ਨਵੀਂ ਦਿੱਲੀ: ਅਦਾਕਾਰ ਅਨੂ ਕਪੂਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਅਦਾਕਾਰ ਕੰਗਨਾ ਰਣੌਤ ਖ਼ਿਲਾਫ਼ ਕੀਤੀ ਟਿੱਪਣੀ ਮਗਰੋਂ ਮੁਆਫ਼ੀ ਮੰਗਣੀ ਪਈ। ਕਪੂਰ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਲਿਖਿਆ ਹੈ, ‘ਹਰ ਔਰਤ ਸਨਮਾਨਯੋਗ ਅਤੇ ਮਹਾਨ ਹੈ। ਇਸ ਲਈ ਮੈਂ ਕਦੇ ਕਿਸੇ ਵੀ ਔਰਤ ਦਾ ਅਪਮਾਨ ਨਹੀਂ ਕਰ ਸਕਦਾ।’ ਉਸ ਨੇ ਆਪਣੀਆਂ ਪਿਛਲੀਆਂ ਟਿੱਪਣੀਆਂ ਕਾਰਨ ਰਣੌਤ ਤੋਂ ਮੁਆਫ਼ੀ ਮੰਗੀ। ਜ਼ਿਕਰਯੋਗ ਹੈ ਕਿ ਇਹ ਮਾਮਲਾ ਉਦੋਂ ਸ਼ੁਰੂ ਹੋਇਆ ਸੀ ਜਦੋਂ ਕਪੂਰ ਨੇ ਆਪਣੀ ਫ਼ਿਲਮ ‘ਹਮਾਰੇ ਬਾਰ੍ਹਾ’ ਦੀ ਰਿਲੀਜ਼ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਸ਼ੁਰੂ ਵਿੱਚ ਕੰਗਨਾ ਰਣੌਤ ਦੀ ਪਛਾਣ ਤੋਂ ਅਣਜਾਣਤਾ ਪ੍ਰਗਟਾਈ ਸੀ। ਇਸ ਮੌਕੇ ਉਨ੍ਹਾਂ ਇਹ ਆਖ ਦਿੱਤਾ ਸੀ ਕਿ ‘ਇਹ ਕੰਗਣਾ ਜੀ ਕੌਣ ਹਨ। ਕ੍ਰਿਪਾ ਕਰਕੇ ਦੱਸੋ ਨਾ ਇਹ ਕੌਣ ਹਨ। ਜੇ ਤੁਸੀਂ ਪੁੱਛ ਰਹੇ ਹੋ ਤਾਂ ਕੋਈ ਬਹੁਤ ਵੱਡੀ ਹੀਰੋਇਨ ਹੋਵੇਗੀ। ਕੀ ਉਹ ਸੁੰਦਰ ਹੈ।’ ਮਗਰੋਂ ਕਪੂਰ ਨੇ ਸੰਮੇਲਨ ਦੌਰਾਨ ਸਮਾਜ ਵਿੱਚ ਸਫਲ ਔਰਤਾਂ ਪ੍ਰਤੀ ਧਾਰਨਾਵਾਂ ’ਤੇ ਟਿੱਪਣੀ ਕੀਤੀ ਸੀ। ਇਸ ਮਗਰੋਂ ਰਣੌਤ ਨੇ ਕਪੂਰ ਦੀ ਪ੍ਰੈੱਸ ਕਾਨਫਰੰਸ ਦੀ ਇੱਕ ਕਲਿੱਪ ਇੰਸਟਾਗ੍ਰਾਮ ’ਤੇ ਸਾਂਝੀ ਕਰਦਿਆਂ ਸਵਾਲ ਕੀਤਾ ਸੀ, ‘ਕੀ ਤੁਸੀਂ ਅਨੂ ਜੀ ਨਾਲ ਸਹਿਮਤ ਹੋ। ਕੀ ਅਸੀਂ ਇੱਕ ਸਫਲ ਔਰਤ ਤੋਂ ਨਫ਼ਰਤ ਕਰਦੇ ਹਾਂ। ਜੇ ਉਹ ਖੂਬਸੂਰਤ ਹੈ ਅਤੇ ਜੇ ਉਹ ਸ਼ਕਤੀਸ਼ਾਲੀ ਹੈ ਤਾਂ ਉਸ ਨਾਲ ਜ਼ਿਆਦਾ ਨਫ਼ਰਤ ਕਰਦੇ ਹਾਂ। ਕੀ ਇਹ ਸੱਚ ਹੈ।’ ਦਰਅਸਲ ਇਸ ਵਿਵਾਦ ਦੀ ਅਸਲ ਜੜ੍ਹ ਛੇ ਜੂਨ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਵਾਪਰੀ ਇੱਕ ਕਥਿਤ ਘਟਨਾ ਹੈ। ਕੰਗਨਾ ਜਦੋਂ ਨੈਸ਼ਨਲ ਡੈਮੋਕਰੈਟਿਕ ਅਲਾਇੰਸ (ਐੱਨਡੀਏ) ਦੀ ਬੈਠਕ ਲਈ ਜਹਾਜ਼ ਚੜ੍ਹਨ ਵਾਸਤੇ ਹਵਾਈ ਅੱਡੇ ਜ਼ਰੂਰੀ ਪ੍ਰਕਿਰਿਆਵਾਂ ਵਿਚੋਂ ਲੰਘ ਰਹੀ ਸੀ ਤਾਂ ਸੀਆਈਐੱਸਐੱਫ ਦੀ ਇੱਕ ਮਹਿਲਾ ਕਾਂਸਟੇਬਲ ਨੇ ਉਸ ਨੂੰ ਕਥਿਤ ਤੌਰ ’ਤੇ ਥੱਪੜ ਮਾਰ ਦਿੱਤਾ ਸੀ। ਕਾਂਸਟੇਬਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।