Headlines

ਪੰਜਾਬੀ ਗੀਤਾਂ ਵਿੱਚ ਨਸ਼ੇ, ਹਥਿਆਰ ਅਤੇ ਗੈਂਗਵਾਦ

ਦਵਿੰਦਰ ਕੌਰ ਖੁਸ਼ ਧਾਲੀਵਾਲ

ਪੰਜਾਬ ਵਿੱਚ ਨਸ਼ਿਆਂ, ਹਥਿਆਰਾਂ ਅਤੇ ਗੈਂਗਵਾਦ ਦੀ ਮਹਿਮਾ ਗਾਉਂਦੇ ਗੀਤਾਂ ਦਾ ਪਿਛਲੇ ਕਈ ਸਾਲਾਂ ਤੋਂ ਹੜ੍ਹ ਜਿਹਾ ਆਇਆ ਹੋਇਆ ਹੈ। ਲੋਕਾਂ ਦੀਆਂ ਨਿੱਜੀ ਕਾਰਾਂ, ਬੱਸਾਂ ਤੋਂ ਲੈ ਕੇ ਚਾਹ ਦੇ ਖੋਖਿਆਂ, ਕੰਟੀਨਾਂ, ਵਿਆਹਾਂ-ਪਾਰਟੀਆਂ ਤੱਕ ਸ਼ਾਇਦ ਹੀ ਕੋਈ ਅਜਿਹੀ ਜਗ੍ਹਾ ਬਚੀ ਹੋਵੇਗੀ ਜਿੱਥੇ ਇਨ੍ਹਾਂ ਗੀਤਾਂ ਦੇ ਘਟੀਆ ਬੋਲ, ਕੰਨ-ਪਾੜੂ ਸੰਗੀਤ ਤੁਹਾਡੇ ਕੰਨਾਂ ਦੇ ਪੜਦਿਆਂ ਤੋਂ ਹਾੜ੍ਹੇ ਨਾ ਕਢਵਾਉਂਦਾ ਹੋਵੇ। ਦੂਜੇ ਪਾਸੇ ਸਮਾਜ ਵਿੱਚ ਵੀ ਹਿੰਸਾ, ਨਸ਼ੇ, ਹਥਿਆਰਾਂ ਅਤੇ ਗੈਂਗਵਾਦ ਦੇ ਵਰਤਾਰੇ ਪਿਛਲੇ ਸਮੇਂ ਵਿੱਚ ਤੇਜ਼ੀ ਨਾਲ ਵਧੇ ਹਨ। ਸਿੱਟੇ ਵਜੋਂ ਹਰੇਕ ਸੋਚਣ-ਸਮਝਣ ਵਾਲਾ ਇਨਸਾਨ ਇਨ੍ਹਾਂ ਵਰਤਾਰਿਆਂ ਨੂੰ ਲੈ ਕੇ ਚਿੰਤਤ ਵੀ ਹੈ ਅਤੇ ਇਨ੍ਹਾਂ ਵਰਤਾਰਿਆਂ ਤੇ ਗੀਤਾਂ ਵਿੱਚ ਇਨ੍ਹਾਂ ਦੇ ਗੁਣਗਾਨ ਵਿਚਾਲੇ ਸਬੰਧ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦਾ ਹੈ।

ਲਗਭਗ ਸਾਰੀਆਂ ਚਰਚਾਵਾਂ, ਗੱਲਾਂ-ਬਾਤਾਂ ਵਿੱਚ ਗੀਤਾਂ ਨੂੰ ਮੁੱਢ ਮੰਨਿਆ ਜਾਂਦਾ ਹੈ ਅਤੇ ਸਮਾਜਿਕ ਵਰਤਾਰਿਆਂ ਨੂੰ ਇਨ੍ਹਾਂ ਗੀਤਾਂ ਦਾ ਪ੍ਰਭਾਵ, ਉਕਤ ਸਮਾਜਿਕ ਬਿਮਾਰੀਆਂ ਲਈ ਗਾਇਕਾਂ/ਗੀਤਕਾਰਾਂ ਨੂੰ ਜ਼ਿੰਮੇਵਾਰ ਗਰਦਾਨ ਕੇ ਕੰਮ ਨਿਬੇੜ ਲਿਆ ਜਾਂਦਾ ਹੈ। ਪਰ ਇਹ ਤਰਕ ਅਸਲੀਅਤ ਨੂੰ ਸਿਰ-ਪਰਨੇ ਖੜ੍ਹਾ ਕਰਨਾ ਹੈ, ਸਾਰੇ ਮਸਲੇ ਨੂੰ ਹਲਕਾ ਕਰਨਾ ਹੈ। ਕੁਝ ਦਿਨ ਪਹਿਲਾਂ ਪੰਜਾਬ ਪੁਲੀਸ ਨੇ ਵੀ ਪੰਜਾਬ ਵਿੱਚੋਂ ਨਸ਼ੇ, ਹਥਿਆਰ ਅਤੇ ਗੈਂਗਵਾਦ ਖ਼ਤਮ ਕਰਨ ਲਈ ਪੰਜਾਬੀ ਗਾਇਕਾਂ ਤੇ ਗੀਤਕਾਰਾਂ ਨਾਲ ਸੰਪਰਕ ਮੁਹਿੰਮ ਛੇੜੀ ਹੈ ਤਾਂ ਕਿ ਗਾਇਕਾਂ/ਗੀਤਕਾਰਾਂ ਨੂੰ ਅਜਿਹੇ ਗੀਤਾਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਜਾਵੇ। ਕੁਝ ਗਾਇਕਾਂ ਨੇ ਪੁਲੀਸ ਅਫ਼ਸਰਾਂ ਨਾਲ ਫੋਟੋਆਂ ਖਿਚਵਾ ਕੇ ਸੋਸ਼ਲ ਮੀਡੀਆ ’ਤੇ ਪਾ ਕੇ ਇਸ ਤਰ੍ਹਾਂ ਦੇ ਗੀਤਾਂ ਤੋਂ ਭਵਿੱਖ ਵਿੱਚ ਦੂਰ ਰਹਿਣ ਦੇ ਬਿਆਨ ਵੀ ਦਿੱਤੇ ਹਨ। ਵੈਸੇ ਇਹ ਪੌਦ ਕਦੇ ਅਜਿਹੇ ਗੀਤ ਲਿਖਣੇ/ਗਾਉਣੇ ਬੰਦ ਕਰੇਗੀ, ਇਹ ਸੰਭਵ ਨਹੀਂ ਹੈ ਕਿਉਂਕਿ ਇਨ੍ਹਾਂ ਬਿਆਨਾਂ ਤੋਂ ਬਾਅਦ ਵੀ ਅਜਿਹੇ ਗੀਤ ਲਗਾਤਾਰ ਆ ਰਹੇ ਹਨ। ਅਸਲ ਵਿੱਚ ਪੰਜਾਬੀਅਤ ਦੇ ਇਨ੍ਹਾਂ ਅਖੌਤੀ ਰਖਵਾਲਿਆਂ ਲਈ ਇਹ ਬਿਆਨ, ਫੋਟੋਆਂ ਪ੍ਰਚਾਰ ਦੇ ਇੱਕ ਹੋਰ ਢੰਗ ਤੋਂ ਬਿਨਾਂ ਕੁਝ ਵੀ ਨਹੀਂ ਹੈ। ਦੂਜੇ ਪਾਸੇ ਇਨ੍ਹਾਂ ‘ਫੋਟੋਆਂ’ ਜ਼ਰੀਏ ਪੰਜਾਬ ਪੁਲੀਸ ਆਪਣੇ ਅਕਸ ਨੂੰ ਥੋੜ੍ਹਾ-ਬਹੁਤ ਲੋਟ ਕਰਨ ਦੇ ਆਹਰ ਵਿੱਚ ਲੱਗੀ ਹੋਈ ਹੈ, ਜਿਵੇਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਨਾ ਹੋਵੇ ਕਿ ਨਸ਼ਿਆਂ ਤੇ ਹਥਿਆਰਾਂ ਦੇ ਕਾਰੋਬਾਰ ਅਤੇ ਗੈਂਗਵਾਦ ਨੂੰ ਪੁਸ਼ਤਪਨਾਹੀ ਕੌਣ ਦਿੰਦਾ ਹੈ!

ਨਸ਼ਿਆਂ, ਹਥਿਆਰਾਂ ਅਤੇ ਗੈਂਗਵਾਦ ਦਾ ਪੰਜਾਬੀ ਗੀਤਾਂ ਨਾਲ ਪੁਰਾਣਾ ਨਾਤਾ ਹੈ। ਅਖੌਤੀ ਵਿਰਾਸਤ ਵਜੋਂ ਪੇਸ਼ ਕੀਤੇ ਜਾਂਦੇ ਗੀਤਾਂ ਵਿੱਚ ਇਹ ਸਾਰਾ ਕੁਝ ਬਥੇਰਾ ਪਿਆ ਹੈ, ਸ਼ਾਟਗੰਨਾਂ ਦੀ ਥਾਂ ਦੁਨਾਲੀਆਂ ਸਨ, ਚਿੱਟੇ-ਸਮੈਕ ਦੀ ਥਾਂ ਸ਼ਰਾਬ-ਅਫ਼ੀਮ ਸੀ। ਇਹ ਵੱਖਰੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਦੁਨਾਲੀ, ਵੈਲੀ, ਅਫ਼ੀਮ ਵਿਰਾਸਤ ਲੱਗ ਸਕਦੀ ਹੈ ਜਾਂ ਕਿਹਾ ਜਾਵੇ ਲੱਗਦੀ ਹੈ। ਪਰ ਇਹ ਵੀ ਸਹੀ ਗੱਲ ਹੈ ਕਿ ਅਜੋਕੇ ਪੰਜਾਬੀ ਗੀਤਾਂ ਵਿਚਲੇ ਨਸ਼ਿਆਂ, ਹਥਿਆਰਾਂ ਅਤੇ ਗੈਂਗਵਾਦ ਦੇ ਗੁਣਗਾਨ ਨੂੰ ਅੱਜ ਦੇ ਸਮਾਜ ਦੀ ਰੌਸ਼ਨੀ ਵਿੱਚ ਹੀ ਸਮਝਿਆ ਜਾਣਾ ਚਾਹੀਦਾ ਹੈ, ਇਸ ਨੂੰ ਸਿਰਫ਼ ਗੀਤਾਂ ਵਿੱਚ ਸ਼ਬਦਾਂ ਦੇ ਬਦਲਾਅ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਦੂਸਰਾ, ਇੰਟਰਨੈੱਟ ਅਤੇ ਸੰਚਾਰ ਦੇ ਹੋਰ ਸਾਧਨਾਂ ਦੇ ਚਮਤਕਾਰੀ ਵਿਕਾਸ ਨੇ ਹੁਣ ਗੀਤਾਂ ਦੀ ਪਹੁੰਚ ਬਹੁਤ ਵਿਆਪਕ ਕਰ ਦਿੱਤੀ ਹੈ ਅਤੇ ਇਨ੍ਹਾਂ ਦਾ ਸਮਾਜਿਕ ਅਸਰ ਹੁਣ ਕਿਤੇ ਜ਼ਿਆਦਾ ਡੂੰਘਾ ਪੈਂਦਾ ਹੈ।

ਜਿੱਥੋਂ ਤੱਕ ਗੀਤਾਂ ਕਰਕੇ ਨਸ਼ੇ, ਹਥਿਆਰ-ਕਲਚਰ ਅਤੇ ਗੈਂਗਵਾਦ ਪੈਦਾ ਹੋਣ ਦਾ ਸਵਾਲ ਹੈ, ਇਹ ਓਨਾ ਕੁ ਹੀ ਸਹੀ ਹੈ ਜਿੰਨਾ ਕੁ ਕੋਈ ਇਹ ਕਹੇ ਕਿ ਉਸ ਨੂੰ ਬੁਖਾਰ ਚੜ੍ਹਨ ਕਰਕੇ ਟੀਬੀ ਹੋ ਗਈ। ਇਹ ਠੀਕ ਹੈ ਕਿ ਬੁਖਾਰ ਵੀ ਮਰੀਜ਼ ਨੂੰ ਤੰਗ ਕਰਦਾ ਹੈ, ਪਰ ਬੁਖਾਰ ਦੀ ਵਜ੍ਹਾ ਟੀਬੀ ਹੈ, ਨਾ ਕਿ ਟੀਬੀ ਦੀ ਵਜ੍ਹਾ ਬੁਖਾਰ। ਹੁਣ ਜੇ ਕੋਈ ਬੁਖਾਰ-ਬੁਖਾਰ ਦਾ ਰੌਲਾ ਪਾਈ ਜਾਵੇ ਤੇ ਟੀਬੀ ਦੀ ਗੱਲ ਹੀ ਨਾ ਕਰੇ ਤਾਂ ਅਜਿਹੇ ਡਾਕਟਰ ਨੂੰ ਕੋਈ ਕੀ ਕਹੇਗਾ, ਸਾਫ਼ ਹੈ ਝੋਲਾ-ਛਾਪ ਡਾਕਟਰ! ਪਰ ਸਮਾਜਿਕ ਮਸਲਿਆਂ ਦੇ ਮਾਮਲੇ ਵਿੱਚ ਝੋਲਾ-ਛਾਪ ਡਾਕਟਰਾਂ ਦੀ ਖ਼ੂਬ ਚੱਲਦੀ ਹੈ, ਪੰਜਾਬੀ ਗੀਤਾਂ ਬਾਰੇ ਵੀ ਇਹੀ ਹੋ ਰਿਹਾ ਹੈ। ਨਸ਼ੇ ਬਹੁਤ ਵੱਡਾ ਧੰਦਾ ਹਨ, ਮੁਨਾਫ਼ੇ ਦਾ ਵੱਡਾ ਸਰੋਤ ਅਤੇ ਧੰਦੇ ਦੇ ਰੂਪ ਵਿੱਚ ਨਸ਼ਿਆਂ ਦੀ ਖ਼ਰੀਦ-ਵੇਚ ਗੀਤਾਂ ਤੋਂ ਬਹੁਤ ਪਹਿਲਾਂ ਸ਼ੁਰੂ ਹੋਈ ਹੈ। ਸਮਾਜ ਦਾ ਇੱਕ ਵਿਹਲੜ ਤਬਕਾ ਹੈ ਜਿਸ ਕੋਲ ਜ਼ਿੰਦਗੀ ਜਿਊਣ ਦਾ ਕੋਈ ਬਹਾਨਾ ਨਹੀਂ ਹੈ, ਇਹ ਨਸ਼ੇ ਕਰਕੇ ਜ਼ਿੰਦਗੀ ਜਿਊਂਦਾ ਹੈ। ਸਮਾਜ ਦਾ ਇੱਕ ਹਿੱਸਾ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਸਮੱਸਿਆਵਾਂ ਦੀ ਨਾ ਤਾਂ ਸਮਝ ਹੈ, ਨਾ ਹੱਲ ਦਿਸਦਾ ਹੈ ਸਿੱਟੇ ਵਜੋਂ ਉਹ ਨਸ਼ਿਆਂ ਦੀ ਦਲਦਲ ਵਿੱਚ ਆ ਖੁੱਭਦਾ ਹੈ। ਸਮਾਜ ਦਾ ਇੱਕ ਹਿੱਸਾ ਸਿਰਫ਼ ਮਨੋਰੰਜਨ, ਦੇਖਾ-ਦੇਖੀ ਲਈ ਨਸ਼ੇ ਸ਼ੁਰੂ ਕਰਦਾ ਹੈ ਪਰ ਛੱਡ ਨਹੀਂ ਪਾਉਂਦਾ। ਹੋਰ ਵੀ ਕਈ ਕਾਰਨ ਹੋ ਸਕਦੇ ਹਨ।

ਇਸੇ ਤਰ੍ਹਾਂ ਹਥਿਆਰ ਵੀ ਵੱਡਾ ਧੰਦਾ ਹਨ। ਹਥਿਆਰ ਸੱਤਾ ਦੇ ਗਲਿਆਰਿਆਂ ਤੱਕ ਆਪਣੀ ਪਹੁੰਚ ਦੀ ਨੁਮਾਇਸ਼ ਕਰਨ ਦਾ ਧਨਾਢਾਂ ਦਾ ਇੱਕ ਸਾਧਨ ਹਨ। ਗ਼ਰੀਬ ਕਿਰਤੀ ਲੋਕਾਂ ਦੀ ਕਿਰਤ ਉੱਪਰ ਪਲ ਰਹੀਆਂ ਮੁੱਠੀਭਰ ਜੋਕਾਂ ਦੁਆਰਾ ਆਮ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦਾ ਜ਼ਰੀਆ ਹਨ, ਕਿਸੇ ਵੀ ਮਨੁੱਖੀ ਗੁਣ ਤੋਂ ਵਿਹੂਣੀਆਂ ਹੋ ਚੁੱਕੀਆਂ ਜੋਕਾਂ ਦੁਆਰਾ ਆਪਣੇ-ਆਪ ਨੂੰ ‘ਮਨੁੱਖਤਾ ਦਾ ਸਰਵਉੱਚ ਵਿਕਾਸ’ ਵਜੋਂ ਪੇਸ਼ ਕਰਨ ਦੇ ਕੋਝੇ ਯਤਨ ਹਨ। ਇਨ੍ਹਾਂ ਧਨਾਢਾਂ ਨੂੰ ਆਪਣਾ ਨਸ਼ਿਆਂ, ਹਥਿਆਰਾਂ, ਸਿਆਸਤ ਸਮੇਤ ਹਰ ਕਾਰੋਬਾਰ ਚਲਾਉਣ ਲਈ ਅਜਿਹੀ ਨਿੱਜੀ ‘ਪੁਲੀਸ’ ਦੀ ਲੋੜ ਹੁੰਦੀ ਹੈ ਜਿਹੜੀ ਸੰਵਿਧਾਨ ਦੇ ਬੰਧਨਾਂ ਤੋਂ ਉੱਕਾ ਹੀ ਮੁਕਤ ਹੋਵੇ। ਜਿਹੜੀ ਸਿਰਫ਼ ਇਨ੍ਹਾਂ ਦੇ ਹੁਕਮਾਂ ਅਨੁਸਾਰ ਕੰਮ ਕਰੇ, ਇਨ੍ਹਾਂ ਦੇ ਵਿਰੋਧੀਆਂ ਨੂੰ ਨਜਿੱਠ ਸਕੇ, ਪੈਸੇ ਦੀ ਵਸੂਲੀ ਕਰ ਸਕੇ। ਇਸੇ ਲੋੜ ਵਿੱਚੋਂ ਗੈਂਗਵਾਦ ਪੈਦਾ ਹੁੰਦਾ ਹੈ। ਸਾਰੇ ਗੈਂਗਸਟਰ ਕਿਸੇ-ਨ-ਕਿਸੇ ਸਿਆਸੀ ਲੀਡਰ ਜਾਂ ਕਾਰੋਬਾਰੀ ਆਦਿ ਲਈ ਕਥਿਤ ਤੌਰ ’ਤੇ ਕੰਮ ਕਰਦੇ ਹਨ।

ਗੈਂਗਾਂ ਵਿੱਚ ਭਰਤੀ ਕਰਨ ਲਈ ਸਮਾਜ ਵਿੱਚ ਨੌਜਵਾਨਾਂ ਦੀ ਕਮੀ ਨਹੀਂ ਹੈ। ਇੱਕ ਪਾਸੇ ਬੇਰੁਜ਼ਗਾਰੀ, ਆਰਥਿਕ-ਸਮਾਜਿਕ ਨਾਬਰਾਬਰੀ ਦਾ ਝੰਬਿਆ ਖੁੰਦਕੀ ਮਜਬੂਰ ਹੋਇਆ ਨੌਜਵਾਨ ਤਬਕਾ ਇਨ੍ਹਾਂ ਦੇ ਚੁੰਗਲ ਵਿੱਚ ਫਸਦਾ ਹੈ, ਦੂਜੇ ਪਾਸੇ ਜਲਦੀ ਅਮੀਰ ਹੋਣ ਦੀ ਲਾਲਸਾ, ਅਖੌਤੀ ਅਣਖ-ਟੌਹਰ ਨਾਲ ਗ੍ਰਸਤ ਨੌਜਵਾਨ ਗੈਂਗਵਾਦ ਦੇ ਗਲੈਮਰ ਵਿੱਚ ਉਲਝ ਜਾਂਦਾ ਹੈ। ਇਸੇ ਮਾਹੌਲ ਵਿੱਚੋਂ ਨਸ਼ਿਆਂ, ਹਥਿਆਰਾਂ, ਗੈਂਗਵਾਦ ਨੂੰ ਜ਼ਿੰਦਗੀ ਦੀ ਸਰਵੋਤਮ ਪ੍ਰਾਪਤੀ, ਜ਼ਿੰਦਗੀ ਜਿਊਣ ਦਾ ਅਸਲ ਢੰਗ ਸਮਝਣ ਦੇ ਵਿਚਾਰ ਪੈਦਾ ਹੁੰਦੇ ਹਨ। ਉਹ ਸਮਝਦੇ ਹਨ ਕਿ ਇਸ ਤੋਂ ਬਿਨਾਂ ਸ਼ਾਇਦ ਉਨ੍ਹਾਂ ਲਈ ਜ਼ਿੰਦਗੀ ਸੰਭਵ ਨਹੀਂ ਹੋ ਸਕਦੀ। ਉੱਥੇ ਹੀ ਉਨ੍ਹਾਂ ਦੇ ਮਾਲਕ ਧਨਾਢਾਂ ਲਈ ਇਹ ਵਿਚਾਰ ਕਾਰੋਬਾਰ ਨੂੰ ਅੱਗੇ ਵਧਾਉਣ, ਮੁਨਾਫ਼ਾ ਕਮਾਉਣ ਦੇ ਸਾਧਨ ਹਨ। ਇਹ ਉਹ ਜ਼ਮੀਨ ਹੈ ਜਿੱਥੋਂ ਅੱਜਕੱਲ੍ਹ ਦੇ ਬਹੁਤੇ ਪੰਜਾਬੀ ਗੀਤਕਾਰ ਆਪਣਾ ਕੱਚਾ-ਮਾਲ ਹਾਸਲ ਕਰਦੇ ਹਨ, ਬਹੁਤ ਸਾਰੇ ਗਾਇਕ/ਗੀਤਕਾਰ ਤਾਂ ਖ਼ੁਦ ਇਸ ਜ਼ਮੀਨ ਦੇ ਬੂਟੇ ਹਨ। ਇਨ੍ਹਾਂ ਵਿਚਾਰਾਂ ਨੂੰ ਗੀਤਾਂ ਰਾਹੀਂ ਸਮੁੱਚੇ ਸਮਾਜ ਵਿੱਚ ਰਸਾਈ ਮਿਲਦੀ ਹੈ ਅਤੇ ਗੀਤ ਇਨ੍ਹਾਂ ਵਿਚਾਰਾਂ ਨੂੰ ਸਮੁੱਚੇ ਸਮਾਜ ਦੇ ਵਿਚਾਰ ਬਣਾਉਣ ਦਾ ਇੱਕ ਸਾਧਨ ਬਣ ਜਾਂਦੇ ਹਨ। ਇਸ ਗੰਦ ਨਾਲ ਲਬਰੇਜ਼ ਇਹ ਗੀਤ ਸਿਰਫ਼ ਇਸੇ ਗੰਦਗੀ ਨੂੰ ਹੀ ਸਮਾਜ ਵਿੱਚ ਨਹੀਂ ਪ੍ਰਚਾਰਦੇ, ਸਗੋਂ ਇਹ ਹਰ ਤਰ੍ਹਾਂ ਦੀ ਵਿਚਾਰਕ ਗੰਦਗੀ ਨੂੰ ਮੁੜ-ਮੁੜ ਪੇਸ਼ ਕਰਦੇ ਹਨ। ਔਰਤ-ਵਿਰੋਧੀ ਮਾਨਸਿਕਤਾ, ਔਰਤ ਦੀ ਇੱਕ ਵਸਤੂ ਵਜੋਂ ਪੇਸ਼ਕਾਰੀ, ਅਖੌਤੀ ਉੱਚੀ ਜਾਤ ਦਾ ਹੰਕਾਰ, ਪਿੱਤਰਸੱਤਾ ਦੀ ਮਹਾਨਤਾ ਆਦਿ ਮੱਧਯੁਗੀ ਰੂੜ੍ਹੀਆਂ ਇਨ੍ਹਾਂ ਗੀਤਾਂ ਦਾ ਲਾਜ਼ਮੀ ਹਿੱਸਾ ਹਨ।

ਇਸ ਤਰ੍ਹਾਂ ਉਪਰੋਕਤ ਕਿਸਮ ਦੇ ਪੰਜਾਬੀ ਗੀਤਾਂ ਦੀ ਗੰਗਾ ਮੌਜੂਦਾ ਆਰਥਿਕ-ਸਮਾਜਿਕ ਢਾਂਚੇ ਵਿੱਚੋਂ ਨਿਕਲਦੀ ਹੈ, ਇਹੀ ਉਹ ਢਾਂਚਾ ਹੈ ਜਿਹੜਾ ਇਨ੍ਹਾਂ ਲਈ ਕੱਚਾ-ਮਾਲ ਵੀ ਪੈਦਾ ਕਰਦਾ ਹੈ ਅਤੇ ਨਾਲ ਹੀ ਖਪਤ ਲਈ ਮੰਡੀ ਵੀ। ਇਹ ਗੀਤ ਖ਼ੁਦ ਇੱਕ ਮੁਨਾਫ਼ਾ ਕੁੱਟਣ ਦਾ ਧੰਦਾ ਹਨ, ਜਿੱਥੇ ਇੱਕ ਪਾਸੇ ਧਨਾਢ ਇਸ ਵਿੱਚ ਪੈਸਾ ਲਗਾਉਂਦੇ ਹਨ, ਉੱਥੇ ਜਲਦੀ-ਜਲਦੀ ਪੈਸਾ ਕਮਾਉਣ ਤੇ ਮਸ਼ਹੂਰ ਹੋਣ ਲਈ ਨਿੱਤ ਨਵੇਂ ਗਾਇਕ/ਗੀਤਕਾਰ ਆ ਰਹੇ ਹਨ ਜਿਨ੍ਹਾਂ ਨੂੰ ਸਿਰਫ਼ ਪੈਸਾ ਦਿਖਦਾ ਹੈ। ਇਸ ਲਈ ਨਸ਼ਿਆਂ, ਹਥਿਆਰ-ਕਲਚਰ ਅਤੇ ਗੈਂਗਵਾਦ ਲਈ ਪੰਜਾਬੀ ਗੀਤਾਂ ਨੂੰ ਮੁੱਖ ਜ਼ਿੰਮੇਵਾਰ ਬਣਾ ਕੇ ਪੇਸ਼ ਕਰਨ ਨਾਲ ਅਸੀਂ ਉਸ ਢਾਂਚੇ ਨੂੰ ਦੋਸ਼ਮੁਕਤ ਕਰ ਦਿੰਦੇ ਹਾਂ ਜਿਹੜਾ ਇਨ੍ਹਾਂ ਸਮਾਜਿਕ ਕੋਝਾਂ ਲਈ ਅਸਲ ਜ਼ਿੰਮੇਵਾਰ ਹੈ। ਇਹ ਗ਼ਲਤ ਨਿਸ਼ਾਨਦੇਹੀ ਸਾਨੂੰ ਗ਼ਲਤ ਰਸਤੇ ਲੈ ਜਾਂਦੀ ਹੈ ਅਤੇ ਅਸੀਂ ਸੱਪ ਦੀ ਥਾਂ ਸੱਪ ਦੀ ਲੀਕ ਨੂੰ ਕੁੱਟਣ ਲੱਗਦੇ ਹਾਂ।

ਪਰ ਕੀ ਇਨ੍ਹਾਂ ਗੀਤਾਂ ਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ, ਜਾਂ ਕੀ ਅਜਿਹਾ ਵਿਰੋਧ ਸੰਭਵ ਹੈ ਅਤੇ ਜੇ ਸੰਭਵ ਹੈ ਤਾਂ ਕਿਵੇਂ ਕੀਤਾ ਜਾਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦਾ ਸਹੀ ਜਵਾਬ ਇਸ ਮਸਲੇ ਪ੍ਰਤੀ ਦਰੁਸਤ ਪਹੁੰਚ ਵਿੱਚ ਹੀ ਪਿਆ ਹੈ ਕਿਉਂਕਿ ਇਹ ਗੀਤ ਇਸੇ ਢਾਂਚੇ ਦੀ ਗੰਦਗੀ ਦਾ ਪ੍ਰਗਟਾਵਾ ਹਨ, ਇਸ ਲਈ ਇਨ੍ਹਾਂ ਦਾ ਵਿਰੋਧ ਇਸੇ ਗੰਦਗੀ ਭਾਵ ਇਸੇ ਢਾਂਚੇ ਦੀ ਜ਼ਮੀਨ ਉੱਤੇ ਖੜ੍ਹੇ ਹੋ ਕੇ ਨਹੀਂ ਹੋ ਸਕਦਾ। ਇਨ੍ਹਾਂ ਗੀਤਾਂ ਦਾ ਵਿਰੋਧ ਇੱਕ ਬਿਹਤਰ ਸਮਾਜ ਸਿਰਜਣ ਦੀ ਜ਼ਮੀਨ ’ਤੇ ਖੜ੍ਹੇ ਹੋ ਕੇ ਹੀ ਹੋ ਸਕਦਾ ਹੈ। ਜੇ ਅਸੀਂ ਇਹ ਸਮਝਣ ਵਿੱਚ ਨਾਕਾਮ ਰਹਾਂਗੇ ਤਾਂ ਅੱਜ ਦੇ ਗੀਤਾਂ ਦਾ ਬਦਲ ਬੀਤੇ ਦੇ ਮਾਰਕਾ ਗੀਤਾਂ ਵਿੱਚ ਦੇਖਾਂਗੇ ਜਿਹੜੇ ਇਨ੍ਹਾਂ ਗੀਤਾਂ ਨਾਲੋਂ ਕਿਸੇ ਪੱਖੋਂ ਬਿਹਤਰ ਨਹੀਂ ਹਨ, ਨਾ ਤਾਂ ਤੱਤ ਪੱਖੋਂ ਤੇ ਨਾ ਰੂਪ ਪੱਖੋਂ, ਉਲਟਾ ਇਨ੍ਹਾਂ ਗੀਤਾਂ ਉੱਤੇ ਪਾਈ ਵਿਰਾਸਤ ਦੀ ਚਾਦਰ ਇਨ੍ਹਾਂ ਨੂੰ ਹੋਰ ਖ਼ਤਰਨਾਕ ਬਣਾਵੇਗੀ। ਦੂਸਰਾ ਬਦਲ ਅਕਸਰ ਧਾਰਮਿਕ ਭਜਨਾਂ, ਕਵੀਸ਼ਰੀਆਂ, ਬੋਲੀਆਂ ਆਦਿ ਨੂੰ ਪੇਸ਼ ਕੀਤਾ ਜਾਂਦਾ ਹੈ। ਧਾਰਮਿਕ ਭਜਨਾਂ ਨੂੰ ਬਹੁਗਿਣਤੀ ਲੋਕ ਸੁਣਨ ਲਈ ਹੀ ਤਿਆਰ ਨਹੀਂ। ਕਵੀਸ਼ਰੀਆਂ, ਬੋਲੀਆਂ ਆਦਿ ਵੀ ਪੁਰਾਣੇ ਪੈ ਚੁੱਕੇ ਰੂਪ ਹਨ, ਨਵੀਂ ਪੀੜ੍ਹੀ ਦੀ ਗਿਟਾਰ, ਡਰੱਮ ਸਾਹਮਣੇ ਇਨ੍ਹਾਂ ਦਾ ਟਿਕਣਾ ਨਾਮੁਮਕਿਨ ਹੈ। ਇਨ੍ਹਾਂ ਨੂੰ ਟਿਕਾਉਣ ਦੀਆਂ ਕੋਸ਼ਿਸ਼ਾਂ ਜਾਂ ਤਾਂ ਪੁੱਠੀਆਂ ਪੈਣਗੀਆਂ, ਜਾਂ ਮਰੀਅਲ ਕਿਸਮ ਦਾ ਵਿਰੋਧ ਬਣਨਗੀਆਂ, ਜਾਂ ਫਿਰ ਸਾਡੀ ਇੱਛਾ ਦੇ ਬਿਲਕੁਲ ਉਲਟ ਉਸੇ ਚੀਜ਼ ਨੂੰ ਲੋਕ-ਮਨਾਂ ਵਿੱਚ ਸਥਾਪਤ ਕਰਨਗੀਆਂ ਜਿਸ ਦਾ ਅਸੀਂ ਵਿਰੋਧ ਕਰ ਰਹੇ ਹੁੰਦੇ ਹਾਂ।

ਇਸ ਦਾ ਕਾਰਨ ਹੈ ਕਿ ਇਨ੍ਹਾਂ ਦਾ ਰੂਪ ਸਰੋਤੇ ਨੂੰ ਭਵਿੱਖ ਨਾਲ ਨਹੀਂ ਸਗੋਂ ਬੀਤੇ ਨਾਲ ਜੋੜੇਗਾ ਅਤੇ ਬੀਤੇ ਦੇ ਹੇਰਵੇ ਵਿੱਚੋਂ ਫ਼ਾਸੀਵਾਦ, ਧਾਰਮਿਕ ਕੱਟੜਪੰਥ, ਅਖੌਤੀ ਅਣਖ ਜਿਹੇ ਖੋਭੇ ਹੀ ਮਿਲਦੇ ਹਨ, ਬਿਹਤਰ ਭਵਿੱਖ ਨਹੀਂ। ਇਸ ਲਈ ਸਾਨੂੰ ਅੱਜ ਦੇ ਪੰਜਾਬੀ ਗੀਤ-ਸੰਗੀਤ ਅਤੇ ਆਮ ਰੂਪ ਵਿੱਚ ਮਨੋਰੰਜਨ-ਸਨਅਤ ਦਾ ਬਦਲ ਪੇਸ਼ ਕਰਦਿਆਂ ਭਵਿੱਖ ਦੇ ਸੁਪਨਿਆਂ ਦੀ ਜ਼ਮੀਨ ਉੱਤੇ ਖੜ੍ਹੇ ਹੋਣਾ ਚਾਹੀਦਾ ਹੈ। ਬੀਤੇ ਦੇ ਸੰਗੀਤਕ ਰੂਪਾਂ ਵਿੱਚੋਂ ਅਤੇ ਪ੍ਰਚੱਲਿਤ ਸੰਗੀਤ ਰੂਪਾਂ ਵਿੱਚ ਉਨ੍ਹਾਂ ਵੰਨਗੀਆਂ ਨੂੰ ਹੀ ਲੋਕਾਂ ਵਿੱਚ ਪ੍ਰਚਾਰਨਾ ਚਾਹੀਦਾ ਹੈ ਜਿਹੜੇ ਇਨ੍ਹਾਂ ਸੁਪਨਿਆਂ ਨੂੰ ਸੱਚ ਕਰ ਦਿਖਾਉਣ ਦੀ ਹਿੰਮਤ ਪੈਦਾ ਕਰਦੇ ਹੋਣ, ਉਮੀਦਾਂ ਨੂੰ ਹੁਲਾਰਾ ਦਿੰਦੇ ਹੋਣ, ਅਣਮਨੁੱਖੀਪਣ ਖਿਲਾਫ਼ ਨਫ਼ਰਤ ਪੈਦਾ ਕਰਦੇ ਹੋਣ। ਇਸ ਦੇ ਨਾਲ ਹੀ ਸਾਡੀਆਂ ਲੋੜਾਂ ਅਨੁਸਾਰ ਨਵਾਂ ਸੰਗੀਤ ਸਿਰਜਣ ਦੇ ਯਤਨ ਹੋਣੇ ਚਾਹੀਦੇ ਹਨ।

ਸੰਪਰਕ: 88472-27740

Leave a Reply

Your email address will not be published. Required fields are marked *