Headlines

ਸੁਜ਼ਾਰਾ (ਮਾਨਤੋਵਾ) ਨਗਰ ਕੌਂਸਲ ਚੋਣਾਂ ਵਿੱਚ ਸਿੱਖ ਬੀਬੀ ਸੈਣੀ ਸਰਬਜੀਤ ਕੌਰ ਦੀ ਹੋਈ ਸ਼ਾਨਦਾਰ ਜਿੱਤ-

 ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)ਪੂਰੀ ਦੁਨੀਆਂ ਵਿੱਚ ਨਸਲੀ ਭਿੰਨ-ਭੇਦ ਕਾਰਨ ਸਥਾਨਕ ਕੁਝ ਲੋਕ ਅਕਸਰ ਪ੍ਰਵਾਸੀਆਂ ਨੂੰ ਨੀਵਾਂ ਦਿਖਾਉੁਣ ਤੇ ਉਹਨਾਂ ਦੀ ਸਾਖ਼ ਨੂੰ ਢਾਹ ਲਾਉਣ ਲਈ ਗਲਤ ਪ੍ਰਚਾਰ ਕਰਦੇ ਹਨ। ਅਜਿਹਾ ਹੀ ਮਾਹੌਲ ਇਟਲੀ ਦੇ ਲੰਬਾਰਦੀਆ ਸੂਬੇ ਸ਼ਹਿਰ ਦੇ ਸ਼ਹਿਰ ਸੁਜ਼ਾਰਾ(ਮਾਨਤੋਵਾ)ਵਿਖੇ ਬਣਿਆ ਸੀ, ਜਿੱਥੇ ਕਿ ਇੱਕ ਸਿਆਸੀ ਪਾਰਟੀ ਦੇ ਆਗੂ ਭਾਰਤੀ ਸਿੱਖਾਂ ਅਤੇ ਉਹਨਾਂ ਦੀਆਂ ਔਰਤਾਂ ਪ੍ਰਤੀ ਗਲਤ ਪ੍ਰਚਾਰ ਕਰਦੇ ਸੀ ਤੇ ਆਖਦੇ ਇਹ ਲੋਕ ਔਰਤਾਂ ਨੂੰ ਸਮਾਜ ਵਿੱਚ ਬਰਾਬਰ ਦਾ ਮਾਣ-ਸਨਮਾਨ ਨਹੀਂ ਦਿੰਦੇ ਅਤੇ ਛੋਟੀਆਂ ਬੱਚੀਆਂ ਦਾ ਵਿਆਹ ਜ਼ਬਰਦਸਤੀ ਕਰ ਦਿੰਦੇ ਹਨ।ਜਿਵੇਂ ਹੋਰ ਭਾਈਚਾਰੇ ਆਪਣੀਆਂ ਔਰਤਾਂ ਨੂੰ ਪੂਰੀ ਆਜ਼ਾਦੀ ਨਹੀਂ ਦਿੰਦੇ। ਦੂਜਾ ਇਹ ਲੋਕ ਸ਼ਰੇਆਮ ਗਲ ਵਿੱਚ ਹਥਿਆਰ (ਸਿਰੀ ਸਾਹਿਬ)ਪਾਕੇ ਘੁੰਮਦੇ ਹਨ। ਜਿਹੜਾ ਕਿ ਇਟਾਲੀਅਨ ਲੋਕਾਂ ਲਈ ਖਤਰਾ ਹੈ।ਜਿਸ ਸੰਬਧੀ ਇਲਾਕੇ ਵਿੱਚ ਰਹਿਣ ਬਸੇਰਾ ਕਰਦੇ ਭਾਰਤੀ ਸਿੱਖ ਭਾਈਚਾਰੇ ਨੇ ਗੰਭੀਰਤਾ ਨਾਲ ਵਿਚਾਰਦੇ ਹੋਏ ਇਸ ਕੂੜ-ਪ੍ਰਚਾਰ ਨੂੰ ਬੰਦ ਕਰਨ ਲਈ ਹੋ ਰਹੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਰਤੀ ਸਿੱਖ ਬੀਬੀ ਸੈਣੀ ਸਰਬਜੀਤ ਕੌਰ ਧਰਮ ਪਤਨੀ ਭਾਈ ਹਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਸੁਖਮਨੀ ਸਾਹਿਬ ਸੁਜਾਰਾ ਨੂੰ ਇਟਲੀ ਦੀ ਸਿਆਸੀ ਪਾਰਟੀ ਪੀ ਡੀ ਨਾਲ ਦੇ ਸਹਿਯੋਗ ਨਾਲ ਵੋਟਾਂ ਵਿੱਚ ਖੜ੍ਹਾ ਕੀਤਾ ।ਬੀਬੀ ਸੈਣੀ ਸਰਬਜੀਤ ਕੌਰ ਜਿਹੜੇ ਕਿ ਪੰਜਾਬ ਦੇ ਪਿੰਡ ਮਹਿਤਪੁਰ ਉਲੱਦਣੀ(ਸ਼ਹੀਦ ਭਗਤ ਸਿੰਘ ਨਗਰ)ਨਾਲ ਸੰਬਧਤ ਹਨ ਨੂੰ ਸੁਜ਼ਾਰਾ ਸ਼ਹਿਰ ਦੇ ਲੋਕਾਂ ਨੇ ਸ਼ਾਨਦਾਰ ਜਿੱਤ ਨਾਲ ਕਾਮਯਾਬ ਕੀਤਾ ਹੈ ਜਿਸ ਲਈ ਉਹਨਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਇਲਾਕੇ ਵਿੱਚ ਪ੍ਰਵਾਸੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਨਾਲ-ਨਾਲ ਸਿੱਖ ਸਮਾਜ ਲਈ ਫੈਲਾਈ ਜਾ ਰਹੀ ਗਲਤ ਧਾਰਨਾ ਦੇ ਪ੍ਰਚਾਰ ਨੂੰ ਨੱਥ ਵੀ ਪਾਉਣਗੇ ।ਜਿਹੜੀ ਵੀ ਉਹਨਾਂ ਨੂੰ ਕੋਈ ਸੇਵਾ ਨਗਰ ਕੌੰਸਲ ਵੱਲੋਂ ਆਵੇਗੀ ਉਹ ਸਮਾਜ ਸੇਵੀ ਕਾਰਜ਼ਾਂ ਵਿੱਚ ਲਗਾਉਣਗੇ ਇੱਕ ਪੈਸਾ ਵੀ ਆਪਣੇ ਲਈ ਨਹੀਂ ਵਰਤਣਗੇ।ਭਾਈ ਹਰਦੀਪ ਸਿੰਘ ਨੇ ਇਸ ਜਿੱਤ ਦਾ ਸਿਹਰਾ ਇਲਾਕੇ ਦੀ ਸਿੱਖ ਸੰਗਤ ਸਿਰ ਬੰਨਦਿਆਂ ਕਿਹਾ ਕਿ ਇਹ ਕਾਰਜ ਆਪ ਅਕਾਲ ਪੁਰਖ ਨੇ ਨੇਪੜੇ ਚਾੜਿਆ ਹੈ ਜਿਸ ਲਈ ਉਹਨਾਂ ਦਾ ਸਾਰਾ ਪਰਿਵਾਰ ਰੋਮ-ਰੋਮ ਸ਼ੁਕਰਾਨਾ ਕਰਦਾ ਹੈ।

Leave a Reply

Your email address will not be published. Required fields are marked *