ਗੁਰੂਗ੍ਰਾਮ, 22 ਜੂਨ
ਇੱਥੇ ਦਵਾਰਕਾ ਐਕਸਪ੍ਰੈੱਸਵੇਅ ਨਾਲ ਬਣੇ ਦੌਲਤਾਬਾਦ ਉਦਯੋਗਿਕ ਖੇਤਰ ਵਿੱਚ ਫਾਇਰ ਬਾਲ (ਅੱਗ ਬੁਝਾਉਣ ਵਾਲੇ ਉਪਕਰਨ) ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਭਿਆਨਕ ਲੱਗਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ।
ਪੁਲੀਸ ਨੇ ਫੈਕਟਰੀ ਦੇ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਅੱਜ ਸਵੇਰੇ ਕਰੀਬ ਢਾਈ ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚ ਅੱਗ ਤੋਂ ਬਚਾਅ ਲਈ ਫਾਇਰ ਬਾਲ ਬਣਾਈਆਂ ਜਾਂਦੀਆਂ ਸਨ। ਫਾਇਰ ਬਾਲ ਬਣਾਉਣ ਲਈ ਚਾਰ ਦਿਨ ਪਹਿਲਾਂ ਹੀ ਕੱਚਾ ਮਾਲ ਆਇਆ ਸੀ। ਰਾਤ ਨੂੰ ਜਦੋਂ ਮਜ਼ਦੂਰ ਕੰਮ ਕਰ ਰਹੇ ਸੀ ਤਾਂ ਸ਼ਾਰਟ-ਸਰਕਟ ਕਾਰਨ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਦੀ ਗੂੰਜ ਇੱਕ ਕਿਲੋਮੀਟਰ ਦੀ ਦੂਰੀ ਤੱਕ ਸੁਣਾਈ ਦਿੱਤੀ। ਇਸ ਦੌਰਾਨ ਆਸ-ਪਾਸ ਦੀਆਂ ਫੈਕਟਰੀਆਂ ਦੀਆਂ ਛੱਤਾਂ ਉੱਡ ਗਈਆਂ ਅਤੇ ਕੰਧਾਂ ਵਿੱਚ ਤਰੇੜਾਂ ਆ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜ਼ੋਰਦਾਰ ਧਮਾਕੇ ਮਗਰੋਂ ਕਰੀਬ ਅੱਧੇ ਘੰਟੇ ਤੱਕ ਫਾਇਰ ਬਾਲਜ਼ ਫਟਦੀਆਂ ਰਹੀਆਂ। ਧਮਾਕਿਆਂ ਕਾਰਨ ਫੈਕਟਰੀ ਵਿੱਚ ਲੱਗਿਆ ਟੀਨ ਦਾ ਸ਼ੈੱਡ ਅਤੇ ਪੱਥਰ ਉੱਡ ਕੇ ਕਰੀਬ 150 ਮੀਟਰ ਦੀ ਦੂਰ ਤੱਕ ਡਿੱਗੇ। ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਲਗਭਗ 24 ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਅੱਗ ਲੱਗਣ ਦੀ ਘਟਨਾ ਅਤੇ ਬਾਅਦ ਵਿੱਚ ਹੋਏ ਧਮਾਕਿਆਂ ਦੀ ਜਾਂਚ ਲਈ ਕਮੇਟੀ ਬਣਾਈ ਹੈ। ਮ੍ਰਿਤਕਾਂ ਦੀ ਪਛਾਣ ਕੌਸ਼ਿਕ, ਅਰੁਣ, ਪ੍ਰਸ਼ਾਂਤ ਅਤੇ ਰਾਮ ਅਵਧ ਵਜੋਂ ਹੋਈ ਹੈ। ਮੌਕੇ ’ਤੇ ਪੁੱਜੀਆਂ ਫਾਇਰ ਬ੍ਰਿਗੇਡ, ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਜ਼ਖ਼ਮੀਆਂ ਨੂੰ ਤੁਰੰਤ ਸੈਕਟਰ-10 ਦੇ ਹਸਪਤਾਲ ਭਰਤੀ ਕਰਵਾਇਆ ਗਿਆ।