Headlines

ਜਾਅਲੀ ਵੈਬਸਾਈਟ ਬਣਾਕੇ ਸ੍ਰੋਮਣੀ ਕਮੇਟੀ ਦੀਆਂ ਸਰਾਵਾਂ ਦੀ ਬੁਕਿੰਗ ਦੇ ਨਾਮ ਤੇ ਠੱਗੀ

ਸ੍ਰੋਮਣੀ ਕਮੇਟੀ ਵਲੋਂ ਸ਼ਿਕਾਇਤ ਦੇ ਬਾਵਜੂਦ ਠੱਗ ਪੁਲਿਸ ਦੀ ਪਕੜ ਤੋਂ ਦੂਰ-

ਅੰਮ੍ਰਤਿਸਰ ( ਲਾਂਬਾ, ਭੰਗੂ)-

ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਵਿੱਚ ਬੁਕਿੰਗ ਲਈ ਜਾਅਲੀ ਵੈੱਬਸਾਈਟ ਦੇ ਨਾਂ ’ਤੇ ਫਰਜ਼ੀ ਬੁਕਿੰਗ ਕਰਨ ਅਤੇ ਸ਼ਰਧਾਲੂਆਂ ਨਾਲ ਠੱਗੀ ਮਾਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿੱਚ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਜਿਹੇ 10 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਇਸ ਸਬੰਧੀ ਠੱਗੀ ਮਾਰਨ ਵਾਲਿਆਂ ਦਾ ਬੈਂਕ ਖਾਤਾ ਵੀ ਸੀਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਠੱਗੀ ਮਾਰਨ ਵਾਲੇ ਵਿਅਕਤੀ ਅਜੇ ਵੀ ਪੁਲੀਸ ਦੀ ਗ੍ਰਿਫ਼ਤ ਤੋਂ ਦੂਰ ਹਨ ਅਤੇ ਲਗਾਤਾਰ ਸ਼ਰਧਾਲੂਆਂ ਨਾਲ ਠੱਗੀ ਮਾਰਨ ਦਾ ਸਿਲਸਿਲਾ ਜਾਰੀ ਹੈ। ਸ਼੍ਰੋੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਆਪਣੇ ਪੱਧਰ ’ਤੇ ਜਾਂਚ ਕਰਦਿਆਂ ਪਤਾ ਲਾਇਆ ਗਿਆ ਸੀ ਕਿ ਇਹ ਬੈਂਕ ਖਾਤਾ ਯੂਪੀ ਵਿੱਚ ਅਯੁੱਧਿਆ ਕੋਲੋਂ ਕਿਸੇ ਥਾਂ ਤੋਂ ਚਲਾਇਆ ਜਾ ਰਿਹਾ। ਠੱਗੀ ਮਾਰਨ ਵਾਲੇ ਵਿਅਕਤੀਆਂ ਵੱਲੋਂ ਸਾਰਾਗੜ੍ਹੀ ਸਰਾਂ ਦੇ ਨਾਂ ’ਤੇ ਜਾਅਲੀ ਵੈੱਬਸਾਈਟ ਜਾਂ ਪੋਰਟਲ ਬਣਾਇਆ ਹੋਇਆ ਜਿਸ ’ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੀ ਹੋਈ ਹੈ। ਸ਼ਰਧਾਲੂ ਸਰਾਂ ਦੀ ਬੁਕਿੰਗ ਦੇ ਨਾਂ ’ਤੇ ਝਾਂਸੇ ਹੇਠ ਆ ਜਾਂਦੇ ਹਨ। ਇਹ ਵਿਅਕਤੀ ਬਿਨਾਂ ਏਸੀ ਕਮਰੇ ਦੇ 850 ਤੋਂ ਲੈ ਕੇ 3000 ਤੱਕ ਅਤੇ ਏਸੀ ਕਮਰੇ ਦੇ 1150 ਤੋਂ ਲੈ ਕੇ 4200 ਰੁਪਏ ਤੱਕ ਠੱਗੀ ਮਾਰ ਕੇ ਵਸੂਲ ਰਹੇ ਹਨ।