ਸਰੀ ( ਦੇ ਪ੍ਰ ਬਿ)- ਬੀਤੇ ਐਤਵਾਰ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਬੀ.ਸੀ ਕੈਨੇਡਾ ਵੱਲੋਂ ਹਰ ਸਾਲ ਦੀ ਤਰਾਂ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪ੍ਰਸਿਧ ਗੀਤਕਾਰ ਸਵ: ਗੁਰਦੇਵ ਸਿੰਘ ਮਾਨ ਦੀ ਯਾਦ ਵਿਚ ਇਕ ਸ਼ਾਨਦਾਰ ਸਮਾਗਮ ਸ਼ਾਹੀ ਕੇਟਰਿੰਗ ਦੇ ਹਾਲ ਸਰੀ ਵਿਖੇ ਕਰਵਾਇਆ ਗਿਆ। ਇਸ ਮੌਕੇ ਸਵਰਗੀ ਸ. ਗੁਰਦੇਵ ਸਿੰਘ ਮਾਨ ਮੈਮੋਰੀਅਲ ਐਵਾਰਡ ਨਾਮਵਰ ਗੀਤਕਾਰ ਜਸਵੀਰ ਗੁਣਾਚੌਰੀਆ ਨੂੰ ਪ੍ਰਦਾਨ ਕੀਤਾ ਗਿਆ।
ਸਮਾਗਮ ਦੌਰਾਨ ਵੱਖ -ਵੱਖ ਬੁਲਾਰਿਆਂ ਵਲੋਂ ਸਵਰਗੀ ਮਾਨ ਦੀਆਂ ਅਣਮੋਲ ਰਚਨਾਵਾਂ ਤੇ ਚਰਚਾ ਕਰਨ ਤੋਂ ਇਲਾਵਾ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਤੇ ਉੱਘੇ ਸ਼ਾਇਰ ਗੁਰਭਜਨ ਗਿੱਲ ਦੀ ਪੁਸਤਕ ‘ਅੱਖਰ ਅੱਖਰ’ ਲੋਕ ਅਰਪਣ ਕੀਤੀ ਗਈ। ਗੀਤ- ਸੰਗੀਤ ਦੇ ਨਾਲ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ।
ਪ੍ਰਸਿਧ ਗੀਤਕਾਰ ਜਸਵੀਰ ਗੁਣਾਚੌਰੀਆ ਨੂੰ ਐਵਾਰਡ ਦੇਣ ਦੀ ਰਸਮ ਅਦਾ ਕਰਦਿਆਂ ਉਘੇ ਲੇਖਕਾਂ, ਵਿਦਵਾਨਾਂ ਤੇ ਹੋਰ ਸ਼ਖਸੀਅਤਾਂ ਨੇ ਗੁਣਾਚੌਰੀਆ ਦੀ ਪੰਜਾਬੀ ਗੀਤਕਾਰੀ ਤੇ ਸੰਗੀਤ ਜਗਤ ਨੂੰ ਵਡਮੁੱਲੀ ਦੇਣ ਦਾ ਜ਼ਿਕਰ ਕਰਦਿਆਂ ਉਹਨਾਂ ਨੂੰ ਵਧਾਈਆਂ ਦਿੱਤੀਆਂ। ਮੁੱਖ ਬੁਲਾਰਿਆਂ ਵਿਚ ਉਘੇ ਵਿਦਵਾਨ ਪ੍ਰੋ ਕਸ਼ਮੀਰਾ ਸਿੰਘ, ਰਾਏ ਅਜ਼ੀਜ ਉਲਾ ਖਾਨ ਸਾਬਕਾ ਐਮ ਪੀ ਪਾਕਿਸਤਾਨ, ਇੰਦਰਜੀਤ ਸਿੰਘ ਧਾਮੀ, ਕਵਿੰਦਰ ਚਾਂਦ, ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ, ਟੀਵੀ ਹੋਸਟ ਦਵਿੰਦਰ ਬੈਨੀਪਾਲ, ਕੁਲਦੀਪ ਸਿੰਘ ਗਿੱਲ , ਗੀਤਕਾਰ ਅਲਬੇਲ ਬਰਾੜ ਤੇ ਹੋਰ ਕਈ ਬੁਲਾਰਿਆਂ ਨੇ ਗੁਣਾਚੌਰੀਆ ਨੂੰ ਸਨਮਾਨਿਤ ਕੀਤੇ ਜਾਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜਸਵੀਰ ਗੁਣਾਚੌਰੀਆ ਨੇ ਆਪਣੇ ਗੀਤਕਾਰੀ ਦੇ ਸਫਰ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਉਂਦਿਆਂ ਉਘੇ ਗਾਇਕਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਪੰਜਾਬੀ ਕਲਚਰਲ ਐਸੋਸੀਏਸ਼ਨ ਵਲੋਂ ਉਹਨਾਂ ਨੂੰ ਮਹਾਨ ਗੀਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ਵਿਚ ਦਿੱਤੇ ਜਾਣ ਵਾਲੇ ਐਵਾਰਡ ਵਾਸਤੇ ਚੋਣ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਪ੍ਰਿਤਪਾਲ ਗਿੱਲ ਨੇ ਬਾਖੂਬੀ ਨਿਭਾਇਆ ਤੇ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਮਾਧੋਪੁਰੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।