ਨਵੀਂ ਦਿੱਲੀ ( ਦਿਓਲ)-
ਭਾਰਤੀ ਸਾਹਿਤ ਅਕਾਦਮੀ ਨੇ ਪੰਜਾਬੀ ਦੇ ਕਵੀ ਰਣਧੀਰ, ਅੰਗਰੇਜ਼ੀ ਲੇਖਿਕਾ ਕੇ ਵੈਸ਼ਾਲੀ ਅਤੇ ਹਿੰਦੀ ਲੇਖਕ ਗੌਰਵ ਪਾਂਡੇ ਸਣੇ 23 ਲੇਖਕਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਵੱਖ ਵੱਖ ਭਾਸ਼ਾਵਾਂ ਵਿੱਚ ਵੱਕਾਰੀ ਯੁਵਾ ਪੁਰਸਕਾਰ ਮਿਲੇਗਾ। ਸਾਹਿਤ ਅਕਾਦਮੀ ਨੇ 2024 ਲਈ ਬਾਲ ਸਾਹਿਤ ਪੁਰਸਕਾਰ ਦੇ 24 ਜੇਤੂਆਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਹੈ, ਜਿਸ ਵਿੱਚ ਪੰਜਾਬ ਦੇ ਕੁਲਦੀਪ ਸਿੰਘ ਦੀਪ ਦਾ ਨਾਂ ਵੀ ਸ਼ਾਮਲ ਹੈ। ਸਾਹਿਤ ਅਕਾਦਮੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਸਾਹਿਤ ਅਕਾਦਮੀ ਦੇ ਕਾਰਜਕਾਰੀ ਬੋਰਡ ਨੇ ਆਪਣੇ ਪ੍ਰਧਾਨ ਮਾਧਵ ਕੌਸ਼ਿਕ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ’ਚ 23 ਲੇਖਕਾਂ ਦੀ ਚੋਣ ਨੂੰ ਪ੍ਰਵਾਨਗੀ ਦਿੱਤੀ, ਜਿਸ ਦੀ ਚੋਣ ਸਬੰਧਿਤ ਭਾਸ਼ਾ ਵਿੱਚ ਤਿੰਨ-ਤਿੰਨ ਮੈਂਬਰਾਂ ਵਾਲੀ ਚੋਣ ਕਮੇਟੀ ਵੱਲੋਂ ਕੀਤੀ ਗਈ ਸਿਫਾਰਿਸ਼ ਦੇ ਆਧਾਰ ’ਤੇ ਨਿਰਧਾਰਿਤ ਨਿਯਮਾਂ ਅਤੇ ਪ੍ਰਕਿਰਿਆ ਅਨੁਸਾਰ ਕੀਤੀ ਗਈ।