Headlines

ਭਾਰਤ ਨਾਲ ਦੁਵੱਲੇ ਸਬੰਧਾਂ ਲਈ ਗੱਲਬਾਤ ਵਿਚਾਰ ਅਧੀਨ-ਟਰੂਡੋ

ਓਟਵਾ- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਪੈਦਾ ਹੋਏ ਤਣਾਅ ਦਰਮਿਆਨ ਇਟਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੇ ਕੁਝ ਦਿਨਾਂ ਬਾਅਦ ਆਖਿਆ ਹੈ ਕਿ ਉਹ ਭਾਰਤ ਦੀ ਨਵੀਂ ਸਰਕਾਰ ਨਾਲ ਆਰਥਿਕ ਸਬੰਧਾਂ ਅਤੇ ਕੌਮੀ ਸੁਰੱਖਿਆ ਸਮੇਤ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕਰਨ ਦਾ ਮੌਕਾ ਦੇਖਦੇ ਹਨ। ਭਾਰਤ ਦੇ  ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਦੋਵੇਂ ਆਗੂਆਂ ਦੇ ਹੱਥ ਮਿਲਾਉਂਦਿਆਂ ਦੀ ਇਕ ਤਸਵੀਰ ਪੋਸਟ ਕੀਤੀ ਸੀ ਜਿਸ ’ਚ ਇਕ ਲਾਈਨ ’ਚ ਕਿਹਾ ਗਿਆ ਸੀ ਕਿ ਜੀ-7 ਸਿਖਰ ਸੰਮੇਲਨ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਹੋਈ।

ਦੋਵੇਂ ਮੁਲਕਾਂ ਦੇ ਕੂਟਨੀਤਕ ਸਬੰਧਾਂ ’ਚ ਉਸ ਸਮੇਂ ਤਣਾਅ ਆ ਗਿਆ ਸੀ ਜਦੋਂ ਟਰੂਡੋ ਨੇ ਪਿਛਲੇ ਸਾਲ ਸਤੰਬਰ ’ਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟ ਦੀ ਸੰਭਾਵਿਤ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਓਟਵਾ ਤੋਂ ਪਰਤਣ ਮਗਰੋਂ ਟਰੂਡੋ ਨੇ ‘ਸੀਬੀਸੀ ਨਿਊਜ਼’ ਨੂੰ ਦੱਸਿਆ ਕਿ ਸਿਖਰ ਸੰਮੇਲਨ ਬਾਰੇ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਤੁਹਾਨੂੰ ਵੱਖ ਵੱਖ ਆਗੂਆਂ ਨਾਲ ਸਿੱਧੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ‘ਯਕੀਨੀ ਤੌਰ ’ਤੇ ਭਾਰਤ ਨਾਲ ਦੋਵੇਂ ਮੁਲਕਾਂ ਦੇ ਲੋਕਾਂ ਵਿਚਕਾਰ ਸਬੰਧਾਂ ਦੇ ਨਾਲ ਹੀ ਆਰਥਿਕ ਸਬੰਧ ਵੀ ਅਹਿਮ ਹਨ।’ ਉਨ੍ਹਾਂ ਕਿਹਾ ਕਿ ਕਈ ਵੱਡੇ ਮੁੱਦਿਆਂ ’ਤੇ ਸਹਿਮਤੀ ਹੈ ਜਿਨ੍ਹਾਂ ’ਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ‘ਹੁਣ ਜਦੋਂ ਉਹ (ਮੋਦੀ) ਚੋਣ ਜਿੱਤ ਚੁੱਕੇ ਹਨ ਤਾਂ ਮੈਨੂੰ ਲਗਦਾ ਹੈ ਕਿ ਸਾਡੇ ਲਈ ਗੱਲਬਾਤ ਕਰਨ ਦਾ ਮੌਕਾ ਹੈ ਜਿਸ ’ਚ ਕੌਮੀ ਸੁਰੱਖਿਆ ਅਤੇ ਕੈਨੇਡਾ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਕਾਨੂੰਨ ਦੇ ਸ਼ਾਸਨ ਨਾਲ ਜੁੜੇ ਕੁਝ ਬਹੁਤ ਗੰਭੀਰ ਮੁੱਦੇ ਸ਼ਾਮਲ ਹਨ ਜਿਨ੍ਹਾਂ ਬਾਰੇ ਅਸੀਂ ਗੱਲਬਾਤ ਕਰਾਂਗੇ।’ ਨਿੱਝਰ ਦੀ ਹੱਤਿਆ ਬਾਰੇ ਕੈਨੇਡਾ ਦੀ ਜਾਂਚ ’ਚ ਭਾਰਤ ਨਾਲ ਸਹਿਯੋਗ ’ਚ ਸੁਧਾਰ ਦਿਖਣ ਬਾਰੇ ਪੁੱਛੇ ਗਏ ਸਵਾਲ ’ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸ ’ਤੇ ਬਹੁਤ ਕੰਮ ਚੱਲ ਰਿਹਾ ਹੈ।

Leave a Reply

Your email address will not be published. Required fields are marked *