆਧਾਰ ਕਾਰਣ ਹੀ ਕੇਂਦਰ ਵਿਚ ਲਗਾਤਾਰ ਤੀਸਰੀ ਵਾਰ ਸੱਤਾ ਪ੍ਰਾਪਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦਾ ਉਸ ਨਾਲ ਲੰਬਾ ਸਮਾਂ ਸਿਆਸੀ ਗਠਜੋੜ ਰਿਹਾ ਹੈ। ਹੁਣ ਤੱਕ ਇਹ ਧਾਰਨਾ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਸ਼ਹਿਰੀ ਅਤੇ ਹਿੰਦੂ ਵੋਟਰ ਉਪਰ ਪ੍ਰਭਾਵ ਹੈ ਜਦੋਂਕਿ ਅਕਾਲੀ ਦਲ ਦਾ ਪੇਂਡੂ ਤੇ ਸਿੱਖ ਜਨ ਆਧਾਰ ਹੋਣ ਕਾਰਣ, ਦੋਵਾਂ ਦਾ ਗਠਜੋੜ ਮੁੱਖ ਵਿਰੋਧੀ ਕਾਂਗਰਸ ਜਾਂ ਹੋਰ ਸਿਆਸੀ ਪਾਰਟੀਆਂ ਨੂੰ ਮਾਤ ਦੇਣ ਵਿਚ ਸਫਲ ਰਿਹਾ ਹੈ। ਪਰ ਪਿਛਲੇ ਸਮੇਂ ਦੌਰਾਨ ਕਿਸਾਨ ਅੰਦੋਲਨ ਪ੍ਰਤੀ ਭਾਜਪਾ ਦੇ ਅੜੀਅਲ ਰਵਈਏ ਕਾਰਣ ਦੋਵਾਂ ਦਾ ਅਲਗ ਅਲਗ ਹੋਣਾ ਸਿਆਸੀ ਮਜ਼ਬੂਰੀ ਬਣ ਗਿਆ। ਅਕਾਲੀ ਦਲ ਵਲੋਂ ਭਾਵੇਂ ਇਸ ਗਠਜੋੜ ਦੇ ਟੁੱਟਣ ਦੇ ਮੁਕਾਬਲੇ ਪੰਜਾਬ ਅਤੇ ਕਿਸਾਨੀ ਹਿੱਤਾਂ ਨੂੰ ਪਹਿਲ ਵਜੋਂ ਸਿਧਾਂਤਕ ਲੜਾਈ ਵਜੋਂ ਪੇਸ਼ ਕੀਤਾ ਗਿਆ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਵਿਚਾਲੇ ਚੋਣ ਗਠਜੋੜ ਦੀਆਂ ਸੰਭਾਵਨਾਵਾਂ ਦੀ ਚਰਚਾ ਤੇ ਆਖਰ ਇਕੱਲੇ ਇਕੱਲੇ ਚੋਣ ਲੜਨ ਦੀ ਮਜ਼ਬੂਰੀ ਦਾ ਸੱਚ ਕਿਸੇ ਤੋਂ ਛੁਪਿਆ ਨਹੀ। ਪਰ ਇਹ ਵੀ ਸੱਚ ਹੈ ਕਿ ਇਸ ਮਜਬੂਰੀ ਨੇ ਦੋਵਾਂ ਪਾਰਟੀਆਂ ਨੂੰ ਆਪੋ ਆਪਣੀ ਧਰਾਧਲ ਤੇ ਸਮਰੱਥਾ ਦਾ ਵੀ ਅਹਿਸਾਸ ਕਰਵਾ ਦਿੱਤਾ ਹੈ। ਅਕਾਲੀ ਦਲ ਨੇ ਇਹਨਾਂ ਲੋਕ ਸਭਾ ਚੋਣਾਂ ਵਿਚ ਭਾਵੇਂ ਬਾਦਲ ਪਰਿਵਾਰ ਦੇ ਕਬਜੇ ਵਾਲੀ ਇਕ ਇਕੋ ਸੀਟ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਪਰ ਉਸਦਾ ਬਾਕੀ ਸਾਰੇ 12 ਹਲਕਿਆਂ ਵਿਚ ਜੋ ਹਾਲ ਹੋਇਆ ਹੈ, ਉਸਨੇ ਲੀਡਰਸ਼ਿਪ ਦੀ ਛਲਾਵਾ ਆਪਾ ਪੜਚੋਲ ਪਹੁੰਚ ਦੀ ਥਾਂ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਨੂੰ ਭਾਰੀ ਨਿਰਾਸ਼ ਕੀਤਾ ਹੈ। ਉਹ ਅਕਾਲੀ ਦਲ ਜਿਸਨੂੰ ਹੁਣ ਤੱਕ ਸ਼ਹੀਦਾਂ ਦੀ ਜਥੇਬੰਦੀ ਅਤੇ ਕੁਰਬਾਨੀਆਂ ਦੇ ਇਤਿਹਾਸ ਵਾਲੀ ਪਾਰਟੀ ਵਜੋਂ ਪਰਚਾਰਿਆ ਜਾਂਦਾ ਰਿਹਾ ਹੈ, ਦੇ ਜਨ ਆਧਾਰ ਨੂੰ ਜਿੰਨਾ ਵੱਡਾ ਖੋਰਾ ਇਹਨਾਂ ਸਮਿਆਂ ਵਿਚ ਲੱਗਾ ਹੈ, ਉਹ  ਵੀ ਆਪਣੇ ਆਪ ਵਿਚ ਇਕ ਨਵਾਂ ਇਤਿਹਾਸ ਬਣ ਗਿਆ ਹੈ। ਬਠਿੰਡਾ ਲੋਕ ਸਭਾ ਹਲਕੇ ਨੂੰ ਛੱਡਕੇ ਸਾਰੇ 12 ਹਲਕਿਆਂ ਵਿਚ ਪਾਰਟੀ ਉਮੀਦਵਾਰ ਚੌਥੇ ਸਥਾਨ ਉਪਰ ਰਹੇ ਹਨ। ਭਾਰੀ ਨਮੋਸ਼ੀ ਵਾਲੀ ਗੱਲ ਹੈ ਕਿ ਕੇਵਲ ਦੋ ਉਮੀਦਵਾਰਾਂ ਨੂੰ ਛੱਡਕੇ ਬਾਕੀ ਸਭ ਆਪਣੀਆਂ ਜ਼ਮਾਨਤਾਂ ਵੀ ਬਚਾ ਨਹੀ ਸਕੇ ਭਾਵ ਉਹ ਜੇਤੂ ਉਮੀਦਵਾਰਾਂ ਤੋਂ 10 ਪ੍ਰਤੀਸ਼ਤ ਵੋਟਾਂ ਵੀ ਪ੍ਰਾਪਤ ਨਹੀ ਕਰ ਸਕੇ। ਚੋਣ ਮੁਹਿੰਮ ਦੌਰਾਨ ਪਾਰਟੀ ਪ੍ਰਧਾਨ ਇਹ ਦਾਅਵੇ ਕਰਦੇ ਰਹੇ ਕਿ ਮੈਂ ਲਗਪਗ 80 ਵਿਧਾਨ ਸਭਾ ਹਲਕਿਆਂ ਚ ਘੁੰਮਿਆਂ ਹਾਂ। ਲੋਕ ਆਮ ਆਦਮੀ ਪਾਰਟੀ ਦੇ ਇੰਨਾ ਖਿਲਾਫ ਹਨ ਕਿ  ਇਸ ਵਾਰ ਝਾੜੂ ਨੂੰ ਖਿਲਾਰ ਦੇਣਗੇ। ਪਰ ਇਹ ਦਾਅਵੇ ਕਰਦਿਆਂ ਉਹ ਇਹ ਭੁੱਲ ਗਏ ਕਿ ਸਿੱਖ ਵੋਟਰਾਂ ਦੇ ਮਨਾਂ ਚੋ ਬੇਅਦਬੀਆਂ ਦੀਆਂ ਵਾਪਰੀਆਂ ਘਟਨਾਵਾਂ ਮਨਫੀ ਨਹੀਂ ਹੋਈਆਂ। ਡੇਰਾ ਸੱਚਾ ਸੌਦਾ ਨੂੰ ਬਚਾਉਣ ਤੇ ਡੇਰੇ ਦੀਆਂ ਵੋਟਾਂ ਦੇ ਆਹਰ ਵਿਚ ਉਹਨਾਂ ਦੀਆਂ ਗਲਤੀਆਂ ਨੂੰ ਲੋਕਾਂ ਨੇ ਮੁਆਫ ਨਹੀ ਕੀਤਾ। ਕਿਸਾਨ ਅੰਦੋਲਨ ਦੌਰਾਨ ਭਾਜਪਾ ਨਾਲ ਭਾਈਵਾਲੀ ਤੇ ਮਾਣੀਆਂ ਮਨਿਸਟਰੀਆਂ ਨੂੰ ਗਠਜੋੜ ਦੇ ਬਲੀਦਾਨ ਨਾਲ ਮੇਲਣਾ, ਖੇਖਣ ਜਾਣਿਆ ਹੈ। ਚੋਣ ਮੁਹਿੰਮ ਦੌਰਾਨ ਵਿਰੋਧੀ ਪਾਰਟੀਆਂ ਨੇ ਅਕਾਲੀ ਉਮੀਦਵਾਰਾਂ ਨੂੰ ਡੇਰਾ ਸੱਚਾ ਸੌਦਾ ਦਾ ਸਮਰਥਨ ਮਿਲਣ ਅਤੇ ਭਾਜਪਾ ਨਾਲ ਅੰਦਰਖਾਤੇ ਸਾਂਝ ਦੀਆਂ ਵਾਇਰਲ ਪੋਸਟਾਂ ਸਿੱਖ ਵੋਟਰਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਦਾਅਵਿਆਂ ਨਾਲੋ ਵਧੇਰੇ ਪੋਹਦੀਆਂ ਰਹੀਆਂ ਹਨ। ਪ੍ਰਧਾਨ ਸਾਹਿਬ ਵਲੋਂ ਮੰਗੀਆਂ ਮੁਆਫੀਆਂ ਚੋ ਕਿਤੇ ਵੀ ਸੁਹਿਰਦਤਾ ਨਾ ਝਲਕੀ ਤੇ ਚੋਣ ਮੁਹਿੰਮ ਦੌਰਾਨ ਦੋ ਪੰਥਕ ਉਮੀਦਵਾਰਾਂ ਦੀ ਵਿਰੋਧਤਾ ਅਤੇ ਬਿਆਨਬਾਜੀ ਸਿੱਖ ਮਨਾਂ ਨੂੰ ਹੋਰ ਆਵਜਾਰ ਕਰ ਗਈ । ਸ਼ਹੀਦ ਭਾਈ ਬੇਅੰਤ ਸਿੰਘ ਦੇ ਸੁਪੱਤਰ ਖਿਲਾਫ ਅਕਾਲੀ ਦਲ ਦਾ ਉਮੀਦਵਾਰ ਖੜਾ ਕਰਨਾ ਇਹ ਸਿੱਧ ਕਰ ਗਿਆ ਕਿ ਸ਼ਹੀਦਾਂ ਦੀ ਜਥੇਬੰਦੀ ਹੋਣ ਦਾ ਦਾਅਵਾ ਕਰਨ ਵਾਲਾ ਅਕਾਲੀ ਦਲ ਹੁਣ ਕੇਵਲ ਇਕ ਪਰਿਵਾਰ ਦੀ ਨਿੱਜੀ ਮਲਕੀਅਤ ਤੱਕ ਸੀਮਤ ਹੈ।

”ਅਕਾਲੀ ਦਲ ਕਿਸੇ ਦੀ ਨਿੱਜੀ ਮਲਕੀਅਤ ਨਹੀ, ਬਾਦਲ ਪਰਿਵਾਰ ਨੇ ਕੋਈ ਪੱਕੀ ਇੱਟ ਨਹੀ ਲਗਾਈ,..” ਆਦਿ ਆਦਿ। ਬਾਦਲ ਪਰਿਵਾਰ ਅਤੇ ਪਾਰਟੀ ਉਪਰ ਤੋਹਮਤਾਂ ਲਗਾਉਣ ਵਾਲੇ ਲੋਕਾਂ ਨੂੰ ਅਕਸਰ ਹੀ ਪਾਰਟੀ ਪ੍ਰਧਾਨ ਉਕਤ ਵਾਕ ਦੁਹਰਾਉਂਦਿਆਂ ਖੰਡਨ ਕਰਦੇ ਆਏ ਹਨ ਪਰ ਬੀਤੇ ਦਿਨ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਜੋ ਕੁਝ ਸਾਹਮਣੇ ਆਇਆ, ਉਸਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਕੇਵਲ ਤੋਹਮਤਾਂ ਨਹੀ ਬਲਕਿ ਸੱਚਾਈ ਦੇ ਕਰੀਬ ਹੈ। ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਮਾੜੀ ਕਾਰਗੁਜਾਰੀ ਲਈ ਪਾਰਟੀ ਪ੍ਰਧਾਨ ਖਿਲਾਫ ਬੋਲਣ ਵਾਲੇ ਆਗੂਆਂ ਨੂੰ ਮੀਟਿੰਗ ਵਿਚ ਆਉਣ ਦਾ ਬੁਲਾਵਾ ਨਹੀ ਦਿੱਤਾ ਗਿਆ। ਢੀਂਡਸਾ ਧੜੇ ਨੂੰ ਅਕਾਲੀ ਦਲ ਵਿਚ ਸ਼ਾਮਿਲ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦਾ ਸਰਪ੍ਰਸਤ ਥਾਪਿਆ ਗਿਆ ਸੀ ਪਰ ਕੋਰ ਕਮੇਟੀ ਦੀ ਮੀਟਿੰਗ ਵਿਚ ਹਾਜ਼ਰ ਨਹੀ ਸਨ। ਪਾਰਟੀ ਦੇ ਇਕ ਬੁਲਾਰੇ ਵਲੋਂ ਮੀਟਿੰਗ ਤੋਂ ਪਹਿਲਾਂ ਖੁੱਲਾ ਪੱਤਰ ਜਾਰੀ ਕਰਦਿਆਂ ਆਪਾ ਪੜਚੋਲ ਤੇ ਪਾਰਟੀ ਸੁਧਾਰਾਂ ਦੀ ਗੱਲ ਕੀਤੇ ਜਾਣ ਨੂੰ ਅਨੁਸ਼ਾਸਨੀ ਕਾਰਵਾਈ ਦਾ ਡਰਾਵਾ ਦਿੱਤਾ ਜਾ ਰਿਹਾ ਹੈ। ਪਾਰਟੀ ਵਿਧਾਇਕ ਤੇ ਨੌਜਵਾਨ ਆਗੂ ਮਨਪ੍ਰੀਤ ਇਯਾਲੀ ਵਲੋਂ ਪਾਰਟੀ ਸੁਧਾਰਾਂ ਪ੍ਰਤੀ ਗੰਭੀਰ ਹੋਣ ਦੀ ਗੱਲ ਕਹਿਣਾ ਵੀ ਪਾਰਟੀ ਪ੍ਰਧਾਨ ਨੂੰ ਨਾਰਾਜ਼ ਕਰ ਗਿਆ ਹੈ। ਕੋਰ ਕਮੇਟੀ ਦੀ ਮੀਟਿੰਗ ਦੌਰਾਨ ਚੋਣਾਂ ਵਿਚ ਪਾਰਟੀ ਹਾਰ ਉਪਰ ਮੰਥਨ ਦੇ ਨਾਮ ਹੇਠ ਪਾਰਟੀ ਪ੍ਰਧਾਨ ਨੂੰ ਹੀ ਸਭ ਅਧਿਕਾਰ ਸੌਂਪ ਦੇਣੇ ਤੇ ਚੋਣ ਮੁਹਿੰਮ ਵਿਚ ਪਾਰਟੀ ਪ੍ਰਧਾਨ ਵਲੋਂ ਨਿਭਾਈ ਭੂਮਿਕਾ ਨੂੰ ਬਹਾਦਰੀ ਭਰਿਆ ਕਾਰਨਾਮਾ ਬਿਆਨ ਕਰਨਾ ਤੇ ਉਸਦੀ ਪਿੱਠ ਥਾਪੜਨ ਦਾ ਮਤਾ ਪਾਸ ਕਰਨਾ ਇਹ ਸਾਬਿਤ ਕਰਨ ਲਈ ਕਾਫੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਪ੍ਰਧਾਨਗੀ ਨੂੰ ਕੋਈ ਖਤਰਾ ਨਹੀ। ਪ੍ਰਧਾਨਗੀ ਦੀ ਇੱਟ ਪੱਕੀ ਹੈ। ਕੋਰ ਕਮੇਟੀ ਨੇ ਪ੍ਰਧਾਨ ਸਾਹਿਬ ਨੂੰ ਪਾਰਟੀ ਦੀ ਮਜ਼ਬੂਤੀ ਲਈ ਹੋਰ ਮਜਬੂਤ ਅਗਵਾਈ ਦਿੰਦਿਆਂ ਅਨੁਸ਼ਾਸਨੀ ਕਮੇਟੀ ਬਣਾਉਣ ਦਾ ਐਲਾਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਪਾਰਟੀ ਜਾਂ ਪ੍ਰਧਾਨ ਖਿਲਾਫ ਜੇ ਕੋਈ ਸ਼ਿਕਾਇਤ ਹੈ ਤਾਂ ਮੀਡੀਆ ਵਿਚ ਜਾਣ ਦੀ ਬਿਜਾਏ ਕਮੇਟੀ ਅੱਗੇ ਰੱਖੋ ਵਰਨਾ ਅਨੁਸਾਸ਼ਨੀ ਕਾਰਵਾਈ ਲਈ ਤਿਆਰ ਰਹੋ।

ਸਮਝਿਆ ਜਾਂਦਾ ਹੈ ਕਿ ਬਾਦਲ ਪਰਿਵਾਰ ਬਠਿੰਡੇ ਦੀ ਇਕਲੌਤੀ ਸੀਟ ਜਿੱਤਕੇ ਅਕਾਲੀ ਦਲ ਦੀ ਪ੍ਰਧਾਨਗੀ ਬਚਾਉਣ ਵਿਚ ਸਫਲ ਰਿਹਾ ਹੈ। ਇਸ ਸਬੰਧੀ ਇਕ ਸੀਨੀਅਰ ਪੱਤਰਕਾਰ ਦੀ ਟਿਪਣੀ ਬੜੀ ਅਹਿਮ ਹੈ ਕਿ ”ਅਕਾਲੀ ਦਲ ਬਠਿੰਡਾ ਸੀਟ ਜਿੱਤਿਆ ਤੇ ਪੰਜਾਬ ਹਾਰਿਆ।” ਬਠਿੰਡਾ ਸੀਟ ਜਿੱਤਣ ਲਈ ਬਾਦਲ ਪਰਿਵਾਰ ਨੇ ਆਪਣੇ ਸਾਰੇ ਸਾਧਨ ਤੇ ਸ਼ਕਤੀਆਂ ਇਕ ਹਲਕੇ ਵਿਚ ਝੋਕ ਛੱਡੀਆਂ, ਅਗਰ ਦੂਸਰੇ ਇਕ ਦੋ ਹਲਕਿਆਂ ਫਰੀਦਕੋਟ ਤੇ ਖਡੂਰ ਸਾਹਿਬ ਵਿਚ ਥੋੜੀ ਸਿਆਸੀ ਸੂਝ-ਸਿਆਣਪ ਵਰਤੀ ਹੁੰਦਾ ਤਾਂ ਸ਼ਾਇਦ ਨਮੋਸ਼ੀਜਨਕ ਹਾਰ ਦੀ ਤਾਂ ਪੰਥਕ ਜ਼ਜਬਾ ਚੋ ਕੁਝ ਹਮਦਰਦੀ ਵੰਡਾਉਣ ਵਿਚ ਸਫਲਤਾ ਮਿਲ ਜਾਂਦੀ। ਬਠਿੰਡਾ ਸੀਟ ਤੋਂ ਆਜਾਦ ਉਮੀਦਵਾਰ ਲੱਖਾ ਸਿਧਾਣਾ ਵਲੋਂ ਲਗਪਗ 85 ਹਜਾਰ ਵੋਟ ਲਿਜਾਣ ਦਾ ਅਰਥ ਬੀਬਾ ਹਰਸਿਮਰਤ ਕੌਰ ਦੀ ਜਿੱਤ ਵਿਚ ਸਹਾਈ ਹੋਣ ਦੀ ਥਾਂ ਕੁਝ ਹੋਰ ਵੀ ਹੋ ਸਕਦਾ ਸੀ । ਪਰ ਇਸ ਜਿੱਤ ਨਾਲੋਂ ਅਕਾਲੀ ਦਲ ਵਲੋਂ  ਪਿਛਲੀਆਂ 2019 ਦੀਆਂ ਚੋਣਾਂ ਵਿਚ 27-28 ਪ੍ਰਤੀਸ਼ਤ ਵੋਟਾਂ ਦੀ ਥਾਂ ਇਸ ਵਾਰ ਕੇਵਲ 13-14 ਪ੍ਰਤੀਸ਼ਤ ਵੋਟਾਂ ਤੱਕ ਸਿਮਟ ਜਾਣ ਦੇ ਨਤੀਜੇ ਬਠਿੰਡਾ ਸੀਟ ਦੇ ਜਸ਼ਨ ਨਾਲੋਂ ਵਧੇਰੇ ਚਿੰਤਾਜਨਕ ਹਨ। ਚਾਹੀਦਾ ਤਾਂ ਸੀ ਕਿ ਕੋਰ ਕਮੇਟੀ ਵਿਚ ਪਾਰਟੀ ਦੀ ਇਸ ਬਦਤਰ ਸਥਿਤੀ ਦਾ ਮੰਥਨ ਕਰਦਿਆਂ ਪ੍ਰਧਾਨ ਸਾਹਿਬ ਆਪਣੀ ਇਖਲਾਕੀ ਜਿੰਮੇਵਾਰੀ ਕਬੂਲ ਕਰਦੇ। ਕਬੂਲ ਕਰਦੇ ਕਿ ਉਹ ਵੱਡੇ ਬਾਦਲ ਸਾਹਿਬ ਦੀ ਤਰਾਂ ਪਾਰਟੀ ਨੂੰ ਅਗਵਾਈ ਦੇਣ ਦੇ ਸਮਰਥ ਨਹੀਂ । ਵਿਰੋਧ ਦੀਆਂ ਸੁਰਾਂ ਨੂੰ ਸ਼ਾਂਤ ਕਰਦਿਆਂ ਪੰਜ ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕਰਦੇ ਤਾਂ ਸ਼ਾਇਦ ਪੰਜਾਬ ਦੇ ਲੋਕਾਂ ਵਿਚ ਆਪਣੀ ਖੁਰ ਰਹੀ ਸਾਖ ਬਚਾਉਣ ਵਿਚ ਕੁਝ ਸਫਲ ਹੋ ਜਾਂਦੇ। ਪਰ ਨਹੀ ਸ਼ਾਇਦ ਉਹ ਆਪਣੀ ਪ੍ਰਧਾਨਗੀ ਨੂੰ ਮੁੜ ਪਰਖਣ ਦਾ ਇਕ ਹੋਰ ਮੌਕਾ ਲੋੜ ਰਹੇ ਹਨ। ਭਾਵੇਂਕਿ ਪ੍ਰਧਾਨ ਵਜੋਂ ਆਪਣੀ ਯੋਗਤਾ ਸਾਬਿਤ ਕਰਨ ਦੇ ਉਹ ਤਿੰਨ ਮੌਕੇ ਗਵਾ ਚੁੱਕੇ ਹਨ ਪਰ ਇਕ ਹੋਰ ਮੌਕੇ ਦੀ ਆਸ ਦੌਰਾਨ ਇਹਨਾਂ ਚੋਣਾਂ ਵਿਚ ਦੋ ਲੋਕ ਸਭਾ ਹਲਕਿਆਂ ਵਿਚ ਪੰਥਕ ਉਮੀਦਵਾਰਾਂ ਦੀ ਜਿੱਤ ਨੇ ਜੋ ਸੰਕੇਤ ਦਿੱਤਾ ਹੈ, ਉਸਦੇ ਸਾਹਵੇਂ ਕੀ ਬਣੇਗਾ, ਉਡੀਕ ਕਰਦੇ ਹਾਂ…..