Headlines

ਪੰਜਾਬ ਦਾ ਮਾਣ

ਜੇ ‘ਭਾਗ ਮਿਲਖਾ ਭਾਗ’ ਨੇ ਜੀਵਨੀਆਂ ’ਤੇ ਆਧਾਰਿਤ ਫਿਲਮਾਂ (ਬਾਇਓਪਿਕਸ) ਵਿੱਚ ਸਾਡੀ ਦਿਲਚਸਪੀ ਮੁੜ ਜਗਾਈ, ਤਾਂ ‘ਅਮਰ ਸਿੰਘ ਚਮਕੀਲਾ’ ਨੇ ਇਸ ਦਾ ਪੱਧਰ ਹੋਰ ਉੱਚਾ ਕਰ ਦਿੱਤਾ… ਇਸ ਵੰਨਗੀ ’ਚ ਪੰਜਾਬ ਦੀ ਹਿੱਸੇਦਾਰੀ ‘ਬੇਦੀ: ਦਿ ਨੇਮ ਯੂ ਨੋਅ, ਦਿ ਸਟੋਰੀ ਯੂ ਡੌਂਟ’ ਨਾਲ ਅੱਗੇ ਵਧ ਰਹੀ ਹੈ।

ਸ਼ੀਤਲ

 

, ‘ਸਰਬਜੀਤ’

 

 

ਭਾਰਤ ਦੀ ਪਹਿਲੀ ਮਹਿਲਾ ਆਈਪੀਐੱਸ ਅਫ਼ਸਰ ਕਿਰਨ ਬੇਦੀ ’ਤੇ ਇੱਕ ‘ਬਾਇਓਪਿਕ’ ਜਿਸ ਦਾ ਸਿਰਲੇਖ ‘ਬੇਦੀ: ਦਿ ਨੇਮ ਯੂ ਨੋਅ, ਦਿ ਸਟੋਰੀ ਯੂ ਡੌਂਟ’ ਬਣ ਰਹੀ ਹੈ। ਲੇਖਕ-ਨਿਰਦੇਸ਼ਕ ਕੁਸ਼ਾਲ ਚਾਵਲਾ ਨੇ ਕਿਹਾ ਕਿ ਕਿਰਨ ਬੇਦੀ ਪ੍ਰੇਰਨਾ ਸਰੋਤ ਰਹੀ ਹੈ ਤੇ ਅੰਮ੍ਰਿਤਸਰ ਦੀ ਇਸ ਸਖ਼ਤ ਅਧਿਕਾਰੀ ’ਤੇ ਫਿਲਮ ਬਣਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ।

ਬੇਦੀ ਪਹਿਲੀ ਪੰਜਾਬੀ ਹਸਤੀ ਨਹੀਂ ਹੈ, ਜਿਸ ਨੇ ਕਿਸੇ ਫਿਲਮਸਾਜ਼ ਦੀ ਕਲਪਨਾ ਨੂੰ ਖੰਭ ਲਾਏ ਹਨ ਤੇ ਯਕੀਨਨ ਉਹ ਆਖਰੀ ਵੀ ਨਹੀਂ ਹੋਵੇਗੀ। ਪੰਜਾਬ ਨਾਲ ਸਬੰਧਤ ਅਸਲ ਜ਼ਿੰਦਗੀ ਦੇ ਨਾਇਕ ਜੀਵਨੀ ’ਤੇ ਆਧਾਰਿਤ ਕਈ ਫਿਲਮਾਂ ਦਾ ਆਧਾਰ ਬਣੇ ਹਨ। ਕਈ ਨਿਰਦੇਸ਼ਕਾਂ ਵੱਲੋਂ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜੀਵਨ ’ਤੇ ਫਿਲਮਾਂ ਬਣਾਉਣ ਤੋਂ ਲੈ ਕੇ ਸ਼ੂਜੀਤ ਸਰਕਾਰ ਵੱਲੋਂ ‘ਸਰਦਾਰ ਊਧਮ’, ਰਾਕੇਸ਼ ਓਮ ਪ੍ਰਕਾਸ਼ ਮਹਿਰਾ ਵੱਲੋਂ ‘ਭਾਗ ਮਿਲਖਾ ਭਾਗ’, ਉਮੰਗ ਕੁਮਾਰ ਵੱਲੋਂ ‘ਸਰਬਜੀਤ’, ਰਾਮ ਮਾਧਵਾਨੀ ਵੱਲੋਂ ‘ਨੀਰਜਾ’ ਬਣਾਉਣ ਤੱਕ, ਤੇ ਹਾਲ ਹੀ ਵਿੱਚ ਇਮਤਿਆਜ਼ ਅਲੀ ਵੱਲੋਂ ‘ਅਮਰ ਸਿੰਘ ਚਮਕੀਲਾ’ ਨਿਰਦੇਸ਼ਿਤ ਕਰਨ ਤੱਕ… ਇਹ ਸੂਚੀ ਬਹੁਤ ਲੰਮੀ ਹੈ। ਪੰਜਾਬੀ ਫਿਲਮ ਉਦਯੋਗ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਹੈ। ਵਿਜੇ ਕੁਮਾਰ ਅਰੋੜਾ ਨੇ ਆਪਣੀ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ‘ਹਰਜੀਤਾ’ ਵਿੱਚ ਹਾਕੀ ਖਿਡਾਰੀ ਹਰਜੀਤ ਸਿੰਘ ਦੇ ਸਫ਼ਰ ਨੂੰ ਬਾਖ਼ੂਬੀ ਦਿਖਾਇਆ ਹੈ।

ਜੇਕਰ ਤੁਸੀਂ ਇਨ੍ਹਾਂ ਫਿਲਮਾਂ ਵਿੱਚੋਂ ਕੋਈ ਦੇਖਣ ਤੋਂ ਰਹਿ ਗਏ ਹੋ, ਤਾਂ ਅਸੀਂ ਤੁਹਾਡੇ ਲਈ ਅਜਿਹੀਆਂ ਫਿਲਮਾਂ ਦੀ ਇੱਕ ਸੂਚੀ ਦੇ ਰਹੇ ਹਾਂ।

ਦਿ ਲੈਜੈਂਡ ਆਫ ਭਗਤ ਸਿੰਘ

 

ਫਿਲਮਾਂ ਕ੍ਰਮਵਾਰ ‘ਦਿ ਲੈਜੈਂਡ ਆਫ ਭਗਤ ਸਿੰਘ’,

 

ਆਜ਼ਾਦੀ ਦੇ ਸੰਘਰਸ਼ ਦੇ ਮਹਾਨ ਯੋਧੇ ਭਗਤ ਸਿੰਘ ’ਤੇ ਕਈ ਬਾਇਓਪਿਕਸ ਬਣ ਚੁੱਕੀਆਂ ਹਨ ਪਰ ਜਿਹੜੀ ਸਭ ਤੋਂ ਵੱਧ ਸਰਾਹੀ ਗਈ, ਉਹ ਅਜੇ ਦੇਵਗਨ ਦੀ ‘ਦਿ ਲੈਜੈਂਡ ਆਫ ਭਗਤ ਸਿੰਘ’ ਸੀ। ਰਾਜਕੁਮਾਰ ਸੰਤੋਸ਼ੀ ਵੱਲੋਂ ਨਿਰਦੇਸ਼ਤ ਫਿਲਮ ਵਿੱਚ ਮੁੱਖ ਕਿਰਦਾਰ ਦੇ ਜੀਵਨ ਬਿਰਤਾਂਤ ਤੇ ਬਰਤਾਨਵੀ ਰਾਜ ਵਿਰੁੱਧ ਉਸ ਦੀ ਭੂਮਿਕਾ ਨੂੰ ਦਰਸਾਇਆ ਗਿਆ ਹੈ। ਇਸ ਫਿਲਮ ਨੂੰ ਸਕਾਰਾਤਮਕ ਹੁੰਗਾਰਾ ਮਿਲਿਆ ਹੈ ਤੇ ਦੋ ਕੌਮੀ ਪੁਰਸਕਾਰ ਵੀ ਫਿਲਮ ਦੀ ਝੋਲੀ ਪਏ।

ਸਰਦਾਰ ਊਧਮ

ਇਹ ਰੁਮਾਂਚਕ ਬਾਇਓਪਿਕ ਆਜ਼ਾਦੀ ਘੁਲਾਟੀਏ ਊਧਮ ਸਿੰਘ ਦੀ ਜੀਵਨੀ ’ਤੇ ਹੈ ਅਤੇ ਦਿਖਾਉਂਦੀ ਹੈ ਕਿ ਜੱਲ੍ਹਿਆਂਵਾਲੇ ਬਾਗ਼ ਦੇ ਕਤਲੇਆਮ (1919) ਨੇ ਕਿੰਝ ਉਸ ਦੀ ਮਨੋਦਸ਼ਾ ’ਤੇ ਡੂੰਘਾ ਅਸਰ ਪਾਇਆ। ਨਿਰਦੇਸ਼ਕ ਸ਼ੂਜੀਤ ਸਰਕਾਰ ਨੇ ਊਧਮ ਸਿੰਘ ਦੇ ਸਫ਼ਰ ਨੂੰ ਮਾਈਕਲ ਓ’ਡਵਾਇਰ ਦਾ ਕਤਲ ਕਰ ਕੇ, ਉਸ ਤੋਂ ਬਦਲਾ ਲੈਣ ਦੇ ਪੱਖ ਤੋਂ ਬਿਆਨ ਕੀਤਾ ਹੈ।

ਫਿਲਮ ’ਚ ਵਿੱਕੀ ਕੌਸ਼ਲ ਵੱਲੋਂ ਨਿਭਾਏ ਊਧਮ ਸਿੰਘ ਦੇ ਕਿਰਦਾਰ ਨੂੰ ਵਿਆਪਕ ਪੱਧਰ ’ਤੇ ਸਰਾਹਿਆ ਗਿਆ। ਇਸ ਨੂੰ ਪੰਜ ਰਾਸ਼ਟਰੀ ਫਿਲਮ ਪੁਰਸਕਾਰ ਮਿਲੇ, ਜਿਨ੍ਹਾਂ ਵਿੱਚ ਸਰਵੋਤਮ ਫੀਚਰ ਫਿਲਮ ਤੇ ਸਰਵੋਤਮ ਸਿਨੇਮੈਟੋਗ੍ਰਾਫੀ ਦਾ ਪੁਰਸਕਾਰ ਸ਼ਾਮਲ ਹੈ।

ਭਾਗ ਮਿਲਖਾ ਭਾਗ

 

‘ਭਾਗ ਮਿਲਖਾ ਭਾਗ’,

 

ਭਾਰਤ ਦੇ ‘ਫਲਾਇੰਗ ਸਿੱਖ’ ਮਿਲਖਾ ਸਿੰਘ ਦੀ ਕਹਾਣੀ ਨੂੰ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਤੇ ਅਭਿਨੇਤਾ ਫਰਹਾਨ ਅਖ਼ਤਰ ਨੇ ਪਰਦੇ ’ਤੇ ਬਾਖ਼ੂਬੀ ਜਿਊਂਦਾ ਕੀਤਾ। ਫਰਹਾਨ ਨੇ ਫਿਲਮ ਵਿੱਚ ਮਿਲਖਾ ਸਿੰਘ ਦੀ ਜ਼ਿੰਦਗੀ ਨੂੰ ਰੂਪਮਾਨ ਕੀਤਾ ਹੈ। ਕਹਾਣੀ ’ਚ ਵੰਡ ਦੀਆਂ ਕੌੜੀਆਂ ਯਾਦਾਂ ਅਤੇ ਆਜ਼ਾਦੀ ਤੋਂ ਬਾਅਦ ਦਾ ਸ਼ਰਨਾਰਥੀ ਸੰਕਟ ਵੀ ਦੇਖਣ ਨੂੰ ਮਿਲਿਆ; ਇੱਕ ਨੌਜਵਾਨ ਪੰਜਾਬੀ ਲੜਕਾ ਇਨ੍ਹਾਂ ਮੁਸ਼ਕਲਾਂ ਨਾਲ ਸਿੱਝ ਕੇ ਕਿਵੇਂ ਕੌਮਾਂਤਰੀ ਪੱਧਰ ਦਾ ਅਥਲੀਟ ਬਣਦਾ ਹੈ, ਇਹ ਵੀ ਦੇਖਣਯੋਗ ਹੈ। ਇਹ ਇੱਕ ਸੰਪੂਰਨ ਫਿਲਮ ਹੈ, ਜਿਸ ਵਿੱਚ ਡਰਾਮਾ, ਰੁਮਾਂਸ, ਜਜ਼ਬਾਤ ਤੇ ਖੇਡ ਭਾਵਨਾ ਪਰੋਈ ਗਈ ਹੈ ਅਤੇ ਨਾਲ ਹੀ ਦੇਸ਼ਭਗਤੀ ਦਾ ਸੰਕੇਤ ਵੀ ਹੈ ਕਿਉਂਕਿ ਪਾਕਿਸਤਾਨ ’ਚ ਦੌੜਦਿਆਂ ਮਿਲਖਾ ਅਤੀਤ ਦੇ ਝਟਕਿਆਂ ਤੋਂ ਉੱਭਰਦਾ ਨਜ਼ਰ ਆਉਂਦਾ ਹੈ। ਕੋਈ ਹੈਰਾਨੀ ਨਹੀਂ ਕਿ ਇਹ ਫਿਲਮ ਅਜੇ ਵੀ ਬਹੁਤਿਆਂ ਦੀ ਪਸੰਦੀਦਾ ਬਾਇਓਪਿਕ ਬਣੀ ਹੋਈ ਹੈ।

ਨੀਰਜਾ

 

‘ਨੀਰਜਾ’

 

ਰਾਮ ਮਾਧਵਾਨੀ ਵੱਲੋਂ ਨਿਰਦੇਸ਼ਤ 2016 ਵਿੱਚ ਆਈ ‘ਨੀਰਜਾ’ ਚੰਡੀਗੜ੍ਹ ਦੀ ਜੰਮਪਲ ਫਲਾਈਟ ਸਹਾਇਕ ਨੀਰਜਾ ਭਨੋਟ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਨੀਰਜਾ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ ਕਿਉਂਕਿ ਉਸ ਨੇ ਆਪਣੀ ਜਾਨ ’ਤੇ ਖੇਡ ਕੇ ਇੱਕ ਉਡਾਣ ’ਚ ਕਈ ਮੁਸਾਫ਼ਰਾਂ ਦੀ ਜਾਨ ਬਚਾਈ ਸੀ। ਫਿਲਮ ਵਿੱਚ ਸੋਨਮ ਕਪੂਰ ਤੇ ਸ਼ਬਾਨਾ ਆਜ਼ਮੀ ਦੀ ਅਹਿਮ ਭੂਮਿਕਾ ਹੈ। ਕਾਫ਼ੀ ਪ੍ਰਸ਼ੰਸਾ ਖੱਟਣ ਵਾਲੀ ਇਸ ਫਿਲਮ ਨੂੰ ਹਿੰਦੀ ਵਿੱਚ ਸਰਵੋਤਮ ਫੀਚਰ ਫਿਲਮ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਨੀਰਜਾ ਦੀ ਭੂਮਿਕਾ ਲਈ 64ਵੇਂ ਰਾਸ਼ਟਰੀ ਫਿਲਮ ਪੁਰਸਕਾਰ ’ਚ ਸੋਨਮ ਕਪੂਰ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਵੀ ਕੀਤਾ ਗਿਆ ਸੀ। ਕਈ ਫਿਲਮ ਮਾਹਿਰ ਸੋਨਮ ਦੀ ਇਸ ਭੂਮਿਕਾ ਨੂੰ ਸਰਵੋਤਮ ਮੰਨਦੇ ਹਨ।

ਸੂਰਮਾ

ਸਾਲ 2018 ਵਿੱਚ ਆਈ ਇਹ ਫਿਲਮ ਅਰਜੁਨ ਪੁਰਸਕਾਰ ਜੇਤੂ ਸੰਦੀਪ ਸਿੰਘ ਦੁਆਲੇ ਘੁੰਮਦੀ ਹੈ ਜੋ ਭਾਰਤੀ ਹਾਕੀ ਟੀਮ ਦਾ ਕਪਤਾਨ ਵੀ ਰਿਹਾ ਹੈ। ਇੱਕ ਹਾਦਸੇ ’ਚ ਸੰਦੀਪ ਦੇ ਗੋਲੀ ਲੱਗ ਗਈ ਸੀ ਤੇ ਕਰੀਬ ਇੱਕ ਸਾਲ ਉਹ ਵੀਲ੍ਹਚੇਅਰ ’ਤੇ ਰਿਹਾ। ਪਰ ਪੂਰੇ ਸਮਰਪਣ ਤੇ ਜਜ਼ਬੇ ਨਾਲ ਉਸ ਨੇ ਕੌਮੀ ਟੀਮ ਵਿੱਚ ਮੁੜ ਆਪਣੀ ਥਾਂ ਬਣਾਈ। ‘ਫਲਿਕਰ ਸਿੰਘ’ ਵਜੋਂ ਜਾਣਿਆ ਜਾਂਦਾ ਸੰਦੀਪ ਹਰਿਆਣਾ ’ਚ ਪੈਦਾ ਹੋਇਆ ਪਰ ਪੜ੍ਹਾਈ ਮੁਹਾਲੀ ’ਚ ਕੀਤੀ। ਸ਼ਾਦ ਅਲੀ ਵੱਲੋਂ ਨਿਰਦੇਸ਼ਤ ਫਿਲਮ ਵਿੱਚ ਸੰਦੀਪ ਦੀ ਭੂਮਿਕਾ ਦਿਲਜੀਤ ਦੁਸਾਂਝ ਨੇ ਨਿਭਾਈ ਹੈ।

ਸਰਬਜੀਤ

ਫਿਲਮ ’ਚ ਸਰਬਜੀਤ ਸਿੰਘ ਦੀ ਮੁੱਖ ਭੂਮਿਕਾ ਰਣਦੀਪ ਹੁੱਡਾ ਨੇ ਨਿਭਾਈ ਹੈ, ਜਦਕਿ ਉਸ ਦੀ ਭੈਣ ਦਲਬੀਰ ਕੌਰ ਦਾ ਕਿਰਦਾਰ ਐਸ਼ਵਰਿਆ ਰਾਏ ਨੇ ਨਿਭਾਇਆ ਹੈ। ਜੀਵਨੀ ’ਤੇ ਆਧਾਰਿਤ ਇਸ ਫਿਲਮ ਨੂੰ ਉਮੰਗ ਕੁਮਾਰ ਨੇ ਨਿਰਦੇਸ਼ਤ ਕੀਤਾ, ਜਿਸ ’ਚ ਇੱਕ ਭਾਰਤੀ ਕਿਸਾਨ ਦੀ ਸੱਚੀ ਕਹਾਣੀ ਬਿਆਨ ਕੀਤੀ ਗਈ ਹੈ ਜੋ 1990 ਵਿੱਚ ਨਸ਼ੇ ਦੀ ਹਾਲਤ ’ਚ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰ ਗਿਆ ਤੇ ਮਗਰੋਂ ਪਾਕਿਸਤਾਨੀ ਸਰਕਾਰ ਨੇ ਉਸ ਨੂੰ ਦੋਸ਼ੀ ਠਹਿਰਾ ਦਿੱਤਾ। ਆਲੋਚਕਾਂ ਵੱਲੋਂ ਸਰਾਹੀ ਗਈ ਇਸ ਫਿਲਮ ਨੇ ਟਿਕਟ ਖਿੜਕੀ ’ਤੇ ਚੰਗਾ ਕਾਰੋਬਾਰ ਕੀਤਾ। ਇੱਕ ਕਲਾਕਾਰ ਵਜੋਂ ਸਰਬਜੀਤ ਦੇ ਕਿਰਦਾਰ ਨੂੰ ਨਿਭਾਉਣ ਲਈ ਹੁੱਡਾ ਨੇ ਬਹੁਤ ਮਿਹਨਤ ਕੀਤੀ ਤੇ ਕੈਦੀ ਦੇ ਰੋਲ ’ਚ ਫਿਟ ਬੈਠਣ ਲਈ 28 ਦਿਨਾਂ ’ਚ 18 ਕਿਲੋ ਭਾਰ ਘਟਾਇਆ।

ਹਰਜੀਤਾ

 

‘ਹਰਜੀਤਾ’

 

ਇਸ ਫਿਲਮ ਵਿੱਚ ਭਾਰਤੀ ਹਾਕੀ ਖਿਡਾਰੀ ਹਰਜੀਤ ਸਿੰਘ ਦੀ ਜਨੂੰਨੀ ਕਹਾਣੀ ਬਿਆਨ ਕੀਤੀ ਗਈ ਹੈ। ਉਸ ਦਾ ਇੱਕ ਟਰੱਕ ਡਰਾਈਵਰ ਹੋਣ ਤੋਂ ਲੈ ਕੇ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਨ ਤੱਕ ਦਾ ਸ਼ਾਨਦਾਰ ਸਫ਼ਰ ਪਰਦੇ ’ਤੇ ਪੇਸ਼ ਕੀਤਾ ਗਿਆ ਹੈ। ਵਿਜੇ ਕੁਮਾਰ ਅਰੋੜਾ ਵੱਲੋਂ ਨਿਰਦੇਸ਼ਤ ਫਿਲਮ ਵਿੱਚ ਐਮੀ ਵਿਰਕ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਨੇ ਦੋ ਵਰਗਾਂ ਵਿੱਚ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ- ਸਰਵੋਤਮ ਫੀਚਰ ਫਿਲਮ ਤੇ ਸਰਵੋਤਮ ਬਾਲ ਕਲਾਕਾਰ।

ਸੱਜਣ ਸਿੰਘ ਰੰਗਰੂਟ

ਦਿਲਜੀਤ ਦੋਸਾਂਝ ਦੀ ਫਿਲਮ ‘ਸੱਜਣ ਸਿੰਘ ਰੰਗਰੂਟ’ ਇਸ ਨਾਂ ਦੇ ਹੀ ਇੱਕ ਸਿੱਖ ਸੈਨਿਕ ਦੀ ਕਹਾਣੀ ਨੂੰ ਸਾਹਮਣੇ ਰੱਖਦੀ ਹੈ। ਉਹ ਪਹਿਲੀ ਵਿਸ਼ਵ ਜੰਗ ਵਿੱਚ ਬ੍ਰਿਟਿਸ਼-ਇੰਡੀਅਨ ਆਰਮੀ ਵੱਲੋਂ ਜਰਮਨਾਂ ਦੇ ਖਿਲਾਫ਼ ਲੜਿਆ ਸੀ। ਪੰਕਜ ਬੱਤਰਾ ਵੱਲੋਂ ਨਿਰਦੇਸ਼ਤ ਇਹ ਫਿਲਮ ਸਿੱਖ ਸੈਨਿਕਾਂ ਦੀ ਗੱਲ ਕਰਦੀ ਹੈ ਕਿ ਕਿਵੇਂ ਉਹ ਯੋਧਿਆਂ ਦੀ ਕੌਮ ਕਹਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ।

ਅਮਰ ਸਿੰਘ ਚਮਕੀਲਾ

 

‘ਅਮਰ ਸਿੰਘ ਚਮਕੀਲਾ’ ਦੇ ਦ੍ਰਿਸ਼

 

ਇਹ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ’ਤੇ ਆਧਾਰਿਤ ਹੈ। ਇਹ ਬਾਇਓਪਿਕ ਪ੍ਰਸਿੱਧੀ ਤੇ ਉਨ੍ਹਾਂ ਵਿਵਾਦਾਂ ਦੀ ਪੜਚੋਲ ਕਰਦੀ ਹੈ ਜਿਨ੍ਹਾਂ ’ਚ ਚਮਕੀਲਾ ਘਿਰਿਆ ਰਿਹਾ। ਇਹ ਉਸ ਤੋਂ ਬਾਅਦ ਉਸ ਦੀ ਹੱਤਿਆ ਦੇ ਘਟਨਾਕ੍ਰਮ ਨੂੰ ਵੀ ਦਿਖਾਉਂਦੀ ਹੈ। ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਤ ਫਿਲਮ ਵਿੱਚ ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਹੈ। ਪੰਜਾਬ ਦੇ ‘ਐਲਵਿਸ’ ’ਤੇ ਫਿਲਮ ਬਣਾਉਂਦਿਆਂ, ਬਿਨਾਂ ਕਿਸੇ ਵਿਵਾਦ ਤੋਂ ਬਾਰੀਕ ਪੱਖਾਂ ਨੂੰ ਛੂਹਣ ਲਈ ਇਮਤਿਆਜ਼ ਨੇ ਪ੍ਰਸ਼ੰਸਾ ਵੀ ਖੱਟੀ ਹੈ। ਗੀਤਕਾਰ ਇਰਸ਼ਾਦ ਕਾਮਿਲ ਤੇ ਸੰਗੀਤ ਨਿਰਦੇਸ਼ਕ ਏ.ਆਰ. ਰਹਿਮਾਨ ਨੇ ਇਮਤਿਆਜ਼ ਦੀਆਂ ਬਾਕੀ ਫਿਲਮਾਂ ਵਾਂਗ ਇਸ ਫਿਲਮ ਦੇ ਸੰਗੀਤ ਨਾਲ ਵੀ ਸਰੋਤਿਆਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ।

 

Leave a Reply

Your email address will not be published. Required fields are marked *