ਨਵੀਂ ਦਿੱਲੀ, 24 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦੇ ਲੋਕ ਵਿਰੋਧੀ ਧਿਰ ਤੋਂ ਸੰਸਦ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਦੀ ਆਸ ਰੱਖਦੇ ਹਨ ਨਾ ਕਿ ‘ਨਖ਼ਰੇਬਾਜ਼, ਡਰਾਮੇਬਾਜ਼ੀ, ਨਾਅਰੇਬਾਜ਼ੀ ਅਤੇ ਵਿਘਨ’ ਦੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਚੰਗੇ ਅਤੇ ਜ਼ਿੰਮੇਦਾਰ ਵਿਰੋਧੀ ਧਿਰ ਦੀ ਲੋੜ ਹੈ। 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਮੋਦੀ ਨੇ ਸਾਰੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਇਸ ਸੈਸ਼ਨ ਨੂੰ ਲੋਕ ਹਿੱਤ ਵਿੱਚ ਵਰਤਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ, ‘ਦੇਸ਼ ਨੂੰ ਸਾਰੇ ਸੰਸਦ ਮੈਂਬਰਾਂ ਤੋਂ ਬਹੁਤ ਉਮੀਦਾਂ ਹਨ। ਮੈਂ ਸਾਰੇ ਸੰਸਦ ਮੈਂਬਰਾਂ ਨੂੰ ਲੋਕ ਹਿੱਤ ਲਈ ਇਸ ਮੌਕੇ ਦੀ ਵਰਤੋਂ ਕਰਨ ਅਤੇ ਲੋਕ ਹਿੱਤ ਵਿੱਚ ਹਰ ਸੰਭਵ ਕਦਮ ਚੁੱਕਣ ਦੀ ਅਪੀਲ ਕਰਦਾ ਹਾਂ।’