ਸਰੀ ( ਦੇ ਪ੍ਰ ਬਿ)- ਸਰੀ ਦੀ 142 ਸਟਰੀਟ ਤੇ 104 ਐਵਨਿਊ ਉਪਰ ਸਥਿਤ ਲੰਬੇ ਸਮੇਂ ਤੋਂ ਖਾਲੀ ਪਈ ਵਪਾਰਕ ਬਿਲਡਿੰਗ ਦੇ 26 ਸਾਲਾਂ ਇਤਿਹਾਸ ਵਿਚ ਇੱਕ ਹੋਰ ਅਧਿਆਇ ਲਿਖਿਆ ਜਾ ਰਿਹਾ ਹੈ। ਇਸਦੇ ਨਵੇਂ ਮਾਲਕ ਵਲੋਂ ਬੈਂਕ ਦੀਆਂ ਕਿਸ਼ਤਾਂ ਅਦਾ ਨਾ ਕੀਤੇ ਜਾਣ ਕਾਰਣ ਅਦਾਲਤ ਵਲੋਂ ਇਸਦੀ ਵਿਕਰੀ ਲਈ ਨੋਟਿਸ ਲਗਾ ਦਿੱਤਾ ਗਿਆ ਹੈ।
1998 ਵਿੱਚ ਬਣੀ ਲਗਪਗ 274,285 ਵਰਗ-ਫੁੱਟ ਵਾਲੀ ਇਹ ਇਮਾਰਤ ਪਿਛਲੇ ਦੋ ਦਹਾਕਿਆਂ ਤੋ ਵੱਧ ਸਮੇਂ ਤੋਂ ਕਾਰੋਬਾਰੀ ਲੋਕਾਂ ਨੂੰ ਖਿੱਚ ਨਹੀ ਸਕੀ ਤੇ ਇਸਦੀ ਮਾਲਕੀ ਕਈ ਹੱਥਾਂ ਵਿਚ ਬਦਲੇ ਜਾਣ ਕਰਕੇ ਇਹ ਹਮੇਸ਼ਾਂ ਚਰਚਾ ਵਿਚ ਰਹੀ ਹੈ।
ਦੋ ਸਾਲ ਪਹਿਲਾਂ ਸ਼ਹਿਰ ਦੇ ਇਕ ਉਘੇ ਪੰਜਾਬੀ ਕਾਰੋਬਾਰੀ ਨੇ ਇਹ ਇਮਾਰਤ $55 ਮਿਲੀਅਨ ਵਿੱਚ ਖਰੀਦੀ ਸੀ। ਉਹ ਇਮਾਰਤ ਦੇ ਪੂਰੀ ਤਰ੍ਹਾਂ ਲੀਜ਼ ਹੋਣ ਦੇ ਦਾਅਵੇ ਕਰਦੇ ਰਹੇ ਪਰ ਇਮਾਰਤ ਵਿਚ ਕਦੇ ਵੀ ਕੋਈ ਵਪਾਰਕ ਸਰਗਰਮੀ ਨਜ਼ਰ ਨਹੀ ਆਈ।
ਬੀਤੇ ਦਿਨੀਂ ਕੋਲੀਅਰਜ਼ ਕੰਪਨੀ ਨੇ ਇਮਾਰਤ ਦੀ ਅਦਾਲਤ ਦੁਆਰਾ ਵਿਕਰੀ ਆਦੇਸ਼ਾਂ ਉਪਰੰਤ ਇਸਨੂੰ ਸੂਚੀਬੱਧ ਕੀਤਾ ਹੈ।
ਰੀਅਲ ਅਸਟੇਟ ਕੰਪਨੀ ਦੇ ਕਾਰਜਕਾਰੀ ਵਾਈਸ ਪ੍ਰੈਜੀਡੈਂਟ ਬਿਲ ਰੈਂਡਲ ਦਾ ਕਹਿਣਾ ਹੈ ਉਹ ਪਿਛਲੇ 20 ਸਾਲਾਂ ਤੋਂ ਇਮਾਰਤ ਦੇ ਵੱਖ-ਵੱਖ ਮਾਲਕਾਂ ਨਾਲ ਡੀਲ ਕਰਦਾ ਰਿਹਾ ਹੈ ਤੇ ਅਦਾਲਤੀ ਹੁਕਮਾਂ ਉਪਰੰਤ ਇਮਾਰਤ ਦੀ ਨਵੀਂ ਕੀਮਤ 53 ਮਿਲੀਅਨ ਡਾਲਰ ਲਗਾਈ ਗਈ ਹੈ। ਜਦੋਂਕਿ ਬੀ ਸੀ ਅਸੈਸਮੈਂਟ ਵਲੋਂ ਇਸਦੀ ਕੀਮਤ ਦਾ ਮੁਲਾਂਕਣ $114 ਮਿਲੀਅਨ ਡਾਲਰ ਕੀਤਾ ਗਿਆ ਹੈ।
ਰੈਂਡਲ ਦਾ ਕਹਿਣਾ ਹੈ ਕਿ ਉਹ ਅਦਾਲਤੀ ਨੋਟਿਸ ਉਪਰੰਤ ਇਸ ਇਮਾਰਤ ਦੀ ਵਿਕਰੀ ਲਈ ਕਿਸੇ ਚੰਗੇ ਹੱਲ ਦੀ ਤਲਾਸ਼ ਵਿਚ ਹਨ।