ਸਿੱਖ ਕਤਲੇਆਮ ਪੀੜਤ ਸੁਸਾਇਟੀ ਦੇ ਪ੍ਰਧਾਨ ਭਾਈ ਸੁਰਜੀਤ ਸਿੰਘ ਕੈਨੇਡਾ ਦੌਰੇ ਤੇ ਪੁੱਜੇ-
ਸਰੀ, 16 ਜੂਨ ( ਸੰਦੀਪ ਸਿੰਘ ਧੰਜੂ)-
‘ਮਨੁੱਖਤਾ ਦੇ ਘਾਣ ਤੋਂ ਪੀੜਤ ਬਾਕੀ ਦੇਸ਼ਾਂ ਵਾਂਗ ਕੈਨੇਡਾ ਸਰਕਾਰ ਨੂੰ ਨਵੰਬਰ ’84 ਦੇ ਦੁਖਾਂਤ ਤੋਂ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਸ਼ਰਣ ਦੇ ਕੇ ਚੰਗਾ ਜੀਵਨ ਬਿਤਾਉਣ ਦਾ ਮੌਕਾ ਪ੍ਰਦਾਨ ਕਰਨਾ ਚਾਹੀਦਾ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ( ਪੰਜਾਬ ) ਦੇ ਮੁੱਖ ਸੇਵਾਦਾਰ ਭਾਈ ਸੁਰਜੀਤ ਸਿੰਘ ਜੀ ਵੱਲੋਂ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਆਪਣੇ ਸੰਬੋਧਨ ਦੌਰਾਨ ਕੀਤਾ। ਉਨਾਂ ਕਿਹਾ ਕਿ ਇਸ ਨਾਲ ਸਾਰੇ ਸੰਸਾਰ ਵਿੱਚ ਇਹ ਸੁਨੇਹਾ ਜਾਵੇਗਾ ਕਿ ਕੈਨੇਡਾ ਸਰਕਾਰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਸਾਰ ਭਰ ਵਿੱਚ ਮੋਹਰੀ ਹੈ। ਇਸ ਸਮੇਂ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਅਤੇ ਭੁਝੰਗੀਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਅਤੇ ਤੋਸ਼ਾਖਾਨਾ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਮੰਗ ਕੀਤੀ। ਇਸ ਦੌਰਾਨ ਭਾਵੁਕ ਹੁੰਦਿਆਂ ਭਾਈ ਸੁਰਜੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ 1984 ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਹਰ ਸਾਲ ਨਵੰਬਰ 84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਰਸੀ ਪੰਜਾਬ ਵਿੱਚ ਮਨਾਉਂਦੀ ਹੈ ਉਸੇ ਤਰਾਂ ਇਸ ਸਾਲ ਇਹ ਬਰਸੀ ਕੈਨੇਡਾ ਦੀ ਧਰਤੀ ਤੇ ਮਨਾਉਣ ਦੀ ਗੱਲ ਵੀ ਕੀਤੀ। ਇਸ ਸਮੇਂ ਗੁਰੂਦਵਾਰਾ ਦਸਮੇਸ਼ ਦਰਬਾਰ ਸਰੀ ਕੈਨੇਡਾ ਦੀ ਕਮੇਟੀ ਨੇ ਭਾਈ ਸੁਰਜੀਤ ਸਿੰਘ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਪੂਰਾ ਭਰੋਸਾ ਦਿੱਤਾ।