Headlines

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਮਾਂਗਟ ਦਾ ਸਦੀਵੀ ਵਿਛੋੜਾ

ਅੰਤਿਮ ਸੰਸਕਾਰ ਤੇ ਭੋਗ 25 ਜੂਨ ਨੂੰ-

ਸਰੀ ( ਅਰਮਾਨਦੀਪ ਮਾਂਗਟ )- ਦੁਖਦਾਈ ਖਬਰ ਹੈ ਕਿ  ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਸਾਬਕਾ ਪ੍ਰਧਾਨ ਅਤੇ  ਸਰਵੋਤਮ ਸਾਹਿਤਕਾਰ ਐਵਾਰਡ ਜੇਤੂ ਸ : ਹਰਭਜਨ ਸਿੰਘ ਮਾਂਗਟ 90 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ। ਉਹ ਦੋਰਾਹਾ ਨੇੜੇ ਪਿੰਡ ਬੇਗੋਵਾਲ ਦੇ ਜੰਮਪਲ ਸਨ।ਪਰਿਵਾਰ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 25 ਜੂਨ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਬਰੁੱਕਸਾਈਡ 8365-140 ਸਟਰੀਟ ਸਰੀ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਸ ਮਲਕੀਤ ਸਿੰਘ ਮਾਂਗਟ ਨਾਲ ਫੋਨ ਨੰਬਰ 672-558-0003 ਜਾਂ 604 503 4567 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜਿਕਰਯੋਗ ਹੈ ਕਿ ਸ ਹਰਭਜਨ ਸਿੰਘ ਮਾਂਗਟ ਕੈਨੇਡਾ ਪਰਵਾਸ ਤੋਂ ਪਹਿਲਾਂ ਪੰਜਾਬ ਰਹਿੰਦਿਆਂ ਲੁਧਿਆਣਾ ਦੀਆਂ ਸਾਹਿੱਤਕ ਸਰਗਰਮੀਆਂ ਦਾ ਸਰਗਰਮ ਹਿੱਸਾ ਰਹੇ। ਉਹ ਲਿਖਾਰੀ ਸਭਾ ਰਾਮਪੁਰ ਦੇ ਵੀ ਬਾਨੀ ਮੈਂਬਰਾਂ ਵਿੱਚੋਂ ਇੱਕ ਸਨ। ਭਾਰਤੀ ਸੈਨਾ ਚੋ ਸੇਵਾ ਮੁਕਤੀ ਉਪਰੰਤ ਉਹ  ਪਿੰਡ ਬੇਗੋਵਾਲ ਹੀ ਰਹਿੰਦੇ ਰਹੇ। ਆਈ ਐੱਨ ਏ ਦੇ ਸੁਤੰਤਰਤਾ ਸੰਗਰਾਮੀ ਕੈਪਟਨ ਗੁਰਬਚਨ ਸਿੰਘ ਮਾਂਗਟ ਦੇ ਸਪੁੱਤਰ ਹੋਣ ਕਾਰਨ ਉਨ੍ਹਾਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਪ੍ਰਬਲ ਸੀ। ਉਨ੍ਹਾਂ ਦੇ ਲਿਖੇ ਗੀਤ ਅਕਾਸ਼ਵਾਣੀ ਜਲੰਧਰ ਤੋਂ ਲੰਮਾ ਸਮਾਂ ਪ੍ਰਸਾਰਤ ਹੁੰਦੇ ਰਹੇ ਹਨ।
ਉਹਨਾਂ ਦੇ ਸਦੀਵੀ ਵਿਛੋੜੇ ਤੇ ਪ੍ਰੋ. ਗੁਰਭਜਨ ਗਿੱਲ ਨੇ ਦੁਖ ਪ੍ਰਗਟ ਕਰਦਿਆਂ ਦੱਸਿਆ  ਕਿ ਸ. ਹਰਭਜਨ ਸਿੰਘ ਮਾਂਗਟ ਦੀਆਂ ਕਾਵਿ ਪੁਸਤਕਾਂ ਵਿੱਚ ਚੁੱਪ ਦੀ ਦਹਿਲੀਜ਼ (ਕਵਿਤਾ) ਮਨ ਦੀ ਛਾਵੇਂ (ਕਵਿਤਾ) ਹਾਦਸੇ ਤੇ ਜ਼ਿੰਦਗੀ (ਕਵਿਤਾ) ਰਾਖੇ (ਕਵਿਤਾ) ਦਸਤਕ ਗ਼ਜ਼ਲਾਂ ਦੀ ਤੇ ਬਿੱਛੂ ਬੂਟੀ ਪ੍ਰਮੁੱਖ ਹਨ।
ਹਰਭਜਨ ਸਿੰਘ ਮਾਂਗਟ ਦੇ ਨਿਕਟ ਵਰਤੀ ਦੋਸਤ ਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਸ. ਮਾਂਗਟ ਲਿਖਾਰੀ ਸਭਾ ਰਾਮਪੁਰ ਦੀ ਪਹਿਲੀ ਪੀੜ੍ਹੀ ਦੇ ਲੇਖਕਾਂ ਵਿੱਚੋਂ ਸਨ।
‘ਅੱਖੀਆਂ ਤੱਕ ਨਾ ਰੱਜੀਆਂ, ਮੇਰਾ ਹੋਰ ਤੱਕਣ ਨੂੰ ਜੀਅ ਕਰਦਾ’, ਉਸ ਦਾ ਪਹਿਲਾ ਗੀਤ ਸੀ। ਇਹ ਗੀਤ ਪ੍ਰੋ.ਮੋਹਨ ਸਿੰਘ ਵੱਲੋਂ ਸੰਪਾਦਿਤ ਕੀਤੇ ਜਾਂਦੇ ਮੈਗਜ਼ੀਨ ‘ ਪੰਜ ਦਰਿਆ’ ਦੇ ਜੂਨ,1954 ਅੰਕ ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਕਵਿਤਾ, ਮੈਂ ਕਾਮਾ ਕਿਸਾਨ’ ਲਿਖੀ। ਇਹ ਕਵਿਤਾ ਬਹੁਤ ਚਰਚਿਤ ਰਹੀ। 1962 ਵਿਚ ਛਪੇ ਪਹਿਲਾ ਕਾਵਿ ਸੰਗ੍ਰਿਹ ‘ਰਾਖੇ’ ਨਾਲ ਹੀ ਪੰਜਾਬੀ ਕਵਿਤਾ ਵਿਚ ਉਸਦਾ ਜ਼ਿਕਰ ਹੋਣਾ ਸ਼ੁਰੂ ਹੋ ਗਿਆ। ਉਹਨਾਂ ਦੀਆਂ ਦੋ ਦਰਜਨ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋਈਆਂ । ਆਸਾ ਸਿੰਘ ਮਸਤਾਨਾ ਅਤੇ ਜਗਜੀਤ ਜੀਰਵੀ ਸਮੇਤ 10 ਤੋਂ ਵੱਧ ਗਾਇਕਾਂ ਨੇ ਉਹਨਾਂ ਦੇ ਗੀਤ ਗਾਏ । ਪੰਜਾਬੀ ਲਿਖਾਰੀ ਸਭਾ ਰਾਮਪੁਰ ਨੇ ਹਰਭਜਨ ਸਿੰਘ ਮਾਂਗਟ ਨੂੰ ‘ਲਾਭ ਸਿੰਘ ਚਾਤ੍ਰਿਕ ‘ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਦੇ ਲਿਖੇ ਨਾਵਲਿਟ ਨਾਗਮਣੀ ਤੇ ਦ੍ਰਿਸ਼ਟੀ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਏ ਸਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਸ. ਹਰਭਜਨ ਸਿੰਘ ਮਾਂਗਟ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *