Headlines

ਕੈਲਗਰੀ ਵਿਚ ਦੂਜੇ ਪੁਸਤਕ ਮੇਲੇ ਦਾ ਉਘੇ ਰੰਗ ਕਰਮੀ ਹਰਕੇਸ਼ ਚੌਧਰੀ ਨੇ ਉਦਘਾਟਨ ਕੀਤਾ

ਕੈਲਗਰੀ (ਹਰਚਰਨ ਸਿੰਘ ਪ੍ਰਹਾਰ)- ਮਾਸਟਰ ਭਜਨ ਸਿੰਘ ਤੇ ਸਾਥੀਆਂ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਦੂਜਾ ਇੱਕ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿਖੇ ਲਗਾਇਆ ਗਿਆ।ਪੁਸਤਕ ਮੇਲੇ ਦੀ ਸ਼ੁਰੂਆਤ ‘ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ’ ਤੋਂ ਉਘੇ ਰੰਗ ਕਰਮੀ, ਲੇਖਕ ਅਤੇ ਡਾਇਰੈਕਟਰ ਹਰਕੇਸ਼ ਚੌਧਰੀ ਵਲੋਂ ਕੀਤਾ ਗਿਆ।ਉਨ੍ਹਾਂ ਨੇ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਵਿਦੇਸ਼ਾਂ ਵਿੱਚ ਪੁਸਤਕ ਮੇਲਿਆਂ ਰਾਹੀਂ ਗਿਆਨ ਦਾ ਛੱਟਾ ਵੰਡਣ ਦੇ ਯਤਨਾਂ ਲਈ ‘ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ’, ‘ਸਿੱਖ ਵਿਰਸਾ ਇੰਟਰਨੈਸ਼ਨਲ’, ‘ਅਦਾਰਾ ਸਰੋਕਾਰਾਂ ਦੀ ਆਵਾਜ਼’ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਇਸ ਮੌਕੇ ‘ਤੇ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਹੋਰਾਂ ਨੇ ਇਸ ਪੱਤਰਕਾਰ ਨਾਲ਼ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਇਸ ਪੁਸਤਕ ਮੇਲੇ ਵਿੱਚ ਜਿੱਥੇ ਅਨੇਕਾਂ ਨਵੇਂ ਪੁਸਤਕ ਪ੍ਰੇਮੀ ਪਹੁੰਚੇ, ਉਥੇ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿੱਚ ਪਹਿਲੀ ਵਾਰ ਪੁਸਤਕਾਂ ਖਰੀਦਣ ਆਈ।ਉਨ੍ਹਾਂ ਇਸ ਗੱਲ ‘ਤੇ ਤਸੱਲੀ ਪ੍ਰਗਟ ਕੀਤੀ ਕਿ ਸਾਡੇ ਸਾਂਝੇ ਯਤਨ ਨੌਜਵਾਨ ਪੀੜ੍ਹੀ ਵਿੱਚ ਪੜ੍ਹਨ ਦੀ ਚੇਤਨਾ ਪੈਦਾ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਤਾਬਾਂ ਸਿਰਫ ਵਿਅਕਤੀ ਹੀ ਨਹੀਂ, ਸਮਾਜ ਦੇ ਬੌਧਿਕ ਵਿਕਾਸ ਵਿੱਚ ਵੱਡਾ ਰੋਲ ਅਦਾ ਕਰਦੀਆਂ ਹਨ।ਉਨ੍ਹਾਂ ਇਸ ਗੱਲ ‘ਤੇ ਤਸੱਲੀ ਪ੍ਰਗਟ ਕੀਤੀ ਕਿ ਕੈਲਗਰੀ ਵਿੱਚ ਹੁਣ ਪੰਜਾਬੀ ਪਾਠਕਾਂ ਦਾ ਦਾਇਰਾ ਦਿਨੋਂ ਦਿਨ ਵਧ ਰਿਹਾ ਹੈ।ਉਨ੍ਹਾਂ ਸਮੁੱਚੇ ਮੀਡੀਏ ਦਾ ਹਮੇਸ਼ਾਂ ਸਹਿਯੋਗ ਕਰਨ ਲਈ ਧੰਨਵਾਦ ਕੀਤਾ।

ਇਸ ਦੌਰਾਨ ਕੈਲਗਰੀ ਤੋਂ ਲੇਖਕ ਗੁਰਬਚਨ ਬਰਾੜ ਵਲੋਂ ਸਾਊਥ ਅਮਰੀਕਾ ਦੇ ਕ੍ਰਾਂਤੀਕਾਰੀ ਆਗੂਆਂ ਚੀ ਗਵੇਰਾ ਅਤੇ ਕਿਊਬਾ ਦੇ ਰਾਸ਼ਟਰਪਤੀ ਫੀਦਲ ਕੈਸਟਰੋ ਦੀਆਂ ਜੀਵਨੀਆਂ ਅਧਾਰਿਤ ਲੇਖਕ ਏਸੀ ਕਾਰਗਿੱਲ ਦਾ ਲਿਖਿਆ ਨਾਟਕ ‘ਚੀ ਐਂਡ ਫੀਦਲ’ ਦੀ ਪੰਜਾਬੀ ਅਨੁਵਾਦਤ ਕਿਤਾਬ ‘ਚੀ ਤੇ ਫੀਦਲ’ ਨੂੰ ਪਾਠਕਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ।ਸ. ਬਰਾੜ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਚੀ ਗਵੇਰਾ ਸਾਊਥ ਅਮਰੀਕਨ ਦੇਸ਼ਾਂ ਦਾ ਭਗਤ ਸਿੰਘ ਹੈ, ਜਿਸ ਬਾਰੇ ਪੰਜਾਬੀਆਂ ਨੂੰ ਬਹੁਤ ਘੱਟ ਜਾਣਕਾਰੀ ਹੈ, ਜਿਸਨੂੰ ਮੁੱਖ ਰੱਖ ਕੇ ਇਹ ਕਿਤਾਬ ਅਨੁਵਾਦਤ ਕੀਤੀ ਗਈ ਸੀ।

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੁਸਤਕ ਮੇਲੇ ਵਿੱਚ ਪੰਜਾਬੀ, ਹਿੰਦੀ, ਅੰਗਰੇਜੀ ਦੀਆਂ ਸਾਹਿਤਕ, ਰਾਜਨੀਤਕ, ਸਮਾਜਿਕ, ਸਿਹਤ ਆਦਿ ਵਿਸ਼ਿਆਂ ਨਾਲ਼ ਸਬੰਧਤ ਕਿਤਾਬਾਂ ਦੇ ਨਾਲ਼-ਨਾਲ਼ ਹੋਰ ਭਾਸ਼ਾਵਾਂ ਵਿਚੋਂ ਪੰਜਾਬੀ ਵਿੱਚ ਅਨੁਵਾਦਤ ਵਿਸ਼ਵ ਪ੍ਰਸਿੱਧ ਪੁਸਤਕਾਂ ਵੀ ਰੱਖੀਆਂ ਗਈਆਂ ਸਨ।ਪਾਠਕਾਂ ਵਲੋਂ ਦਿਖਾਏ ਉਤਸ਼ਾਹ ਨਾਲ ਪ੍ਰਬੰਧਕਾਂ ਦੇ ਹੌਸਲੇ ਵੀ ਬੁਲੰਦ ਹੋਏ ਹਨ ਤੇ ਉਨ੍ਹਾਂ ਵਲੋਂ ਵਾਅਦਾ ਕੀਤਾ ਗਿਆ ਕਿ ਹਰ ਸੰਭਵ ਯਤਨ ਕਰਕੇ ਅੱਗੇ ਤੋਂ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਵਿਗਿਆਨਕ ਤੇ ਅਗਾਂਹਵਧੂ ਸੋਚ ਵਾਲੀਆਂ ਹੋਰ ਕਿਤਾਬਾਂ ਵੀ ਰੱਖੀਆਂ ਜਾਣਗੀਆਂ।ਪਾਠਕ ਮਾਸਟਰ ਭਜਨ ਸਿੰਘ ਹੋਰਾਂ ਨਾਲ਼ 403-455-4220 ਤੇ ਸੰਪਰਕ ਕਰਕੇ ਆਪਣੇ ਮਨਪਸੰਦ ਦੀਆਂ ਕਿਤਾਬਾਂ, ਜਦੋਂ ਮਰਜੀ ਉਨ੍ਹਾਂ ਦੇ ਘਰੋਂ ਜਾ ਕੇ ਖਰੀਦ ਸਕਦੇ ਹਨ ਅਤੇ ਜੇ ਕੋਈ ਕਿਤਾਬ ਸਟਾਕ ਵਿੱਚ ਨਾ ਹੋਵੇ ਤਾਂ ਆਰਡਰ ਵੀ ਕਰ ਸਕਦੇ ਹਨ।

Leave a Reply

Your email address will not be published. Required fields are marked *