Headlines

ਭਗਵੰਤ ਮਾਨ ਦੀ ਭੂਆ ਨੇ ਤੋਹਫੇ ਵਿਚ ਮਾਨ ਨੂੰ ਮਾਂ ਨੂੰ ਦਿੱਤੀ ਸਾਢੇ ਚਾਰ ਏਕੜ ਜ਼ਮੀਨ

ਖਹਿਰਾ ਵਲੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ- ਮਾਰਕੀਟ ਕੀਮਤ ਤਿੰਨ ਕਰੋੜ ਹੋਣ ਦਾ ਦਾਅਵਾ-

ਜਲੰਧਰ ( ਜਤਿੰਦਰ)-ਸੀਨੀਅਰ ਕਾਂਗਰਸੀ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਬੇਨਾਮੀ ਜਾਇਦਾਦ ਦੇ ਦੋਸ਼ ਲਾਏ ਹਨ। ਖਹਿਰਾ ਨੇ  ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਨਾਲਾ-ਮਾਨਸਾ ਮੇਨ ਰੋਡ ’ਤੇ ਸਥਿਤ ਕਰੀਬ ਸਾਢੇ ਚਾਰ ਏਕੜ ਜ਼ਮੀਨ ਮੁੱਖ ਮੰਤਰੀ ਦੀ ਭੂਆ ਨੇ ਉਨ੍ਹਾਂ ਦੀ ਮਾਤਾ ਹਰਪਾਲ ਕੌਰ ਨੂੰ ਤੋਹਫ਼ੇ ਵਜੋਂ ਦਿੱਤੀ ਹੈ। ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਇਹ ਬੇਨਾਮੀ ਜ਼ਮੀਨ ਹੈ। ਉਨ੍ਹਾਂ ਨੇ ਰਾਜਪਾਲ ਨੂੰ ਇਸ ਦੀ ਸ਼ਿਕਾਇਤ ਭੇਜ ਕੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਿਸੇ ਵੀ ਕੇਂਦਰੀ ਏਜੰਸੀ ਤੋਂ ਕਰਵਾਈ ਜਾਵੇ।

ਸੁਖਪਾਲ ਖਹਿਰਾ ਨੇ ਕਿਹਾ ਕਿ ਭਰਜਾਈ ਤੇ ਨਣਦ ਦਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੁੰਦਾ। ਮਾਨ ਦੀ ਭੂਆ ਸਾਢੇ ਚਾਰ ਏਕੜ ਜ਼ਮੀਨ ਕਿਵੇਂ ਤੋਹਫੇ ਵਿੱਚ ਦੇ ਸਕਦੀ ਹੈ। ਖਹਿਰਾ ਨੇ ਇਸ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਭੂਆ ਮੂਲ ਰੂਪ ਤੋਂ ਸੰਗਰੂਰ ਦੀ ਰਹਿਣ ਵਾਲੀ ਹੈ। ਜਿਹੜੀ ਜ਼ਮੀਨ ਤੋਹਫ਼ੇ ਵਿੱਚ ਦਿੱਤੀ ਗਈ ਹੈ ਉਹ ਭੀਖੀ ਤਹਿਸੀਲ ਅਧੀਨ ਆਉਂਦੀ ਹੈ। ਉਨ੍ਹਾਂ ਕਿਹਾ ਕਿ ਤੋਹਫੇ ਵਿੱਚ ਦਿੱਤੀ ਗਈ ਜ਼ਮੀਨ ਦਾ ਸਰਕਾਰੀ ਮੁੱਲ 67 ਲੱਖ 78 ਹਜ਼ਾਰ ਦੱਸਿਆ ਗਿਆ ਹੈ।

ਬੀਬੀ ਜਸਮੇਲ ਕੌਰ ਜਿਹੜੀ ਭਗਵੰਤ ਸਿੰਘ ਮਾਨ ਦੀ ਸਕੀ ਭੂਆ ਹੈ ਉਸ ਨੇ 20 ਮਾਰਚ 2023 ਨੂੰ ਆਪਣੀ ਭਾਬੀ ਹਰਪਾਲ ਕੌਰ (ਭਗਵੰਤ ਮਾਨ ਦੀ ਮਾਤਾ) ਨੂੰ ਤੋਹਫ਼ੇ ਵਿੱਚ ਜ਼ਮੀਨ ਦਿੱਤੀ ਹੈ। ਖਹਿਰਾ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਇਹ ਦੱਸਣ ਕਿ ਇਹ ਜ਼ਮੀਨ ਕਿਸ ਕੰਮ ਬਦਲੇ ਲਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਬੇਨਾਮੀ ਜ਼ਮੀਨ ਹੈ। ਇਸ ਦੀ ਮਾਰਕੀਟ ਕੀਮਤ ਤਿੰਨ ਕਰੋੜ ਦੇ ਕਰੀਬ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਰਜਿਸਟਰੀ ’ਤੇ ਅਸ਼ਟਾਮ ਡਿਊਟੀ 2 ਲੱਖ 3 ਹਜ਼ਾਰ ਰੁਪਏ ਲਾਈ ਗਈ ਹੈ। ਭਗਵੰਤ ਮਾਨ ਦੀ ਭੂਆ ਦੇ ਮੁੰਡੇ ਗੁਰਜੀਤ ਸਿੰਘ ਨੇ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿੱਚ 38 ਕਨਾਲ 5 ਮਰਲੇ ਜ਼ਮੀਨ ਖਰੀਦੀ ਹੈ। ਇਹ ਜ਼ਮੀਨ ਵੀ 2023 ਵਿੱਚ ਹੀ ਖਰੀਦੀ ਗਈ ਸੀ। ਇਸ ਜ਼ਮੀਨ ਦਾ ਠੇਕਾ ਭਗਵੰਤ ਮਾਨ ਦੀ ਮਾਤਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਉਨ੍ਹਾਂ ਦੀ ਮਾਤਾ ਤੇ ਭੈਣ 11 ਵਾਰ ਆਸਟਰੇਲੀਆ ਕਿਸ ਮਕਸਦ ਨਾਲ ਗਈਆਂ ਸਨ।