Headlines

ਕੇਂਦਰੀ ਮੰਤਰੀ ਬਣੇ ਬਿੱਟੂ ਨੇ ਸਿੱਖ ਗਰਮਦਲੀਆਂ ਤੇ ਕਿਸਾਨਾਂ ਪ੍ਰਤੀ ਸੁਰ ਬਦਲੇ

ਕਿਹਾ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਪਰਿਵਾਰ ਨਾਲ ਗੱਲਬਾਤ ਕਰਨਗੇ-

ਲੁਧਿਆਣਾ ( ਦੇ ਪ੍ਰ ਬਿ)- ਲੁਧਿਆਣਾ ਤੋ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਮੋਦੀ ਸਰਕਾਰ ਵਿਚ ਮੰਤਰੀ ਬਣੇ ਰਵਨੀਤ ਸਿੰਘ ਬਿੱਟੂ ਨੇ ਆਪਣੇ ਵਿਚਾਰਾਂ ਵਿਚ ਵੱਡੀ ਤਬਦੀਲੀ ਲਿਆਂਦੀ ਹੈ। ਸਿੱਖ ਗਰਮਦਲੀਆਂ ਤੇ ਕਿਸਾਨਾਂ ਖਿਲਾਫ ਅਕਸਰ ਤੱਤੀ ਭਾਸ਼ਾ ਬੋਲਣ ਵਾਲੇ ਬਿੱਟੂ ਨੇ ਆਪਣੇ ਸੁਰ ਬਦਲਦਿਆਂ ਕਿਹਾ ਹੈ ਕਿ ਉਹ ਪੰਜਾਬ ਅਤੇ ਖ਼ਾਸ ਕਰਕੇ ਕਿਸਾਨਾਂ ਦੇ ਹੱਕਾਂ ਅਤੇ ਹਿੱਤਾਂ ਲਈ ਪੂਰੀ ਵਾਹ ਲਗਾਉਣਗੇ ਅਤੇ ਪ੍ਰਧਾਨ ਮੰਤਰੀ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਗੇ।

ਉਨ੍ਹਾਂ ਸਰਕਟ ਹਾਊਸ ਵਿੱੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸੂਬੇ ਦੇ ਭਲੇ ਲਈ ਨਿਭਾਉਣਗੇ। ਉਨ੍ਹਾਂ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਬਾਰੇ ਸੰਪਰਕ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਕੇ ਗੱਲਬਾਤ ਕਰਨਗੇ ਤਾਂ ਜੋ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸੰਭਵ ਹੋ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਜ਼ਾ ਭੁਗਤਣ ਮਗਰੋਂ ਵੀ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਵਿੱਚ ਉਹ ਧਿਰ ਬਣ ਕੇ ਕੋਈ ਰੁਕਾਵਟ ਨਹੀਂ ਪੈਦਾ ਕਰਨਗੇ ਸਗੋਂ ਕਾਨੂੰਨ ਅਨੁਸਾਰ ਕਾਰਵਾਈ ਯਕੀਨੀ ਬਣਾਉਣਗੇ।