ਨਵੀਂ ਦਿੱਲੀ, 23 ਜੂਨ
ਭਾਰਤ ਤੇ ਬੰਗਲਾਦੇਸ਼ ਨੇ ਅੱਜ ਨਵੇਂ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਭਵਿੱਖ ਦੀ ਯੋਜਨਾ ’ਤੇ ਸਹਿਮਤੀ ਜਤਾਈ ਤੇ ਸਮੁੰਦਰੀ ਅਰਥਚਾਰੇ (ਬਲੂ ਇਕਾਨਮੀ) ਨੂੰ ਹੁਲਾਰਾ ਦੇਣ ਸਣੇ ਕਈ ਸਮਝੌਤੇ ਸਹੀਬੰਦ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਦਰਮਿਆਨ ਵਿਆਪਕ ਗੱਲਬਾਤ ਦੌਰਾਨ ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਦੋਵਾਂ ਧਿਰਾਂ ਵੱਲੋਂ ਸਹੀਬੰਦ ਕੀਤੇ ਪ੍ਰਮੁੱਖ ਸਮਝੌਤਿਆਂ ਵਿਚ ਡਿਜੀਟਲ ਖੇਤਰ ਵਿਚ ਸਬੰਧ ਮਜ਼ਬੂਤ ਕਰਨ ਤੇ ‘ਗ੍ਰੀਨ ਭਾਈਵਾਲੀ’ ਉੱਤੇ ਵੀ ਇਕ ਕਰਾਰ ਸ਼ਾਮਲ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਕ ਬਿਆਨ ਵਿਚ ਕਿਹਾ, ‘‘ਅੱਜ ਅਸੀਂ ਨਵੇਂ ਖੇਤਰਾਂ ਵਿਚ ਸਹਿਯੋਗ ਵਾਸਤੇ ਭਵਿੱਖ ਦਾ ਇਕ ਦ੍ਰਿਸ਼ਟੀਕੋਣ ਤਿਆਰ ਕੀਤਾ ਹੈ। ਗ੍ਰੀਨ ਭਾਈਵਾਲੀ, ਡਿਜੀਟਲ ਪਾਰਟਨਰਸ਼ਿਪ, ਸਮੁੰਦਰੀ ਅਰਥਚਾਰੇ ਤੇ ਪੁਲਾੜ ਜਿਹੇ ਖੇਤਰਾਂ ਵਿਚ ਸਹਿਯੋਗ ’ਤੇ ਬਣੀ ਸਹਿਮਤੀ ਨਾਲ ਦੋਵਾਂ ਦੇਸ਼ਾਂ ਦੇ ਨੌਜਵਾਨਾਂ ਨੂੰ ਲਾਭ ਮਿਲੇਗਾ।’’ ਉਧਰ ਹਸੀਨਾ ਨੇ ਆਪਣੀ ਟਿੱਪਣੀ ਵਿਚ ਭਾਰਤ ਨੂੰ ਬੰਗਲਾਦੇਸ਼ ਦਾ ਪ੍ਰਮੁੱਖ ਗੁਆਂਢੀ ਤੇ ਭਰੋਸੇਯੋਗ ਦੋਸਤ ਦੱਸਿਆ। ਉਨ੍ਹਾਂ ਕਿਹਾ, ‘‘ਭਾਰਤ ਸਾਡਾ ਪ੍ਰਮੁੱਖ ਗੁਆਂਢੀ, ਭਰੋਸੇਯੋਗ ਦੋਸਤ ਤੇ ਖੇਤਰੀ ਭਾਈਵਾਲ ਹੈ। ਬੰਗਲਾਦੇਸ਼, ਭਾਰਤ ਨਾਲ ਆਪਣੇ ਰਿਸ਼ਤਿਆਂ ਨੂੰ ਬਹੁਤ ਅਹਿਮੀਅਤ ਦਿੰਦਾ ਹੈ।’’ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ 1971 ਵਿਚ ਬੰਗਲਾਦੇਸ਼ ਦੀ ਆਜ਼ਾਦੀ ਵਿਚ ਭਾਰਤ ਸਰਕਾਰ ਤੇ ਭਾਰਤ ਦੇ ਲੋਕਾਂ ਦੇ ਯੋਗਦਾਨ ਨੂੰ ਧੰਨਵਾਦ ਸਹਿਤ ਯਾਦ ਕਰਦੀ ਹਾਂ।’’ ਹਸੀਨਾ ਨੇ 1971 ਦੀ ਜੰਗ ਵਿਚ ਜਾਨਾਂ ਵਾਰਨ ਵਾਲੇ ‘ਭਾਰਤ ਦੇ ਵੀਰ ਸ਼ਹੀਦਾਂ’ ਨੂੰ ਸ਼ਰਧਾਂਜਲੀ ਵੀ ਦਿੱਤੀ। ਉਨ੍ਹਾਂ ਕਿਹਾ, ‘‘ਅੱਜ ਦੀਆਂ ਬੈਠਕਾਂ ਬਹੁਤ ਕਾਰਗਰ ਰਹੀਆਂ, ਜਿਸ ਵਿਚ ਅਸੀਂ ਸੁਰੱਖਿਆ, ਵਪਾਰ, ਕੁਨੈਕਟੀਵਿਟੀ, ਸਾਂਝੇ ਦਰਿਆਵਾਂ ਦੇ ਪਾਣੀ ਦੀ ਵੰਡ, ਬਿਜਲੀ ਤੇ ਊਰਜਾ ਅਤੇ ਖੇਤਰੀ ਤੇ ਬਹੁਪੱਖੀ ਸਹਿਯੋਗ ਦੇ ਖੇਤਰਾਂ ਬਾਰੇ ਚਰਚਾ ਕੀਤੀ ਗਈ।’’ ਹਸੀਨਾ ਨੇ ਕਿਹਾ, ‘‘ਅਸੀਂ ਆਪਣੇ ਲੋਕਾਂ ਤੇ ਦੇਸ਼ ਦੀ ਬਿਹਤਰੀ ਲਈ ਇਕ ਦੂਜੇ ਨਾਲ ਸਹਿਯੋਗ ਨੂੰ ਲੈ ਕੇ ਸਹਿਮਤੀ ਦਿੱਤੀ ਹੈ।’’ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨੇ ਸ਼ੁੱਕਰਵਾਰ ਨੂੰ ਭਾਰਤ ਦੀ ਆਪਣੀ ਦੋ ਰੋਜ਼ਾ ਫੇਰੀ ਦੀ ਸ਼ੁਰੂਆਤ ਕੀਤੀ ਸੀ। ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤ ਵਿਚ ਨਵੀਂ ਸਰਕਾਰ ਬਣਨ ਮਗਰੋਂ ਕਿਸੇ ਵਿਦੇਸ਼ੀ ਆਗੂ ਦਾ ਇਹ ਪਲੇਠਾ ਸਰਕਾਰੀ ਦੌਰਾ ਹੈ। ਉਂਜ ਹਸੀਨਾ ਅੱਜ ਸਵੇਰੇ ਰਾਜਘਾਟ ਵੀ ਗਏ, ਜਿੱਥੇ ਉਨ੍ਹਾਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਗੱਲਬਾਤ ਤੋਂ ਪਹਿਲਾਂ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਦਾ ਰਾਸ਼ਟਰਪਤੀ ਭਵਨ ਦੇ ਮੂਹਰਲੇ ਅਹਾਤੇ ਵਿਚ ਰਸਮੀ ਸਵਾਗਤ ਕੀਤਾ ਗਿਆ। -ਪੀਟੀਆਈ
ਨਵੀਂ ਰੇਲ ਅਤੇ ਬੱਸ ਸੇਵਾ ਸ਼ੁਰੂ ਕਰਨ ਦਾ ਫੈਸਲਾ
ਦੋਵਾਂ ਦੇਸ਼ਾਂ ਨੇ ਰਾਜਸ਼ਾਹੀ ਤੇ ਕੋਲਕਾਤਾ ਦਰਮਿਆਨ ਨਵੀਂ ਰੇਲ ਸੇਵਾ, ਚਿੱਟਗਾਂਗ ਤੇ ਕੋਲਕਾਤਾ ਵਿਚਾਲੇ ਬੱਸ ਸੇਵਾ ਅਤੇ ਗੇਡੇ-ਦਰਸਾਨਾ ਅਤੇ ਹਲਦੀਬਾੜੀ-ਚਿਲਾਹਟੀ ਤੋਂ ਡਾਲਗਾਓਂ ਤੱਕ ਮਾਲ ਗੱਡੀ ਸ਼ੁੁਰੂ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਆਗੂਆਂ ਨੇ ਤੀਸਤਾ ਨਦੀ ਦੀ ਸੰਭਾਲ ਤੇ ਪ੍ਰਬੰਧ ਲਈ ਵੱਡੇ ਪ੍ਰਾਜੈਕਟ ਵਾਸਤੇ ਭਾਰਤ ਵੱਲੋਂ ਇਕ ਤਕਨੀਕੀ ਟੀਮ ਨੂੰ ਛੇਤੀ ਬੰਗਲਾਦੇਸ਼ ਭੇਜਣ ਤੇ ਇਕ ਵਿਆਪਕ ਵਪਾਰ ਸਮਝੌਤੇ ਦੀ ਦਿਸ਼ਾ ’ਚ ਅੱਗੇ ਵਧਣ ਦਾ ਫੈਸਲਾ ਵੀ ਕੀਤਾ ਹੈ।