Headlines

ਸਰੀ ‘ਚ ਮਨਾਇਆ ‘ਮੇਲਾ ਤੀਆਂ ਦਾ’

ਵੱਡੀ ਗਿਣਤੀ ‘ਚ ਪੁੱਜੀਆਂ ਮੁਟਿਆਰਾਂ ਨੇ ਮੇਲੇ ਦਾ ਆਨੰਦ ਮਾਣਿਆ-
ਵੈਨਕੂਵਰ,16 ਜੂਨ( ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵੱਸੋ ਵਾਲੇ ਸਰੀ ਸ਼ਹਿਰ ਦੀ 132 ਸਟਰੀਟ ‘ਤੇ ਸਥਿੱਤ ਤਾਜ ਪਾਰਕ ਹਾਲ ‘ਚ ਸ਼ਨੀਵਾਰ ਦੀ ਸ਼ਾਮ ਨੂੰ ਐਸ.3 ਮਿਊਜ਼ਿਕ ਪ੍ਰੋਡਕਸ਼ਨ ਦੇ ਸਹਿਯੋਗ ਨਾਲ ‘ਮੇਲਾ ਤੀਆਂ ਦਾ’ ਆਯੋਜਿਤ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਪੰਜਾਬੀ ਮੁਟਿਆਰਾਂ ਸਮੇਤ ਹਰੇਕ  ਉਮਰ ਵਰਗ ਦੀਆਂ ਪੰਜਾਬੀ ਔਰਤਾਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕਰਕੇ ਮੇਲੇ ਦਾ ਆਨੰਦ ਮਾਣਿਆ। ਸ਼ਾਮੀ 3 ਵਜੇ ਤੋਂ ਰਾਤ 9 ਵਜੇ ਤੀਕ ਨਿਰੰਤਰ ਚੱਲੇ ਇਸ ਮੇਲੇ ‘ਚ ਆਯੋਜਿਤ ਰੰਗਾਰੰਗ ਪ੍ਰੋਗਰਾਮ ਦੌਰਾਨ ਉੱਘੇ ਗਾਇਕ ਸ਼ਿਵਜੋਤ, ਸੰਦੀਪ ਬਰਾੜ,ਮਨਜੋਤ ਢਿੱਲੋ,ਅਤੇ ਨੇਹਾ ਬਤਰਾ ਵੱਲੋਂ ਪੇਸ਼ ਕੀਤੇ ਆਪਣੇ ਚੋਣਵੇਂ ਗੀਤਾਂ ‘ਤੇ ਸੈਂਕੜਿਆਂ ਦੀ ਗਿਣਤੀ ‘ਚ ਉਥੇ ਮੌਜੂਦ ਮੁਟਿਆਰਾਂ ਝੂੰਮਦੀਆਂ ਨਜ਼ਰੀ ਆਈਆਂ। ਉੱਘੇ ਹੋਸਟ ਗੌਰਵ ਸ਼ਾਹ ਅਤੇ ਲਵੀ ਪੰਨੂੰ ਵੱਲੋਂ ਪੇਸ਼ ਕੀਤੀਆਂ ਹਾਸਰਸ ਝਲਕੀਆਂ ਨਾਲ ਮੇਲੇ ਦਾ ਮਾਹੌਲ ਲਗਾਤਾਰ ਦਿਲਚਸਪ ਬਣਿਆ ਰਿਹਾ। ਪੰਜਾਬੀ ਵਿਰਸੇ ਨਾਲ ਸਬੰਧਿਤ ਹਾਲ ‘ਚ ਸ਼ਿੰਗਾਰ ਕੇ ਸਜਾਏ ਗਏ ਪੁਰਾਤਨ ਚਰਖੇ,ਸਕੂਟਰ ਅਤੇ ਰਿਕਸ਼ੇ ਨਾਲ ਕੁਝ ਮੁਟਿਆਰਾਂ ‘ਸੈਲਫੀਆਂ’ ਲੈਣ ‘ਚ ਵੀ ਮਸਰੂਫ ਨਜ਼ਰੀ ਆਈਆਂ। ਅਖੀਰ ‘ਚ ਮੇਲੇ ਦੇ ਆਯੋਜਿਕਾਂ ‘ਚੋਂ ਸੇੈਵੀ ਸਿੰਘ ਨੇ ਮੇਲੇ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ।